ਫੱਗਣ ਮਾਹ ਮੁਬਾਰਕ ਚੜ੍ਹਿਆ ਬੈਠੀ ਤਖ਼ਤ ਬਸੰਤੋ ਰਾਣੀ

-ਜਗਮੋਹਨ ਸਿੰਘ ਲੱਕੀ
ਫੱਗਣ ਦੇਸੀ ਸਾਲ ਦਾ ਆਖਰੀ ਮਹੀਨਾ ਹੁੰਦਾ ਹੈ। ਇਹ ਮਹੀਨਾ ਜੂਲੀਅਨ ਅਤੇ ਗ੍ਰੇਗਰੀ ਕੈਲੰਡਰਾਂ ਦੇ ਫਰਵਰੀ ਅਤੇ ਮਾਰਚ ਮਹੀਨਿਆਂ ਦੇ ਵਿਚਾਲੇ ਜਿਹੇ ਆਉਂਦਾ ਹੈ। ਫੱਗਣ ਕਈ ਵਾਰ 30 ਦਿਨਾਂ ਦਾ ਹੁੰਦਾ ਹੈ ਅਤੇ ਕਦੇ 31 ਦਿਨਾਂ ਦਾ ਹੁੰਦਾ ਹੈ। ਫੱਗਣ ਮਹੀਨੇ ਨੂੰ ਫੁੱਲਾਂ ਅਤੇ ਬਸੰਤ ਦੀ ਰੁੱਤ ਵੀ ਕਿਹਾ ਜਾਂਦਾ ਹੈ। ਫੱਗਣ ਮਹੀਨੇ ਸਰਦੀ ਦਾ ਜੋਬਨ ਢਲਣ ਲੱਗਦਾ ਹੈ ਅਤੇ ਠੰਢ ਵੀ ਮਿੱਠੀ-ਮਿੱਠੀ ਲੱਗਦੀ ਹੈ। ਫੱਗਣ ਮਹੀਨੇ ਠੰਢ ਦਾ ਜ਼ੋਰ ਕੁਝ ਘੱਟ ਹੋ ਜਾਣ ਕਾਰਨ ਬਨਸਪਤੀ ਮੌਲਣ ਲੱਗਦੀ ਹੈ। ਪੱਤਝੜ ਦੀ ਰੁੱਤ ਦੌਰਾਨ ਰੁੰਡ ਮਰੁੰਡ ਹੋਏ ਰੁੱਖਾਂ ਉੱਪਰ ਫੱਗਣ ਮਹੀਨੇ ਬਹਾਰ ਆ ਕੇ ਪੈਲਾਂ ਪਾਉਣ ਲੱਗਦੀ ਹੈ। ਖੇਤਾਂ ਵਿਚ ਖੜੀ ਕਣਕ, ਸਰੋਂ, ਜੌਂ, ਮਸਰ ਦੀ ਫ਼ਸਲ ਦੇ ਨਾਲ ਹੀ ਹਰ ਵੇਲ ਬੂਟੇ, ਰੁੱਖ ਉੱਪਰ ਹੀ ਬਹਾਰ ਨੱਚਦੀ ਗਾਉਂਦੀ ਪ੍ਰਤੀਤ ਹੁੰਦੀ ਹੈ। ਇਸ ਮਹੀਨੇ ਖਿੜਦੇ ਵੱਖ-ਵੱਖ ਰੰਗਾਂ ਦੇ ਫੁੱਲ ਤਰਾਂ-ਤਰਾਂ ਦੀਆਂ ਸੁਗੰਧੀਆਂ ਫੈਲਾਉਂਦਿਆਂ ਮੌਸਮ ਨੂੰ ਹੋਰ ਵੀ ਸੁਹਾਵਣਾ ਬਣਾ ਦਿੰਦੇ ਹਨ। ਗੁਰਬਾਣੀ ਵਿਚ ਵੀ ਫੱਗਣ ਮਹੀਨੇ ਦਾ ਜ਼ਿਕਰ ਆਉਂਦਾ ਹ

ਫਲਗੁਣਿ ਅਨੰਦ ਉਪਾਰਜਨਾ
ਹਰਿ ਸਜਣ ਪ੍ਰਗਟੇ ਆਇ।।
ਸੰਤ ਸਹਾਈ ਰਾਮ ਕੇ
ਕਰਿ ਕਿਰਪਾ ਦੀਆ ਮਿਲਾਇ।।
ਬਨਸਪਤਿ ਮਉਲੀ ਚੜਿਆ ਬਸੰਤੁ
ਇਹੁ ਮਨੁ ਮਉਲਿਆ ਸਤਿਗੁਰੂ ਸੰਗਿ ।।
ਹਿਮਕਰ ਰੁਤਿ ਮਨਿ ਭਾਵਤੀ
ਮਾਘੁ ਫਗਣੁ ਭਗਵੰਤ ਜੀਉ।।
ਫਲਗੁਨਿ ਮਨਿ ਰਹਿਸੀ ਪ੍ਰੇਮ ਸੁਭਾਇਆ,
ਅਨਦਿਨ ਰਹਸੁ ਭਇਆ ਆਪ ਗਵਾਇਆ।।
ਫਲਗੁਣਿ ਨਿਤ ਸਲਾਹੀਐ
ਆਜੁ ਹਮਾਰੇ ਗ੍ਰਿਹਿ ਬਸੰਤ,
ਗੁਨ ਗਾਏ ਪ੍ਰਭਤੁਮਬੇਅੰਤ।।
ਆਜੁ ਹਮਾਰੈ ਬਨੈ ਫਾਗੁ
ਪ੍ਰਭ ਸੰਗੀ ਮਿਲਿ ਖੇਲਨ ਲਾਗੁ
ਹੋਲੀ ਕੀਨੀ ਸੰਤ ਸੇਵ
ਰੰਗ ਲਾਗਾ ਅਤਿ ਲਾਲ ਦੇਵ।।

ਗੀਤਾਂ ਤੇ ਲੋਕ ਗੀਤਾਂ ਵਿਚ ਵੀ ਫੱਗਣ ਮਹੀਨੇ ਅਤੇ ਬਸੰਤ ਰੁੱਤ ਦਾ ਜ਼ਿਕਰ ਮਿਲਦਾ ਹੈ-

ਨਿਕਲੀ ਬਸੰਤ ਵੇਸ ਕਰ,
ਫੁੱਲਾਂ ਦੀ ਖਾਰੀ ਸਿਰ ‘ਤੇ ਧਰ,
ਖਿੜਦੀ ਤੇ ਹੱਸਦੀ ਗਾਉਂਦੀ,
ਨੱਚਦੀ ਤੇ ਪੈਲਾਂ ਪਾਉਂਦੀ
(ਧਨੀ ਰਾਮ ਚਾਤ੍ਰਿਕ)

ਫੱਗਣ ਮਾਹ ਮੁਬਾਰਕ ਚੜਿਆ,
ਬੈਠੀ ਤਖ਼ਤ ਬਸੰਤੋ ਰਾਣੀ,
ਰੂਪ ਚੜ ਗਿਆ ਫੁੱਲਾਂ ਉੱਤੇ,
ਫ਼ਸਲ ਫਲਾਂ ਜਵਾਨੀ ਮਾਣੀ
(ਧਨੀ ਰਾਮ ਚਾਤ੍ਰਿਕ)

ਤੈਂਡੀਆਂ ਗਲੋੜੀਆਂ,
ਜਿਉਂ ਕਿਣ ਮਿਣ ਕਣੀਆਂ
ਜਿਉਂ ਫੱਗਣ ਘਰ, ਮਹਿਕਾਂ ਜਣੀਆਂ
(ਸ਼ਿਵ ਕੁਮਾਰ ਬਟਾਲਵੀ)

ਪੰਛੀਆਂ ਨੇ ਗਾਇਆ ਹਿੰਡੋਲ ਤੇ ਬਸੰਤ ਰਾਗ
ਚਿਰਾਂ ਪਿੱਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ
ਕੇਸਰੀ ਦੁਪੱਟੇ ਨੂੰ ਬਸੰਤ ਕੌਰ ਪਹਿਨ ਜਦੋਂ
ਡੋਰੇਦਾਰ ਨੈਣਾਂ ਵਿਚ ਸੁੱਟੀਆਂ ਗਲਾਲੀਆਂ
(ਚਾਤ੍ਰਿਕ)

