ਟਰੰਪ ਦਾ ਆਵਾਸ ਢਾਂਚਾ ਕਰੇਗਾ ਗਰੀਨ ਕਾਰਡਾਂ ਦੇ ਬੈਕਲਾਗ ਦਾ ਨਿਬੇੜਾ

ਵਾਸ਼ਿੰਗਟਨ, 9 ਫਰਵਰੀ : ਵ੍ਹਾਈਟ ਹਾਊਸ ਨੇ ਅੱਜ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਆਵਾਸ ਢਾਂਚਾ ਲਾਟਰੀ ਵੀਜ਼ੇ ਨੂੰ ਖ਼ਤਮ ਕਰੇਗਾ, ਜਿਸ ਨਾਲ ਗਰੀਨ ਕਾਰਡ ਦਾ ਬੈਕਲਾਗ ਘਟਾਉਣ ਵਿੱਚ ਮਦਦ ਮਿਲੇਗੀ। ਐਚ-1ਬੀ ਵੀਜ਼ਾ ਧਾਰਕ ਭਾਰਤੀਆਂ ਵੱਲੋਂ ਗਰੀਨ ਕਾਰਡ ਵੰਡ ਤੋਂ ਪ੍ਰਤੀ ਮੁਲਕ ਸੀਮਾ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤੀ-ਅਮੈਰਿਕਨਾਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹੁਨਰਮੰਦ ਹਨ ਅਤੇ ਪ੍ਰਮੁੱਖ ਤੌਰ ’ਤੇ ਐਚ-1ਬੀ ਵਰਕ ਵੀਜ਼ੇ ’ਤੇ ਅਮਰੀਕਾ ਆਏ ਹਨ, ਨੂੰ ਮੌਜੂਦਾ ਆਵਾਸ ਪ੍ਰਣਾਲੀ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਆਵਾਸ ਪ੍ਰਣਾਲੀ ਗਰੀਨ ਕਾਰਡਾਂ ਜਾਂ ਪੱਕੀ ਕਾਨੂੰਨੀ ਰਿਹਾਇਸ਼ ਲਈ ਪ੍ਰਤੀ ਮੁਲਕ ਸੱਤ ਫ਼ੀਸਦ ਕੋਟਾ ਲਾਗੂ ਕਰਦੀ ਹੈ। ਇਸ ਨਾਲ ਮੌਜੂਦਾ ਸਮੇਂ ਹੁਨਰਮੰਦ ਭਾਰਤੀ ਪਰਵਾਸੀਆਂ ਨੂੰ ਗਰੀਨ ਕਾਰਡ ਲਈ ਤਕਰੀਬਨ 70 ਸਾਲ ਉਡੀਕ ਕਰਨੀ ਪੈ ਸਕਦੀ ਹੈ। ‘ਸਾਡੀ ਆਵਾਸ ਪ੍ਰਣਾਲੀ ਦੇ ਮਾਲੀ ਨੁਕਸਾਨ ਦਾ ਖ਼ਾਤਮਾ’ ਬਾਰੇ ਤੱਥ ਸ਼ੀਟ ਵਿੱਚ ਵ੍ਹਾਈਟ ਹਾਊਸ ਨੇ ਕਿਹਾ, ‘ਰਾਸ਼ਟਰਪਤੀ ਟਰੰਪ ਦਾ ਆਵਾਸ ਢਾਂਚਾ ਲਾਟਰੀ ਵੀਜ਼ਾ ਪ੍ਰੋਗਰਾਮ ਦਾ ਅੰਤ ਕਰੇਗਾ, ਜਿਸ ਨਾਲ ਹੁਨਰਮੰਦ ਅਤੇ ਸਵੈ-ਰੁਜ਼ਗਾਰ ਆਧਾਰਤ ਪਰਵਾਸ ਕੇਸਾਂ ਦਾ ਬੈਕਲਾਗ ਘਟਾਉਣ ਵਿੱਚ ਮਦਦ ਮਿਲੇਗੀ।’ ਟਰੰਪ ਨੇ ਟਵੀਟ ਕੀਤਾ, ‘ਲਾਟਰੀ ਵੀਜ਼ਾ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਾਂਗਰਸ ਨੂੰ ਆਵਾਸ ਪ੍ਰਣਾਲੀ ਦੀ ਸੁਰੱਖਿਆ ਅਤੇ ਅਮਰੀਕਾ ਵਾਸੀਆਂ ਦੀ ਰੱਖਿਆ ਕਰਨੀ  ਚਾਹੀਦੀ ਹੈ।’

ਵ੍ਹਾਈਟ ਹਾਊਸ ਦੇ ਡਿਪਟੀ ਪ੍ਰੈੱਸ ਸੈਕਟਰੀ ਰਾਜ ਸ਼ਾਹ ਨੇ ਆਪਣੀ ਪਲੇਠੀ ਵ੍ਹਾਈਟ ਹਾਊਸ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ, ‘ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਕਾਨੂੰਨੀ ਆਵਾਸ ਸੁਧਾਰ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਅਸੀਂ ਮੌਜੂਦਾ ਲੜੀਵਾਰ ਪਰਿਵਾਰਕ ਪਰਵਾਸ ਤੋਂ ਮੈਰਿਟ ਆਧਾਰਤ ਆਵਾਸ ਸੁਧਾਰਾਂ ਵੱਲ ਵਧੀਏ।’

Comments

comments

Share This Post

RedditYahooBloggerMyspace