ਸੋਨਮ ਇਸ ਸਾਲ ਮਾਰੇਗੀ ਚੌਕਾ

ਸ਼ਾਂਤੀ ਸਵਰੂਪ ਤ੍ਰਿਪਾਠੀ

ਲਗਪਗ ਦੋ ਸਾਲ ਪਹਿਲਾਂ ਸੋਨਮ ਕਪੂਰ ਨੇ ਦਲੇਰ ਏਅਰਹੋਸਟੈੱਸ ਨੀਰਜਾ ਭਨੋਟ ਦੀ ਬਾਇਓਪਿਕ ‘ਨੀਰਜਾ’ ਵਿੱਚ ਮੁੱਖ ਭੂਮਿਕਾ ਨਿਭਾ ਕੇ ਬਹੁਤ ਸ਼ੋਹਰਤ ਅਤੇ ਐਵਾਰਡ ਹਾਸਲ ਕੀਤੇ ਸਨ। ਹੁਣ ਪੂਰੇ ਦੋ ਸਾਲ ਬਾਅਦ ਉਹ ਘੱਟ ਕੀਮਤ ’ਤੇ ਸੈਨੇਟਰੀ ਨੈਪਕਿਨ ਉਪਲੱਬਧ ਕਰਵਾਉਣ ਵਾਲੇ ਅਰੂਣਾਚਲਮ ਮੁਰੂਗਨਾਥਨ ਉੱਤੇ ਬਣੀ ਫ਼ਿਲਮ ‘ਪੈਡਮੈਨ’ ਨੂੰ ਲੈ ਕੇ ਚਰਚਾ ਵਿੱਚ ਹੈ। ਪੇਸ਼ ਹੈ ਸੋਨਮ ਕਪੂਰ ਨਾਲ ਹੋਈ ਗੱਲਬਾਤ ਦੇ ਅੰਸ਼:
-ਫ਼ਿਲਮ ‘ਨੀਰਜਾ’ ਦੇ ਪ੍ਰਦਰਸ਼ਨ ਦੇ ਦੋ ਸਾਲ ਤੋਂ ਬਾਅਦ ਤੁਸੀਂ ਹੁਣ ‘ਪੈਡਮੈਨ’ ਵਿੱਚ ਨਜ਼ਰ ਆਓਗੇ। ਇੰਨਾ ਅੰਤਰ ਕਿਉਂ ?
-ਮੈਨੂੰ ਅਹਿਸਾਸ ਹੀ ਨਹੀਂ ਹੋਇਆ ਕਿ ਦੋ ਸਾਲ ਗੁਜ਼ਰ ਗਏ ਕਿਉਂਕਿ ਇਸ ਵਿੱਚ ਮੈਂ ਚਾਰ ਫ਼ਿਲਮਾਂ ਦੀ ਸ਼ੂਟਿੰਗ ਕੀਤੀ ਹੈ। ਹੁਣ ਇਹ ਚਾਰੋ ਫ਼ਿਲਮਾਂ ਇਕੱਠੇ ਇਸ ਸਾਲ ਰਿਲੀਜ਼ ਹੋਣ ਵਾਲੀਆਂ ਹਨ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਸਾਲ ਮੇਰੀ ਇੱਕ ਜਾਂ ਦੋ ਫ਼ਿਲਮਾਂ ਹੀ ਰਿਲੀਜ਼ ਹੋਣ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਇੱਕ ਹੀ ਸਾਲ ਵਿੱਚ ਮੇਰੀਆਂ ਚਾਰ ਫ਼ਿਲਮਾਂ ਆਉਣਗੀਆਂ। ਇਹ ਕਿਵੇਂ ਹੋਇਆ, ਮੈਨੂੰ ਵੀ ਨਹੀਂ ਪਤਾ।
-ਕਲਾਕਾਰ ਦੇ ਤੌਰ ਉੱਤੇ ਜਦੋਂ ਚਾਰ ਫ਼ਿਲਮਾਂ ਇੱਕ ਹੀ ਸਾਲ ਵਿੱਚ ਆਉਂਦੀਆਂ ਹਨ ਤਾਂ ਉਸਦਾ ਕੀ ਅਸਰ ਹੁੰਦਾ ਹੈ ?