ਕਾਹਨੂੰ ਆ ਗਿਓਂ ਬਸੰਤੀ ਚੀਰਾ ਬੰਨਕੇ
ਮਾਪਿਆਂ ਨੇ ਨਹੀਓਂ ਤੋਰਨੀ।

ਫੱਗਣ ਮਹੀਨੇ ਜਦੋਂ ਠੰਢੀ ਵਾਅ ਚੱਲਣ ਨਾਲ ਖੇਤਾਂ ਵਿਚ ਖੜੀਆਂ ਫਸਲਾਂ ਖ਼ੁਸ਼ੀ ਵਿਚ ਝੂਮਦੀਆਂ ਹਨ ਤਾਂ ਇਨਾਂ ਉੱਪਰ ਬਹਾਰ ਨੱਚਦੀ ਗਾਉਂਦੀ ਤੇ ਪੈਲਾਂ ਪਾਉਂਦੀ ਪ੍ਰਤੀਤ ਹੁੰਦੀ ਹੈ। ਇਸ ਮਹੀਨੇ ਢਾਕ ਦੇ ਰੁੱਖ ਵੀ ਪੂਰੇ ਜੋਬਨ ਵਿਚ ਆ ਕੇ ਖ਼ੁਸ਼ੀ ਵਿਚ ਖੀਵੇ ਹੋਏ ਲੱਗਦੇ ਹਨ। ਭਾਰਤ ਵਿਚ ਕੁਲ ਛੇ ਰੁੱਤਾਂ ਆਉਂਦੀਆਂ ਹਨ। ਇਹ ਰੁੱਤਾਂ ਗਰਮੀ, ਔੜ, ਬਰਸਾਤ, ਸਰਦੀ, ਪਤਝੜ ਅਤੇ ਬਸੰਤ ਹਨ। ਫੱਗਣ ਮਹੀਨੇ ਵਿਚ ਆਉਂਦੀ ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਸਿਰਫ ਮਨੁੱਖ ਹੀ ਨਹੀਂ ਪੰਛੀ, ਰੁੱਖ, ਫੁੱਲ ਤੇ ਫਲ ਵੀ ਇਸ ਰੁੱਤ ਦਾ ਆਨੰਦ ਮਾਣਦੇ ਪ੍ਰਤੀਤ ਹੁੰਦੇ ਹਨ।

ਜ਼ਿਕਰਯੋਗ ਹੈ ਕਿ ਮਾਘ ਮਹੀਨੇ ਦੇ ਅੱਧ ਵਿਚਕਾਰ ਜਿਹੇ ਆਉਂਦੀ ਬਸੰਤ ਪੰਚਮੀ ਨੂੰ ਬਸੰਤ ਰੁੱਤ ਜਨਮ ਲੈਂਦੀ ਹੈ, ਜੋ ਕਿ ਫੱਗਣ ਵਿਚ ਬਚਪਨ ਹੰਢਾ ਕੇ ਅੱਲੜ ਉਮਰ ਵਿਚ ਆ ਕੇ ਖਰਮਸਤੀਆਂ ਕਰਦੀ ਹੈ। ਫੱਗਣ ਮਹੀਨੇ ਬਸੰਤ ਰੁੱਤ ਦੇ ਜਵਾਨੀ ਵਿਚ ਪੈਰ ਧਰਨ ਕਰਕੇ ਹਰ ਫੁੱਲ ਬੂਟੇ ਅਤੇ ਰੁੱਖ ਉੱਪਰ ਹੀ ਖੇੜਾ ਆ ਜਾਂਦਾ ਹੈ। ਖੇਤਾਂ ਵਿਚ ਖੜੀਆਂ ਫ਼ਸਲਾਂ ਵੀ ਬਹਾਰ ਰੁੱਤ ਦੀਆਂ ਪੈਲਾਂ ਪਾਉਣ ਲੱਗਦੀਆਂ ਹਨ। ਬਸੰਤ ਰੁੱਤ ਦਾ ਅਸਲੀ ਨਜ਼ਾਰਾ ਫੱਗਣ ਮਹੀਨੇ ‘ਚ ਹੀ ਵੇਖਣ ਨੂੰ ਮਿਲਦਾ ਹੈ। ਇਹ ਆਪਣੇ ਪੂਰੇ ਜੋਬਨ ਵਿਚ ਆ ਕੇ ਫੁੱਲਾਂ, ਪੌਦਿਆਂ, ਰੁੱਖਾਂ ਉੱਪਰ ਨੱਚਦੀ ਗਾਉਂਦੀ ਤੇ ਮੌਲਦੀ ਹੈ। ਵੇਖਣ ਨੂੰ ਇਸ ਤਰਾਂ ਲੱਗਦਾ ਹੈ ਜਿਵੇਂ ਬਸੰਤ ਰੁੱਤ ਫੱਗਣ ਮਹੀਨੇ ਹੀ ਆਈ ਹੋਵੇ। ਇਸ ਸਮੇਂ ਪੂਰਾ ਆਲਮ ਹੀ ਨਵੀਆਂ ਤਰੰਗਾਂ, ਉਤਸ਼ਾਹ ਦੀਆਂ ਭਾਵਨਾਵਾਂ ਨਾਲ ਨਸ਼ਿਆਇਆ ਲੱਗਦਾ ਹੈ।

