ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਲਈ ਸ਼ਹੀਦੀਆਂ : ਪਿਛੋਕੜ ਅਤੇ ਭਵਿੱਖ

ਹਰਜੀਤ ਸਿੰਘ ਜਲੰਧਰ

ਪੁਸਤਕ ਜੀਵਨ ਭਾਈ ਮੋਹਨ ਸਿੰਘ ਵੈਦ, ਦੇ ਪੰਨਾ 120 ‘ਤੇ ਕੁਝ ਇਸ ਤਰਾਂ ਦਰਜ ਹੈ : ”………ਮੱਸਿਆ ਦਾ ਇਹ ਮੇਲਾ ਪੰਜਾਬ ਵਿਚ ਪਹਿਲੇ ਦਰਜੇ ਦੇ ਗੰਦੇ ਮੇਲਿਆਂ ਵਿਚ ਗਿਣਿਆ ਜਾਂਦਾ ਸੀ। ਬਾਹਰ ਤੋਂ ਆਏ ਲੋਕ ਸ਼ਰਾਬ ਪੀ ਕੇ ਪਰਕਰਮਾ ਵਿਚ ਆਉਂਦੇ, ਗੁੰਡਿਆਂ ਤੇ ਬਦਮਾਸ਼ਾਂ ਦੀਆਂ ਟੋਲੀਆਂ ਪਰਕਰਮਾ ਵਿਚ ਦੋਹੜੇ ਲਾਉਂਦੀਆਂ ਤੇ ਗੰਦ ਬਕਦੀਆਂ ਫਿਰਦੀਆਂ, ਨਾਚੀਆਂ ਦੇ ਨਾਚ ਹੁੰਦੇ, ਬੇਰਾਂ ਤੇ ਲੱਡੂਆਂ ਦੀਆਂ ਝੋਲੀਆਂ ਬੀਬੀਆਂ ਤੇ ਖਾਲੀ ਹੁੰਦੀਆਂ। ਮੱਛਰੇ ਹੋਏ ਗੱਭਰੂ ਡਾਂਗਾਂ ਮੋਢਿਆਂ ‘ਤੇ ਰੱਖੀ ਬੱਕਰੇ ਬੁਲਾਉਂਦੇ ਤੇ ਛੇੜਖਾਨੀਆਂ ਕਰਦੇ ਫਿਰਦੇ, ਧੱਕੇ ਪੈਂਦੇ, ਲੜਾਈਆਂ ਹੁੰਦੀਆਂ ਤੇ ਕਈਆਂ ਦੇ ਸਿਰ ਖੁਲ ਜਾਂਦੇ, ਬੀਬੀਆਂ ਦੀ ਬੇ-ਪੱਤੀ ਹੁੰਦੀ, ਚੋਰੀਆਂ ਹੁੰਦੀਆਂ। ਦਰਸ਼ਨੀ ਡਿਉਢੀ ਦੇ ਅੱਗੇ ਕੰਜਰੀਆਂ ਦੇ ਮੁਜਰੇ ਤੇ ਰਾਸਾਂ ਪੈਂਦੀਆਂ….।” ਇਹ ਹਾਲਾਤ ਸਨ ਗੁਰਦੁਆਰਾ ਤਰਨ ਤਾਰਨ ਸਾਹਿਬ ਦੇ।

ਕੇਵਲ ਤਰਨ ਤਾਰਨ ਹੀ ਨਹੀਂ ਸਗੋਂ ਪਿਛਲੇ ਕਈ ਵਰਿਆਂ ਤੋਂ ਗੁਰਦੁਆਰਿਆਂ ਵਿਚ ਧਰਮ, ਸਦਾਚਾਰ, ਇਖਲਾਕ, ਸੱਭਿਆਚਾਰ ਅਤੇ ਮਨੁੱਖਵਾਦੀ ਗੁਣਾਂ ਦਾ ਨਿਘਾਰ ਹੋ ਰਿਹਾ ਸੀ। ਇਹਨਾਂ ਵਿਚੋਂ ਲੋਕ, ਸੇਵਾ ਭਾਵ, ਕੁਰਬਾਨੀ ਲਈ ਉਤਸ਼ਾਹ, ਰੂਹਾਨੀ ਖੁਸ਼ੀ ਤੇ ਉੱਚੀਆਂ ਇਖਲਾਕੀ ਕਦਰਾਂ-ਕੀਮਤਾਂ ਦੀ ਸਿੱਖਿਆ ਲੈ ਕੇ ਨਹੀਂ ਸਨ ਜਾਂਦੇ, ਸਗੋਂ ਲੱਚਰ ਗੰਦੇ ਗੀਤ, ਬਦਮਾਸ਼ੀ ਦੇ ਦੋਹੜੇ ਅਤੇ ਬੀਬੀਆਂ ਨਾਲ ਛੇੜਖਾਨੀਆਂ ਕਰਨ ਦੇ ਢੰਗ ਤਰੀਕੇ ਸਿੱਖ ਕੇ ਜਾਂਦੇ ਸਨ। ਗੁਰਦੁਆਰਿਆਂ ‘ਤੇ ਕਾਬਜ਼ ਪੁਜਾਰੀਆਂ ਦੀਆਂ ਵਾਗਾਂ ਖੁੱਲੀਆਂ ਹੋਣ ਕਰਕੇ ਉਹ ਮਨਮਰਜ਼ੀ ਅਤੇ ਅਨਰਥ ਕਰਨ ਲੱਗ ਪਏ ਸਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਇਕ ਪੁਜਾਰੀ ਨੇ ਵੱਜ-ਗੱਜ ਕੇ ਕਿਹਾ ਕਿ ਮੈਂ ਕੜਾਹ ਪ੍ਰਸ਼ਾਦ ਵਿਚ ਤੰਮਾਕੂ ਰਲਾ ਕੇ ਸਿੱਖਾਂ ਨੂੰ ਖੁਆਵਾਂਗਾ। ਇਕ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੁਜਾਰੀਆਂ ਨੇ ਇਕੱਠੀ ਹੋਈ ਸੰਗਤ ਨੂੰ ਗਾਲਾਂ ਕੱਢੀਆਂ ਅਤੇ ਮੱਥਾ ਟੇਕਣ ਤੇ ਦੀਵਾਨ ਕਰਨ ਦੀ ਇਜਾਜ਼ਤ ਨਾ ਦਿੱਤੀ। ਪੁਜਾਰੀ ਮੱਥਾ ਟੇਕਣ ਆਈਆਂ ਬੀਬੀਆਂ ਨੂੰ ਮਖੌਲ ਕਰਦੇ ਤੇ ਖੁਲਮ-ਖੁੱਲਾ ਛੇੜਦੇ ਸਨ।

ਜਦੋਂ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਪੁਜਾਰੀਆਂ ਦੇ ਅਜਿਹੇ ਵਤੀਰੇ ਵਿਰੁੱਧ ਉਥੋਂ ਦੇ ਲੋਕਾਂ ਨੇ ਇਤਰਾਜ਼ ਕੀਤਾ ਤਾਂ ਉਹ ਅੱਗੋਂ ਕਹਿਣ ਲੱਗੇ, ”ਇਹ ਸਾਡੀ ਹੱਟੀ ਹੈ ਅਤੇ ਇੱਥੇ ਉਹ ਆਪਣੀ ਮਰਜ਼ੀ ਦਾ ਸੌਦਾ ਵੇਚਦੇ ਹਨ। ਜਿਸ ਤਰਾਂ ਆਪਣੀ ਹੱਟੀ ਉੱਤੇ ਗਿਆਂ ਨਾਲ ਜਿਵੇਂ ਤੁਹਾਡਾ ਜੀਅ ਕਰੇ ਤੁਸੀਂ ਸਲੂਕ ਕਰ ਸਕਦੇ ਹੋ, ਤਿਵੇਂ ਹੀ ਅਸੀਂ ਵੀ ਇਹ ਕਰ ਸਕਦੇ ਹਾਂ। ਜੋ ਔਰਤਾਂ ਦਰਬਾਰ ਸਾਹਿਬ ਆਉਣਗੀਆਂ, ਅਸੀਂ ਉਹਨਾਂ ਨੂੰ ਬੇਪੱਤ ਕਰਾਂਗੇ, ਜਿਨਾਂ ਨੂੰ ਸ਼ਰਮ ਹੈ, ਉਹ ਆਪਣੀਆਂ ਔਰਤਾਂ ਨੂੰ ਸਾਡੀ ਹੱਟੀ ‘ਤੇ ਨਾ ਭੇਜਣ।”

