ਸੈਰ, ਸੰਗੀਤ ਤੇ ਸੰਵਾਦ

ਸੈਰ ਤਾਂ ਪਹਿਲਾਂ ਵੀ ਲੋਕ ਕਰਦੇ ਹੁੰਦੇ ਸੀ, ਪਰ ਹੁਣ ਇਸਦਾ ਰੁਝਾਨ ਕੁਝ ਜ਼ਿਆਦਾ ਹੀ ਵੱਧ ਗਿਆ ਹੈ। ਕਈ ਸੈਰ ਦੇ ਸ਼ੌਕੀਨ ਹੁੰਦੇ ਹਨ ਕਈ ਸਰੀਰ ਨੂੰ ਚੁਸਤ-ਦਰੁਸਤ ਰੱਖਣ ਲਈ ਸੈਰ ‘ਤੇ ਨਿਕਲਦੇ ਹਨ, ਪਰ ਕਈ ਵਿਚਾਰੇ ਮਜਬੂਰੀ ਵੱਸ ਡਾਕਟਰਾਂ ਦੇ ਕਹੇ ‘ਤੇ ਹੀ ਸੈਰ ਲਈ ਜਾਂਦੇ ਹਨ ਅਤੇ ਕਈ ਦੇਖਾ-ਦੇਖੀ ਵੀ ਤੁਰ ਪੈਂਦੇ ਹਨ । ਕਾਰਨ ਕੁਝ ਵੀ ਹੋਵੇ ਸੈਰ ਤਾਂ ਲਾਹੇਵੰਦ ਸੌਦਾ ਹੈ। ਕਈਆਂ ਲਈ ਤਾਂ ਸੈਰ ਜਨੂੰਨ ਬਣ ਜਾਂਦੀ ਹੈ, ਉਹ ਮੀਂਹ ‘ਚ ਵੀ ਛੱਤਰੀ ਲੈਕੇ ਨਿਕਲ ਤੁਰਦੇ ਹਨ ।

ਅਸਲ ਵਿਚ ਅੱਜ ਸਾਡੀ ਜੀਵਨ ਜਾਚ ਹੀ ਕੁਝ ਐਸੀ ਬਣ ਗਈ ਹੈ ਕਿ ਦਿਨ ਦਾ ਬਹੁਤਾ ਹਿੱਸਾ ਅਸੀਂ ਕੁਰਸੀਆਂ ਮੰਜਿਆਂ ‘ਤੇ ਬੈਠ ਕੇ ਲੰਘਾ ਛੱਡਦੇ ਹਾਂ। ਬਹੁਤੇ ਅਮੀਰ ਘਰਾਂ ਵਿਚ ਤਾਂ ਕਰਨ ਲਈ ਕੁਝ ਵੀ ਨਹੀਂ ਹੁੰਦਾ। ਨੌਕਰ ਹੀ ਸਭ ਕੁਝ ਕਰ ਛੱਡਦੇ ਹਨ ਜਾਂ ਮਸ਼ੀਨਾਂ ਆਸਰੇ ਹੀ ਸਾਰੇ ਕੰਮ ਹੋਈ ਜਾਂਦੇ ਹਨ। ਅਜਿਹੇ ਸਮੇਂ ‘ਚ ਕਸਰਤ ਜਾਂ ਸੈਰ ਜ਼ਰੂਰਤ ਬਣ ਜਾਂਦੀ ਹੈ।

