ਹਵਾਈ ਫ਼ੌਜ ਦਾ ਅਫ਼ਸਰ ਜਾਸੂਸੀ ਦੇ ਦੋਸ਼ਾਂ ਹੇਠ ਕਾਬੂ

ਨਵੀਂ ਦਿੱਲੀ : ਸੋਸ਼ਲ ਸਾਈਟਾਂ ’ਤੇ ਮਹਿਲਾਵਾਂ ਦੇ ਜਾਲ ’ਚ ਫਸ ਕੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਨੂੰ ਅਹਿਮ ਜਾਣਕਾਰੀ ਦੇਣ ਦੇ ਦੋਸ਼ਾਂ ਹੇਠ ਭਾਰਤੀ ਹਵਾਈ ਫ਼ੌਜ (ਆਈਏਐਫ) ਦੇ ਗਰੁੱਪ ਕੈਪਟਨ ਅਰੁਣ ਮਰਵਾਹ (51) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਦੇ ਕਮਿਸ਼ਨਰ ਐਮ.ਐਮ. ਓਬਰਾਏ ਨੇ ਦੱਸਿਆ ਕਿ ਮਰਵਾਹ ਨੂੰ ਬੁੱਧਵਾਰ ਨੂੰ ਉਨ੍ਹਾਂ ਹਵਾਲੇ ਕੀਤਾ ਗਿਆ ਅਤੇ ਵੀਰਵਾਰ ਨੂੰ ਅਦਾਲਤ ’ਚ ਪੇਸ਼ ਕਰਕੇ ਉਸ ਨੂੰ ਪੰਜ ਦਿਨਾਂ ਦੀ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ, ਜਿੱਥੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਆਈਏਐਫ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਕਰੀਬ 10 ਦਿਨ ਤਕ ਪੁੱਛ-ਗਿੱਛ ਮਗਰੋਂ ਉਸ ਨੂੰ ਵਿਸ਼ੇਸ਼ ਸੈੱਲ ਦੀ ਨੌਰਦਰਨ ਰੇਂਜ ਹਵਾਲੇ ਕੀਤਾ ਗਿਆ ਸੀ। ਮਰਵਾਹ ਖ਼ਿਲਾਫ਼ ਅਫੀਸ਼ੀਅਲ ਸੀਕਰਟਸ ਐਕਟ (ਸਰਕਾਰੀ ਭੇਤਾਂ ਬਾਰੇ ਐਕਟ) ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ੍ਰੀ ਓਬਰਾਏ ਨੇ ਦੱਸਿਆ ਕਿ ਹਵਾਈ ਫ਼ੌਜ ਨੇ ਉਸ ਦੀਆਂ ਸ਼ੱਕੀ ਸਰਗਰਮੀਆਂ ਮਗਰੋਂ ਉਸ ਨੂੰ 31 ਜਨਵਰੀ ਨੂੰ ਹਿਰਾਸਤ ’ਚ ਲਿਆ ਸੀ। ਇਸ ਮਗਰੋਂ ਹੋਰ ਜਾਂਚ ਲਈ ਹਵਾਈ ਫ਼ੌਜ ਨੇ ਮਰਵਾਹ ਨੂੰ ਦਿੱਲੀ ਪੁਲੀਸ ਦੇ ਹਵਾਲੇ ਕਰ ਦਿੱਤਾ ਸੀ। ਏਅਰ ਫੋਰਸ ਹੈੱਡਕੁਆਰਟਰ ’ਤੇ ਤਾਇਨਾਤ ਮਰਵਾਹ ਮਹਿਲਾ ਨੂੰ ਵੱਟਸਐਪ ਰਾਹੀਂ ਕਥਿਤ ਤੌਰ ’ਤੇ ਖ਼ੁਫ਼ੀਆ ਜਾਣਕਾਰੀ ਮੁਹੱਈਆ ਕਰਵਾ ਰਿਹਾ ਸੀ। ਮਰਵਾਹ ਦੀ ਪਿਛਲੇ ਸਾਲ ਦਸੰਬਰ ’ਚ ਫੇਸਬੁੱਕ ਰਾਹੀਂ ਮਹਿਲਾ ਨਾਲ ਦੋਸਤੀ ਹੋਈ ਸੀ। ਏਅਰ ਫੋਰਸ ਦੇ ਕਾਊਂਟਰ ਖ਼ੁਫ਼ੀਆ ਵਿੰਗ ਨੇ ਉਸ ਨੂੰ ਸਮਾਰਟ ਫੋਨ ਨਾਲ ਗ੍ਰਿਫ਼ਤਾਰ ਕੀਤਾ ਸੀ ਜਿਸ ਦੀ ਹੈੱਡਕੁਆਰਟਰ ’ਤੇ ਪਾਬੰਦੀ ਹੈ। ਖ਼ੁਫ਼ੀਆ ਵਿੰਗ ਵੱਲੋਂ ਇਸ ਗੱਲ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਉਹ ਕਿਤੇ ਵੱਡੇ ਜਾਸੂਸੀ ਗੁੱਟ ਦਾ ਹਿੱਸਾ ਤਾਂ ਨਹੀਂ ਹੈ। ਸਰਕਾਰੀ ਭੇਤਾਂ ਬਾਰੇ ਐਕਟ ਤਹਿਤ ਉਸ ਨੂੰ ਸੱਤ ਸਾਲਾਂ ਦੀ ਜੇਲ੍ਹ ਹੋ ਸਕਦੀ ਹੈ। ਸਪੈਸ਼ਲ ਸੈੱਲ ਦੇ ਅਧਿਕਾਰੀ ਮੁਤਾਬਕ ਮਰਵਾਹ ਦੋ ਪਾਕਿਸਤਾਨੀ ਏਜੰਟਾਂ ਨਾਲ ਜਾਣਕਾਰੀ ਅਤੇ ਦਸਤਾਵੇਜ਼ ਸਾਂਝੇ ਕਰ ਰਿਹਾ ਸੀ, ਜੋ ਫੇਸਬੁੱਕ ’ਤੇ ਮਹਿਲਾ ਬਣ ਕੇ ਉਸ ਦੇ ਸੰਪਰਕ ’ਚ ਸਨ। ਉਸ ਨੂੰ ਵਰਗਲਾਉਣ ਲਈ ‘ਕਿਰਨ ਰੰਧਾਵਾ’ ਅਤੇ ‘ਮਹਿਮਾ ਪਟੇਲ’ ਦੇ ਨਾਮ ’ਤੇ ਫਰਜ਼ੀ ਅਕਾਊਂਟਾਂ ਦੀ ਵਰਤੋਂ ਕੀਤੀ ਗਈ। ਉਹ ਸਮਾਰਟਫੋਨ ਰਾਹੀਂ ਹੈੱਡਕੁਆਰਟਰ ’ਤੇ ਅਹਿਮ ਦਸਤਾਵੇਜ਼ਾਂ ਦੀਆਂ ਤਸਵੀਰਾਂ ਖਿੱਚ ਕੇ ਉਨ੍ਹਾਂ ਨੂੰ ਵੱਟਸਐਪ ਰਾਹੀਂ ਭੇਜਦਾ ਸੀ। ਕੁਝ ਮਹੀਨੇ ਪਹਿਲਾਂ ਮਹਿਲਾ ਮਾਡਲ ਬਣ ਕੇ ਆਈਐਸਆਈ ਦੇ ਏਜੰਟਾਂ ਨੇ ਮਰਵਾਹ ਨਾਲ ਦੋਸਤੀ ਕੀਤੀ ਸੀ। ‘ਉਹ ਵੱਟਸਐਪ ’ਤੇ ਲਗਾਤਾਰ ਗੱਲਬਾਤ ਕਰਦੇ ਸਨ ਅਤੇ ਕੁਝ ਅਸ਼ਲੀਲ ਸੁਨੇਹੇ ਵੀ ਇਕ-ਦੂਜੇ ਨੂੰ ਭੇਜਦੇ ਸਨ। ਨਗਨ ਅਵਸਥਾ ਵਾਲੀਆਂ ਕੁਝ ਤਸਵੀਰਾਂ ਹਾਸਲ ਕਰਨ ਮਗਰੋਂ ਆਈਐਸਆਈ ਏਜੰਟਾਂ ਨੇ ਮਰਵਾਹ ਨੂੰ ਆਪਣੇ ਜਾਲ ’ਚ ਫਸਾ ਲਿਆ ਸੀ।’’ ਅਧਿਕਾਰੀ ਨੇ ਕਿਹਾ ਕਿ ਮਰਵਾਹ ਨੂੰ ਆਪਣੇ ਜਾਲ ’ਚ ਫਸਾਉਣ ਮਗਰੋਂ ਪਾਕਿਸਤਾਨੀ ਏਜੰਟਾਂ ਨੇ ਉਸ ਨੂੰ ਅਹਿਮ ਦਸਤਾਵੇਜ਼ਾਂ ਦੀ ਜਾਣਕਾਰੀ ਮੰਗੀ। ਮਰਵਾਹ ਨੇ ਜਿਹੜੇ ਦਸਤਾਵੇਜ਼ਾਂ ਦੀ ਜਾਣਕਾਰੀ ਸਾਂਝੀ ਕੀਤੀ, ਉਨ੍ਹਾਂ ’ਚ ਸਿਖਲਾਈ ਅਤੇ ਮੁਕਾਬਲੇ ਸਬੰਧੀ ਹਵਾਈ ਅਭਿਆਸ ਸ਼ਾਮਲ ਸਨ। ਅਧਿਕਾਰੀ ਨੇ ਕਿਹਾ ਕਿ ਉਸ ਨੇ ‘ਗਗਨ ਸ਼ਕਤੀ’ ਅਭਿਆਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਸੂਤਰਾਂ ਮੁਤਾਬਕ ਮਰਵਾਹ ਦੇ ਫੋਨ ਨੂੰ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।

Comments

comments

Share This Post

RedditYahooBloggerMyspace