ਮਹੰਤਾਂ ਦੇ ਪੁਜਾਰੀਆਂ ਦਾ ਸਿੱਖ ਜਨਤਾ, ਨਾਲ ਵਰਤਾਉ ਬਹੁਤ ਭੈੜਾ ਸੀ। ਉਹ ਸਿੰਘ ਸਭੀਆਂ ਨੂੰ ਸਿੰਘ ਸਫਾਈਆਂ ਕਹਿ ਕੇ ਦੁਰਕਾਰਦੇ ਸਨ। ਕਛਹਿਰਾ ਤੇ ਕ੍ਰਿਪਾਨਧਾਰੀ ਸਿੰਘ ਨੂੰ ਸਮਾਜ ਦਾ ਬਾਗ਼ੀ ਸਮਝਦੇ ਸਨ। ਧਰਮ ਅਸਥਾਨਾਂ ‘ਤੇ ਉਹਨਾਂ ਨੂੰ ਮਾਰਦੇ ਤੇ ਬੇਇੱਜ਼ਤ ਕਰਦੇ ਸਨ ਤੇ ਉਹਨਾਂ ਦੀਆਂ ਕ੍ਰਿਪਾਨਾਂ ਤੱਕ ਉਤਾਰ ਲੈਂਦੇ ਸਨ। ਸਰਦਾਰ ਬਹਾਦਰ ਸ: ਸੁੰਦਰ ਸਿੰਘ ਮਜੀਠੀਆ, ਜੋ ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਸਨ, ਜਦੋਂ ਆਪਣੇ ਲੜਕੇ ਸ: ਕ੍ਰਿਪਾਲ ਸਿੰਘ ਦਾ ਵਿਆਹ ਕਰਕੇ ਪ੍ਰਸ਼ਾਦ ਭੇਟ ਕਰਨ ਲਈ ਸ੍ਰੀ ਦਰਬਾਰ ਸਾਹਿਬ ਆਏ ਤਾਂ ਪੁਜਾਰੀਆਂ ਨੇ ਇਨਾਂ ਦੀ ਅਰਦਾਸ ਨਾ ਕੀਤੀ, ਕਿਉਂਕਿ ਆਪ ਨੇ ਲੜਕੇ ਦਾ ਗੁਰਮਤਿ ਰੀਤੀ ਅਨੁਸਾਰ ਅਨੰਦ ਵਿਆਹ ਕੀਤਾ ਸੀ।

ਦਰਬਾਰ ਸਾਹਿਬ ਦੀ ਧਾਰਮਿਕ ਰੀਤੀ ਵਿਗਾੜੀ ਗਈ। ਪਰਿਕਰਮਾ ਵਿਚ ਪੰਡਿਤ ਤੇ ਜੋਤਸ਼ੀ ਬੈਠੇ ਲੋਕਾਂ ਨੂੰ ਭਰਮਾਂ-ਵਹਿਮਾਂ ਵਿਚ ਫਸਾਉਂਦੇ ਸਨ। ਮੂਰਤੀਆਂ ਦੀ ਪੂਜਾ ਹੁੰਦੀ ਸੀ, ਗੰਦੀਆਂ ਕਿਤਾਬਾਂ ਤੇ ਘਟੀਆ ਕਿੱਸੇ ਵਿਕਦੇ ਸਨ, ਗੰਦੇ ਦੋਹੜੇ ਲਗਦੇ ਸਨ, ਜ਼ਨਾਨੀਆਂ ਨੂੰ ਟਿੱਚਰਾਂ ਮਸ਼ਕਰੀਆਂ ਹੁੰਦੀਆਂ ਸਨ। ਦਰਬਾਰ ਸਾਹਿਬ ਦਾ ਪ੍ਰਬੰਧ ਵਿਗੜਦਾ ਗਿਆ, ਇੱਥੇ ਕੁਰੀਤੀਆਂ ਤੇ ਖਰਾਬੀਆਂ ਵਧਦੀਆਂ ਗਈਆਂ। ਸੰਨ 1915 ਵਿਚ ਅੰਗਰੇਜ਼ ਸਰਕਾਰ ਨੇ ਸਰਬਰਾਹ ਦੇ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਵਾਇਆ ਗਿਆ ਕਿ ਕਾਮਾਗਾਟਾ ਮਾਰੂ (ਗੁਰੂ ਨਾਨਕ) ਜਹਾਜ਼ ਦੇ ਕੌਮੀ ਸਿੱਖ ਪਰਵਾਨੇ ਜਿਨਾਂ ਦੇ ਮੋਢੀ ਬਾਬਾ ਗੁਰਦਿੱਤ ਸਿੰਘ ਜੀ ਸਨ, ਸਿੱਖ ਨਹੀਂ; ਇਸ ਦੇ ਕਾਰਨ ਸਿੱਖ ਪੰਥ ਵਿਚ ਬਹੁਤ ਰੌਲਾ ਪਿਆ ਤੇ ਜੋਸ਼ ਉਠਿਆ ਕਿ ਸ੍ਰੀ ਅਕਾਲ ਤਖ਼ਤ ਨੂੰ ਅਜਿਹੇ ਕੰਮ ਲਈ ਵਰਤਿਆ ਗਿਆ ਹੈ ਜੋ ਇਸ ਦੀ ਮਰਯਾਦਾ ਤੇ ਪਰੰਪਰਾ ਦੇ ਉਲਟ ਹੈ। ਜਿਵੇਂ ਕਿ ਅੱਜ ਵਾਪਰ ਰਿਹਾ ਹੈ। ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਧਿਰ ਜਥੇਦਾਰਾਂ ਪਾਸੋਂ ਆਪਣੀ ਮਰਜ਼ੀ ਦੇ ਫ਼ੈਸਲੇ ਕਰਵਾ ਕੇ, ਜੋ ਸਿੱਖ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੇ, ਕੌਮ ਨੂੰ ਅਧੋਗਤੀ ਦੀ ਡੂੰਘੀ ਖੱਡ ਵਿਚ ਸੁੱਟ ਰਹੇ ਹਨ। ਮਗਰੋਂ ਸੰਨ 1919 ਦੀ ਵਿਸਾਖੀ ਵਾਲੇ ਦਿਨ ਜਲਿਆਂਵਾਲੇ ਬਾਗ ਅੰਮ੍ਰਿਤਸਰ ਵਿਚ ਇਕੱਠੇ ਹੋਏ ਹਜ਼ਾਰਾਂ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਉੱਪਰ ਅੰਨੇਵਾਹ ਗੋਲੀ ਚਲਾ ਕੇ ਬੇਅੰਤ ਮਾਸੂਮਾਂ ਦਾ ਖ਼ੂਨ ਕਰਨ ਵਾਲੇ ਜਨਰਲ ਡਾਇਰ ਨੂੰ ਸ੍ਰੀ ਦਰਬਾਰ ਸਾਹਿਬ ਵਲੋਂ ਸਿਰੋਪਾ ਦਿੱਤਾ ਗਿਆ। ਇਸ ਦੇ ਆਧਾਰ ‘ਤੇ ਡਾਇਰ ਤੇ ਉਸਦੇ ਮਿੱਤਰਾਂ ਨੇ ਵਲਾਇਤ ਵਿਚ ਬੜੇ ਮਾਣ ਤੇ ਹੰਕਾਰ ਨਾਲ ਕਿਹਾ ਕਿ ਸਿੱਖਾਂ ਨੇ ਡਾਇਰ ਦੇ ਕਾਰੇ ਦੀ ਪ੍ਰਸ਼ੰਸਾ ਹੀ ਨਹੀਂ ਕੀਤੀ ਬਲਕਿ ਉਨਾਂ ਨੇ ਉਸ ਨੂੰ ਆਪਣੀ ਬਰਾਦਰੀ ਵਿਚ ਵੀ ਸ਼ਾਮਿਲ ਕਰ ਲਿਆ ਹੈ। ਇਸ ਨਾਲ ਵੀ ਸਿੱਖ ਹਿਰਦਿਆਂ ਨੂੰ ਗਹਿਰੀ ਸੱਟ ਵੱਜੀ।

ਸਿੰਘ ਸਭਾ ਲਹਿਰ ਨੇ ਬਹੁਤ ਸਾਰੇ ਰਵਿਦਾਸੀਆਂ ਤੇ ਮਜ਼ਹਬੀਆਂ ਨੂੰ ਸਿੱਖ ਕੌਮ ‘ਚ ਸ਼ਾਮਲ ਕੀਤਾ ਅੰਮ੍ਰਿਤਸਰ ਵਿਚ ਇਨਾਂ ਦੀ ਕਾਫੀ ਗਿਣਤੀ ਸੀ। ‘ਖਾਲਸਾ ਬਰਾਦਰੀ’ ਦੇ ਨਾਮ ਹੇਠ ਇਹ ਸਾਲਾਨਾ ਦੀਵਾਨ ਕਰਦੇ ਹੁੰਦੇ ਸਨ। ਸੰਨ 1920 ਦੇ ਅਕਤੂਬਰ ਦੀ 11-12 ਤਾਰੀਖ ਨੂੰ ਇਨਾਂ ਨੇ ਸਾਲਾਨਾ ਦੀਵਾਨ ਕੀਤਾ, ਜਿੱਥੇ ਅੰਮ੍ਰਿਤ ਸੰਚਾਰ ਵੀ ਹੋਇਆ। ਇਸ ਅੰਮ੍ਰਿਤ ਸੰਚਾਰ ਵਿਚ ਇਹ ਨਵੇਂ ਸਜੇ ਸਿੰਘਾਂ ਸਮੇਤ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਦਰਬਾਰ ਸਾਹਿਬ ਆਏ। ਇਸ ਸਮੇਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਕਈ ਪ੍ਰੋਫੈਸਰ ਤੇ ਵਿਦਿਆਰਥੀ ਵੀ ਇਨਾਂ ਦੇ ਨਾਲ ਸਨ ਜਿਨਾਂ ਵਿਚ ਪ੍ਰੋ. ਤੇਜਾ ਸਿੰਘ, ਬਾਵਾ ਹਰਿਕਿਸ਼ਨ ਸਿੰਘ ਤੇ ਸ: ਨਿਰੰਜਨ ਸਿੰਘ ਵੀ ਸ਼ਾਮਲ ਸਨ। ਜਦ ਪੁਜਾਰੀਆਂ ਨੇ ਇਹਨਾਂ ਨਵੇਂ ਸਜੇ ਸਿੰਘਾਂ ਦਾ ਅਰਦਾਸਾ ਨਾ ਕੀਤਾ ਤਾਂ ਸ: ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਭੁੱਚਰ ਆਦਿ ਸਿੰਘ ਹਥਿਆਰਬੰਦ ਹੋ ਕੇ ਪਹੁੰਚ ਗਏ ਅਤੇ ਅਰਦਾਸਾ ਕੀਤਾ ਗਿਆ। ਦਰਬਾਰ ਸਾਹਿਬ ਦੇ ਪੁਜਾਰੀ ਡਰਦੇ ਮਾਰੇ ਦੌੜ ਗਏ ਤੇ ਕਬਜ਼ਾ ਅਕਾਲੀਆਂ ਦਾ ਹੋ ਗਿਆ। ਫਿਰ ਸਾਰੀ ਸੰਗਤ ਅਕਾਲ ਤਖ਼ਤ ਸਾਹਿਬ ਗਈ ਅਤੇ ਦੇਖਿਆ ਕਿ ਉਥੋਂ ਵੀ ਪੁਜਾਰੀ ਨੱਠ ਗਏ ਸਨ। ਇਸ ਤਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਵੀ ਸਿੱਖ ਸੰਗਤਾਂ ਨੇ ਆਪਣੇ ਹੱਥ ਵਿਚ ਲੈ ਲਿਆ।