ਜਦ ਸਕੂਲਾਂ/ਕਾਲਜਾਂ ‘ਚ ਛੁੱਟੀਆਂ ਹੋਣ ਤਾਂ ਸੈਰ ਵਾਲੀਆਂ ਥਾਵਾਂ ਪਾਰਕਾਂ, ਬਾਗ਼ਾਂ ਅਤੇ ਸੜਕਾਂ ‘ਤੇ ਖ਼ਾਸ ਗਹਿਮਾ-ਗਹਿਮੀ ਹੁੰਦੀ ਹੈ। ਸਾਰਾ ਦਿਨ ਘਰ ਅੰਦਰ ਰਹਿ ਰਹਿ ਕੇ ਬੰਦਾ ਜਦੋਂ ਅੱਕ ਜਾਂਦਾ ਹੈ ਤਾਂ ਘਰੋਂ ਬਾਹਰ ਵੱਲ ਮੁਹਾਰਾਂ ਘੱਤ ਲੈਂਦੇ ਹਨ। ਪ੍ਰਕਿਰਤੀ ਦੇ ਨੇੜੇ ਹੋਣ ; ਸੀਮੈਂਟ, ਬੱਜਰੀ ਦੀਆਂ ਇਮਾਰਤਾਂ ਤੋਂ ਦੂਰ ਕੁਦਰਤ ਨਾਲ ਸਾਂਝ ਪਾ ਕੇ ਜ਼ਿੰਦਗੀ ਦਾ ਲੁਤਫ਼ ਲੈਣ ਦਾ ਆਪਣਾ ਹੀ ਮਜ਼ਾ ਹੁੰਦਾ ਹੈ ਪਰ ਇਸ ਕੰਮ ਲਈ ਜ਼ਰੂਰੀ ਨਹੀਂ ਦੂਰ ਹੀ ਜਾਇਆ ਜਾਵੇ। ਸ਼ਹਿਰ ਨੇੜਲੇ ਖੇਤਾਂ ਵੱਲ ਸਵੇਰੇ ਸ਼ਾਮ ਤੁਰ ਜਾਣਾ ਜਾਂ ਹਰਿਆਵਲ ਵਾਲੇ ਪਾਰਕਾਂ ਵਿਚ ਸੈਰ ਕਰਨ ਨਾਲ ਵੀ ਕੁਦਰਤ ਦੀ ਬੇਅੰਤਤਾ ਦੇ ਦਰਸ਼ਨ ਹੋ ਜਾਂਦੇ ਹਨ।

ਕਈ ਸ਼ਹਿਰਾਂ ਵਿਚ ਸੈਰ ਕਰਨ ਵਾਲਿਆਂ ਲਈ ਸੋਹਣੇ ਪਾਰਕ ਬਣੇ ਹੋਏ ਹਨ, ਹਰਿਆਵਲ ਵੀ ਰੱਜਕੇ ਹੈ ਅਤੇ ਕਈ ਥਾਈਂ ਤਾਂ ਸੈਰ ਕਰਨ ਲਈ ਵਿਸ਼ੇਸ਼ ਤੌਰ ‘ਤੇ ਕੱਚੇ ਰਸਤੇ ਵੀ ਬਣਾਏ ਗਏ ਹਨ। ਸੈਰ ਤਾਂ ਉਂਝ ਕਿਸੇ ਵੇਲੇ ਵੀ ਹੋ ਸਕਦੀ ਹੈ ਪਰ ਬਹੁਤੇ ਲੋਕ ਸਵੇਰੇ ਅਤੇ ਸ਼ਾਮ ਦੀ ਸੈਰ ਕਰਨ ਦੇ ਆਦੀ ਹੁੰਦੇ ਹਨ। ਸਵੇਰ ਸਮੇਂ ਪ੍ਰਕਿਰਤੀ ਨਿਖਰੀ-ਨਿਖਰੀ ਹੁੰਦੀ ਹੈ। ਹਵਾ ਵਿਚਲੀ ਮਿੱਠੀ-ਮਿੱਠੀ ਠੰਡਕ ਰੂਹ ਅਤੇ ਮਨ ਨੂੰ ਬੜਾ ਹੀ ਸੁਖਦਾਈ ਹੁਲਾਰਾ ਦਿੰਦੀ ਹੈ। ਦੁਪਹਿਰ ਸਮੇਂ ਜਿਹੜਾ ਸੂਰਜ ਖਾਣ ਨੂੰ ਪੈਂਦਾ ਹੈ ਉਸੇ ਹੀ ਸੂਰਜ ਦੀ ਸਵੇਰੇ ਚੜਦੇ ਸਮੇਂ ਦੀ ਨੁਹਾਰ ਸਰੀਰ ‘ਚ ਇਕ ਅਲੱਗ ਤਰਾਂ ਦੀ ਊਰਜਾ ਭਰਦੀ ਹੈ। ਖ਼ੁਸ਼ੀਆਂ ਬੰਦੇ ਦੇ ਬਰੂਹੀਂ ਸਦਾ ਆਪ ਹੀ ਆ ਕੇ ਨਹੀਂ ਖਲੋਂਦੀਆਂ, ਕਈ ਵਾਰ ਲੱਭਣੀਆਂ ਵੀ ਪੈਂਦੀਆਂ ਹਨ । ਗਰਮੀਆਂ ਦੇ ਮੌਸਮ ‘ਚ ਰਾਤ ਭਰ ਦੇ ਮੀਂਹ ਤੋਂ ਬਾਅਦ ਸਵੇਰੇ-ਸਵੇਰੇ ਕਿਸੇ ਸੜਕ ‘ਤੇ ਸੈਰ ਲਈ ਨਿਕਲ ਪਵੋ, ਬਸ ਹਰ ਸ਼ੈਅ ਨਿੱਖਰੀ-ਨਿੱਖਰੀ, ਉਜਲੀ- ਉਜਲੀ ਦਿਸੇਗੀ, ਨਾਲੇ ਪੁੰਨ ਨਾਲੇ ਫਲੀਆਂ ਸਰੀਰ ਵੀ ਚੁਸਤ ਦਰੁਸਤ ਰਹੇਗਾ ਅਤੇ ਮਨ ਵੀ ਖਿੜਿਆ-ਖਿੜਿਆ।

