ਸ਼ੋਪੀਆਂ ਕੇਸ: ਮੇਜਰ ਤੇ ਹੋਰਨਾਂ ਵਿਰੁੱਧ ਕਾਰਵਾਈ ਉੱਤੇ ਰੋਕ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਪੁਲੀਸ ਨੂੰ ਮੇਜਰ ਅਦਿੱਤਿਆ ਕੁਮਾਰ ਸਮੇਤ ਫ਼ੌਜ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਦਮ ਉਠਾਏ ਜਾਣ ਤੋਂ ਰੋਕ ਦਿੱਤਾ ਹੈ। ਇਨ੍ਹਾਂ ਫ਼ੌਜੀ ਅਧਿਕਾਰੀਆਂ ਨੂੰ ਸ਼ੋਪੀਆਂ ਫਾਇਰਿੰਗ ਕੇਸ ’ਚ ਮੁਲਜ਼ਮ ਬਣਾਇਆ ਗਿਆ ਹੈ ਜਿਥੇ ਤਿੰਨ ਆਮ ਵਿਅਕਤੀ ਹਲਾਕ ਹੋ ਗਏ ਸਨ। ਚੀਫ਼ ਜਸਟਿਸ ਦੀਪਕ ਮਿਸ਼ਰਾ ਤੇ ਜਸਟਿਸ ਏ ਐਮ ਖਾਨਵਿਲਕਰ ਅਤੇ ਡੀ ਵਾਈ ਚੰਦਰਚੂੜ ’ਤੇ ਆਧਾਰਿਤ ਬੈਂਚ ਨੇ ਪਟੀਸ਼ਨਕਰਤਾ ਮੇਜਰ ਦੇ ਪਿਤਾ ਲੈਫ਼ਟੀਨੈਂਟ ਕਰਨਲ ਕਰਮਵੀਰ ਸਿੰਘ ਦੇ ਵਕੀਲ ਨੂੰ ਕਿਹਾ ਹੈ ਕਿ ਉਹ ਪਟੀਸ਼ਨ ਦੀਆਂ ਕਾਪੀਆਂ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਦੇ ਦਫ਼ਤਰ ਅਤੇ ਜੰਮੂ ਕਸ਼ਮੀਰ ਸਰਕਾਰ ਨਾਲ ਸਾਂਝੀਆਂ ਕਰਨ। ਮਾਮਲੇ ਨਾਲ ਨਜਿੱਠਣ ਲਈ ਸ੍ਰੀ ਵੇਣੂਗੋਪਾਲ ਨੂੰ ਸਹਾਇਤਾ ਦੇਣ ਲਈ ਆਖਦਿਆਂ ਬੈਂਚ ਨੇ ਸੂਬਾ ਸਰਕਾਰ ਨੂੰ ਵੀ ਪਟੀਸ਼ਨ ’ਤੇ ਦੋ ਹਫ਼ਤਿਆਂ ਅੰਦਰ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਅੰਤਰਿਮ ਕਦਮ ਵਜੋਂ ਬੈਂਚ ਨੇ ਸੂਬਾ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਫ਼ੌਜੀ ਅਧਿਕਾਰੀਆਂ ਖ਼ਿਲਾਫ਼ ਕੋਈ ਸਖ਼ਤ ਕਦਮ ਨਾ ਚੁੱਕੇ। ਲੈਫ਼ਟੀਨੈਂਟ ਕਰਨਲ ਨੇ ਆਪਣੇ ਪੁੱਤਰ ਖ਼ਿਲਾਫ਼ ਦਰਜ ਐਫਆਈਆਰ ਨੂੰ ਖ਼ਾਰਿਜ ਕਰਨ ਦੀ ਮੰਗ ਕਰਦਿਆਂ ਸੁਪਰੀਮ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਸੀ ਜਿਸ ’ਤੇ ਸੁਪਰੀਮ ਕੋਰਟ ਨੇ 9 ਫਰਵਰੀ ਨੂੰ ਸੁਣਵਾਈ ਕਰਨ ਦੀ ਸਹਿਮਤੀ ਦੇ ਦਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ 10 ਗੜ੍ਹਵਾਲ ਰਾਈਫਲਜ਼ ਦੇ ਮੇਜਰ ਖ਼ਿਲਾਫ਼ ਗਲਤ ਅਤੇ ਪੱਖਪਾਤੀ ਢੰਗ ਨਾਲ ਐਫਆਈਆਰ ਦਰਜ ਕੀਤੀ ਗਈ ਹੈ।

Comments

comments

Share This Post

RedditYahooBloggerMyspace