ਜਦੋਂ ਪੰਥ ਨੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਧਾਰਨ ਦਾ ਬੀੜਾ ਚੁੱਕਿਆ ਤਾਂ ਪੁਜਾਰੀ ਕਮਿਸ਼ਨਰ ਮਿਸਟਰ ਕਿੰਗ ਕੋਲ ਮਦਦ ਲਈ ਜਾ ਇਕੱਠੇ ਹੋਏ। ਉਸ ਨੇ ਪੁਜਾਰੀਆਂ ਨੂੰ ਭਰੋਸਾ ਦਿੱਤਾ ਕਿ ਗੁਰਦੁਆਰੇ ਤੁਹਾਡੇ ਪੱਕੇ ਹਨ ਅਤੇ ਜੇ ਕੋਈ ਤੁਹਾਨੂੰ ਇਹਨਾਂ ਤੋਂ ਵਾਂਝਿਆਂ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਸਰਕਾਰ ਤੁਹਾਡੀ ਮਦਦ ਅਤੇ ਰੱਖਿਆ ਕਰੇਗੀ। ਇਸ ਨਾਲ ਉਹ ਹੋਰ ਵਧੇਰੇ ਭੂਤਰ ਗਏ। ਇਥੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸਰਕਾਰ ਆਪਣੇ ਥਾਪੇ ਮਹੰਤਾਂ ਤੇ ਪੁਜਾਰੀਆਂ ਰਾਹੀਂ ਅਸਿੱਧੇ ਤੌਰ ‘ਤੇ ਕਾਬਜ਼ ਸੀ।

24 ਜਨਵਰੀ ਸੰਨ 1921 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸਜੇ ਦੀਵਾਨ ਵਿਚ ਇਕ ਇਸਤਰੀ ਨੇ ਤਰਨ ਤਾਰਨ ਦੇ ਪੁਜਾਰੀਆਂ ਵਲੋਂ ਕੀਤੇ ਗਏ ਅੱਤਿਆਚਾਰ ਬਿਆਨ ਕੀਤੇ। ਉਸ ਨੇ ਕਿਹਾ-‘ਪੁਜਾਰੀਆਂ ਨੇ ਮੇਰੇ ਪੁੱਤਰ ਦੇ ਗਲ ਨਾਲ ਪੱਥਰ ਬੰਨ ਕੇ ਉਸ ਨੂੰ ਸਰੋਵਰ ਵਿਚ ਸੁੱਟ ਦਿੱਤਾ, ਮੇਰੀ ਧੀ ਨੂੰ ਗੁਰਦੁਆਰੇ ਅੰਦਰ ਛੇੜਿਆ ਤੇ ਤੰਗ ਕੀਤਾ ਗਿਆ। ਕੁੜੀਆਂ ਨਾਲ ਉਥੇ ਨਿੱਤ ਦਿਹਾੜੀ ਛੇੜਖਾਨੀ ਤੇ ਟਿੱਚਰਬਾਜ਼ੀ ਕੀਤੀ ਜਾਂਦੀ ਹੈ।’ ਉਸ ਦੀ ਇਹ ਦਰਦ ਭਰੀ ਦਾਸਤਾਂ ਸੁਣ ਕੇ ਸੰਗਤ ਵਿਚ ਜੋਸ਼ ਤੇ ਰੋਸ ਪੈਦਾ ਹੋ ਗਿਆ। ਅਕਾਲੀਆਂ ਨੇ ਉਸੇ ਵੇਲੇ ਗੁਰੂ ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਅਤੇ ਤਰਨ ਤਾਰਨ ਦੇ ਸੁਧਾਰ ਵਾਸਤੇ ਅਗਵਾਈ ਤੇ ਸਹਾਇਤਾ ਮੰਗੀ। ਅਗਲੇ ਦਿਨ 25 ਜਨਵਰੀ ਸੰਨ 1921 ਨੂੰ ਭਾਈ ਤੇਜਾ ਸਿੰਘ ‘ਭੁੱਚਰ’ ਦੀ ਅਗਵਾਈ ਹੇਠ 40 ਸਿੰਘਾਂ ਦਾ ਜਥਾ ਤਰਨ ਤਾਰਨ ਪੁੱਜਾ।

ਜਥੇ ਨੇ ਦਰਬਾਰ ਸਾਹਿਬ, ਤਰਨ ਤਾਰਨ ਅੰਦਰ ਬਹਿ ਕੇ ਕੀਰਤਨ ਸੁਣਿਆ। ਪੁਜਾਰੀਆਂ ਵਿਚ ਕੁਝ ਘਬਰਾਹਟ ਜਿਹੀ ਵੇਖ ਕੇ ਜਥੇਦਾਰ ਨੇ ਕਿਹਾ, ‘ਚਿੰਤਾ ਨਾ ਕਰੋ, ਅਸੀਂ ਗੁਰਦੁਆਰੇ ਉਪਰ ਕਬਜ਼ਾ ਕਰਨ ਲਈ ਨਹੀਂ ਆਏ। ਅਸੀਂ ਤਾਂ ਸਮਝੌਤੇ ਰਾਹੀਂ ਸੰਗਤਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦੀ ਖਾਤਰ ਆਏ ਹਾਂ।’ ਦਰਬਾਰ ਸਾਹਿਬ ਵਿਚ ਪੁਜਾਰੀਆਂ ਦੀ ਗਿਣਤੀ ਇਸ ਵੇਲੇ 70 ਕੁ ਸੀ। ਉਨਾਂ ਵਿਚੋਂ ਕੁਝ ਗੱਭਰੂਆਂ ਨੇ ਜਥੇ ਨੂੰ ਗਾਲਾਂ ਕੱਢੀਆਂ ਤੇ ਸਿੰਘਾਂ ਉਤੇ ਵਾਰ ਵੀ ਕੀਤੇ। ਪਰ ਅਕਾਲੀ ਸ਼ਾਂਤ ਰਹੇ। ਵਡੇਰੀ ਉਮਰ ਵਾਲੇ ਪੁਜਾਰੀਆਂ ਨੇ ਅਕਾਲੀਆਂ ਦੇ ਇਰਾਦੇ ਦੀ ਪਰਸੰਸਾ ਕੀਤੀ ਅਤੇ ਕਿਹਾ ਕਿ ਅਸੀਂ ਅਮਨ-ਸਹਿਤ ਸਮਝੌਤੇ ਲਈ ਯਤਨ ਕਰਾਂਗੇ।

ਉਸ ਦਿਨ ਸ਼ਾਮ ਦੇ ਚਾਰ ਵਜੇ ਪੁਜਾਰੀਆਂ ਅਤੇ ਜਥੇ ਦੇ ਪ੍ਰਤੀਨਿਧਾਂ ਅਤੇ ਤਰਨ ਤਾਰਨ ਦੇ ਕੁਝ ਮੁਖੀਆਂ ਦਾ ਇਕੱਠ ਹੋਇਆ। ਸਮਝੌਤੇ ਦੀਆਂ ਇਹ ਸ਼ਰਤਾਂ ਪੇਸ਼ ਹੋਈਆਂ :
(1) ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਬਣਾਏ ਨੇਮਾਂ ਅਨੁਸਾਰ ਹੋਵੇ;
(2) ਪ੍ਰਬੰਧ ਦੀ ਦੇਖ ਭਾਲ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਨਾਲ ਸੰਬੰਧਤ ਇਕ ਸਥਾਨਕ ਕਮੇਟੀ ਬਣਾਈ ਜਾਵੇ;
(3) ਕੁਰੀਤੀਆਂ ਦੂਰ ਕੀਤੀਆਂ ਜਾਣ ਅਤੇ ਅਗਾਂਹ ਪੰਥ ਨੂੰ ਕਿਸੇ ਸ਼ਿਕਾਇਤ ਦਾ ਮੌਕਾ ਨਾ ਦਿੱਤਾ ਜਾਵੇ;
(4) ਕੇਵਲ ਅੰਮ੍ਰਿਤਧਾਰੀ ਤੇ ਰਹਿਤ ਦੇ ਪੱਕੇ ਸਿੰਘਾਂ ਨੂੰ ਹੀ ਗ੍ਰੰਥੀ ਬਣਾਇਆ ਜਾਵੇ; ਅਤ
(5) ਜਿਨਾਂ ਪੁਜਾਰੀਆਂ ਨੇ ਸਿੱਖੀ ਰਹਿਤ ਭੰਗ ਕੀਤੀ ਹੈ, ਉਹ ਸੰਗਤ ਦੀ ਲਾਈ ਤਨਖ਼ਾਹ (ਸਜ਼ਾ) ਮਨਜ਼ੂਰ ਕਰਨ।