ਖਿੜੇ ਤੋਂ ਯਾਦ ਆਇਆ ਕਈ ਪਾਰਕਾਂ ‘ਚ ਸੈਰ ਕਰਨ ਵਾਲਿਆਂ ਲਈ ਸੰਗੀਤ ਦਾ ਵੀ ਪ੍ਰਬੰਧ ਹੁੰਦਾ ਹੈ। ਨਵੇਂ ਪੁਰਾਣੇ ਗੀਤ ਚੱਲ ਰਹੇ ਹੁੰਦੇ ਹਨ। ਆਸ – ਪਾਸ ਖਿੜੇ ਫੁੱਲਾਂ ਦੀ ਖ਼ੂਬਸੂਰਤੀ ਮਾਣਦੇ ਚਲੋ, ਪੈਰ ਸੰਗੀਤ ਦੀਆਂ ਸੁਰਾਂ ਅਤੇ ਲੈਅ ਨਾਲ ਮਿਲਕੇ ਤੁਰਦੇ ਚਲੋ ਜੀਵਨ ‘ਚ ਆਪ ਹੀ ਖੇੜਾ ਅਤੇ ਲੈਅ ਭਰ ਜਾਣਗੇ। ਸੰਗੀਤ ਦਾ ਜੀਵਨ ‘ਚ ਵੈਸੇ ਵੀ ਅਹਿਮ ਸਥਾਨ ਹੈ। ਸੰਗੀਤ ਸੁਣਦਿਆਂ ਬੰਦਾ ਛੇਤੀ ਕੀਤੇ ਅੱਕਦਾ ਥੱਕਦਾ ਨਹੀਂ। ਸੰਗੀਤ ਤਾਂ ਬਿਮਾਰਾਂ ਲਈ ਵੀ ਦਵਾਈ ਹੈ। ਐਸੇ ਤਜਰਬੇ ਵੀ ਹੋ ਚੁੱਕੇ ਹਨ ਕਿ ਕੁਝ ਵਿਸ਼ੇਸ਼ ਤਰਾਂ ਦੇ ਰੋਗੀਆਂ ਕੋਲ ਜੇ ਮੱਠਾ-ਮੱਠਾ ਸੰਗੀਤ ਚੱਲਦਾ ਰਹੇ ਤਾਂ ਉਹ ਛੇਤੀ ਰਾਜ਼ੀ ਹੋ ਜਾਂਦੇ ਹਨ ਪਰ ਅਸੀਂ ਜਾਣਦੇ ਹੋਏ ਵੀ ਕਈ ਵਾਰ ਅਣਜਾਣ ਬਣੇ ਰਹਿੰਦੇ ਹਾਂ। ਈਰਖਾਲੂ ਅਤੇ ਕਠੋਰ ਸੁਭਾਅ ਵਾਲੇ ਲੋਕਾਂ ਲਈ ਤਾਂ ਸੰਗੀਤ ਹੋਰ ਵੀ ਜ਼ਰੂਰੀ ਹੁੰਦਾ ਹੈ ਕਿਉਂਕਿ ਕਹਿੰਦੇ ਨੇ ਸੰਗੀਤ ‘ਚ ਪੱਥਰਾਂ ਨੂੰ ਮੋਮ ਕਰਨ ਦੀ ਤਾਕਤ ਹੁੰਦੀ ਹੈ।

