ਅੰਬਾਲਾ ਦੇ ਬਾਲ ਸੁਧਾਰ ਘਰ ’ਚੋਂ 9 ਬੰਦੀ ਫਰਾਰ

ਅੰਬਾਲਾ, 11 ਫਰਵਰੀ : ਬਾਲ ਸੁਧਾਰ ਘਰ (ਆਬਜ਼ਰਵੇਸ਼ਨ ਹੋਮ) ਅੰਬਾਲਾ ਵਿਚੋਂ ਲੰਘੀ ਰਾਤ ਕਰੀਬ ਡੇਢ ਵਜੇ ਹੱਤਿਆ, ਜਾਨ ਲੇਵਾ ਹਮਲਾ ਕਰਨ, ਪੋਕਸੋ, ਅਗਵਾ ਅਤੇ ਚੋਰੀ ਆਦਿ ਮਾਮਲਿਆਂ ਵਿਚ ਫਸੇ  9 ਬੰਦੀ ਕੰਧ ਟੱਪ ਕੇ ਫਰਾਰ ਹੋ ਗਏ। ਸਵੇਰੇ ਸਵਾ 5 ਵਜੇ ਦੇ ਕਰੀਬ ਜਦੋਂ ਮੈੱਸ ਦਾ ਸਟਾਫ ਆਇਆ ਤਾਂ ਬੰਦੀਆਂ ਦੇ ਫਰਾਰ ਹੋਣ ਦਾ ਪਤਾ ਲੱਗਾ। ਜਾਣਕਾਰੀ ਮਿਲਦਿਆਂ ਹੀ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਜ਼ਿਲ੍ਹਾ ਪੁਲੀਸ ਦੀ ਮਦਦ ਨਾਲ ਇਨ੍ਹਾਂ ਫਰਾਰ ਨਾਬਾਲਗਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸੂਤਰਾਂ ਅਨੁਸਾਰ ਕਮਰਾ ਨੰਬਰ-2 ਵਿਚ ਕੁੱਲ 24 ਬੰਦੀ ਰਹਿ ਰਹੇ ਸਨ। ਇਨ੍ਹਾਂ ਵਿਚੋਂ 9 ਬੰਦੀਆਂ ਨੇ ਫਰਾਰ ਹੋਣ ਤੋਂ ਪਹਿਲਾਂ ਕਮਰੇ ਨੂੰ ਬਾਹਰੋਂ ਲੱਗਾ ਜੰਦਰਾ ਲੋਹੇ ਦੇ ਪਾਈਪ ਨਾਲ ਤੋੜਿਆ ਅਤੇ ਬਾਥਰੂਮ ਦੇ ਰੌਸ਼ਨਦਾਨ ਰਾਹੀਂ ਬਾਹਰ ਨਿਕਲ ਗਏ ਅਤੇ ਪੌੜੀ ਰਾਹੀਂ ਸੁਧਾਰ ਘਰ ਦੀ ਬਾਹਰਲੀ ਕੰਧ ਟੱਪ ਕੇ ਫਰਾਰ ਹੋ ਗਏ। ਫਰਾਰ ਹੋਣ ਵਾਲੇ ਬੰਦੀ ਪਾਣੀਪਤ (2), ਸ਼ਾਮਲੀ (ਯੂ.ਪੀ), ਜੰਡਲੀ (ਅੰਬਾਲਾ), ਕੁਰੂਕਸ਼ੇਤਰ, ਕੈਥਲ, ਯਮੁਨਾਨਗਰ, ਸੋਨੀਪਤ ਅਤੇ ਪਟਿਆਲਾ ਦੇ ਹਨ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮਹਿਲਾ ਅਤੇ ਬਾਲ ਵਿਕਾਸ ਅਧਿਕਾਰੀ ਬਲਜੀਤ ਕੌਰ ਨੇ 1 ਫਰਵਰੀ ਨੂੰ ਬਾਲ ਸੁਧਾਰ ਘਰ ਦਾ ਮੁਆਇਨਾ ਕੀਤਾ ਸੀ ਅਤੇ ਸੁਪਰਡੈਂਟ ਨੂੰ ਖਰਾਬ ਪਏ ਸੀਸੀਟੀਵੀ ਕੈਮਰੇ ਠੀਕ ਕਰਵਾਉਣ ਦੇ ਆਦੇਸ਼ ਦਿੱਤੇ ਸਨ ਪਰੰਤੂ ਇਹ ਠੀਕ ਨਹੀਂ ਕਰਵਾਏ ਗਏ। ਬਲਜੀਤ ਕੌਰ ਅਨੁਸਾਰ ਫਰਾਰ ਬੰਦੀਆਂ ਨੂੰ ਫੜਨ ਲਈ ਟੀਮ ਬਣਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲਾਪ੍ਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਬਾਲ ਸੁਧਾਰ ਘਰ ਵਿਚ 122 ਬੱਚੇ ਬੰਦ ਹਨ, ਜਦੋਂ ਕਿ ਇਸ ਦੀ ਸਮਰੱਥਾ ਕੇਵਲ 50 ਬੱਚਿਆਂ ਦੀ ਹੈ। ਡੀਸੀ ਸ਼ਰਨਦੀਪ ਕੌਰ ਬਰਾੜ ਨੇ ਮਾਮਲੇ ਦੀ ਜਾਂਚ ਐਸਡੀਐਮ ਸਤੇਂਦਰ ਸਿਵਾਚ ਨੂੰ ਸੌਂਪ ਦਿੱਤੀ ਹੈ।

Comments

comments

Share This Post

RedditYahooBloggerMyspace