ਸ਼ਾਮ ਦੇ ਸਾਢੇ ਪੰਜ ਵਜੇ ਦੇ ਕਰੀਬ ਪੁਜਾਰੀਆਂ ਦੇ ਪ੍ਰਤੀਨਿਧਾਂ ਨੇ ਇਹ ਸ਼ਰਤਾਂ ਮੰਨ ਲਈਆਂ ਤੇ ਕਿਹਾ ਕਿ ਸਾਨੂੰ ਬਾਕੀਆਂ ਨਾਲ ਸਲਾਹ ਕਰ ਲੈਣ ਦਿਓ। ਉਹ ਦਰਬਾਰ ਸਾਹਿਬ ਦੇ ਅੰਦਰ ਚਲੇ ਗਏ ਜਿਥੇ ਪੁਜਾਰੀ ਬਹੁਤ ਵੱਡੀ ਗਿਣਤੀ ਵਿਚ ਇਕੱਠੇ ਹੋਏ ਹੋਏ ਸਨ। ਜਥੇ ਦੇ ਪ੍ਰਤੀਨਿਧ ਦਰਬਾਰ ਸਾਹਿਬ ਦੇ ਸਾਹਮਣੇ ਪਰਕਰਮਾ ਵਿਚ ਸਜੇ ਹੋਏ ਦੀਵਾਨ ਵਿਚ ਚਲੇ ਗਏ।

ਰਾਤ ਦੇ ਸਾਢੇ ਅੱਠ ਵਜੇ ਦੋ ਪੁਜਾਰੀ ਬਾਹਰ ਆਏ ਤੇ ਕਹਿਣ ਲੱਗੇ, ‘ਸਭ ਪੁਜਾਰੀ ਇਹ ਸ਼ਰਤਾਂ ਮੰਨਦੇ ਹਨ। ਜਥੇ ਦੇ ਕੁਝ ਮੁਖੀਏ ਅੰਦਰ ਚੱਲ ਕੇ ਇਨਾਂ ਉਪਰ ਉਨਾਂ ਦੇ ਦਸਖਤ ਕਰਵਾ ਲੈਣ। ਤਰਨ ਤਾਰਨ ਦੇ ਭਾਈ ਮੋਹਨ ਸਿੰਘ ਵੈਦ ਨੂੰ ਸ਼ਰਤਾਂ ਸਾਫ ਕਰਕੇ ਲਿਖਣ ਵਾਸਤੇ ਬਾਹਰ ਭੇਜਿਆ ਗਿਆ।

ਉਧਰੋਂ ਪੁਜਾਰੀਆਂ ਦੇ ਪ੍ਰਤੀਨਿਧਾਂ ਨੇ ਮੰਨਿਆ ਕਿ ਦਰਬਾਰ ਸਾਹਿਬ ਦਾ ਗ੍ਰੰਥੀ ਇਸ ਸੇਵਾ ਦੇ ਲਾਇਕ ਨਹੀਂ ਅਤੇ ਕਿਹਾ ਕਿ ਜਦ ਤੀਕ ਹੋਰ ਕੋਈ ਉਸ ਦੀ ਥਾਂ ਨਹੀਂ ਲਾਇਆ ਜਾਂਦਾ, ਜਥੇ ਵਿਚੋਂ ਭਾਈ ਸਰਨ ਸਿੰਘ ਗ੍ਰੰਥੀ ਦੀ ਸੇਵਾ ਨਿਭਾਏ। ਭਾਈ ਸਰਨ ਸਿੰਘ ਤੇ ਕੁਝ ਹੋਰ ਸਿੰਘ ਦਰਬਾਰ ਸਾਹਿਬ ਦੇ ਅੰਦਰ ਗਏ।

ਉਧਰੋਂ ਦੀਵਾਨ ਵਿਚ ਬੈਠੇ ਸਿੰਘਾਂ ਉਪਰ ਨਾਲ ਦੇ ਮਕਾਨ ਤੋਂ ਇੱਟਾਂ- ਵੱਟੇ ਤੇ ਬੰਬ ਸੁੱਟੇ ਗਏ। ਕਈ ਆਦਮੀ ਜ਼ਖਮੀ ਹੋ ਗਏ।

ਉਸ ਵੇਲੇ ਦਰਬਾਰ ਸਾਹਿਬ ਦੇ ਅੰਦਰ ਗਏ ਸਿੰਘਾਂ ਉਪਰ ਵਾਰ ਕੀਤੇ ਗਏ। ਸ਼ਰਾਬ ਨਾਲ ਗੁੱਟ ਹੋਏ ਪੁਜਾਰੀਆਂ ਨੇ ਛਵੀਆਂ, ਗੰਡਾਸਿਆਂ ਤੇ ਡਾਂਗਾਂ ਨਾਲ ਇਨਾਂ ਸਿੰਘਾਂ ਉਪਰ ਹੱਲਾ ਕੀਤਾ। ਉਹ ਸਿੰਘ ਅਗੋਂ ਬਿਲਕੁਲ ਸ਼ਾਂਤ ਰਹੇ। ਪੁਜਾਰੀਆਂ ਨੇ ਦਰਬਾਰ ਸਾਹਿਬ ਦੇ ਦਰਵਾਜ਼ਿਆਂ ਅਗੇ ਪੜਦੇ ਤਾਣ ਦਿੱਤੇ ਸਨ ਅਤੇ ਲੈਂਪ ਬੁਝਾ ਦਿੱਤਾ ਸੀ। ਇਸ ਕਰਕੇ, ਅਤੇ ਬਾਹਰ ਡਿੱਗੇ ਵੱਟਿਆਂ ਬੰਬਾਂ ਤੋਂ ਪਏ ਰੌਲੇ ਕਰਕੇ, ਬਾਹਰ ਕਿਸੇ ਨੂੰ ਪਤਾ ਹੀ ਨਾ ਲੱਗਾ ਕਿ ਅੰਦਰ ਕੀ ਭਾਣਾ ਵਰਤ ਰਿਹਾ ਹੈ। ਦਰਬਾਰ ਸਾਹਿਬ ਦੇ ਅੰਦਰ ਜਥੇ ਦੇ 17 ਸਿੰਘ ਫੱਟੜ ਹੋਏ ਅਤੇ ਦੋ-ਭਾਈ ਹਜ਼ਾਰਾ ਸਿੰਘ ਅਤੇ ਭਾਈ ਹੁਕਮ ਸਿੰਘ-ਸ਼ਹੀਦੀ ਪਾ ਗਏ। ਇਹ ਦੋਵੇਂ ਪਹਿਲੇ ਸ਼ਹੀਦ ਸਨ ਜਿਨਾਂ ਨੇ ਗੁਰਦੁਆਰਿਆਂ ਦੀ ਪਵਿੱਤਰਤਾ ਦੀ ਖ਼ਾਤਰ ਆਪਣੀਆਂ ਜਾਨਾਂ ਭੇਟ ਕੀਤੀਆਂ।

