ਡਾਰਵਿਨ ਦਾ ਵਿਕਾਸ ਸਿਧਾਂਤ ਤੇ ਇਤਿਹਾਸ ਦਾ ਮੋਦੀਕਰਨ

ਕੇਂਦਰੀ ਮੰਤਰੀ ਦੀ ਗੱਲ ਮੰਨੀਏ ਤਾਂ ਨਿਊਟਨ ਦੇ ਨੇਮ ਵੀ ਗ਼ਲਤ ਹਨ ਕਿਉਂ ਜੋ ਇਨ੍ਹਾਂ ਦਾ ਜ਼ਿਕਰ ਵੇਦਾਂ ਵਿੱਚ ਨਹੀਂ। ਆਇੰਸਟਾਈਨ ਦੇ ਸਾਪੇਖਤਾ ਸਿਧਾਂਤ ਤੇ ਕੁਆਂਟਮ ਥਿਊਰੀ ਗ਼ਲਤ ਹਨ। ਇਨ੍ਹਾਂ ਬਾਰੇ ਸਾਡੇ ਵੱਡੇ-ਵਡੇਰਿਆਂ ਨੇ ਸਾਨੂੰ ਕਦੇ ਦੱਸਿਆ ਨਹੀਂ ਸੀ। ਚੰਨ/ ਮੰਗਲ ਜਾਂ ਪੁਲਾੜ ਵਿੱਚ ਕਿਸੇ ਗ੍ਰਹਿ ਉੱਤੇ ਪਾਣੀ/ਮਨੁੱਖ ਨਹੀਂ ਹੋ ਸਕਦੇ। ਹੁੰਦੇ ਤਾਂ ਉਹ ਹੇਠਾਂ ਡਿੱਗਦੇ ਸਾਨੂੰ ਕਦੋਂ ਦੇ ਦਿਸ ਜਾਂਦੇ। ਕੀ ਕਹੀਏ? ‘ਸਰੇ ਤਸਲੀਮ ਖ਼ਮ ਹੈ ਜੋ ਮਜ਼ਾਜੇ ਯਾਰ ਮੇਂ ਆਏ।’ ਵਿਚਾਰੇ ਡਾਰਵਿਨ ਨਾਲ ਇੰਨੀ ਮਾੜੀ ਸ਼ਾਇਦ ਹੀ ਕਦੇ ਹੋਈ ਹੋਵੇ। ਚਲੋ ਉਸ ਬਾਰੇ ਵੀ ਆਮ ਭਾਰਤੀਆਂ ਨੂੰ ਕੁੱਝ ਦੱਸ ਦੇਈਏ ਜਿਸ ਨੂੰ ਲੈ ਕੇ ਇਹ ਬਿਆਨ ਦੇਣ ਦਾ ਕਸ਼ਟ ਕੇਂਦਰੀ ਮੰਤਰੀ ਨੇ ਕੀਤਾ ਹੈ।