ਕਈ ਵਾਰ ਅਸੀਂ ਮਸ਼ੀਨੀ ਕਿਸਮ ਦੀ ਜ਼ਿੰਦਗੀ ਦੀ ਨੱਠ- ਭੱਜ ਤੋਂ ਏਨੇ ਅੱਕ ਜਾਂਦੇ ਹਾਂ ਕਿ ਸਕੂਨ ਲਈ ਇਕਾਂਤ ਚਾਹੁੰਦੇ ਹਾਂ। ਇਕਾਂਤ ਦਾ ਵੀ ਆਪਣਾ ਸੁੱਖ ਹੁੰਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਅੱਜ ਇਕਾਂਤ ਦੀ ਬਜਾਏ ਅਜਿਹੇ ਲੋਕਾਂ ਦੇ ਸਾਥ ਦੀ ਵਧੇਰੇ ਜ਼ਰੂਰਤ ਹੈ ਜਿੱਥੇ ਦਿਲ ਦੀ ਗੱਲ ਸਾਂਝੀ ਕੀਤੀ ਜਾ ਸਕੇ ਜਿੱਥੇ ਦੁੱਖ-ਸੁੱਖ ਫੋਲੇ ਜਾ ਸਕਣ । ਅੱਜ ਹਰ ਬੰਦਾ ਤਨਾਅ ‘ਚ ਹੈ। ਕਿਸੇ ਵਿਰਲੇ ਟਾਵੇਂ ਦੇ ਚਿਹਰੇ ‘ਤੇ ਸਹਿਜ ਅਤੇ ਸਕੂਨ ਨਜ਼ਰ ਆਉਂਦਾ ਹੈ।

ਮੈਨੂੰ ਪ੍ਰਿੰ. ਤੇਜਾ ਸਿੰਘ ਦੇ ‘ਘਰ ਦਾ ਪਿਆਰ’ ਲੇਖ ਵਾਲੇ ਬੀਜੀ ਦਾ ਚੇਤਾ ਆਉਂਦਾ ਹੈ ਜਿਸਦੇ ਗਲੇ ‘ਚ ਬਾਹਾਂ ਪਾ ਕੇ ਕਦੇ ਕਿਸੀ ਨੇ ਇਹ ਨਹੀਂ ਕਿਹਾ ਹੋਣਾ ‘ਬੀਜੀਓ ਮੈਂ ਕਿੰਨਾ ਸੋਹਣਾ ਵਾਂ।’