– ਬਹੁਤ ਅਸਰ ਪੈਂਦਾ ਹੈ। ਹਰ ਤਿੰਨ ਮਹੀਨੇ ਬਾਅਦ ਇੱਕ ਫ਼ਿਲਮ ਆਵੇਗੀ। ‘ਪੈਡਮੈਨ’ ਤਾਂ ਇਸ ਮਹੀਨੇ ਹੀ ਆ ਰਹੀ ਹੈ। ਇਸਤੋਂ  ਬਾਅਦ ‘ਵੀਰੇ ਦੀ ਵੈਡਿੰਗ’ ਆਏਗੀ। ਫਿਰ ਸੰਜੈ ਦੱਤ ਦੀ ਬਾਇਓਪਿਕ ‘ਦੱਤ’ ਆਏਗੀ। ਫਿਰ ‘ਜੋਆ ਸਾਥੀ’ ਆਏਗੀ।
-‘ਨੀਰਜਾ’ ਵਿੱਚ ਮੁੱਖ ਭੂਮਿਕਾ ਨਿਭਾਉਣ ਦੇ ਬਾਅਦ ‘ਪੈਡਮੈਨ’ ਦੀ ਛੋਟੀ ਭੂਮਿਕਾ ਕਰਨ ਦੀ ਕੀ ਵਜ੍ਹਾ ਰਹੀ ?
– ਤੁਹਾਨੂੰ ਕੀ ਲੱਗਦਾ ਹੈ ? ਮੈਂ ਇਹ ਫ਼ਿਲਮ ਕਿਉਂ ਕੀਤੀ ਹੋਵੇਗੀ ? ਮੈਨੂੰ ਲੱਗਦਾ ਹੈ ਕਿ ਇਸ ਗੱਲ ਨੂੰ ਤੁਸੀਂ ਵੀ ਸਮਝਦੇ ਹੋ ਕਿ ਫ਼ਿਲਮ ‘ਪੈਡਮੈਨ’ ਦਾ ਵਿਸ਼ਾ ਬਹੁਤ ਮਹੱਤਵਪੂਰਨ ਹੈ। ਦੂਜੀ ਗੱਲ ਕਿਰਦਾਰ ਛੋਟਾ ਨਹੀਂ ਸਗੋਂ ਮਹੱਤਵਪੂਰਨ ਹੈ। ਇਸਦਾ ਵਿਸ਼ਾ ਹਰ ਨਾਰੀ ਅਤੇ ਨਾਰੀ ਉੱਨਤੀ ਨਾਲ ਜੁੜਿਆ ਹੋਇਆ ਹੈ। ਜਦੋਂ ਮੇਰੇ ਕੋਲ ਆਰ ਬਾਲਕੀ ਇਸ ਫ਼ਿਲਮ ਦੀ ਪੇਸ਼ਕਸ਼ ਲੈ ਕੇ ਆਏ ਅਤੇ ਉਨ੍ਹਾਂ ਨੇ ਦੱਸਿਆ ਕਿ ਇਹ ਫ਼ਿਲਮ ਅਕਸ਼ੈ ਕੁਮਾਰ ਕਰ ਰਹੇ ਹਨ ਤਾਂ ਮੈਨੂੰ ਥੋੜ੍ਹਾ ਜਿਹਾ ਅਜੀਬ ਲੱਗਿਆ। ਮੇਰੇ ਦਿਮਾਗ਼ ਵਿੱਚ ਸਵਾਲ ਆਇਆ ਕਿ ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਹੋਣਗੇ ਤਾਂ ਇਹ ਫ਼ਿਲਮ ਉਸ ਤਰ੍ਹਾਂ ਦੀ ਜਾਗਰੂਕਤਾ ਕਿਵੇਂ ਪੈਦਾ ਕਰੇਗੀ, ਜਿਸਦੀ ਜ਼ਰੂਰਤ ਹੈ? ਇੱਕ ਕਮਰਸ਼ਲ ਐਕਟਰ ਔਰਤਾਂ ਨਾਲ ਜੁੜੀ ਇੱਕ ਯਥਾਰਥਕ ਅਤੇ ਅਤਿ ਮਹੱਤਵਪੂਰਨ ਸਮੱਸਿਆ ਨੂੰ ਯਥਾਰਥਕ ਅੰਦਾਜ਼ ਵਿੱਚ ਪਰਦੇ ਉੱਤੇ ਕਿਵੇਂ ਲਿਆ ਸਕਣਗੇ ? ਫਿਰ ਮੈਂ ਤੈਅ ਕੀਤਾ ਕਿ ਔਰਤਾਂ ਦੀ ਸੈਨੇਟਰੀ ਨੈਪਕਿਨ ਦੀ ਸਮੱਸਿਆ ਵਾਲੀ ਇਸ ਫ਼ਿਲਮ ਦਾ ਮੈਨੂੰ ਹਰ ਹਾਲ ਵਿੱਚ ਹਿੱਸਾ ਬਣਨਾ ਹੈ। ਹੁਣ ਜਦੋਂ ਮੈਂ ਇਹ ਫ਼ਿਲਮ ਕੀਤੀ ਹੈ ਤਾਂ ਮੈਂ ਕਹਿ ਸਕਦੀ ਹਾਂ ਕਿ ਇਹ ਇੱਕ ਕਮਰਸ਼ਲ ਮਨੋਰੰਜਕ ਫ਼ਿਲਮ ਦੇ ਨਾਲ ਨਾਲ ਜਾਗਰੂਕਤਾ ਫੈਲਾਉਣ ਵਾਲੀ ਫ਼ਿਲਮ ਹੈ। ਇਸਦਾ ਮੁੱਦਾ ਬਹੁਤ ਮਹੱਤਵਪੂਰਨ ਹੈ।
-ਕੀ ਤੁਸੀਂ ਇਸ ਉੱਤੇ ਕੋਈ ਜਾਣਕਾਰੀ ਇਕੱਠੀ ਕੀਤੀ ਹੈ?
– ਮੈਂ ਇਸ ਵਿਸ਼ੇ ਉੱਤੇ ਕਾਫ਼ੀ ਪੜ੍ਹਿਆ ਹੈ। ਸਾਡੇ ਦੇਸ਼ ਵਿੱਚ ਸਿਰਫ਼ 12 ਫ਼ੀਸਦੀ ਔਰਤਾਂ ਨੂੰ ਹੀ ਸੈਨੇਟਰੀ ਨੈਪਕਿਨ ਉਪਲੱਬਧ ਹੈ। ਸਾਡੇ ਦੇਸ਼ ਵਿੱਚ ਤਕਰੀਬਨ 84 ਫ਼ੀਸਦੀ ਔਰਤਾਂ ਮਾਸਿਕ ਧਰਮ ਦੇ ਦਿਨਾਂ ਵਿੱਚ ਰਾਖ, ਪੱਤੇ ਜਾਂ ਗੰਦੇ ਕੱਪੜਿਆਂ ਦੀ ਵਰਤੋਂ ਕਰਦੀਆਂ ਹਨ ਜਿਸਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਕੁਵੇਲੇ ਮੌਤ ਵੀ ਹੋ ਜਾਂਦੀ ਹੈ।
-ਫ਼ਿਲਮ ‘ਪੈਡਮੈਨ’ ਦੇ ਆਪਣੇ ਕਿਰਦਾਰ ਨੂੰ ਲੈ ਕੇ ਤੁਸੀਂ ਕੀ ਕਹੋਗੇ?