*ਡਾ. ਕੁਲਦੀਪ ਸਿੰਘ ਧੀਰ

ਮੈਂਨੂੰ ਸੰਵਿਧਾਨ ਦਾ ਬਹੁਤਾ ਪਤਾ ਨਹੀਂ, ਪਰ ਦੋਸਤ ਕਹਿੰਦੇ ਹਨ ਕਿ ਭਾਰਤੀ ਸੰਵਿਧਾਨ ਦੀ ਧਾਰਾ 51-ਏ (ਐੱਚ) ਅਨੁਸਾਰ ਸਰਕਾਰ ਦੇਸ਼ ਵਿੱਚ ਵਿਗਿਆਨਕ ਸੋਚ ਦੇ ਪਸਾਰ ਲਈ ਵਚਨਬੱਧ ਹੈ। ਇਸ ਵਚਨਬੱਧਤਾ ਨਾਲ ਮਜ਼ਾਕ ਅੱਜਕੱਲ੍ਹ ਆਮ ਹੋ ਰਿਹਾ ਹੈ। 68ਵੇਂ ਗਣਤੰਤਰ ਦਿਵਸ ਤੋਂ ਇੱਕ ਹਫ਼ਤਾ ਪਹਿਲਾਂ 19 ਜਨਵਰੀ 2018 ਨੂੰ ਔਰੰਗਾਬਾਦ (ਮਹਾਂਰਾਸ਼ਟਰ) ਵਿੱਚ ਦੇਸ਼ ਦੇ ਮਨੁੱਖੀ ਸਰੋਤ ਵਿਕਾਸ ਰਾਜ ਮੰਤਰੀ ਸਤਿਆਪਾਲ ਸਿੰਘ ਨੇ ਆਲ ਇੰਡੀਆ ਵੈਦਿਕ ਸੰਮੇਲਨ ਵਿੱਚ ਦੇਸ਼ ਤੇ ਦੁਨੀਆਂ ਨੂੰ ਇਹ ਕਹਿ ਕੇ ਚੌਂਕਾ ਦਿੱਤਾ ਕਿ ਡਾਰਵਿਨ ਦਾ ਵਿਕਾਸ ਸਿਧਾਂਤ ਗ਼ਲਤ ਹੈ। ਸਾਡੇ ਕਿਸੇ ਵੇਦ ਪੁਰਾਣ, ਧਾਰਮਿਕ ਗ੍ਰੰਥ ਵਿੱਚ ਮਨੁੱਖ ਦੇ ਬਾਂਦਰ/ਲੰਗੂਰ (ਏਪ) ਤੋਂ ਵਿਕਸਿਤ ਹੋਣ ਦਾ ਜ਼ਿਕਰ ਨਹੀਂ। ਸਾਡੇ ਕਿਸੇ ਵੱਡੇ-ਵਡੇਰੇ/ ਨਾਨੀ/ ਦਾਦੀ ਨੇ ਸਾਨੂੰ ਇਸ ਬਾਰੇ ਕਦੇ ਨਹੀਂ ਦੱਸਿਆ। ਕਿਸੇ ਨੇ ਵੀ ਲੰਗੂਰ/ਬਾਂਦਰ ਦੇ ਘਰ ਬੰਦਾ ਪੈਦਾ ਹੁੰਦਾ ਨਹੀਂ ਵੇਖਿਆ। ਕਿਸੇ ਨੇ ਲੰਗੂਰ ਨੂੰ ਬੰਦਾ ਬਣਦੇ ਨਹੀਂ ਵੇਖਿਆ। ਇਸ ਗ਼ਲਤ ਸਿਧਾਂਤ ਦਾ ਸਕੂਲਾਂ/ਕਾਲਜਾਂ ਤੇ ਪਾਠ ਪੁਸਤਕਾਂ ਰਾਹੀਂ ਅਧਿਆਪਨ ਬੰਦ ਹੋਣਾ ਚਾਹੀਦਾ ਹੈ।

ਬੜੇ ‘ਸੂਝਵਾਨ’ ਹਨ ਇਹ ਮੰਤਰੀ ਜੀ। ਉਨ੍ਹਾਂ ਦਾ ਖ਼ੂਬ ਵਿਰੋਧ ਹੋ ਰਿਹਾ ਹੈ, ਪਰ ਸਰਕਾਰ ਨੂੰ ਕੀ ਪ੍ਰਵਾਹ। ਪ੍ਰਧਾਨ ਮੰਤਰੀ ਆਪ ਦੋ ਸਾਲ ਪਹਿਲਾਂ ਮੁੰਬਈ ਦੀ ਇੰਡੀਅਨ ਸਾਇੰਸ ਕਾਂਗਰਸ ਵਿੱਚ ਬਾਂਹਾਂ ਉਲਾਰ ਕੇ ਕਹਿ ਚੁੱਕੇ ਹਨ ਕਿ ‘ਪ੍ਰਾਚੀਨ ਭਾਰਤ ਵਿੱਚ ਪਲਾਸਟਿਕ ਸਰਜਰੀ ਇੰਨੀ ਵਿਕਸਿਤ ਸੀ ਕਿ ਅਸੀਂ ਸਿਰ ਟਰਾਂਸਪਲਾਂਟ ਕਰ ਲੈਂਦੇ ਸਾਂ।’ ਇਸ਼ਾਰਾ ਉਹ ਗਣੇਸ਼ ਭਗਵਾਨ ਵੱਲ ਕਰ ਰਹੇ ਸਨ। ”ਅਸੀਂ ਕਲੋਨਿੰਗ ਨਾਲ ਸੌ ਬੰਦੇ ਪੈਦਾ ਕਰ ਲੈਂਦੇ ਸਾਂ।” ਇਸ਼ਾਰਾ ਸੌ ਕੌਰਵ ਪੁੱਤਰਾਂ ਵੱਲ ਸੀ। ”ਅਸੀਂ ਭਾਂਤ ਭਾਂਤ ਦੇ ਜਹਾਜ਼, ਰਾਕੇਟ ਤੇ ਬੰਬ ਬਣਾ ਲੈਂਦੇ ਸਾਂ।” ਇਸ਼ਾਰਾ ਪੌਰਾਣਿਕ ਅਗਨ ਬਾਣਾਂ ਤੇ ਪੁਸ਼ਪਕ ਵਿਮਾਨਾਂ ਵੱਲ ਸੀ। ਰਾਸ਼ਟਰੀ/ ਅੰਤਰਰਾਸ਼ਟਰੀ ਪੱਧਰ ਉੱਤੇ ਦੇਸ਼ ਦੇ ਗੌਰਵ ਨਾਲ ਇਹ ਮਜ਼ਾਕ ਨਹੀਂ, ਤਾਂ ਹੋਰ ਕੀ ਸੀ। ਪਿੱਛੇ ਜਿਹੇ ਉਨ੍ਹਾਂ ਦੇ ਇੱਕ ਹੋਰ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਨਿਊਟਨ ਦੇ ਗੁਰੂਤਾ ਸਿਧਾਂਤ ਦੀ ਖੋਜ ਉਸ ਤੋਂ ਕਿਤੇ ਪਹਿਲਾਂ ਭਾਰਤੀ ਵਿਗਿਆਨੀ ਕਰ ਚੁੱਕੇ ਸਨ।