ਬਸੰਤ ਰੁੱਤ ਦੇ ਜਵਾਨੀ ਦੇ ਇਨਾਂ ਦਿਨਾਂ ‘ਚ ਤਾਂ ਰੁੱਖਾਂ ਦੀਆਂ ਡਾਲੀਆਂ ਵਿੱਚੋਂ ਪੱਤਿਆਂ ਨਾਲ ਖਹਿ-ਖਹਿ ਕੇ ਲੰਘਦੀ ਠੰਢੀ ਜਖ਼ ਵਾਅ ਵੀ ਰੁੱਖਾਂ, ਡਾਲੀਆਂ, ਪੱਤਿਆਂ ਨੂੰ ਬਸੰਤ ਰੁੱਤ ਦੇ ਜਵਾਨ ਹੋਣ ਦੀਆਂ ਵਧਾਈਆਂ ਦਿੰਦੀ ਲੱਗਦੀ ਹੈ। ਜਦੋਂ ਠੰਢੀ-ਠੰਢੀ ਹਵਾ ਦਾ ਤੇਜ਼ ਚਾਲ ਚੱਲਦਾ ਹੋਇਆ ਬੁੱਲਾ ਆਉਂਦਾ ਹੈ ਤਾਂ ਠੰਢ ਨਾਲ ਸਾਡੇ ਧੁਰ ਅੰਦਰ ਤਕ ਇਕ ਕੰਬਣੀ ਤਾਂ ਭਾਵੇਂ ਛਿੜ ਜਾਂਦੀ ਹੈ ਪਰ ਉਸ ਕੰਬਣੀ ਤੇ ਠੰਢੀ ਹਵਾ ਵਿੱਚੋਂ ਵੀ ‘ਬਸੰਤ ਰੁੱਤ ਮੁਬਾਰਕ’ ਦੀ ਆਵਾਜ਼ ਆਉਂਦੀ ਮਹਿਸੁੂਸ ਹੁੰਦੀ ਹੈ। ਇਨਾਂ ਦਿਨਾਂ ‘ਚ ਹਵਾ ਦੇ ਤੇਜ਼ ਵੇਗ ਨਾਲ ਹੀ ਜ਼ਮੀਨ ਉੱਪਰ ਝੁਕਿਆ ਤੇ ਅੱਧ ਲਿਟਿਆ ਘਾਹ ਧਰਤੀ ਨੂੰ ਪਿਆਰ ਤੇ ਮਮਤਾਮਈ ਚੁੰਮਣ ਦੇ ਕੇ ‘ਬਸੰਤ ਰੁੱਤ ਮੁਬਾਰਕ’ ਹੀ ਤਾਂ ਕਹਿ ਰਿਹਾ ਪ੍ਰਤੀਤ ਹੁੰਦਾ ਹੈ। ਗਮਲਿਆਂ ਤੇ ਘਰਾਂ ਅੱਗੇ ਬਣੀਆਂ ਕਿਆਰੀਆਂ ਵਿਚ ਲੱਗੇ ਪੌਦੇ ਤੇ ਉਨਾਂ ਦੇ ਫੁੱਲ-ਪੱਤੇ ਵੀ ਹਵਾ ਦੇ ਬੁੱਲੇ ਨਾਲ ਹਿਲਦੇ ਹੋਏ ‘ਬਸੰਤ ਰੁੱਤ’ ਦੇ ਭਰ ਜਵਾਨੀ ਵਿਚ ਆਉਣ ਦੀ ਖ਼ੁਸ਼ੀ ਵਿਚ ਇਕ ਤਰਾਂ ਨੱਚ ਰਹੇ ਹੀ ਮਹਿਸੂੁਸ ਹੁੰਦੇ ਹਨ। ਅੰਮ੍ਰਿਤ ਵੇਲ ਗ਼ੁਲਾਬ ਦੇ ਫੁੱਲਾਂ ਅਤੇ ਮਨਮੋਹਣੇ ਤਰਾਂ-ਤਰਾਂ ਦੇ ਫੁੱਲਾਂ ਉੱਪਰ ਪਈਆਂ ਤਰੇਲ ਦੀਆਂ ਬੂੰਦਾਂ ਵੀ ਚੜਦੇ ਸੁੂਰਜ ਦੀ ਲਾਲੀ ਵਾਲੀ ਧੁੱਪ ਨਾਲ ਹੀ ਲਿਸ਼ਕਾਂ ਮਾਰਦੀਆਂ ‘ਬਸੰਤ ਰੁੱਤ’ ਦੀ ਜਵਾਨ ਅਵਸਥਾ ਨੂੰ ਜੀ ਆਇਆਂ ਕਹਿੰਦੀਆਂ ਜਾਪਦੀਆਂ ਹਨ। ਅੰਬਰ ਵਿਚ ਉਡਾਰੀਆਂ ਮਾਰਦੀਆਂ ਪੰਜਾਬ ‘ਚ ਮਹਿਮਾਨ ਬਣਕੇ ਆਈਆਂ ਸਾਇਬੇਰੀਆਂ ਦੀਆਂ ਕੂੰਜਾਂ ਤੇ ਅਠਖੇਲੀਆਂ ਕਰਦੇ ਪਰਵਾਸੀ ਤੇ ਦੇਸੀ ਪੰਛੀ ਵੀ ਬਸੰਤ ਰੁੱਤ ਦੀ ਜਵਾਨੀ ਦਾ ਆਨੰਦ ਮਾਣਦਿਆਂ ਇਸ ਨੂੰ ਜੀ ਆਇਆਂ ਕਹਿੰਦੇ ਹੀ ਜਾਪਦੇ ਹਨ।