– ਫ਼ਿਲਮ ਵਿੱਚ ਮੇਰੇ ਕਿਰਦਾਰ ਦਾ ਨਾਮ ਪਰੀ ਹੈ। ਹੁਣ ਤਕ ਅਸੀਂ ਸੁਣਦੇ ਆਏ ਹਾਂ ਕਿ ਹਰ ਸਫਲ ਮਰਦ ਦੇ ਪਿੱਛੇ ਇੱਕ ਔਰਤ ਹੁੰਦੀ ਹੈ, ਪਰ ਇਸ ਫ਼ਿਲਮ ਵਿੱਚ ਇੱਕ ਸਫਲ ਇਨਸਾਨ ਦੇ ਨਾਲ ਇੱਕ ਸਫਲ ਔਰਤ ਹੈ। ਅਸਲ ਵਿੱਚ ਇਸ ਫ਼ਿਲਮ ਵਿੱਚ ਮੇਰਾ ਕਿਰਦਾਰ ਉਨ੍ਹਾਂ ਦੇ ਬਿਜਨਸ ਭਾਗੀਦਾਰ ਦਾ ਹੈ ਜੋ ਉਸਨੂੰ ਬਹੁਤ ਚੰਗੀ ਤਰ੍ਹਾਂ ਨਾਲ ਸਮਝਦੀ ਹੈ ਕਿ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ। ਪਰੀ ਪਹਿਲੀ ਇਨਸਾਨ ਹੈ ਜੋ ਉਸਦੇ ਨਾਲ ਖੜ੍ਹੀ ਹੁੰਦੀ ਹੈ ਤੇ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ। ਮੇਰੇ ਹਿਸਾਬ ਨਾਲ ਪਰੀ ਦਾ ਕਿਰਦਾਰ ਬਹੁਤ ਹੀ ਵੱਖ ਤਰ੍ਹਾਂ ਦਾ ਅਤੇ ਅਤਿ ਮਹੱਤਵਪੂਰਨ ਕਿਰਦਾਰ ਹੈ। ਪਰੀ ਅੱਜ ਦੀ ਕੁੜੀ ਹੈ। ਮੈਂ ਹਮੇਸ਼ਾਂ ਇਸੇ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਮੈਂ ਆਪਣੇ ਆਪ ਇਸੇ ਤਰ੍ਹਾਂ ਦੇ ਕਿਰਦਾਰ ਚੁਣਦੀ ਹਾਂ। ਮੇਰਾ ਮੰਨਣਾ ਹੈ ਕਿ ਜੇਕਰ ਤੁਸੀਂ ਕਲਾਕਾਰ ਹੋ, ਤੁਸੀਂ ਕਲਾ ਦੇ ਮਾਧਿਅਮ ਤੋਂ ਪੈਸੇ ਕਮਾ ਰਹੇ ਹੋ। ਕਲਾਕਾਰ ਹੋਣ ਦੇ ਨਾਤੇ ਕੁਝ ਲੋਕ ਤੁਹਾਨੂੰ ਪਸੰਦ ਕਰਦੇ ਹਨ ਤਾਂ ਤੁਹਾਡੇ ਲਈ ਜ਼ਰੂਰੀ ਹੁੰਦਾ ਹੈ    ਕਿ ਤੁਸੀਂ ਉਨ੍ਹਾਂ ਕਿਰਦਾਰਾਂ ਨੂੰ ਨਿਭਾਓ ਜੋ ਆਮ ਲੋਕਾਂ ਦੀਆਂ ਗੱਲਾਂ ਕਰਨ ਅਤੇ ਆਮ ਲੋਕਾਂ ਨੂੰ  ਪ੍ਰੇਰਿਤ ਕਰਨ।
-ਤੁਹਾਨੂੰ ਨਹੀਂ ਲੱਗਦਾ ਕਿ ਹਰ ਕਿਸੇ ਨੂੰ ਹੁਣ ਸੈਨੇਟਰੀ ਨੈਪਕਿਨ ਉੱਤੇ ਜੀਐੱਸਟੀ ਘਟਾਉਣ ਜਾਂ ਮੁਆਫ਼ ਕਰਨ ਦੀ ਗੱਲ ਸਰਕਾਰ ਨਾਲ ਕਰਨੀ ਚਾਹੀਦੀ ਹੈ ?