ਵਿਗਿਆਨ ਹਰਫ਼-ਏ-ਆਖ਼ਿਰ ਦਾ ਦਾਅਵਾ ਨਹੀਂ ਕਰਦਾ। ਨਵੀਂ ਖੋਜ ਵਿਗਿਆਨਕ ਲੱਭਤਾਂ/ ਸਿਧਾਂਤਾਂ ਨੂੰ ਰੱਦ ਕਰ ਸਕਦੀ ਹੈ, ਸੋਧ ਸਕਦੀ ਹੈ। ਇਨ੍ਹਾਂ ਦੀ ‘ਮੌਡੀਫਿਕੇਸ਼ਨ’ (ਸੁਧਾਈ) ਕਰ ਸਕਦੀ ਹੈ। ਕੇਂਦਰੀ ਮੰਤਰੀ ਵਿਗਿਆਨਕ ਸਿਧਾਂਤਾਂ ਦੀ ਖੋਜ ਤੇ ਦਲੀਲ ਨਾਲ ‘ਮੌਡੀਫਿਕੇਸ਼ਨ’ ਜੀਅ ਸਕਦੇ ਕਰਨ, ਪਰ ਇਨ੍ਹਾਂ ਦੀ ਮੋਦੀਫਿਕੇਸ਼ਨ ਕਰਕੇ ਭਾਰਤੀ ਪ੍ਰਾਪਤੀਆਂ ਦਾ ਮਜ਼ਾਕ ਨਾ ਉਡਾਉਣ। ਅਜਿਹੇ ਬਿਆਨਾਂ ਉਪਰੰਤ ਲੋਕ ਸਾਡੀਆਂ ਵਾਸਤਵਿਕ ਪ੍ਰਾਪਤੀਆਂ ਨੂੰ ਵੀ ਗੰਭੀਰਤਾ ਨਾਲ ਨਹੀਂ ਲੈਣਗੇ।

ਕੇਂਦਰੀ ਮੰਤਰੀ ਦੀ ਗੱਲ ਮੰਨੀਏ ਤਾਂ ਨਿਊਟਨ ਦੇ ਨੇਮ ਵੀ ਗ਼ਲਤ ਹਨ ਕਿਉਂ ਜੋ ਇਨ੍ਹਾਂ ਦਾ ਜ਼ਿਕਰ ਵੇਦਾਂ ਵਿੱਚ ਨਹੀਂ। ਆਇੰਸਟਾਈਨ ਦੇ ਸਾਪੇਖਤਾ ਸਿਧਾਂਤ ਤੇ ਕੁਆਂਟਮ ਥਿਊਰੀ ਗ਼ਲਤ ਹਨ। ਇਨ੍ਹਾਂ ਬਾਰੇ ਸਾਡੇ ਵੱਡੇ-ਵਡੇਰਿਆਂ ਨੇ ਸਾਨੂੰ ਕਦੇ ਦੱਸਿਆ ਨਹੀਂ ਸੀ। ਚੰਨ/ ਮੰਗਲ ਜਾਂ ਪੁਲਾੜ ਵਿੱਚ ਕਿਸੇ ਗ੍ਰਹਿ ਉੱਤੇ ਪਾਣੀ/ਮਨੁੱਖ ਨਹੀਂ ਹੋ ਸਕਦੇ। ਹੁੰਦੇ ਤਾਂ ਉਹ ਹੇਠਾਂ ਡਿੱਗਦੇ ਸਾਨੂੰ ਕਦੋਂ ਦੇ ਦਿਸ ਜਾਂਦੇ। ਕੀ ਕਹੀਏ? ‘ਸਰੇ ਤਸਲੀਮ ਖ਼ਮ ਹੈ ਜੋ ਮਜ਼ਾਜੇ ਯਾਰ ਮੇਂ ਆਏ।’ ਵਿਚਾਰੇ ਡਾਰਵਿਨ ਨਾਲ ਇੰਨੀ ਮਾੜੀ ਸ਼ਾਇਦ ਹੀ ਕਦੇ ਹੋਈ ਹੋਵੇ। ਚਲੋ ਉਸ ਬਾਰੇ ਵੀ ਆਮ ਭਾਰਤੀਆਂ ਨੂੰ ਕੁੱਝ ਦੱਸ ਦੇਈਏ ਜਿਸ ਨੂੰ ਲੈ ਕੇ ਇਹ ਬਿਆਨ ਦੇਣ ਦਾ ਕਸ਼ਟ ਕੇਂਦਰੀ ਮੰਤਰੀ ਨੇ ਕੀਤਾ ਹੈ।

ਡਾਰਵਿਨ 12 ਫਰਵਰੀ 1809 ਨੂੰ ਇੰਗਲੈਂਡ ਵਿੱਚ ਉਸੇ ਦਿਨ ਜੰਮਿਆ ਜਿਸ ਦਿਨ ਅਮਰੀਕਾ ਵਿੱਚ ਅਬਰਾਹਮ ਲਿੰਕਨ। ਡਾਰਵਿਨ ਨੇ ਵੱਡੀ ਗੱਲ ਇਹ ਕਹੀ ਕਿ ਮਨੁੱਖ, ਪਸ਼ੂ ਤੋਂ ਵੀ ਹੇਠਲੇ ਪੱਧਰ ਉੱਤੋਂ ਤੁਰ ਕੇ ਇੱਥੇ ਤਕ ਪੁੱਜਾ ਹੈ। ਨਾਨਕੇ ਦਾਦਕੇ ਦੋਵਾਂ ਪਰਿਵਾਰਾਂ ਵੱਲੋਂ ਉਹ ਚੰਗੇ ਨਾਂਅ-ਥਾਂ ਵਾਲਾ ਸੀ। ਦਾਦਾ 18ਵੀਂ ਸਦੀ ਦਾ ਮੰਨਿਆ ਹੋਇਆ ਬੁੱਧੀਜੀਵੀ ਸੀ ਇਰੈਸਮਸ ਡਾਰਵਿਨ। ਨਾਨਾ ਜੋਸੀਆ ਵੈਸਵੁਡ ਚੰਗਾ ਵਪਾਰੀ। ਪਿਤਾ ਨੇ ਡਾਰਵਿਨ ਨੂੰ ਡਾਕਟਰ ਬਣਾਉਣ ਲਈ ਐਡਿਨਬਰਾ ਯੂਨੀਵਰਸਿਟੀ (ਸਕੌਟਲੈਂਡ) ਵਿੱਚ ਦਾਖਲ ਕਰਾਇਆ। ਉੱਥੇ ਉਸ ਦਾ ਦਿਲ ਨਾ ਲੱਗਾ। ਛੱਡ ਕੇ ਧਾਰਮਿਕ ਵਿੱਦਿਆ ਲਈ ਕੈਂਬਰਿਜ ਪਹੁੰਚ ਗਿਆ ਤਾਂ ਕਿ ਸਿਖਲਾਈ ਲੈ ਕੇ ਚਰਚ ਦੀ ਸੇਵਾ ਕਰੇ। ਕੈਂਬਰਿਜ ਵਿੱਚ ਵਿਗਿਆਨੀਆਂ ਦੇ ਸੰਪਰਕ ਵਿੱਚ ਆਇਆ ਤਾਂ ਉਸ ਦਾ ਮਨ ਵਿਗਿਆਨ ਵੱਲ ਮੁੜ ਗਿਆ। ਬਾਟਨੀ ਦੇ ਪ੍ਰੋਫ਼ੈਸਰ ਜੌਹਨ ਹੈਂਸਲੋ ਨੇ ਉਸ ਨੂੰ ਐੱਚ.ਐੱਮ.ਐੱਸ. ਬੀਗਲ ਨਾਂ ਦੇ ਸਮੁੰਦਰੀ ਜਹਾਜ਼ ਉੱਤੇ ਬਿਨਾਂ ਤਨਖ਼ਾਹ ਅਪਰੈਂਟਿਸ ਲਵਾ ਦਿੱਤਾ। ਇਸ ਨੇ ਪੰਜ ਸਾਲ ਦੀ ਲੰਬੀ ਯਾਤਰਾ ਵਿੱਚ ਦੂਰ ਦੇਸ਼ਾਂ ਦੇ ਕੀਟ-ਪਤੰਗੇ, ਪੌਦੇ, ਚੱਟਾਨਾਂ, ਮਿੱਟੀ ਆਦਿ ਇਕੱਠੇ ਕਰਨੇ ਸਨ। ਇਸ ਆਸਰੇ ਹੀ ਡਾਰਵਿਨ ਨੇ ਆਪਣਾ ਵਿਕਾਸ ਸਿਧਾਂਤ ਪੇਸ਼ ਕੀਤਾ।

