ਸ੍ਰੀ ਗੁਰੂ ਸਿੰਘ ਸਭਾ ਨੇ ਵੀ ਚੱਢਾ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਹਟਾਇਆ

ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਵਿਚੋਂ ਵੱਖ ਵੱਖ ਅਹੁਦਿਆਂ ਤੋਂ ਖਾਰਜ ਕਰਨ ਮਗਰੋਂ ਹੁਣ ਸਦੀ ਪੁਰਾਣੀ ਧਾਰਮਿਕ ਸੰਸਥਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਵੀ ਚਰਨਜੀਤ ਸਿੰਘ ਚੱਢਾ ਦੀ ਸੰਸਥਾ ਵਿਚ ਮੁਢਲੀ ਮੈਂਬਰਸ਼ਿਪ ਸਰਵ ਸੰਮਤੀ ਨਾਲ ਖਾਰਜ ਕਰ ਦਿੱਤੀ ਗਈ ਹੈ। ਦੂਜੇ ਪਾਸੇ ਚੀਫ ਖਾਲਸਾ ਦੀਵਾਨ ਵਲੋਂ ਚੱਢਾ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਮਗਰੋਂ ਨਵੇਂ ਪ੍ਰਧਾਨ ਦੀ ਚੋਣ ਵਾਸਤੇ ਫਿਲਹਾਲ ਦੀਵਾਨ ਦੇ ਜਨਰਲ ਹਾਊਸ ਦੀ ਮੀਟਿੰਗ ਨਹੀਂ ਸੱਦੀ ਗਈ।

ਚਰਨਜੀਤ ਸਿੰਘ ਚੱਢਾ ਦੀ ਇਤਰਾਜ਼ਯੋਗ ਵੀਡਿਓ ਜਾਰੀ ਹੋਣ ਮਗਰੋਂ ਸ੍ਰੀ ਅਕਾਲ ਤਖ਼ਤ ਦੇ ਆਦੇਸ਼ਾਂ ’ਤੇ ਚੀਫ ਖਾਲਸਾ ਦੀਵਾਨ ਵਲੋਂ ਉਸ ਨੂੰ ਪ੍ਰਧਾਨ ਦੇ ਅਹੁਦੇ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਹਟਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਉਸ ਨੂੰ ਉਪ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਵਿਚ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਰਜਿਸਟਰਡ ਦੀ ਜਨਰਲ ਬਾਡੀ ਦੀ ਬੀਤੇ ਕਲ ਹੋਈ ਇਕ ਮੀਟਿੰਗ ਵਿਚ ਸਰਵ ਸੰਮਤੀ ਨਾਲ ਮਤਾ ਪਾਸ ਕਰਕੇ ਚਰਨਜੀਤ ਸਿੰਘ ਚੱਢਾ ਨੂੰ ਸੰਸਥਾ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਵਿਚ ਇਸ ਦੇ ਲਗਪਗ 120 ਮੈਂਬਰ ਹਨ। ਜਨਰਲ ਬਾਡੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸਭਾ ਦੇ ਆਗੂ ਸ੍ਰੀ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੇ ਦਸਿਆ ਕਿ ਮੀਟਿੰਗ ਵਿਚ 50 ਫੀਸਦ ਤੋਂ ਵੱਧ ਮੈਂਬਰ ਹਾਜ਼ਰ ਸਨ। ਮੀਟਿੰਗ ਵਿਚ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦਿਆਂ ਵਾਸਤੇ ਚੋਣ ਕੀਤੀ ਗਈ। ਮੈਂਬਰਾਂ ਵਲੋਂ ਸਰਵ ਸੰਮਤੀ ਨਾਲ ਸ੍ਰੀ ਅਨੂਪ ਸਿੰਘ ਵਿਰਦੀ ਨੂੰ ਪ੍ਰਧਾਨ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਮੀਟਿੰਗ ਦੌਰਾਨ ਹੀ ਇਕ ਮੈਂਬਰ ਵਲੋਂ ਸ੍ਰੀ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਰੋਸ਼ਨੀ ਵਿਚ ਚਰਨਜੀਤ ਸਿੰਘ ਚੱਢਾ ਦੀ ਮੁੱਢਲੀ ਮੈਂਬਰਸਿਪ ਖਾਰਜ ਕਰਨ ਦਾ ਮਤਾ ਰੱਖਿਆ ਗਿਆ, ਜਿਸ ਨੂੰ ਸਰਵਸੰਮਤੀ ਨਾਲ ਸਹਿਮਤੀ ਦਿੱਤੀ ਗਈ।ਉਨ੍ਹਾਂ ਦਸਿਆ ਕਿ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਸੰਸਥਾ ਵਲੋਂ ਪਲਸ ਵੰਨ ਜਾਂ ਪਲਸ ਟੂ ਪਾਸ ਕਿਸੇ ਲੋੜਵੰਦ ਗੁਰਸਿੱਖ ਵਿਦਿਆਰਥੀ ਦੀ ਚੋਣ ਕੀਤੀ ਜਾਵੇਗੀ, ਜਿਸ ਨੂੰ ਸੰਸਥਾ ਦੇ ਖਰਚੇ ’ਤੇ ਸਿਵਲ ਸਰਵਿਸਿਜ਼ ਪ੍ਰੀਖਿਆਵਾਂ ਵਾਸਤੇ ਤਿਆਰ ਕੀਤਾ ਜਾਵੇਗਾ। ਇੰਜ ਸਿੱਖ ਸੰਸਥਾ ਵਲੋਂ ਯੋਗ ਗੁਰਸਿੱਖ ਅਧਿਕਾਰੀ ਸਮਾਜ ਨੂੰ ਦਿੱਤੇ ਜਾਣਗੇ।

Comments

comments

Share This Post

RedditYahooBloggerMyspace