ਕਿਸੇ ਸੱਜ ਵਿਆਹੀ ਦੇ ਕੋਕੇ ਦੀ ਜ਼ੀਨਤ, ਗੋਰੀਆਂ- ਗੋਰੀਆਂ ਬਾਹਾਂ ‘ਚ ਪਾਏ ਲਾਲ ਸੂਹੇ ਤੇ ਕਈ ਰੰਗਾਂ ਵਾਲੇ ਚੂੜੇ ਦੀ ਖਣਕ, ਵੰਗਾਂ ਦਾ ਛਣਕਾਟਾ ਵੀ ਤਾਂ ਇਸ ਰੁੱਤ ਦਾ ਸਵਾਗਤ ਕਰਦੇ ਲੱਗਦੇ ਹਨ। ਅੱਲੜਾਂ ਦੀਆਂ ਅੱਖਾਂ ਵਿਚ ਤਾਂ ਇਸ ਰੁੱਤ ਵਿਚ ਗੁਲਾਬੀ ਰੰਗੇ ਸੁਪਨੇ ਹੀ ਦਿਖਾਈ ਦਿੰਦੇ ਹਨ, ਜੋ ਕਿ ਉਹ ਜਾਗਦੀਆਂ ਅੱਖਾਂ ਨਾਲ ਹੀ ਵੇਖ ਰਹੇ ਹੁੰਦੇ ਹਨ।

ਨਦੀ ਕਿਨਾਰੇ ਰੁੱਖੜਾ ਵਾਂਗ ਕਈ ਬਜ਼ੁਰਗਾਂ ਦੀ ਜ਼ਿੰਦਗੀ ਦਾ ਭਰੋਸਾ ਨਹੀਂ ਹੁੰਦਾ ਕਿ ਰੋਡਵੇਜ਼ ਦੀ ਖੜ-ਖੜ ਕਰਦੀ, ਧੱਕਾ ਸਟਾਰਟ ਪੁਰਾਣੀ ਬੱਸ ਦੇ ਆਪਣੀ ਮੰਜ਼ਿਲ ਦੇ ਅਧਵਾਟੇ ਹੀ ਖੜ ਜਾਣ ਵਾਂਗ ਕਦੋਂ ਉਨਾਂ ਦੀ ਜ਼ਿੰਦਗੀ ਦੀ ਗੱਡੀ ਹੀ ਹਮੇਸ਼ਾ ਲਈ ਰੁਕ ਜਾਵੇ, ਇਸ ਲਈ ਜਦੋਂ ਫੱਗਣ ਮਹੀਨੇ ਬਸੰਤ ਰੁੱਤ ਦੀ ਚੜਦੀ ਜਵਾਨੀ ਦੀ ਸਵੇਰ ਆਉਂਦੀ ਹੈ ਤਾਂ ਅੰਮ੍ਰਿਤ ਵੇਲੇ ਹੀ ਉਨਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਹੁੰਦੀ ਹੈ ਕਿ ਉਹ ਇਸ ਵਾਰ ਵੀ ‘ਜ਼ਿੰਦਗੀ ਦੀ ਇਕ ਹੋਰ ਬਸੰਤ ਦੀ ਬਹਾਰ’ ਦਾ ਆਨੰਦ ਮਾਣ ਸਕਣਗੇ। *

Comments

comments

Share This Post

RedditYahooBloggerMyspace