– ਮੈਨੂੰ ਲੱਗਦਾ ਹੈ ਕਿ ਫ਼ਿਲਮ ਦੇ ਨਿਰਮਾਤਾ ਇਸ ਬਾਰੇ ਕੁਝ ਸੋਚ ਰਹੇ ਹੋਣਗੇ। ਸਰਕਾਰ ਵੀ ਸਮਝਦੀ ਹੈ ਕਿ ਸੈਨੇਟਰੀ ਨੈਪਕਿਨ ਲਗਜ਼ਰੀ ਚੀਜ਼ ਨਹੀਂ ਹੈ। ਇਹ ਜ਼ਰੂਰਤ ਦੀ ਚੀਜ਼ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਲਗਜ਼ਰੀ ਚੀਜ਼ਾਂ ਉੱਤੇ ਟੈਕਸ ਜ਼ਿਆਦਾ ਲਗਾਏ ਅਤੇ ਸੈਨੇਟਰੀ ਨੈਪਕਿਨ ਤਾਂ ਹਰ ਕੁੜੀ ਅਤੇ ਔਰਤ ਨੂੰ ਮੁਫ਼ਤ ਵਿੱਚ ਮਿਲ ਸਕੇ, ਅਜਿਹੀ ਵਿਵਸਥਾ ਕਰੇ। ਘੱਟ ਤੋਂ ਘੱਟ ਪਿੰਡ ਵਿੱਚ ਤਾਂ ਇਹ ਮੁਫ਼ਤ ਵਿੱਚ ਦਿੱਤਾ ਹੀ ਜਾਣਾ ਚਾਹੀਦਾ ਹੈ। ਇਸ ਲਈ ਵੀ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਦੀ ਲੋੜ ਹੈ।
-ਫ਼ਿਲਮ ‘ਨੀਰਜਾ’ ਤੋਂ ਬਾਅਦ ਤੁਹਾਡੇ ਨਿੱਜੀ ਜੀਵਨ ਵਿੱਚ ਕੀ ਤਬਦੀਲੀ ਆਈ ?
– ਸੱਚ ਤਾਂ ਇਹ ਹੈ ਕਿ ‘ਨੀਰਜਾ’ ਹੀ ਨਹੀਂ ਹੁਣ ਤਕ ਮੈਂ ਜਿੰਨੇ ਵੀ ਕਿਰਦਾਰ ਨਿਭਾਏ ਹਨ, ਹਰ ਕਿਰਦਾਰ ਦੀ ਵਜ੍ਹਾ ਨਾਲ ਮੇਰੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਤਬਦੀਲੀ ਆਈ ਹੈ। ਹਰ ਕਿਰਦਾਰ ਨੂੰ ਨਿਭਾਉਂਦੇ ਹੋਏ ਮੈਂ ਕਾਫ਼ੀ ਕੁਝ ਸਿੱਖਿਆ ਹੈ। ਵੇਖੋ, ‘ਨੀਰਜਾ’ ਦੇ ਬਾਅਦ ਮੇਰੇ ਮਨ ਵਿੱਚ ਇਹ ਗੱਲ ਆਈ ਕਿ ਹਮੇਸ਼ਾਂ ਸੱਚ ਬੋਲਣਾ ਚਾਹੀਦਾ ਹੈ। ਸੱਚ ਬੋਲਣ ਤੋਂ ਨਹੀਂ ਡਰਨਾ ਚਾਹੀਦਾ ਹੈ ਅਤੇ ਕੁਝ ਨਾ ਕੁਝ ਨਵਾਂ ਕਰਦੇ ਰਹਿਣਾ ਚਾਹੀਦਾ ਹੈ। ਇਸ ਲਈ ਮੇਰੇ ਲਈ ਉਨ੍ਹਾਂ ਕਿਰਦਾਰਾਂ ਨੂੰ ਚੁਣਨਾ ਜ਼ਰੂਰੀ ਹੁੰਦਾ ਹੈ ਜੋ ਲੋਕਾਂ ਨੂੰ ਵੀ ਪ੍ਰੇਰਨਾ ਦੇਣ ਅਤੇ ਮੇਰੇ ਅੰਦਰ ਤਬਦੀਲੀ ਵੀ ਲਿਆਉਣ।
-ਤੁਸੀਂ ਕਿਹਾ ਕਿ ‘ਨੀਰਜਾ’ ਕਰਨ ਤੋਂ ਬਾਅਦ ਤੁਹਾਡੀ ਜ਼ਿੰਦਗੀ ਵਿੱਚ ਤਬਦੀਲੀ ਆਈ ਹੈ ਕਿ ਤੁਸੀਂ ਸੱਚ ਬੋਲੋਗੇ। ਕੀ ਤੁਸੀਂ ਆਪਣੇ ਵਿਆਹ ਦੇ ਮੁੱਦੇ ਉੱਤੇ ਸੱਚ ਦੱਸੋਗੇ ?