ਉਸ ਨੇ ਜੀਅ-ਜੰਤ ਵਿੱਚ ਨਿਰੰਤਰ ਵਾਪਰੇ ਸੂਖ਼ਮ ਪਰਿਵਰਤਨਾਂ ਨੂੰ ਮੂਟੇਸ਼ਨ ਦੇ ਸੰਕਲਪ ਰਾਹੀਂ ਸਮਝਾਇਆ। ਉਸ ਨੇ ਕਿਹਾ ਕਿ ਵਿਕਾਸ ਦੇ ਹਰ ਪੜਾਅ ਉੱਤੇ ਹਾਲਾਤ ਦਾ ਮੁਕਾਬਲਾ ਕਰਨ ਦੀ ਸਮਰੱਥਾ ਰੱਖਣ ਵਾਲੀਆਂ ਨਸਲਾਂ ਹੀ ਅੱਗੇ ਤੁਰਦੀਆਂ ਹਨ। ਹਰ ਨਵੀਂ ਪ੍ਰਜਾਤੀ ਵਿੱਚ ਨਵੀਆਂ ਸਥਿਤੀਆਂ ਦਾ ਮੁਕਾਬਲਾ ਕਰਨ ਵਾਲੇ ਅੰਗ, ਗੁਣ, ਲੱਛਣ ਉਸ ਦਾ ਮੁਹਾਂਦਰਾ ਨਿਸ਼ਚਿਤ ਕਰਦੇ ਹਨ। ਉਹ ਇਸ ਸਿਧਾਂਤ ਲਈ ਇੱਕ ਪਾਸੇ ਲਾਈਲ ਦੀ ਕਿਤਾਬ ‘ਪ੍ਰਿੰਸੀਪਲਜ਼ ਆਫ ਜ਼ਿਆਲੌਜੀ’ ਅਤੇ ਦੂਜੇ ਪਾਸੇ ਜੀਵ-ਜੰਤੂਆਂ ਦੇ ਪਥਰਾਟਾਂ ਦੇ ਅਧਿਐਨ ਤੋਂ ਪ੍ਰਭਾਵਿਤ ਹੋਇਆ। ਇਸ ਤੋਂ ਇਲਾਵਾ ਉਹ ਮਾਲਥਸ ਦੇ ਜਨਸੰਖਿਆ ਅਤੇ ਪ੍ਰਕ੍ਰਿਤਕ ਸਾਧਨਾਂ ਦੇ ਪਰਸਪਰ ਰਿਸ਼ਤੇ ਬਾਰੇ ਪੇਸ਼ ਧਾਰਨਾਵਾਂ ਤੋਂ ਵੀ ਪ੍ਰਭਾਵਿਤ ਹੋਇਆ। ਉਸ ਨੇ ਆਪਣਾ ਸਿਧਾਂਤ ਐਵੇਂ ਤਤਫੱਟ ਪੇਸ਼ ਨਹੀਂ ਕੀਤਾ। ਇਸ ਬਾਰੇ ਵੀਹ ਸਾਲ ਸੋਚਿਆ। ਇਸੇ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਵਰਗੇ ਹੀ ਵਿਚਾਰ ਇੱਕ ਹੋਰ ਵਿਗਿਆਨੀ ਐਲਫਰੈਡ ਰਸਲ ਵੈਲੇਸ ਦੇ ਵੀ ਹਨ। ਡਾਰਵਿਨ ਨੇ ਉਸ ਨਾਲ ਰਾਬਤਾ ਕੀਤਾ। 1858 ਵਿੱਚ ਦੋਵਾਂ ਨੇ ਇਸ ਬਾਰੇ ਸਾਂਝਾ ਐਲਾਨ ਕੀਤਾ। 1859 ਵਿੱਚ ਡਾਰਵਿਨ ਨੇ ਆਪਣਾ ਪਹਿਲਾ ਸਿਧਾਂਤਕ ਗ੍ਰੰਥ ‘ਆਨ ਦਿ ਓਰਿਜਿਨ ਆਫ ਸਪੀਸ਼ੀਜ਼ ਬਾਈ ਨੈਚੁਰਲ ਸਿਲੈਕਸ਼ਨ’ ਪ੍ਰਕਾਸ਼ਿਤ ਕੀਤਾ।

