15 ਸਾਲ ਦੀ ਜ਼ਾਗਿਤੋਵਾ ਨੇ ਜਿੱਤਿਆ ਸਭ ਦਾ ਦਿਲ

ਗਾਂਗਨਿਓਂਗ : ਰੂਸ ਦੀ ਆਜ਼ਾਦ ਅਥਲੀਟ 15 ਸਾਲ ਦੀ ਏਲੀਨਾ ਜ਼ਾਗਿਤੋਵਾ ਨੇ ਸੋਮਵਾਰ ਨੂੰ ਇੱਥੇ ਫਿਗਰ ਸਕੇਟਿੰਗ ਟੀਮ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਚਾਂਦੀ ਦਾ ਤਗ਼ਮਾ ਆਪਣੇ ਨਾਮ ਕਰ ਕੇ ਸਰਦ ਰੁੱਤ ਓਲੰਪਿਕ ਖੇਡਾਂ ਨੂੰ ਯਾਦਗਾਰ ਬਣਾ ਦਿੱਤਾ। ਖ਼ੂਬਸੂਰਤ ਲਾਲ ਰੰਗ ਦੀ ਟੂਟੂ ਡਰੈੱਸ ਪਹਿਨੀਂ ਜ਼ਾਗਿਤੋਵਾ ਨੇ ਬਰਫ਼ ’ਤੇ ਫਿਗਰ ਸਕੇਟਿੰਗ ਵਿੱਚ ਆਪਣੀ ਕਲਾ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਅਤੇ 20 ਤੋਂ ਵੱਧ ਅੰਕ ਲੈ ਕੇ ਅਮਰੀਕਾ ਦੀ ਮਿਰਾਈ ਨਾਗਾਸੂ ਨੂੰ ਪਿੱਛੇ ਛੱਡ ਦਿੱਤਾ। ਜ਼ਾਗਿਤੋਵਾ ਦੀ ਇਹ ਪਲੇਠੀ ਸਰਦ ਰੁੱਤ ਓਲੰਪਿਕ ਖੇਡ ਹੈ। ਜ਼ਾਗਿਤੋਵਾ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੇਰੇ ਲਈ ਇਹ ਇੱਕ ਹੋਰ ਚੰਗਾ ਅਨੁਭਵ ਹੈ। ਅਜੇ ਮੈਂ ਕੁਝ ਵੀ ਸਾਬਤ ਨਹੀਂ ਕੀਤਾ। ਮੈਂ ਹਾਲੇ ਨਿੱਜੀ ਮੁਕਾਬਲੇ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਹੈ।’’ ਯੂਰਪੀਅਨ ਚੈਂਪੀਅਨ ਜ਼ਾਗਿਤੋਵਾ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਹੁਣ ਮਹਿਲਾ ਸਿੰਗਲ ਵਿੱਚ ਤਗ਼ਮਾ ਜਿੱਤਣਾ ਹੈ। ਓਲੰਪਿਕ ਦੇ ਫਰੀ ਸਕੇਟ ਵਿੱਚ ਹਮੇਸ਼ਾ ਹੀ ਰੂਸ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ। ਪਿਛਲੇ ਮਹੀਨੇ ਜ਼ਾਗਿਤੋਵਾ ਨੇ ਆਪਣੀ ਸਾਥੀ ਏਵਜ਼ਿਨੀਆ ਮੇਦਵੇਦੇਵਾ ਨੂੰ ਯੂਰਪੀਅਨ ਚੈਂਪੀਅਨਸ਼ਿਪ ਵਿੱਚ ਹਰਾ ਕੇ ਸੋਨ ਤਗ਼ਮਾ ਜਿੱਤਿਆ ਸੀ।

Comments

comments

Share This Post

RedditYahooBloggerMyspace