ਸਾਡੇ ਸਮਾਜ ਦੀਆਂ ਬਹੁਤੀਆਂ ਸਮੱਸਿਆਵਾਂ ਸੰਵਾਦ ਦੀ ਘਾਟ ‘ਚੋਂ ਪੈਦਾ ਹੁੰਦੀਆਂ ਹਨ। ਅਸੀਂ ਗੱਲਾਂ ਕਰਨੋਂ ਝਿਜਕਦੇ ਹਾਂ। ਪਰਿਵਾਰਾਂ ਦੇ ਬਹੁਤੇ ਮਸਲੇ ਸੰਵਾਦ ਦੀ ਘਾਟ ‘ਚੋਂ ਹੀ ਪੈਦਾ ਹੋ ਰਹੇ ਹਨ। ਪੁਰਾਣੇ ਸਮੇਂ ਸੰਯੁਕਤ ਪਰਿਵਾਰ ਹੁੰਦੇ ਸਨ ਜੇ ਕਿਸੇ ਮੈਂਬਰ ਨੂੰ ਕੋਈ ਦੁੱਖ ਹੋਣਾ ਤਾਂ ਦੂਸਰੇ ਨੇ ਝੱਟ ਕਹਿ ਦੇਣਾ ‘ਤੇਰਾ ਚਿਹਰਾ ਕਾਹਤੋਂ ਲੱਥਾ ਪਿਆ’ ਤੇ ਅਗਲੇ ਨੇ ਉਸੇ ਵੇਲੇ ਫਿੱਸ ਪੈਣਾ ਤੇ ਦਿਲ ਦੀ ਗੱਲ ਸਾਂਝੀ ਕਰ ਲੈਣੀ ਪਰ ਹੁਣ ਘਰ ਕਾਹਦੇ ਬਸ ਸੋਹਣੇ -ਸੋਹਣੇ ਮਕਾਨ/ਕੋਠੀਆਂ ਨੇ। ਬੱਚਿਆਂ ਅਤੇ ਮਾਪਿਆਂ ਵਿਚਾਲੇ ਬੇਲੋੜੀਆਂ ਦੂਰੀਆਂ ਵੱਧ ਗਈਆਂ ਹਨ।

ਅੱਜ ਕੰਮ ਵਾਲੀਆਂ ਥਾਵਾਂ ‘ਤੇ ਸੋਹਣੀਆਂ-ਸੋਹਣੀਆਂ ਇਮਾਰਤਾਂ ਤਾਂ ਬਣ ਗਈਆਂ ਹਨ ਪਰ ਸੋਹਣੇ ਦਿਲਾਂ ਵਾਲੇ ਲੋਕ ਟਾਵੇਂ ਟਾਵੇਂ ਹੀ ਰਹਿ ਗਏ ਹਨ। ਬੰਦਾ ਗੱਲ ਕਰਨੋਂ ਇਸ ਲਈ ਵੀ ਝਿਜਕਦਾ ਹੈ ਕਿ ਕਿਤੇ ਬਾਤ ਦਾ ਬਤੰਗੜ ਹੀ ਨਾ ਬਣ ਜਾਵੇ। ਡਰ ਹੈ ਕਿ ਮੌਕਾਪ੍ਰਸਤ ਲੋਕਾਂ ਦੀ ਭੀੜ ‘ਚ ਕਿਤੇ ਸਾਡੇ ਅੰਦਰਲੇ ਸੋਹਣੇ ਆਪੇ ਹੀ ਨਾ ਗਵਾਚ ਜਾਣ ।