-ਤੁਸੀਂ ਮੈਨੂੰ ਮੇਰੇ ਕਰੀਅਰ ਦੀ ਸ਼ੁਰੂਆਤ ਤੋਂ ਜਾਣਦੇ ਹੋ। ਤੁਹਾਨੂੰ ਪਤਾ ਹੈ ਕਿ ਮੈਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਦੇ ਮੀਡੀਆ ਨਾਲ ਗੱਲ ਨਹੀਂ ਕਰਦੀ। ਮੈਂ ਆਪਣੀ ਨਿੱਜੀ ਜ਼ਿੰਦਗੀ ਅਤੇ ਕਰੀਅਰ ਦੋਨਾਂ ਨੂੰ ਵੱਖ ਰੱਖਣਾ ਪਸੰਦ ਕਰਦੀ ਹਾਂ। ਪਿਛਲੇ ਦਸ ਸਾਲ ਵਿੱਚ ਮੈਂ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਉੱਤੇ ਗੱਲ ਨਹੀਂ ਕੀਤੀ।
-ਜਦੋਂ ਤੋਂ ਤੁਸੀਂ ਅਭਿਨੇਤਰੀ ਬਣੇ ਹੋ, ਉਦੋਂ ਤੋਂ ਹੁਣ ਤਕ ਸਿਨਮਾ ਦੀ ਵਜ੍ਹਾ ਨਾਲ ਔਰਤਾਂ ਦੀ ਹਾਲਤ ਵਿੱਚ ਕੀ ਤਬਦੀਲੀ ਆਈ ਹੈ ?
-ਵੇਖੋ, ਸਿਨਮਾ ਹਮੇਸ਼ਾਂ ਲੋਕਾਂ ਨੂੰ ਪ੍ਰੇਰਿਤ ਕਰਨ, ਉਨ੍ਹਾਂ ਨੂੰ ਮਨੋਰੰਜਨ ਦੇਣ ਅਤੇ ਉਨ੍ਹਾਂ ਵਿੱਚ ਕਿਸੇ ਨਾ ਕਿਸੇ ਮੁੱਦੇ ਉੱਤੇ ਜਾਗਰੂਕਤਾ ਲਿਆਉਣ ਦਾ ਕੰਮ ਕਰਦਾ ਰਿਹਾ ਹੈ। ਜਿੱਥੇ ਤਕ ਮੇਰਾ ਆਪਣਾ ਕੰਮ ਹੈ, ਮੈਂ ਵੀ ‘ਆਇਸ਼ਾ’, ‘ਖ਼ੂਬਸੂਰਤ’, ‘ਦਿੱਲੀ 6’, ‘ਨੀਰਜਾ’ ਇੱਥੇ ਤਕ ਕਿ ‘ਪ੍ਰੇਮ ਰਤਨ ਧਨ ਪਾਇਓ’  ਇਨ੍ਹਾਂ ਵਿੱਚ ਅਜਿਹੇ ਕਿਰਦਾਰ ਨਿਭਾਏ ਹਨ ਜਿਨ੍ਹਾਂ ਕਿਰਦਾਰਾਂ ਨੇ ਔਰਤਾਂ ਅਤੇ ਲੜਕੀਆਂ ਨੂੰ ਪ੍ਰੇਰਿਤ ਕੀਤਾ। ਮੈਂ ਹਮੇਸ਼ਾਂ ਉਨ੍ਹਾਂ ਕਿਰਦਾਰਾਂ ਨੂੰ ਪਰਦੇ ਉੱਤੇ ਨਿਭਾਇਆ ਹੈ ਜੋ ਨਾਰੀ ਸਵੈਭਿਮਾਨ ਅਤੇ ਨਾਰੀ ਆਤਮ ਸਨਮਾਨ ਦੀ ਗੱਲ ਕਰਦੇ ਹਨ। ਮੇਰਾ ਮੰਨਣਾ ਹੈ ਕਿ ਜੇਕਰ ਅਸੀਂ ਅਜਿਹਾ ਨਹੀਂ ਕਰ ਸਕਦੇ ਹਾਂ ਤਾਂ ਅਸੀਂ ਕੰਮ ਕਿਉਂ ਕਰ ਰਹੇ ਹਾਂ ? ਕਲਾ ਦੇ ਖੇਤਰ ਨਾਲ ਕਿਉਂ ਜੁੜੇ ਹੋਏ ਹਾਂ ? ਜੇਕਰ ਤੁਸੀਂ ਕਲਾ ਨਾਲ ਜੁੜੇ ਹੋ ਤਾਂ ਤੁਹਾਡਾ ਕਰਤੱਵ ਬਣਦਾ ਹੈ ਕਿ ਤੁਸੀਂ ਸਮਾਜ ਵਿੱਚ ਕੁਝ ਤਾਂ ਤਬਦੀਲੀ ਲਿਆਓ। ਮੈਂ ਕਿਸੇ ਵੀ ਫ਼ਿਲਮ ਵਿੱਚ ਸਿਰਫ਼ ਖੂਬਸੂਰਤ ਗੁੱਡੀ ਬਣਕੇ ਨਜ਼ਰ ਨਹੀਂ ਆਉਣਾ ਚਾਹੁੰਦੀ। ਫ਼ਿਲਮਾਂ ਵਿੱਚ ਪੱਥਰ ਦੀ ਮੂਰਤ ਬਣਕੇ ਨਜ਼ਰ ਆਉਣਾ ਵੀ ਸਭ ਤੋਂ ਗ਼ਲਤ ਉਦਾਰਹਨ ਹੈ ਜੋ ਮੈਂ ਕਦੇ ਨਹੀਂ ਕਰ ਸਕਦੀ। ਤੁਸੀਂ ਮੇਰੀ ਫ਼ਿਲਮ ‘ਦਿੱਲੀ 6’ ਦੇ ਕਿਰਦਾਰ ਬਿੱਟੋ ਸ਼ਰਮਾ ਨੂੰ ਲੈ ਲਓ, ਉਹ ਆਪਣੇ ਮਾਂ ਬਾਪ ਨੂੰ ਕਹਿੰਦੀ ਹੈ ਕਿ ਮੈਨੂੰ ਵਿਆਹ ਨਹੀਂ ਕਰਨਾ ਹੈ। ਮੈਨੂੰ ਪਹਿਲਾਂ ਕੁਝ ਬਣਨਾ ਹੈ, ਆਪਣੇ ਪੈਰਾਂ ਉੱਤੇ ਖੜ੍ਹੇ ਹੋਣਾ ਹੈ, ਮੈਨੂੰ ਕੁਝ ਹੋਰ ਕਰਨਾ ਹੈ। ਇਸ ਲਈ ਤੁਸੀਂ ਫ਼ਿਲਮ ਵਿੱਚ ਵੇਖਿਆ ਹੋਵੇਗਾ ਕਿ ਬਿੱਟੋ ਸ਼ਰਮਾ ਦੀ ਮਾਂ ਅਤੇ ਉਸਦੀ ਭੂਆ ਜਦੋਂ ਆਚਾਰ ਬਣਾ ਰਹੀ ਹੁੰਦੀ ਹੈ ਤਾਂ ਉਹ ਕਹਿੰਦੀ ਹੈ ਕਿ ਮੈਂ ਕਿਉਂ ਆਚਾਰ ਬਣਾਵਾਂ ? ਮੈਂ ਤਾਂ ਆਪਣੇ ਡੈਡ ਨਾਲ ਬਿਜਨਸ ਕਰਨ ਜਾਉਂਗੀ।  ਤਾਂ ਮੈਂ ਅਜਿਹੇ ਕਿਰਦਾਰ ਚੁਣਦੀ ਹਾਂ ਜੋ ਲੜਕੀਆਂ ਅਤੇ ਔਰਤਾਂ ਦੇ ਮਨ ਵਿੱਚ ਇੱਕ ਨਵੀਂ ਸੋਚ ਪੈਦਾ ਕਰਨ। ਮੈਂ ਹੁਣ ਤਕ ਇੰਜ ਹੀ ਕਿਰਦਾਰ ਪੇਸ਼ ਕੀਤੇ ਹਨ।
-ਗੋਲਡਨ ਗਲੋਬ ਐਵਾਰਡ ਦੇ ਵਕਤ ਤੁਸੀਂ ਟਵੀਟ ਕੀਤਾ ਸੀ ਕਿ ਬੌਲੀਵੁੱਡ ਨਾਲ ਜੁੜੀ ਹਰ ਔਰਤ ਨੂੰ ਇੱਕ ਦੂਜੇ ਨਾਲ ਖੜ੍ਹਾ ਹੋਣਾ ਚਾਹੀਦਾ ਹੈ ਜਿਸ ਉੱਤੇ ਕਈਆਂ ਨੇ ਅਜੀਬ ਪ੍ਰਤੀਕਿਰਿਆ ਦਿੱਤੀ?
