ਟਿਕਟ ਮਿਲਣ ਦੇ ਐਲਾਨ ਮਗਰੋਂ ਦੋ ਕਾਂਗਰਸ ਸਮਰਥਕਾਂ ਵੱਲੋਂ ਹਵਾਈ ਫਾਇਰ

ਲੁਧਿਆਣਾ : ਨਗਰ ਨਿਗਮ ਚੋਣਾਂ ਦੌਰਾਨ ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੁਰੱਖਿਆ ਦੇ ਦਾਅਵਿਆਂ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਟਿਕਟਾਂ ਦੇ ਐਲਾਨ ਤੋਂ ਬਾਅਦ ਕਾਂਗਰਸੀਆਂ ਨੇ ਵਾਰਡ 39 ਵਿੱਚ ਕਈ ਹਵਾਈ ਫਾਇਰ ਕੀਤੇ। ਵਾਰਡ 39 ਤੋਂ ਕਾਂਗਰਸੀ ਆਗੂ ਜਸਵਿੰਦਰ ਸਿੰਘ ਠੁਕਰਾਲ ਦੀ ਪਤਨੀ ਜਸਪ੍ਰੀਤ ਠੁਕਰਾਲ ਦੀ ਟਿਕਟ ਜਾਰੀ ਹੁੰਦਿਆਂ ਹੀ ਸ਼ਨਿਚਰਵਾਰ ਦੇਰ ਰਾਤ ਪਟਾਕਿਆਂ ਦੀ ਆਵਾਜ਼ਾਂ ਵਿੱਚ ਉਨ੍ਹਾਂ ਦੇ ਦੋ ਸਮਰਥਕਾਂ ਨੇ ਹਵਾਈ ਫਾਇਰ ਕੀਤੇ। ਇਨ੍ਹਾਂ ਖ਼ਿਲਾਫ਼ ਕਿਸੇ ਨੇ ਸ਼ਿਕਾਇਤ ਨਹੀਂ ਦਿੱਤੀ ਤੇ ਨਾ ਹੀ ਇਲਾਕਾ ਪੁਲੀਸ ਨੂੰ ਇਸ ਬਾਰੇ ਪਤਾ ਲੱਗਿਆ। ਗੋਲੀਆਂ ਚਲਾ ਕੇ ਇਲਾਕੇ ਵਿੱਚ ਦਹਿਸ਼ਤ ਫੈਲਾਉਣ ਦੀ ਇਸ ਘਟਨਾ ਦੀ ਕਾਂਗਰਸੀ ਆਗੂ ਦੇ ਸਮਰਥਕਾਂ ਨੇ ਫੇਸਬੁੱਕ ’ਤੇ ਲਾਈਵ ਵੀਡੀਓ ਵੀ ਵਿਖਾਈ। ਲਾਈਵ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਨੇ ਇਸ ਨੂੰ ਮੁੱਦਾ ਬਣਾਇਆ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਬੈਂਸ ਨੇ ਸੋਮਵਾਰ ਸਵੇਰੇ ਪੁਲੀਸ ਕਮਿਸ਼ਨਰ ਆਰ.ਐਨ. ਢੋਕੇ ਨੂੰ ਸ਼ਿਕਾਇਤ ਕੀਤੀ ਤੇ ਵੀਡੀਓ ਦਿਖਾ ਕੇ ਮਾਮਲੇ ਦੀ ਜਾਂਚ ਮੰਗੀ ਜਿਨ੍ਹਾਂ ਜਾਂਚ ਦਾ ਭਰੋਸਾ ਦਿੱਤਾ।

ਪੁਲੀਸ ਕਮਿਸ਼ਨਰ ਆਰਐਨ ਢੋਕੇ ਦਾ ਕਹਿਣਾ ਹੈ ਕਿ ਉਨ੍ਹਾਂ ਸਬੰਧਤ ਥਾਣੇ ਨੂੰ ਜਾਂਚ ਕਰ ਕੇ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਹਨ।

ਵਿਰੋਧੀਆਂ ਦੀ ਹੈ ਚਾਲ: ਠੁਕਰਾਲ
ਲੋਕ ਇਨਸਾਫ਼ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਜਸਵਿੰਦਰ ਠੁਕਰਾਲ ਨੇ ਦੱਸਿਆ ਕਿ ਜਦੋਂ ਸ਼ਨਿਚਰਵਾਰ ਨੂੰ ਕਾਂਗਰਸ ਹਾਈ ਕਮਾਂਡ ਦੇ ਉਨ੍ਹਾਂ ਨੂੰ ਟਿਕਟ ਮਿਲਣ ਦੀ ਸੂਚਨਾ ਦਿੱਤੀ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਢੋਲ ਵਜਾਏ ਸਨ, ਪਰ ਕਿਸੇ ਨੇ ਗੋਲੀ ਨਹੀਂ ਚਲਾਈ ਹੈ। ਉਨ੍ਹਾਂ ਕਿਹਾ ਕਿ ਇਹ ਸਭ ਉਨ੍ਹਾਂ ਦੇ ਵਿਰੋਧੀਆਂ ਦੀ ਚਾਲ ਹੈ। ਉਹ ਉਨ੍ਹਾਂ ਦਾ ਅਕਸ ਖਰਾਬ ਕਰਨ ਲਈ ਅਜਿਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਉਨ੍ਹਾਂ ਲੋਕਾਂ ਦਾ ਕੰਮ ਹੈ, ਜਿਨ੍ਹਾਂ ਦੀ ਪਾਰਟੀ ਉਹ ਛੱਡ ਕੇ ਆਏ ਹਨ। ਉਨ੍ਹਾਂ ਕਿਹਾ ਕਿ ਟਿਕਟ ਮਿਲਣ ਦੀ ਖ਼ਬਰ ਤੋਂ ਬਾਅਦ ਉਹ ਪਰਿਵਾਰ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਏ ਸਨ।

Comments

comments

Share This Post

RedditYahooBloggerMyspace