ਪਰਵਾਸੀਆਂ ਨੇ ਆਪਣਿਆਂ ਵੱਲੋਂ ਮਿਲੇ ਜ਼ਖ਼ਮ ਫਰੋਲੇ


ਗੁਰਦੁਆਰਾ ਗਲੈਨਵੁੱਡ, ਜਿੱਥੇ ਪਰਵਾਸੀ ਭਾਰਤੀਆਂ ਦੀ ਇਕੱਤਰਤਾ ਹੋਈ।

ਸਿਡਨੀ  : ਆਸਟਰੇਲੀਆ ਦੇ ਸਭ ਤੋਂ ਵੱਡੇ ਗੁਰਦੁਆਰੇ ਗਲੈਨਵੁੱਡ ਵਿੱਚ ਇਕੱਤਰ ਹੋਏ ਦਰਜਨ ਭਰ ਐਨ.ਆਰ.ਆਈਜ਼. ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਨਿਰਾਸ਼ਾ ਪ੍ਰਗਟਾਈ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰਾਂ ਪਰਵਾਸੀਆਂ ਨੂੰ ਆਪਣੇ ਘਰ ਵਰਗਾ ਨਿੱਘ ਦੇਣ ਵਿੱਚ ਅਸਫ਼ਲ ਸਾਬਤ ਹੋ ਰਹੀਆਂ ਹਨ। ਉਹ ਬਿਗਾਨੇ ਮੁਲਕਾਂ ਵਿੱਚ ਸੁਰੱਖਿਅਤ ਹਨ ਪਰ ਜਨਮ ਭੂਮੀ ਵਾਲੇ ਆਪਣੇ ਹੀ ਮੁਲਕ ਵਿੱਚ ਬਿਗਾਨੇ ਹਨ। ਉਨ੍ਹਾਂ ਦੇ ਜਾਨ-ਮਾਲ ਦੀ ਰਾਖੀ ਨੂੰ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ ਅਸਰਦਾਰ ਢੰਗ ਨਾਲ ਕਰਦਾ ਹੈ ਪਰ ਆਪਣੇ ਸ਼ਹਿਰ ਵਿੱਚ ਉਨ੍ਹਾਂ ਦੀਆਂ ਸ਼ਿਕਾਇਤਾਂ ਦੀ ਕੋਈ ਢੁਕਵੀਂ ਸੁਣਵਾਈ ਨਹੀਂ ਹੁੰਦੀ। ਕੇਵਲ ਗੌਂਗਲੂਆਂ ਤੋਂ ਮਿੱਟੀ ਝਾੜਨ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦਾ। ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਬਲਵੰਤ ਸਿੰਘ ਨੇ ਕਿਹਾ ਕਿ ਉਹ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਪਰਿਵਾਰ ਸਮੇਤ ਆਪਣੇ ਵਤਨ ਗਿਆ ਸੀ, ਜਿੱਥੇ ਉਸਦੇ ਪੱਲੇ ਨਿਰਾਸ਼ਾ ਪਈ। ਸਰਕਾਰ ਦੀ ਨੋਟਬੰਦੀ ਨੇ ਉਸ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ। ਉਸ ਦਾ ਮੁੱਲਾਂਪੁਰ ਨੇੜਲਾ ਪਲਾਟ, ਜਿਹੜਾ ਨੋਟਬੰਦੀ ਤੋਂ ਪਹਿਲਾਂ 30 ਲੱਖ ਰੁਪਏ ਵਿੱਚ ਵਿਕਦਾ ਸੀ, ਹੁਣ ਅੱਠ ਲੱਖ ਰੁਪਏ ਨੂੰ ਵੀ ਨਹੀਂ ਵਿਕ ਰਿਹਾ। ਉਪਰੋਂ ਕਬਜ਼ਾ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜਲੰਧਰ ਸ਼ਹਿਰ ਦੀ ਮੋਤਾ ਸਿੰਘ ਕਲੋਨੀ ਦੇ ਵਾਸੀ ਕਰਨੈਲ ਸਿੰਘ ਨੇ ਕਿਹਾ ਕਿ ਉਸ ਦੀ ਕਰੋੜਾਂ ਦੀ ਕੋਠੀ ’ਤੇ ਕਿਰਾਏਦਾਰ ਨੇ ਕਬਜ਼ਾ ਕਰ ਲਿਆ ਹੈ। ਨਾ ਕੋਠੀ ਖਾਲੀ ਕਰਵਾਈ ਜਾਂਦੀ ਹੈ ਅਤੇ ਨਾ ਹੀ ਵਿਕਦੀ ਹੈ। ਉਹ ਪੂਰੀ ਤਰ੍ਹਾਂ ਨਾਲ ਹਤਾਸ਼ ਹੋ ਚੁੱਕਿਆ ਹੈ। ਐਨਆਰਆਈ ਥਾਣੇ ਬਾਂਹ ਫੜਨ ਦੀ ਮਾਮਲੇ ਦੀ ਧੂਹ-ਘੜੀਸ ਕਰ ਰਹੇ ਹਨ। ਤਰਨ ਤਾਰਨ ਦੇ ਵਾਸੀ ਗੁਰਜੀਤ ਸਿੰਘ ਨੇ ਕਿਹਾ ਕਿ ਉਸ ਵੱਲੋਂ ਸਿਡਨੀ ਤੋਂ ਦਿੱਲੀ ਏਅਰ ਇੰਡੀਆ ਅਤੇ ਅੱਗੋਂ ਅਮ੍ਰਿੰਤਸਰ ਦੀ ਕੁਨੈਕਟਿੰਗ ਫਲਾਈਟ ਵਿੱਚ ਜਮ੍ਹਾਂ ਕਰਵਾਏ ਦੋ ਸੂਟ ਕੇਸਾਂ ਵਿੱਚੋਂ ਇੱਕ ਗਾਇਬ ਹੋ ਗਿਆ। ਕਰੀਬ ਇੱਕ ਮਹੀਨਾ ਭਾਰਤ ਵਿੱਚ ਰਹਿਣ ਮੌਕੇ ਉਹ ਆਪਣਾ ਜ਼ਰੂਰੀ ਸਮਾਨ ਲੈਣ ਲਈ ਏਅਰ ਇੰਡੀਆ ਦਫਤਰ ਦੇ ਹਾੜੇ ਕੱਢਦਾ ਰਿਹਾ ਪਰ ਕੁਝ ਪੱਲੇ ਨਹੀਂ ਪਿਆ। ਉਹ ਆਪਣੇ ਮੁਲਕ ਵਿੱਚ ਆਪਣਿਆਂ ਹੱਥੋਂ ਹੀ ਲੁੱਟਿਆ ਗਿਆ। ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਹਰਜੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਲਈ ਪੁਲੀਸ ਥਾਣੇ ਤੇ ਰਾਜਨੀਤਿਕ ਆਗੂਆਂ ਦੇ ਹਾੜੇ ਕੱਢਦਾ ਰਿਹਾ ਪਰ ਕਿਧਰੇ ਵੀ ਸੁਣਵਾਈ ਨਹੀਂ ਹੋਈ। ਚਾਲੀ ਲੱਖ ਰੁਪਏ ਨੂੰ ਏਕੜ ਜ਼ਮੀਨ ਨੂੰ ਦਸ ਲੱਖ ਰੁਪਏ ਵਿੱਚ ਖਰੀਦਣ ਦਾ ਸੌਦਾ ਕਰਨ ਦੀ ਪੇਸ਼ਕਸ਼ ਕੀਤੀ ਗਈ। ਉਲਟਾ ਉਸ ਦੇ ਸੱਤ ਸਾਲ ਦੇ ਬੱਚੇ ਨੂੰ ਅਗਵਾ ਕਰਨ ਦੀਆਂ ਧਮਕੀਆਂ ਵੀ ਵਾਰ-ਵਾਰ ਮਿਲਦੀਆਂ ਰਹੀਆਂ।

Comments

comments

Share This Post

RedditYahooBloggerMyspace