ਇਸ ਨਾਲ ਤਰਥੱਲੀ ਮਚ ਗਈ। ਸਾਡੇ ਮੰਤਰੀ ਵਾਂਗ ਕਿੰਨੇ ਹੀ ਕਹਿੰਦੇ ਕਹਾਉਂਦੇ ਬੰਦੇ ਇਸ ਦੇ ਵਿਰੋਧ ਵਿੱਚ ਉੱਠ ਖਲੋਤੇ। ਲੰਗੂਰ ਨੂੰ ਮਨੁੱਖ ਦਾ ਵਡੇਰਾ ਮੰਨਣਾ ਸੌਖਾ ਨਹੀਂ ਸੀ। ਉਨ੍ਹਾਂ ਲੰਗੂਰ ਉੱਤੇ ਡਾਰਵਿਨ ਦਾ ਸਿਰ ਲਾ ਕੇ ਕਾਰਟੂਨ ਬਣਾਏ। ਉਸ ਵਿਰੁੱਧ ਜਲੂਸ ਕੱਢੇ। ਇਸੇ ਤੂਫ਼ਾਨ ਦੌਰਾਨ ਕਈ ਵੱਡੇ ਬੰਦੇ ਉਸ ਦੇ ਸਮਰਥਨ ਵਿੱਚ ਵੀ ਅੱਗੇ ਆਏ। ਟੀ.ਐੱਚ. ਹਕਸਲੇ, ਜੇ.ਬੀ.ਐੱਸ. ਹਾਲਡੇਨ, ਸੀਵਾਲ ਰਾਈਟ ਤੇ ਰੇਨਾਲਡ ਫਿਸ਼ਰ ਇਨ੍ਹਾਂ ਵਿੱਚੋਂ ਪ੍ਰਮੁੱਖ ਸਨ। ਤੀਹ ਜੂਨ 1860 ਨੂੰ ਆਕਸਫੋਰਡ ਵਿੱਚ ਇਸ ਸਿਧਾਂਤ ਉੱਤੇ ਬਹਿਸ ਹੋਈ। ਆਰਚਬਿਸ਼ਪ ਵਿਲਬਰਫੋਰਸ, ਡਾਰਵਿਨ ਦਾ ਮਜ਼ਾਕ ਉਡਾਉਂਦਿਆਂ ਹਕਸਲੇ ਨਾ ਤਿੱਖੀ ਨੋਕ ਝੋਕ ਸ਼ੁਰੂ ਕਰ ਬੈਠਾ। ਉਸ ਨੇ ਹਕਸਲੇ ਨੂੰ ਸਵਾਲ ਕੀਤਾ: ”ਲੰਗੂਰ ਨਾਲ ਤੁਹਾਡਾ ਰਿਸ਼ਤਾ ਨਾਨਕਿਆਂ ਵੱਲੋਂ ਜਾਂ ਦਾਦਕਿਆਂ ਵੱਲੋਂ?” ਹਕਸਲੇ ਦਾ ਉੱਤਰ ਸੀ: ”ਆਕਸਫੋਰਡ ਦੇ ਤੇਰੇ ਜਿਹੇ ਜਾਹਿਲ ਬਿਸ਼ਪ ਦੀ ਔਲਾਦ ਹੋਣ ਨਾਲੋਂ ਤਾਂ ਮੈਂ ਨਾਨਕਿਆਂ ਦਾਦਕਿਆਂ ਦੋਵਾਂ ਵੱਲੋਂ ਹੀ ਲੰਗੂਰ ਦੀ ਨਸਲ ਨਾਲ ਨਾਤਾ ਜੋੜਨਾ ਫ਼ਖਰ ਦੀ ਗੱਲ ਸਮਝਦਾ ਹਾਂ।” ਹਕਸਲੇ ਨੇ ਥਾਂ ਥਾਂ ਡਾਰਵਿਨ ਦੇ ਹੱਕ ਵਿੱਚ ਭਾਸ਼ਣ ਕੀਤੇ।

ਡਾਰਵਿਨ ਤੇ ਵੈਲੇਸ ਦਾ ਰਿਸ਼ਤਾ ਵੀ ਕਮਾਲ ਸੀ। ਇੱਕ ਪਾਸੇ ਡਾਰਵਿਨ ਨੇ ਵਿਕਾਸ ਸਿਧਾਂਤ ਦਾ ਸਿਹਰਾ ਵੈਲੇਸ ਦੇ ਸਿਰ ਬੰਨ੍ਹਣ ਦੀ ਗੱਲ ਕੀਤੀ। ਦੂਜੇ ਪਾਸੇ ਵੈਲੇਸ ਨੇ ਕਿਹਾ ਕਿ ਵਿਕਾਸ ਸਿਧਾਂਤ ਪੂਰੇ ਦਾ ਪੂਰਾ ਡਾਰਵਿਨ ਦੀ ਦੇਣ ਹੈ। ਡਾਰਵਿਨ ਸੁਭਾਅ ਪੱਖੋਂ ਚੁੱਪ ਤੇ ਸ਼ਰਮੀਲਾ ਸੀ। ‘ਓਰਿਜਿਨ ਆਫ ਸਪੀਸ਼ੀਜ਼’ ਦੇ ਪ੍ਰਕਾਸ਼ਨ ਲਈ ਜੌਹਨ ਮਰੇ ਨਾਲ ਇਕਰਾਰਨਾਮਾ ਹੋ ਗਿਆ। ਡਾਰਵਿਨ ਨੂੰ ਲੱਗਾ ਕਿ ਇਹ ਕਿਤਾਬ ਪ੍ਰਕਾਸ਼ਨ ਲਈ ਘਾਟੇਵੰਦੀ ਰਹੇਗੀ। ਉਸ ਨੇ ਜੌਹਨ ਨੂੰ ਲਿਖਿਆ: ‘ਹੁਣ ਤਕ ਤੁਸੀਂ ਮੇਰੀ ਕਿਤਾਬ ਚੰਗੀ ਤਰ੍ਹਾਂ ਫਰੋਲ ਕੇ ਸਮਝ ਲਈ ਹੋਵੇਗੀ। ਜੇ ਤੁਹਾਨੂੰ ਇਹ ਸੌਦਾ ਘਾਟੇਵੰਦਾ ਲੱਗੇ ਤਾਂ ਤੁਸੀਂ ਇਸ ਇਕਰਾਰਨਾਮੇ ਨੂੰ ਜਦੋਂ ਚਾਹੋ ਰੱਦ ਕਰ ਸਕਦੇ ਹੋ।”