ਕਹਿੰਦੇ ਹਨ ਜਿੱਥੇ ਚਾਹ ਹੋਵੇ ਉੱਥੇ ਰਾਹ ਵੀ ਲੱਭ ਪੈਂਦੇ ਹਨ। ਸਵੇਰ-ਸ਼ਾਮ ਦੀ ਸੈਰ ਸਮੇਂ ਟੋਲੀਆਂ ‘ਚ ਜਾਂਦੇ, ਖਿੜ- ਖਿੜ ਹੱਸਦੇ, ਗੱਲਾਂ ਗੱਪਾਂ ਮਾਰਦੇ ਲੋਕਾਂ ਨੂੰ ਵੇਖੀਦਾ ਹੈ ਤਾਂ ਉਹ ਬੜੇ ਚੰਗੇ ਲੱਗਦੇ ਹਨ। ਉਹ ਇਕੋ ਤੀਰ ਨਾਲ ਕਈ ਨਿਸ਼ਾਨੇ ਵਿੰਨ ਰਹੇ ਹੁੰਦੇ ਹਨ । ਤਨ-ਮਨ ਦੀ ਤੰਦਰੁਸਤੀ ਲਈ ਅਚੇਤ/ਸੁਚੇਤ ਯਤਨਸ਼ੀਲ ਜਾਪਦੇ ਹਨ।

ਇਨੀਂ ਦਿਨੀਂ ਜਿੱਥੇ ਅਸੀਂ ਸੈਰ ਕਰਨ ਜਾ ਰਹੇ ਹਾਂ ਉੱਥੇ ਸੈਰ, ਸੰਗੀਤ ਅਤੇ ਸੰਵਾਦ ਦੀ ਤਿਕੜੀ ਦੀ ਭਰਪੂਰ ਖੁਰਾਕ ਪਰੋਸੀ ਪਈ ਹੈ। ਲੋਕ ਪਾਰਕ ਦੇ ਕੱਚੇ ਰਸਤਿਆਂ ‘ਤੇ ਛੋਹਲੇ ਕਦਮੀਂ ਤੁਰੀ ਵੀ ਜਾਂਦੇ ਹਨ, ਪੁਰਾਣੇ ਗਾਣਿਆਂ (ਸ਼ਾਮ ਵੇਲੇ) ਸ਼ਬਦਾਂ ਅਤੇ ਭਜਨਾਂ (ਸਵੇਰ ਵੇਲੇ) ਦਾ ਆਨੰਦ ਵੀ ਲਈ ਜਾਂਦੇ ਹਨ ਅਤੇ ਜਦੋਂ ਸੈਰ ਕਰਕੇ ਥੱਕ ਜਾਂਦੇ ਹਨ ਤਾਂ ਆਦਮੀ ਔਰਤਾਂ ਵੱਖ-ਵੱਖ ਗਰੁੱਪਾਂ ‘ਚ ਬੈਂਚਾਂ ‘ਤੇ ਬੈਠ ਕੇ ਗੱਲੀਂ ਰੁਝ ਜਾਂਦੇ ਹਨ। ਕਦੇ-ਕਦੇ ਜ਼ੋਰ-ਜ਼ੋਰ ਦੇ ਠਹਾਕੇ ਵੀ ਵੱਜਦੇ ਹਨ। ਇਨਾਂ ਨੂੰ ਵੇਖਕੇ ਮਨ ਨੂੰ ਤਸੱਲੀ ਹੁੰਦੀ ਹੈ ਜਦ ਇਹ ਖਿੜੇ-ਪੁੜੇ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ । ਜਪਾਨੀ ਲੋਕਾਂ ਬਾਰੇ ਮਸ਼ਹੂਰ ਹੈ ਕਿ ਉਹ ਸਵੇਰ ਸਮੇਂ ਜਾਂ ਸੜਕਾਂ ‘ਤੇ ਹੁੰਦੇ ਹਨ ਜਾਂ ਪਾਰਕਾਂ ‘ਚ । ਉਨਾਂ ਦੀ ਚੁਸਤੀ- ਫੁਰਤੀ ਦਾ ਇਕ ਰਾਜ਼ ਇਹ ਵੀ ਹੈ। ਰੱਬ ਕਰੇ ਅਸੀਂ ਵੀ ਏਨੇ ਸਿਆਣੇ ਹੋ ਜਾਈਏ ।

Comments

comments

Share This Post

RedditYahooBloggerMyspace