ਮਨੁੱਖੀ ਹੱਕਾਂ ਦੇ ਆਸਮਾਂ ਦਾ ਸਿਤਾਰਾ ਸੀ ਅਸਮਾ

ਅਸਮਾਂ ਜਹਾਂਗੀਰ

ਲਾਹੌਰ : ਮਨੁੱਖੀ ਅਧਿਕਾਰਾਂ ਦੀ ਸਿਰਕੱਢ ਵਕੀਲ, ਸਮਾਜਿਕ ਕਾਰਕੁਨ ਅਤੇ ਸ਼ਕਤੀਸ਼ਾਲੀ ਫ਼ੌਜ ਦੀ ਆਲੋਚਕ ਅਸਮਾ ਜਹਾਂਗੀਰ ਦਿਲ ਦਾ ਦੌਰਾ ਪੈਣ ਕਾਰਨ ਅੱਜ ਜਹਾਨ ਤੋਂ ਰੁਖ਼ਸਤ ਹੋ ਗਏ ਹਨ। 66 ਸਾਲਾ ਅਸਮਾ ਪਾਕਿਸਤਾਨੀ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਪਹਿਲੀ ਮਹਿਲਾ ਪ੍ਰਧਾਨ ਸੀ। ਅਸਮਾ ਦੇ ਦੋ ਧੀਆਂ ਤੇ ਇਕ ਪੁੱਤਰ ਹੈ। ਉਨ੍ਹਾਂ ਦੀ ਧੀ ਮੁਨੀਜ਼ੇ ਜਹਾਂਗੀਰ ਟੀਵੀ ਐਂਕਰ ਹੈ।
ਲਾਹੌਰ ਵਿੱਚ ਜਨਵਰੀ 1952 ’ਚ ਜਨਮੀ ਅਸਮਾ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਹਿ-ਬਾਨੀ ਅਤੇ ਚੇਅਰਪਰਸਨ ਸਨ। 1978 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਐਲਐਲਬੀ ਦੀ ਡਿਗਰੀ ਪ੍ਰਾਪਤ ਕਰਨ ਬਾਅਦ ਉਨ੍ਹਾਂ ਨੇ ਹਾਈ ਕੋਰਟ ਤੇ ਸੁਪਰੀਮ ਕੋਰਟ ਵਿੱਚ ਵਕੀਲ ਵਜੋਂ ਕਰੀਅਰ ਸ਼ੁਰੂ ਕੀਤਾ ਸੀ। ਪਾਕਿਸਤਾਨ ਦੇ ਸਭ ਤੋਂ ਲੰਬਾ ਸਮਾਂ ਰਾਸ਼ਟਰਪਤੀ ਰਹੇ ਜ਼ਿਆ ਉੱਲ ਹੱਕ ਦੇ ਫ਼ੌਜੀ ਸ਼ਾਸਨ ਖ਼ਿਲਾਫ਼ ਜਮਹੂਰੀਅਤ ਦੀ ਬਹਾਲੀ ਲਈ ਮੁਹਿੰਮ ਵਿੱਚ ਹਿੱਸਾ ਲੈਣ ਕਾਰਨ 1983 ਵਿੱਚ ਕੈਦ ਹੋਣ ਬਾਅਦ ਉਹ ਉੱਘੀ ਜਮਹੂਰੀ ਕਾਰਕੁਨ ਬਣ ਕੇ ਉੱਭਰੇ। ਇਸ ਬਾਅਦ ਉਹ ਜਨੇਵਾ ਚਲੇ ਗਏ ਅਤੇ 1986 ਵਿੱਚ ਡਿਫੈਂਸ ਫਾਰ ਚਿਲਡਰਨ ਇੰਟਰਨੈਸ਼ਨਲ ਦੇ ਉਪ ਚੇਅਰਪਰਸਨ ਬਣ ਗਏ। ਪਾਕਿ ਵਾਪਸੀ ਤੋਂ ਪਹਿਲਾਂ ਉਹ 1988 ਤਕ ਉਥੇ ਰਹੇ। 1987 ਵਿੱਚ ਉਹ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਹਿ-ਬਾਨੀ ਬਣੇ ਅਤੇ 1993 ਤਕ ਇਸ ਦੇ ਸਕੱਤਰ ਜਨਰਲ ਰਹੇ। ਇਸ ਬਾਅਦ ਉਨ੍ਹਾਂ ਨੂੰ ਕਮਿਸ਼ਨ ਦੀ ਚੇਅਰਪਰਸਨ ਬਣਾ ਦਿੱਤਾ ਗਿਆ।

ਇਫਤਿਖ਼ਾਰ ਚੌਧਰੀ ਦੀ ਪਾਕਿਸਤਾਨ ਦੇ ਚੀਫ ਜਸਟਿਸ ਵਜੋਂ ਬਹਾਲੀ ਲਈ ਵਕੀਲਾਂ ਦੀ ਮੁਹਿੰਮ ਵਿੱਚ ਵੀ ਅਸਮਾ ਨੇ ਸਰਗਰਮ ਭੂਮਿਕਾ ਨਿਭਾਈ ਸੀ। ਉਨ੍ਹਾਂ ਪਾਕਿਸਤਾਨ ਵਿੱਚ ‘ਲਾਪਤਾ ਵਿਅਕਤੀਆਂ’ ਦੇ ਮੁੱਦੇ ਨੂੰ ਉਠਾਇਆ ਅਤੇ ਖੁਫ਼ੀਆ ਏਜੰਸੀਆਂ ਤੋਂ ਪੁੱਛ ਪੜਤਾਲ ਦਾ ਹੋਕਾ ਦਿੱਤਾ ਸੀ। ਉਨ੍ਹਾਂ ਨੇ ਇਸ ਸਾਲ ਜੁਲਾਈ ਵਿੱਚ ਨਵਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਵਜੋਂ ਅਯੋਗ ਕਰਾਰ ਦੇਣ ਲਈ ਸੁਪਰੀਮ ਕੋਰਟ ਦੀ ਆਲੋਚਨਾ ਕੀਤੀ ਸੀ। ਅਸਮਾ ਨੂੰ 2014 ਵਿੱਚ ਰਾਈਟ ਲਾਈਵਲੀਹੁੱਡ ਐਵਾਰਡ, 2010 ’ਚ ਫਰੀਡਮ ਐਵਾਰਡ, ਹਿਲਾਲ-ਏ-ਇਮਤਿਆਜ਼ ਅਤੇ ਸਿਤਾਰਾ-ਏ-ਇਮਤਿਆਜ਼ ਪੁਰਸਕਾਰਾਂ ਸਮੇਤ ਹੋਰ ਕਈ ਸਨਮਾਨ ਮਿਲੇ। 2007 ਵਿੱਚ ਤਤਕਾਲੀ ਫੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਦੀ ਸਰਕਾਰ ਸਮੇਂ ਅਸਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਪਾਕਿ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਤੇ ਪ੍ਰਧਾਨ ਮੰਤਰੀ ਸ਼ਾਹਿਦ ਖ਼ਕਾਨ ਅੱਬਾਸੀ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਕੋ-ਚੇਅਰਮੈਨ ਆਸਿਫ ਅਲੀ ਜ਼ਰਦਾਰੀ ਨੇ ਅਸਮਾ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

Comments

comments

Share This Post

RedditYahooBloggerMyspace