26 ਜਨਵਰੀ 1921 ਨੂੰ ਸਿੰਘਾਂ ਨੇ ਦਰਬਾਰ ਸਾਹਿਬ ਤਰਨ ਤਾਰਨ ਦਾ ਪ੍ਰਬੰਧ ਸੰਭਾਲ ਲਿਆ। ਗੁਰਦੁਆਰੇ ਦੇ ਪ੍ਰਬੰਧ ਲਈ 15 ਸਿੰਘਾਂ ਦੀ ਕਮੇਟੀ ਬਣਾਈ ਗਈ। ਸ੍ਰੀ ਨਨਕਾਣਾ ਸਾਹਿਬ ਦਾ ਮਹੰਤ ਨਰਾਇਣ ਦਾਸ ਬੜਾ ਹੀ ਐਬੀ ਤੇ ਵੈਲੀ ਸੀ। ਉਸ ਦੇ ਆਚਰਨ ਤੇ ਵਤੀਰੇ ਵਿਰੁੱਧ ਅਣਗਿਣਤ ਸ਼ਿਕਾਇਤਾਂ ਸਨ। ਉਹ ਤੇ ਉਸ ਦੇ ਚੇਲੇ ਤੇ ਸਾਥੀ ਸ਼ਰਾਬ ਪੀਂਦੇ ਅਤੇ ਅਨੇਕ ਤਰਾਂ ਦੇ ਅਨਰਥ ਕਮਾਉਂਦੇ ਸਨ। ਦਰਸ਼ਨ ਕਰਨ ਆਈਆਂ ਇਸਤਰੀਆਂ ਦੀ ਬੇ-ਪਤੀ ਕੀਤੀ ਜਾਂਦੀ ਸੀ ਤੇ ਕਈਆਂ ਦੇ ਜਬਰਨ ਸਤ ਭੰਗ ਕੀਤੇ ਜਾਂਦੇ ਸਨ। ਅਗਸਤ ਸੰਨ 1917 ਵਿਚ ਗੁਰਦੁਆਰਾ ਜਨਮ ਅਸਥਾਨ ਵਿਚ ਕੰਜਰੀਆਂ ਦਾ ਮੁਜਰਾ ਕਰਵਾਇਆ ਗਿਆ। ਇਸ ‘ਤੇ ਸਿੱਖ ਪੰਥ ਵਿਚ ਸਖ਼ਤ ਰੰਜ ਮਨਾਇਆ ਗਿਆ। ਅਖ਼ਬਾਰਾਂ ਵਿਚ ਜ਼ੋਰਦਾਰ ਐਜੀਟੇਸ਼ਨ ਹੋਈ। ਸਿੰਘ ਸਭਾਵਾਂ ਨੇ ਮਤੇ ਪਾਸ ਕੀਤੇ, ਜਿਨਾਂ ਰਾਹੀਂ ਗੁਰਦੁਆਰੇ ਦੀ ਬੇਅਦਬੀ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ ਅਤੇ ਸਰਕਾਰ ਨੂੰ ਕਿਹਾ ਗਿਆ ਕਿ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਦਾ ਪ੍ਰਬੰਧ ਕਰੇ। ਪਰ ਨਾ ਹੀ ਮਹੰਤ ਨੇ ਕੋਈ ਪਰਵਾਹ ਕੀਤੀ ਅਤੇ ਨਾ ਹੀ ਸਰਕਾਰ ਨੇ ਕੋਈ ਕਾਰਵਾਈ ਕੀਤੀ।

ਸੰਨ 1918 ਵਿਚ ਇਕ ਸਿੰਧੀ ਸ਼ਰਧਾਲੂ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਗਿਆ। ਸ਼ਾਮ ਦੇ ‘ਰਹਰਾਸਿ’ ਦੇ ਦੀਵਾਨ ਵੇਲੇ ਇਕ ਪੁਜਾਰੀ ਸਾਧ ਨੇ ਉਸ ਸਿੰਧੀ ਦੀ 13 ਸਾਲ ਦੀ ਬੱਚੀ ਨਾਲ ਜਬਰਨ ਬੁਰਾ ਕੰਮ ਕੀਤਾ। ਉਸ ਨਾਲ ਜੜਾਂਵਾਲੇ ਇਲਾਕੇ ਦੀਆਂ 6 ਇਸਤਰੀਆਂ ਪੂਰਨਮਾਸ਼ੀ ਵਾਲੇ ਦਿਨ ਗੁਰਦੁਆਰੇ ਗਈਆਂ ਤੇ ਰਾਤ ਉਥੇ ਰਹੀਆਂ। ਰਾਤ ਨੂੰ ਸਾਧਾਂ ਨੇ ਸਾਰੀਆਂ ਦਾ ਜਬਰਨ ਸਤ ਭੰਗ ਕੀਤਾ। ਇਹੋ ਜਿਹੀਆਂ ਵਾਰਦਾਤਾਂ ਹੁੰਦੀਆਂ ਹੀ ਰਹਿੰਦੀਆਂ ਸਨ। ਗੁਰੂ ਨਾਨਕ ਪਿਤਾ ਦੇ ਜਨਮ ਅਸਥਾਨ ‘ਤੇ ਇਹ ਕੁਝ ਹੁੰਦਾ ਵੇਖ ਕੇ ਸਿੱਖੀ ਦਰਦ ਵਾਲੇ ਗੁਰਸਿੱਖਾਂ ਨੇ ਮਹੰਤ ਨੂੰ ਸਮਝਾਉਣ ਦਾ ਬਹੁਤ ਯਤਨ ਕੀਤਾ। ਪਰ ਮਹੰਤ ਤਾਂ ਸਰਕਾਰੀ ਸ਼ਹਿ ਹੇਠ ਪੂਰੀ ਤਰਾਂ ਸਿੱਖਾਂ ਦਾ ਖਾਤਮਾ ਕਰਨ ਲਈ ਤਿਆਰੀ ਕਰੀ ਬੈਠਾ ਸੀ। ਇਹੀ ਕਾਰਨ ਸੀ ਕਿ ਜਦੋਂ 20 ਫਰਵਰੀ 1921 ਨੂੰ ਸ: ਲਛਮਣ ਸਿੰਘ ਧਾਰੋਵਾਲ ਦੀ ਕਮਾਨ ਹੇਠ ਸਿੰਘਾਂ ਦਾ ਇਕ ਜਥਾ ਨਨਕਾਣਾ ਸਾਹਿਬ ਪੁੱਜਾ ਤਾਂ ਮਹੰਤ ਨੇ ਸਾਰੇ ਦੇ ਸਾਰੇ ਸਿੱਖਾਂ ਨੂੰ ਗੋਲੀਆਂ, ਛਵੀਆਂ, ਗੰਡਾਸੀਆਂ ਤੇ ਜਿਊਂਦਿਆਂ ਭੱਠੀਆਂ ਵਿਚ ਸੁੱਟ ਕੇ ਸ਼ਹੀਦ ਕਰ ਦਿੱਤਾ।

ਆਓ ਹੁਣ ਇਹਨਾਂ ਘਟਨਾਵਾਂ ਦੇ ਪਿਛੋਕੜ ਵੱਲ ਵੀ ਕੁਝ ਕੁ ਵਿਚਾਰ ਕਰ ਲਈਏ ਤਾਂ ਕਿ ਸਮਝ ਆ ਸਕੇ ਕਿ ਇਹ ਸਾਕੇ ਕਿਉਂ ਵਰਤੇ ਤੇ ਗੁਰਦੁਆਰਾ ਪ੍ਰਬੰਧ ਦੇ ਸੁਧਾਰ ਲਈ ਅਨੇਕਾਂ ਗੁਰੂ ਕੇ ਲਾਲਾਂ ਨੇ ਸ਼ਹੀਦੀਆਂ ਕਿਉਂ ਦਿੱਤੀਆਂ?

ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿਚ ਆ ਕੇ ਜ਼ਾਲਮ ਹਕੂਮਤ ਦੇ ਪੱਕੇ ਮਹੱਲ ਖੰਡਰਾਂ ਵਿਚ ਬਦਲ ਦਿੱਤੇ ਤੇ ਸਿੱਖ ਰਾਜ ਦੀ ਸਥਾਪਨਾ ਕੀਤੀ ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਸ ਸਮੇਂ ਪੰਥ ਦੀ ਜਥੇਬੰਦਕ ਸ਼ਕਤੀ ਵਿਚ ਤਰੇੜਾਂ ਪੈ ਗਈਆਂ। ਤੱਤ ਖਾਲਸਾ ਤੇ ਬੰਦਈ ਖਾਲਸਾ ਦੇ ਨਾਮ ਹੇਠ ਪੰਥ ਦੋ ਹਿੱਸਿਆਂ ਵਿਚ ਵੰਡਿਆ ਗਿਆ। ਇਸ ਪਾਟੋਧਾੜ ਨੇ ਪੰਥ ਨੂੰ ਚੜਦੀ ਕਲਾ ਦੀ ਥਾਂ ਖੜਦੀ ਕਲਾ ਉੱਤੇ ਲਿਆ ਕੇ ਖੜਾ ਕਰ ਦਿੱਤਾ। ਭਾਈ ਮਨੀ ਸਿੰਘ ਦਾ ਸਮਾਂ ਕੀ ਆਇਆ, ਸਿੱਖਾਂ ਉੱਤੇ ਕਸ਼ਟ ਦੇ ਤੂਫਾਨ ਝੁੱਲ ਪਏ, ਸ਼ਹੀਦੀਆਂ ਦੀ ਲੜੀ ਸ਼ੁਰੂ ਹੋ ਗਈ। ਚਰਖੜੀਆਂ ਉੱਤੇ ਚੜਨਾ, ਦੇਗਾਂ ਵਿਚ ਉਬਲਣਾ, ਆਰਿਆਂ ਨਾਲ ਸਰੀਰ ਦੋ ਫਾੜ ਕਰਾਉਣਾ, ਖੋਪਰੀਆਂ ਲਾਹੁਣੀਆਂ, ਬੰਬ ਬੰਦ ਕੱਟੇ ਜਾਣ ਦੇ ਖੂਨੀ ਸਾਕਿਆਂ ਤੋਂ ਬਾਅਦ ਘੱਲੂਘਾਰਿਆਂ ਦੇ ਭਿਆਨਕ ਰੂਪ ਸਾਡੇ ਸਾਹਮਣੇ ਆਏ। ਸੰਨ 1763 ਈ: ਵਿਚ ਪੰਜਾਬ ਵਿਚ ਸਿੰਘਾਂ ਨੇ ਮੁੜ ਆਪਣੇ ਪੈਰ ਜਮਾਏ ਤੇ ਇਲਾਕੇ ਮੱਲਣੇ ਸ਼ੁਰੂ ਕਰ ਦਿੱਤੇ। ਸਿੱਖਾਂ ਦੇ ਅੱਡ-ਅੱਡ ਜਥਿਆਂ ਨੇ 12 ਮਿਸਲਾਂ ਬਣਾ ਲਈਆਂ। ਸਿੱਖਾਂ ਨੂੰ ਰਾਜ ਭਾਗ ਪ੍ਰਾਪਤ ਹੋਇਆ ਤਾਂ ਨਾਲ ਹੀ ਹਉਮੈ ਹੰਕਾਰ ਨੇ ਵੀ ਡੇਰੇ ਆ ਲਾਏ ਤੇ ਮਿਸਲਾਂ ਵਾਲੇ ਆਪੋ ਵਿਚ ਹੀ ਤਲਵਾਰਾਂ ਸਿੱਧੀਆਂ ਕਰਨ ਲੱਗ ਪਏ। ਮਿਸਲਾਂ ਦੀ ਆਪੋ-ਧਾਪੀ ਦਾ ਸਿੱਟਾ ਇਹ ਨਿਕਲਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਦਾ ਭੋਗ ਪਾ ਦਿੱਤਾ ਤੇ ਪੰਜਾਬ ਦੇ ਮਾਲਕ ਬਣ ਗਏ। ਸੱਚੀ ਗੱਲ ਤਾਂ ਇਹ ਹੈ ਕਿ ਸਿੱਖ ਰਾਜ ਦੇ ਅੰਤਲੇ ਸਾਲਾਂ ਵਿਚ ਸਿੱਖ ਜਥੇਬੰਦੀ ਦਾ ਭੋਗ ਲਗਭਗ ਪੈ ਚੁੱਕਾ ਸੀ ਤੇ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 10 ਸਾਲਾਂ ਵਿਚ ਹੀ ਅੰਗਰੇਜ਼ ਸਿੱਖ ਰਾਜ ‘ਤੇ ਕਬਜ਼ਾ ਕਰ ਕੇ ਪੰਜਾਬ ਦੇ ਮਾਲਕ ਬਣ ਗਏ।

ਸਿੱਖ ਰਾਜ ਦੇ ਖਾਤਮੇ ਤੋਂ ਕੁਝ ਸਾਲਾਂ ਬਾਅਦ ਦਿਨੋ-ਦਿਨ ਖੁਰ ਰਹੀ ਪੰਥਕ ਸ਼ਕਤੀ ਨੂੰ ਜਿਨਾਂ ਪੰਥ ਦਰਦੀਆਂ ਨੇ ਉਸ ਵੇਲੇ ਮੈਦਾਨ ਵਿਚ ਆ ਕੇ ਸੰਭਾਲਿਆ, ਉਹ ਸਿੰਘ ਸਭਾ ਲਹਿਰ ਦੇ ਸੇਵਕ ਮਰਜੀਵੜੇ ਸਨ, ਜਿਨਾਂ ਨੇ ਸਿੱਖੀ ਨੂੰ ਪੁਨਰ-ਜਾਗ੍ਰਿਤੀ ਅਤੇ ਗੁਰਮਤੀ ਜੀਵਨ ਨਾਲ ਜੋੜਿਆ। ਇਸ ਸੁਧਾਰਕ ਲਹਿਰ ਨੇ ਅਖਬਾਰਾਂ, ਪੈਂਫਲਿਟਾਂ, ਦੀਵਾਨਾਂ, ਸਮਾਗਮਾਂ ਰਾਹੀਂ ਕੌਮ ਅੰਦਰ ਨਵੀਂ ਜਾਗ੍ਰਿਤੀ ਪੈਦਾ ਕੀਤੀ। ਗੁਰਬਾਣੀ ਦੀ ਸਿੱਖਿਆ ਦੀ ਰੌਸ਼ਨੀ ਥਾਂ-ਥਾਂ ਫੈਲਾਉਣ ਦਾ ਯਤਨ ਅਰੰਭ ਹੋ ਗਿਆ। ਪੁਜਾਰੀਵਾਦ ਤੇ ਗੁਰੂ ਡੰਮ ਸ਼ਕਤੀਆਂ ਨੂੰ ਪਿੱਛੇ ਧੱਕ ਕੇ ਗੁਰਮਤਿ ਦੇ ਨਿਯਮਾਂ ਅਤੇ ਅਸੂਲਾਂ ਨੂੰ ਪ੍ਰਮੁੱਖਤਾ ਦਿੱਤੀ ਜਾਣ ਲੱਗੀ। ਵਿੱਦਿਅਕ ਪ੍ਰਚਾਰ, ਗੁਰਮਤਿ ਪ੍ਰਚਾਰ, ਰਹਿਤ ਮਰਯਾਦਾ, ਅਨੰਦ ਕਾਰਜ ਤੇ ਹੋਰ ਗੁਰਮਤਿ ਸਿਧਾਂਤਾਂ ਨੂੰ ਅਪਣਾ ਕੇ ਬੁੱਤ-ਪ੍ਰਸਤੀ, ਵਹਿਮਾਂ-ਭਰਮਾਂ ਵਿਰੁੱਧ ਤਕੜਾ ਹਮਲਾ ਬੋਲਿਆ। ਦੁਰਗਾ ਦੇਵੀ, ਦੇਵ ਪ੍ਰਸਤੀ ਤੇ ਮੜੀਆਂ ਨੂੰ ਮੰਨਣ ਤੋਂ ਮਨਾਂ ਕੀਤਾ। ਕਬਰ ਪੂਜਾ ਤੇ ਪੱਥਰ ਪੂਜਾ ਨੂੰ ਪਰੇ ਕਰਕੇ ਗਿਆਨ ਦੇ ਸਾਗਰ ਗੁਰੂ ਸ਼ਬਦ ਦਾ ਪ੍ਰਚਾਰ ਕੀਤਾ। ਇਸਦੇ ਨਤੀਜੇ ਵਜੋਂ ਗੁਰਦੁਆਰਿਆਂ ਵਿਚੋਂ ਪੁਜਾਰੀਵਾਦ ਤੇ ਮਹੰਤਵਾਦ ਦੇ ਖਾਤਮੇ ਦੀ ਲਹਿਰ ਨੇ ਜਨਮ ਲਿਆ। ਗੁਰਦੁਆਰਾ ਪ੍ਰਬੰਧ ਵਿਚ ਸੁਧਾਰ ਲਈ ਸਿੱਖ ਸੰਗਤਾਂ ਨੇ ਵਰਣਨਯੋਗ ਕਾਰਨਾਮੇ ਕੀਤੇ ਤੇ ਕੁਰਬਾਨੀਆਂ ਨਾਲ ਪੁਰਾਣੇ ਸਾਕੇ ਦੁਹਰਾ ਕੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾ ਕੇ ਗੁਰੂ ਦਰ ‘ਤੇ ਸੁਰਖਰੂ ਹੋਏ।

ਪਰ ਮੌਜੂਦਾ ਹਾਲਤ ਨੂੰ ਵੇਖਦੇ ਹਾਂ ਤਾਂ ਸਾਨੂੰ ਗੁਰਦੁਆਰਾ ਪ੍ਰਬੰਧ ਦਾ ਭਵਿੱਖ ਬੜਾ ਧੁੰਦਲਾ ਨਜ਼ਰ ਆਉਂਦਾ ਹੈ। ਅੱਜ ਪੁਜਾਰੀਆਂ ਤੇ ਮਹੰਤਾਂ ਦੀ ਥਾਂ ਸਾਡੇ ਪਗੜੀਧਾਰੀ ਪਰ ਗੁਰਮਤਿ ਸਿਧਾਂਤਾਂ ਤੋਂ ਅਨਜਾਣ ਪ੍ਰਬੰਧਕਾਂ ਨੇ ਲੈ ਲਈ ਹੈ। ਉਹੋ ਕੁਝ ਹੀ ਵਾਪਰ ਰਿਹਾ ਹੈ ਜੋ ਪਿਛੋਕੜ ਵਿਚ ਵਾਪਰਿਆ। ਅਕਾਲ ਤਖ਼ਤ ਸਾਹਿਬ ਨੂੰ ਆਪਣੀ ਮੁੱਠੀ ਵਿਚ ਰੱਖਣਾ ਤੇ ਸਿਧਾਂਤਾਂ ਦਾ ਜਨਾਜ਼ਾ ਕੱਢ ਕੇ ਆਪਣੀ ਮਰਜ਼ੀ ਦੇ ਹੁਕਮਨਾਮੇ ਜਾਰੀ ਕਰਵਾਉਣਾ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ ਭਵਿੱਖ ਲਈ ਸਭ ਅੱਛਾ ਨਹੀਂ ਹੈ।