-ਤਾਂ ਕੀ ਹੋਇਆ. ਮੈਂ ਹਮੇਸ਼ਾਂ ਸੱਚ ਅਤੇ ਆਪਣੇ ਦਿਲ ਦੀ ਗੱਲ ਕਹਿੰਦੀ ਰਹਾਂਗੀ। ਮੈਂ ਬਿਨਾਂ ਸਵਾਰਥ ਦੇ ਗੱਲ ਕਰਦੀ ਹਾਂ। ਮੇਰੀ ਟੀਮ ਦੇ ਕਈ ਲੋਕ ਤਾਂ ਮੈਨੂੰ ਬੇਨਤੀ ਕਰਦੇ ਹਨ ਕਿ ਮੈਂ ਉਨ੍ਹਾਂ ਲਈ ਟਵੀਟ ਕਰ ਦੇਵਾਂ, ਪਰ ਮੈਂ ਮਨ੍ਹਾ ਕਰ ਦਿੰਦੀ ਹਾਂ। ਕਈ ਵਾਰ ਮੈਨੂੰ ਆਪਣੇ ਟਵੀਟ ਹਟਾਉਣ ਲਈ ਕਿਹਾ ਜਾਂਦਾ ਹੈ, ਮੈਂ ਮਨ੍ਹਾਂ ਕਰ ਦਿੰਦੀ ਹਾਂ। ਮੇਰੀ ਰਾਇ ਵਿੱਚ ਕਲਾਕਾਰ ਦੇ ਤੌਰ ’ਤੇ ਸਾਡੀ ਆਪਣੀ ਕੁਝ ਜ਼ਿੰਮੇਵਾਰੀ ਬਣਦੀ ਹੈ।
-ਤੁਸੀਂ ਚਾਰ ਸਾਲ ਤੋਂ ਫ਼ਿਲਮ ‘ਬੈਟਲ ਆਫ ਬਿਟੋਰਾ’ ਬਣਾ ਰਹੇ ਹੋ, ਉਸਦਾ ਕੀ ਹੋਇਆ ?
– ਚਿੰਤਾ ਨਾ ਕਰੋ। ਇਸ ਸਾਲ ਦਸੰਬਰ ਵਿੱਚ ਇਸਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਮੈਂ ਅਨੂਜਾ ਚੌਹਾਨ ਦੀ ਹੀ ਕਹਾਣੀ ‘ਦਿ ਜੋਆ ਫੈਕਟਰ’ ’ਤੇ ਆਧਾਰਿਤ ਫ਼ਿਲਮ ‘ਜੋਆ ਸਾਥੀ’ ਦੀ ਸ਼ੂਟਿੰਗ ਕਰ ਰਹੀ ਹਾਂ। ਇਹ ਫ਼ਿਲਮ ਇਸ ਸਾਲ ਰਿਲੀਜ਼ ਹੋਵੇਗੀ। ‘ਬੈਟਲ ਆਫ ਬਿਟੋਰਾ’ ਦੀ ਲੇਖਕ ਵੀ ਅਨੂਜਾ ਚੌਹਾਨ ਹੈ। ‘ਬੈਟਲ ਆਫ ਬਿਟੋਰਾ’ ਵਿੱਚ ਪਹਿਲਾਂ ਫਵਾਦ ਖ਼ਾਨ ਸੀ, ਪਰ ਬਦਲੇ ਹੋਏ ਹਾਲਾਤ ਵਿੱਚ ਉਹ ਨਹੀਂ ਹੋਣਗੇ ਤਾਂ ਅਸੀਂ ਕਿਸੇ ਹੋਰ ਕਲਾਕਾਰ ਦੀ ਤਲਾਸ਼ ਕਰ ਰਹੇ ਹਾਂ। .

Comments

comments

Share This Post

RedditYahooBloggerMyspace