ਲੰਗੂਰ ਤੋਂ ਮਨੁੱਖ ਬਣਨ ਵਾਲੀ ਗੱਲ ਸਿੱਧੇ ਰੂਪ ਵਿੱਚ ਡਾਰਵਿਨ ਨੇ 1859 ਵਾਲੀ ਆਪਣੀ ਪਹਿਲੀ ਕਿਤਾਬ ਵਿੱਚ ਨਹੀਂ ਸੀ ਕਹੀ। ਇਹ ਉਸ ਨੇ ਸਪਸ਼ਟ ਰੂਪ ਵਿੱਚ 1871 ਵਿੱਚ ਪ੍ਰਕਾਸ਼ਿਤ ਆਪਣੀ ਦੂਜੀ ਕਿਤਾਬ ‘ਡਿਸੈਂਟ ਆਫ ਮੈਨ’ ਵਿੱਚ ਕਹੀ ਸੀ। ਉਂਜ, ਉਸ ਦਾ ਵਿਰੋਧ ਉਸ ਦੀ ਮੌਤ ਪਿੱਛੋਂ ਵੀ ਦੇਰ ਤਕ ਹੁੰਦਾ ਰਿਹਾ। ਚਰਚ ਤੇ ਡਾਰਵਿਨ ਦੇ ਉਮਰ ਭਰ ਦੇ ਵਿਰੋਧ ਦੇ ਬਾਵਜੂਦ 1882 ਵਿੱਚ ਉਸ ਦੀ ਮੌਤ ਉਪਰੰਤ ਚਰਚ ਨੇ ਉਸ ਨੂੰ ਵੈਸਟਮਿਨਸਟਰ ਐਬੇ ਵਿੱਚ ਨਿਊਟਨ ਦੀ ਕਬਰ ਨੇੜੇ ਸ਼ਾਹੀ ਸਨਮਾਨਾਂ ਨਾਲ ਦਫ਼ਨਾਉਣ ਦੀ ਆਗਿਆ ਦਿੱਤੀ। 10 ਪੌਂਡ ਦੇ ਬ੍ਰਿਟਿਸ਼ ਨੋਟ ਉੱਤੇ ਡਾਰਵਿਨ ਦੀ ਫੋਟੋ ਛਾਪ ਕੇ ਇੰਗਲੈਂਡ ਉਸ ਨੂੰ ਆਪਣੀ ਅਕੀਦਤ ਕਾਫ਼ੀ ਦੇਰ ਪਹਿਲਾਂ ਭੇਟ ਕਰ ਚੁੱਕਾ ਹੈ।

ਡਾਰਵਿਨ ਆਪ ਇਸ ਵਿਰੋਧ ਤੇ ਮਾਨ-ਸਨਮਾਨ ਦੌਰਾਨ ਨਿਮਰ ਤੇ ਸਹਿਜ ਰਿਹਾ। ਇੱਕ ਵਾਰ ਇੰਗਲੈਂਡ ਦਾ ਪ੍ਰਧਾਨ ਮੰਤਰੀ ਗਲੈਡਸਟੋਨ ਉਸ ਨੂੰ ਮਿਲਣ ਆਇਆ। ਉਹ ਮਿਲ ਕੇ ਗਿਆ ਤਾਂ ਡਾਰਵਿਨ ਨੇ ਦੋਸਤਾਂ ਨੂੰ ਕਿਹਾ, ”ਗਲੈਡਸਟਨ ਨੂੰ ਇਹ ਨਹੀਂ ਸੀ ਪਤਾ ਕਿ ਉਹ ਕਿੱਡਾ ਵੱਡਾ ਬੰਦਾ ਹੈ। ਮੇਰੇ ਨਾਲ ਇੰਜ ਗੱਲਾਂ ਕਰਦਾ ਰਿਹਾ ਜਿਵੇਂ ਉਹ ਮੇਰੇ ਜਿਹਾ ਸਾਧਾਰਨ ਬੰਦਾ ਹੋਵੇ।” ਇਹ ਟਿੱਪਣੀ ਜਦੋਂ ਕਿਸੇ ਨੇ ਗਲੈਡਸਟੋਨ ਨੂੰ ਦੱਸੀ ਤਾਂ ਉਸ ਨੇ ਕਿਹਾ, ”ਕਮਾਲ ਹੈ, ਮੈਂ ਵੀ ਡਾਰਵਿਨ ਬਾਰੇ ਇਹੀ ਸੋਚ ਰਿਹਾ ਸਾਂ।”