ਅੱਜ ਜੋ ਲੋਕਤੰਤਰੀ ਢਾਂਚਾ ਵੱਡੇ ਤੋਂ ਛੋਟੇ ਗੁਰਦੁਆਰੇ ਤੱਕ ਅਸੀਂ ਅਪਣਾਇਆ ਹੈ, ਇਹ ਕਿਸੇ ਹੋਰ ਧਰਮ ਨੇ ਨਹੀਂ ਅਪਣਾਇਆ ਅਤੇ ਨਾ ਹੀ ਸਤਿਗੁਰਾਂ ਦੇ ਵੇਲੇ ਜਾਂ ਉਸ ਤੋਂ ਬਾਅਦ ਹੀ ਇਹ ਅਪਣਾਇਆ ਗਿਆ ਸੀ। ਇਹ ਢਾਂਚਾ ਕਿਸੇ ਦੇਸ਼ ਦੇ ਰਾਜਨੀਤਕ ਸਿਸਟਮ ਵਾਸਤੇ ਤਾਂ ਕਾਮਯਾਬ ਹੋ ਸਕਦਾ ਹੈ ਪਰ ਧਰਮ ਵਿਚ ਇਸ ਦਾ ਕੋਈ ਲਾਭ ਨਹੀਂ ਹੋ ਸਕਦਾ। ਜੇ ਕੌਮ ਦੇ ਧਾਰਮਕ ਲੀਡਰਾਂ ਦੀ ਬਹੁ ਗਿਣਤੀ ਸ਼ਰਾਬ ਪੀ ਰਹੀ ਹੈ, ਤਾਂ ਕੀ ਇਹ ਨਿਰਣਾ ਕੌਮ ‘ਤੇ ਲਾਗੂ ਕੀਤਾ ਜਾ ਸਕਦਾ ਹੈ? ਕਦੇ ਵੀ ਨਹੀਂ। ਇਥੇ ਤਾਂ ਸਿਧਾਂਤਹੀਣ ਆਗੂਆਂ ਦਾ ਹੁਕਮ ਹੀ ਚਲੇਗਾ।

ਅੱਜ ਗੁਰਦੁਆਰਿਆਂ ਵਿਚ democratic ਢਾਂਚੇ ਨੇ ਜੋ ਪ੍ਰਬੰਧਕ ਕੌਮ ਦੇ ਸਾਹਮਣੇ ਪੇਸ਼ ਕੀਤੇ ਹਨ, ਉਹਨਾਂ ਦੀਆਂ ਕਰਤੂਤਾਂ ਤੋਂ ਸਾਰੇ ਵਾਕਿਫ਼ ਹਨ। ਇਲੈਕਸ਼ਨ ਵਿਚ ਉਹ ਹੀ ਬੰਦੇ ਜਿੱਤ ਪ੍ਰਾਪਤ ਕਰ ਸਕਦੇ ਹਨ, ਜਿਹੜੇ ਜ਼ਿਆਦਾ ਰੁਪਿਆ ਖ਼ਰਚ ਸਕਦੇ ਹਨ, ਜਾਂ ਜ਼ਿਆਦਾ ਗੁੰਡੇ ਰੱਖ ਕੇ ਜ਼ਬਰਦਸਤੀ ਵੋਟਾਂ ਲੈ ਸਕਦੇ ਹਨ, ਜਾਂ ਜ਼ਿਆਦਾ ਪਹੁੰਚ ਵਾਲੇ ਹਨ ਜਾਂ ਆਪਣੇ ਜ਼ਰ ਖਰੀਦੇ ਗੁੰਡਿਆਂ ਨੂੰ ਜ਼ਿਆਦਾ ਸ਼ਰਾਬ ਤੇ ਨੋਟ ਵੰਡ ਸਕਦੇ ਹਨ। ਇਹਨਾਂ ਚੌਧਰੀਆਂ ਦਾ ਨਿਸ਼ਾਨਾ ਧਰਮ ਪ੍ਰਚਾਰ ਦਾ ਹੁੰਦਾ ਹੀ ਨਹੀਂ ਅਤੇ ਨਾ ਹੀ ਇਹਨਾਂ ਨ ਧਰਮ ਨਾਲ ਕੋਈ ਪਿਆਰ ਹੁੰਦਾ ਹੈ। ਇਲੈਕਸ਼ਨ ਵਿਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ cock-tail ਪਾਰਟੀਆਂ ਕਰਦੇ ਹਨ ਅਤੇ ਗੁਰਦੁਆਰਿਆਂ ਨੂੰ ਆਪਣੇ ਨਿੱਜੀ ਮਤਲਬ ਹੱਲ ਕਰਨ ਵਾਸਤੇ ਵਰਤਦੇ ਹਨ, ਅਤੇ ਸ਼ਰਧਾਲੂ ਸੰਗਤ ਨੂੰ ਧੋਖਾ ਦੇ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ। ਇਹ ਲੋਕ-ਪ੍ਰਧਾਨ ਸਾਹਿਬ, ਸਕੱਤਰ ਸਾਹਿਬ ਜਾਂ ਖ਼ਜ਼ਾਨਚੀ ਸਾਹਿਬ ਕਹਿਲਵਾ ਕੇ ਖ਼ੁਸ਼ ਹੁੰਦੇ ਹਨ ਅਤੇ ਧਰਮੀ ਹੋਣ ਦਾ ਡਰਾਮਾ ਕਰਦੇ ਹਨ। ਇਹਨਾਂ ਵਿਚੋਂ ਜ਼ਿਆਦਾਤਰ ਬੇ-ਅੰਮ੍ਰਿਤੀਏ ਹੁੰਦੇ ਹਨ। ਆਪਣੇ ਮਤਲਬ ਹੱਲ ਕਰਨ ਵਾਸਤੇ ਜਾਂ ਆਪਣੀ ਚੌਧਰ ਨੂੰ ਪੱਠੇ ਪਾਉਣ ਵਾਸਤੇ ਗੁਰਪੁਰਬਾਂ ‘ਤੇ, ਜਦੋਂ ਕਿ ਸਤਿਗੁਰਾਂ ਦੇ ਜੀਵਨ ਅਤੇ ਉਪਦੇਸ਼ਾਂ ਦਾ ਅਧਿਕਾਰੀ ਬੰਦਿਆਂ ਰਾਹੀਂ ਪ੍ਰਚਾਰ ਹੋਣਾ ਚਾਹੀਦਾ ਹੈ, ਇਹ ਲੋਕ ਜਿਸ ਕੋਲੋਂ ਨਿੱਜੀ ਕੰਮ ਕਢਾਉਣਾ ਹੋਵੇ ਉਸ ਨੂੰ ਬੁਲਾ ਕੇ ਫੂਕ ਦਿੰਦੇ ਹਨ ਅਤੇ ਸਟੇਜਾਂ ‘ਤੇ ਚੜਾ ਕੇ, ਸਤਿਗੁਰਾਂ ਦੀ ਹਜ਼ੂਰੀ ਵਿਚ ਹਾਰ ਪਾਈ ਜਾਂਦੇ ਹਨ। ਇਹ (ਮੰਤਰੀ ਜਾਂ ਆਫੀਸਰ ਆਦਿਕ) ਜ਼ਿਆਦਾਤਰ ਅਨਮਤੀਏ ਹੀ ਹੁੰਦੇ ਹਨ, ਇਹ ਅਨਮਤੀ ਮੰਤਰੀ ਜਾਂ ‘ਪਤਵੰਤੇ’ ਸਿੱਖ-ਧਰਮ ਅਤੇ ਇਤਿਹਾਸ ਬਾਰੇ ਜੋ ਗ਼ਲਤ-ਬਿਆਨੀਆਂ ਕਰਦੇ ਹਨ, ਉਨਾਂ ਦਾ ਤਾਂ ਰੱਬ ਹੀ ਰਾਖਾ। ਇਹਨਾਂ ਚੌਧਰ ਦੇ ਭੁੱਖਿਆਂ ਨੂੰ ਪੁੱਛੋ! ਜੇ ਕੋਈ ਬੰਦਾ ਰਾਜਨੀਤੀ ਦਾ ਮਾਹਰ ਹੈ, ਜ਼ਰੂਰੀ ਨਹੀਂ ਕਿ ਉਸ ਨੂੰ ਧਰਮ ਦੀ ਵੀ ਜਾਣਕਾਰੀ ਹੋਵੇ। ਕਿਸੇ ਪ੍ਰੋਫ਼ੈਸਰ ਨੂੰ ਜੋ ਕੈਮਿਸਟਰੀ ਦਾ ਮਾਹਰ ਹੈ, ਕਿਹਾ ਜਾਵੇ ਕਿ ਤੂੰ ਇਕਨੌਮਿਕਸ ‘ਤੇ ਲੈਕਚਰ ਦੇ, ਤਾਂ ਉਹ ਜੋ ਟੋਟਕੇ ਛੱਡੇਗਾ ਉਹ ਸਭ ਨੂੰ ਪਤਾ ਹੈ। ਇਹ ਹੀ ਹਾਲਤ ਸਿੱਖ ਧਰਮ ਦੀ ਕੀਤੀ ਜਾ ਰਹੀ ਹੈ।