ਡਾਰਵਿਨ ਦਾ ਵਿਰੋਧ ਮਰਨ ਉਪਰੰਤ ਵੀ ਕਰਨ ਵਾਲੇ ਦੇਰ ਤਕ ਸਰਗਰਮ ਰਹੇ। ਅਮਰੀਕਾ ਦੇ ਇੱਕ ਸਕੂਲ ਅਧਿਆਪਕ ਟੌਮਸ ਸਕੋਪਸ ਉੱਤੇ 1925 ਵਿੱਚ ਵਿਕਾਸ ਸਿਧਾਂਤ ਪੜ੍ਹਾਉਣ ਕਾਰਨ ਮੁਕੱਦਮਾ ਠੋਕ ਦਿੱਤਾ ਗਿਆ। ਦੋਸ਼ ਇਹ ਲਾਇਆ ਗਿਆ ਕਿ ਇਹ ਬਾਈਬਲ ਦੇ ਉਲਟ ਹੈ। ਜੱਜਾਂ ਨੇ ਸਕੋਪਸ ਨੂੰ ਇੱਕ ਸੌ ਡਾਲਰ ਜੁਰਮਾਨਾ ਕੀਤਾ। ਅਮਰੀਕੀ ਸੂਬੇ ਟੈਨੇਸੀ ਦਾ ਕਾਨੂੰਨ ਹੀ ਐਸਾ ਸੀ। ਇਹ ਕਾਨੂੰਨ 1967 ਵਿੱਚ ਰੱਦ ਕੀਤਾ ਗਿਆ।

ਮੰਤਰੀ ਸਤਿਆਪਾਲ ਸਿੰਘ ਦੇ ਬਿਆਨ ਦਾ ਦੇਸ਼ ਭਰ ਵਿੱਚ ਵਿਆਪਕ ਪੱਧਰ ਉੱਤੇ ਵਿਰੋਧ ਹੋਇਆ ਹੈ। ਵਿਗਿਆਨਕ ਸੋਚ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਵਿਗਿਆਨਕ ਸੋਚ ਦੇ ਪਸਾਰ ਦੇ ਯਤਨਾਂ ਨੂੰ ਸੱਟ ਵੱਜੀ ਹੈ। ਵਿਸ਼ਵ ਪੱਧਰ ਉੱਤੇ ਦੇਸ਼ ਦੀ ਛਵੀ ਖਰਾਬ ਹੋਈ ਹੈ। ਦੇਸ਼ ਦੀਆਂ ਵਿਗਿਆਨ ਨਾਲ ਸਬੰਧਿਤ ਤਿੰਨ ਮੁੱਖ ਅਕੈਡਮੀਆਂ ਇਸ ਦੇ ਵਿਰੋਧ ਵਿੱਚ ਅੱਗੇ ਆਈਆਂ ਹਨ। ਇਹ ਹਨ: ਨਵੀਂ ਦਿੱਲੀ ਦੀ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ, ਬੰਗਲੌਰ ਦੀ ਇੰਡੀਅਨ ਅਕੈਡਮੀ ਆਫ ਸਾਇੰਸਿਜ਼ ਅਤੇ ਅਲਾਹਾਬਾਦ ਦੀ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼।

ਅਕੈਡਮੀਆਂ ਤੋਂ ਇਲਾਵਾ ਦੇਸ਼ ਦੇ ਨਾਮਵਰ ਵਿਗਿਆਨੀ ਤੇ ਸਮਾਜਿਕ ਖੇਤਰ ਦੀਆਂ ਸ਼ਖ਼ਸੀਅਤਾਂ ਨੇ ਮੰਤਰੀ ਦੇ ਬੇਤੁਕੇ ਬਿਆਨ ਦਾ ਵਿਰੋਧ ਕੀਤਾ ਹੈ। ਇਹ ਸਾਰੇ ਲੋਕ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਟਵੀਟਾਂ, ਬਿਆਨਾਂ, ਪੱਤਰਾਂ ਆਦਿ ਰਾਹੀਂ ਆਪਣਾ ਵਿਰੋਧ ਦਰਸਾ ਚੁੱਕੇ ਹਨ ਅਤੇ ਦਰਸਾ ਰਹੇ ਹਨ। ਵਿਗਿਆਨਕ ਸੋਚ ਦੇ ਪਸਾਰ ਲਈ ਪ੍ਰਤੀਬੱਧ ਹਰ ਪੰਜਾਬੀ ਨੂੰ ਇਸ ਕਿਸਮ ਦੀ ਗ਼ੈਰ-ਵਿਗਿਆਨਕ ਸੋਚ ਦੇ ਪਸਾਰ ਦੇ ਯਤਨਾਂ ਦਾ ਪੂਰੇ ਜ਼ੋਰ ਨਾਲ ਵਿਰੋਧ ਕਰਨਾ ਚਾਹੀਦਾ ਹੈ।

Comments

comments

Share This Post

RedditYahooBloggerMyspace