ਜਿਹੜੇ ਪ੍ਰਬੰਧਕਾਂ ਨੂੰ ਧਰਮ ਦੀ ਖ਼ੁਦ ਹੀ ਜਾਣਕਾਰੀ ਨਹੀਂ, ਉਨਾਂ ਨੂੰ ਕੀ ਪਤਾ ਕਿ ਪ੍ਰਚਾਰਕ ਕੀ ਬੋਲ ਰਿਹਾ ਹੈ। ਹਰ ਪ੍ਰਕਾਰ ਦਾ ਟੁੱਟਾ-ਭੱਜਾ ਅਖੌਤੀ ਪ੍ਰਚਾਰਕ ਜੋ ਮਰਜ਼ੀ ਕਹਿ ਜਾਵੇ ਇਹਨਾਂ ਨੂੰ ਕੁਝ ਸੋਝੀ ਨਹੀਂ ਹੁੰਦੀ। ਜੇ ਕੋਈ ਸਹੀ ਕਿਸਮ ਦਾ ਪ੍ਰਚਾਰਕ ਨਿਰੋਲ ਗੁਰਮਤਿ ਦੇ ਅਸੂਲਾਂ ਦੀ ਚਰਚਾ ਕਰਦਾ ਹੈ ਤਾਂ ਉਸ ਨੂੰ ਇਸ਼ਾਰੇ ਕਰ-ਕਰ ਕੇ ਬਿਠਾ ਦਿੱਤਾ ਜਾਂਦਾ ਹੈ ਅਤੇ ਅਗੋਂ ਵਾਸਤੇ ਪਹਿਲਾਂ ਹੀ ਪਾਬੰਦੀ ਲਗਾ ਦਿਤੀ ਜਾਂਦੀ ਹੈ ਕਿ ਤੁਸੀਂ ਸ਼ਰਾਬ ਦੇ ਵਿਰੁੱਧ ਨਹੀਂ ਬੋਲਣਾ, ਅੰਮ੍ਰਿਤ ਛਕਣ ਨੂੰ ਜ਼ਰੂਰੀ ਨਾ ਕਹਿਣਾ, ਬੁੱਤਪ੍ਰਸਤੀ ਦੇ ਖਿਲਾਫ਼ ਕੁਝ ਨਾ ਕਹਿਣਾ ਇਤਿਆਦਕ। ਕਿਉਂਕਿ ਇਹਨਾਂ ਵਿਚ ਪ੍ਰਬੰਧਕਾਂ ਨੂੰ ਰਗੜਾ ਲੱਗ ਜਾਏਗਾ, ਬਲਕਿ ਐਸੀਆਂ ਗੱਲਾਂ ਕਰੋ ਜਿਸ ਨਾਲ ਪ੍ਰਧਾਨ ਸਾਹਿਬ, ਸਕੱਤਰ ਸਾਹਿਬ ਤੇ ਖਜ਼ਾਨਚੀ ਸਾਹਿਬ ਦੀ ਚੌਧਰ ਨੂੰ ਪੱਠੇ ਪੈ ਸਕਣ। ਐਸੇ ਪ੍ਰਬੰਧਕਾਂ ਦੀ ਸਰਪ੍ਰਸਤੀ ਵਿਚ ਗੁਰਮਤਿ ਪ੍ਰਚਾਰ ਕਦੇ ਨਹੀਂ ਹੋ ਸਕੇਗਾ। ਇਨਾਂ ਪ੍ਰਬੰਧਕਾਂ ਨੇ ਸਿੱਖ ਧਰਮ ਨੂੰ ਸਮਝੌਤਾਵਾਦੀ ਧਰਮ ਬਣਾ ਦਿੱਤਾ ਹੈ ਅਤੇ ਜੋ ਸ਼ਬਦ ਵੱਖ- ਵੱਖ ਕਿਸਮ ਦੇ ਬੰਦਿਆਂ ਨੂੰ ਚੰਗੇ ਲਗਦੇ ਹਨ, ਉਹ ਹੀ ਪ੍ਰਚਾਰਕ ਦੇ ਮੂੰਹੋਂ ਕਢਾਏ ਜਾਂਦੇ ਹਨ, ਤਾਂ ਕਿ ਕੋਈ ਬੰਦਾ ਨਾਰਾਜ਼ ਨਾ ਹੋ ਜਾਏ ਅਤੇ ਚੰਦਾ ਦੇਣਾ ਬੰਦ ਨਾ ਕਰ ਦੇਵੇ।
ਆਮ ਪ੍ਰਚਾਰਕ ਸਾਹਿਬਾਨ ਰੋਟੀ ਦੇ ਮਸਲੇ ਵਾਸਤੇ ਸਰੋਤਿਆਂ ਨੂੰ ਜੋ ਚੰਗਾ ਲਗਦਾ ਹੈ ਉਹ ਹੀ ਬੋਲਦੇ ਹਨ, ਅਤੇ ਸਤਿਗੁਰਾਂ ਦੀ ਗੁਰਮਤਿ ਫ਼ਿਲਾਸਫ਼ੀ ਨੂੰ ਗ਼ਲਤ ਢੰਗ ਨਾਲ ਪੇਸ਼ ਕਰਕੇ ਨੌਜਵਾਨ ਪੀੜੀ ਨੂੰ ਧਰਮ ਦੇ ਪੱਖੋਂ ਗੁੰਮਰਾਹ (confuse) ਕਰਕੇ ਸਿੱਖੀ ਤੋਂ ਦੂਰ ਲੈ ਜਾ ਰਹੇ ਹਨ।

ਇਹ ਹੈ ਮੌਜੂਦਾ ਗੁਰਦੁਆਰਿਆਂ ਦੀ ਹਾਲਤ। ਇਹ ਇਤਨੀ ਗੰਭੀਰ ਬਣ ਚੁੱਕੀ ਹੈ ਕਿ ਜੇ ਸਾਰੇ ਪੱਖਾਂ ਤੋਂ ਵਿਚਾਰ ਕੀਤੀ ਜਾਵੇ ਤਾਂ ਇਹ ਮਹਿਸੂਸ ਹੋਵੇਗਾ ਕਿ ਇਸ ਸਾਰੇ ਢਾਂਚੇ ਦਾ ਹੀ ਸੁਧਾਰ ਕਰਨਾ ਪਵੇਗਾ। ਜੇ ਐਸਾ ਸੁਧਾਰ ਵੇਲੇ ਸਿਰ ਨਾ ਕੀਤਾ ਗਿਆ ਤਾਂ ਇਹ ਅਖੌਤੀ ਪ੍ਰਬੰਧਕ ਅਤੇ ਪ੍ਰਚਾਰਕ ਕੌਮ ਨੂੰ ਗਹਿਰੀ ਖੱਡ ਵਿਚ ਸੁੱਟ ਦੇਣਗੇ ਅਤੇ ਫਿਰ ਸੁਧਾਰ ਕਰਨ ਵਾਸਤੇ ਕੌਮ ਨੂੰ ਭਾਰੀ ਕੀਮਤ ਦੇਣੀ ਪਵੇਗੀ। ਅੱਜ ਲੋੜ ਹੈ ਗੁਰਦੁਆਰਾ ਸੁਧਾਰ ਲਹਿਰ ਦੇ ਮੁਖੀਆਂ ਵਰਗੇ ਇਮਾਨਦਾਰ, ਸੂਝਵਾਨ, ਗੁਰਮਤਿ ਵਿਚ ਪਰਪੱਕ, ਜੀਵਨ ਵਾਲੇ, ਕੁਰਬਾਨੀ ਵਾਲੇ ਅਤੇ ਹਰ ਲਾਲਚ ਤੋਂ ਉਪਰ ਅਣਖੀਲੇ ਲੀਡਰਾਂ ਦੀ, ਜੋ ਕੌਮ ਨੂੰ ਸਹੀ ਰਾਹ ਦੱਸ ਸਕਣ ਅਤੇ ਗੁਰਦੁਆਰਿਆਂ ਨੂੰ ਮੁੜ ਕੇ ਸਹੀ ਪ੍ਰਚਾਰ ਦੇ ਕੇਂਦਰ ਬਣਾ ਸਕਣ ਤਾਂ ਜੋ ਆਉਣ ਵਾਲੀ ਪੀੜੀ ਤੱਕ ਸਿੱਖੀ ਪਹੁੰਚਾਈ ਜਾ ਸਕੇ।

ਸੋ ਐ ਗੁਰੂ ਦੇ ਲਾਲੋ! ਉਠੋ ਗਫ਼ਲਤ ਤੇ ਘੋਰ ਨੀਂਦ ਵਿਚੋਂ ਤੇ ਆਪਣੇ ਫ਼ਰਜ਼ ਨੂੰ ਪਹਿਚਾਣੋ। ਅੱਜ ਦੁੱਖ ਇਸ ਗੱਲ ਦਾ ਨਹੀਂ ਕਿ ਅਸੀਂ ਪਰਵਾਨੇ ਵਾਂਗ ਸੱਚ ਤੇ ਸੇਵਾ ਦੀ ਸ਼ਮਾ ਤੋਂ ਕੁਰਬਾਨ ਨਹੀਂ ਹੋ ਰਹੇ, ਸਗੋਂ ਸ਼ਿਕਵਾ ਤਾਂ ਇਸ ਗੱਲ ਦਾ ਹੈ ਕਿ ਸਾਡੇ ਅੰਦਰ ਸ਼ਮਾਂ ਲਈ ਸੋਜ਼ ਤੇ ਤੜਪ ਹੀ ਨਹੀਂ ਰਹੀ। ਯਾਦ ਰੱਖੋ! ਤੜਪ ਨਾ ਹੋਣਾ ਤਾਂ ਬਹੁਤ ਵੱਡੀ ਕਮਜ਼ੋਰੀ ਹੈ ਤੇ ਕੁਝ ਕਰਨ ਲਈ ਤੜਪ ਰੱਖਣ ਵਾਲਾ ਪਰਵਾਨਾ ਵੀ ਪ੍ਰਵਾਨ ਹੈ :

ਜੋ ਜਲ ਕਰ ਖ਼ਾਕ ਹੋ ਜਾਏ,
ਵੁਹ ਖ਼ੁਸ਼ਕਿਸਮਤ ਸਹੀ, ਲੇਕਿਨ
ਜੋ ਜਲਨੇ ਕੇ ਲੀਏ ਤੜਪੇ,
ਵੁਹ ਪਰਵਾਨਾ ਵੀ ਅੱਛਾ ਹੈ। *

 

Comments

comments

Share This Post

RedditYahooBloggerMyspace