ਸਦੀਆਂ ਦਾ ਇਤਿਹਾਸ ਸਾਂਭੀ ਬੈਠਾ ਕਿਲ੍ਹਾ ਗਵਾਲੀਅਰ

ਉੱਤਰ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਗੁਜਰਾਤ ਅਤੇ ਮਹਾਰਾਸ਼ਟਰ ਸਮੇਤ ਪੰਜ ਪ੍ਰਾਂਤਾਂ ‘ਚ ਘਿਰਿਆ ਮੱਧ ਪ੍ਰਦੇਸ਼ ਮੁਲਕ ਦਾ ਦੂਜਾ ਸਭ ਤੋਂ ਵੱਡਾ ਸੂਬਾ ਹੈ। ਇਸ ਸੂਬੇ ਦੇ ਨਾਂ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਇਹ ਭਾਰਤ ਦੇ ਮੱਧ (ਵਿਚਕਾਰ) ਵਿੱਚ ਹੈ। ਇਸ ਦੀ ਰਾਜਧਾਨੀ ਭੂਪਾਲ ਹੈ। ਗਵਾਲੀਅਰ ਇੱਥੋਂ ਦਾ ਪ੍ਰਸਿੱਧ ਸ਼ਹਿਰ ਹੈ। ਗਵਾਲੱਪ ਜਾਂ ਗਵਾਲੰਭ ਨਾਮੀਂ ਕਿਸੇ ਸਿੱਧ ਦੇ ਨਾਂ ਤੋਂ ਪ੍ਰਚੱਲਿਤ ਹੋਇਆ ਗੋਪਾਗਿਰੀ, ਗੋਪਾਂਦਰੀ ਜਾਂ ਗਵਾਰੀਏਰ ਅੱਜ ਗਵਾਲੀਅਰ ਕਹਾਉਂਦਾ ਹੈ। ਮਿਥਿਹਾਸਕ ਆਧਾਰ ‘ਤੇ ਗਵਾਲੀਅਰ ਦਾ ਇਤਿਹਾਸ ਪੱਥਰ ਯੁੱਗ ਨਾਲ ਜੋੜਿਆ ਜਾਂਦਾ ਹੈ। ਇੱਥੇ ਹੋਈ ਖੁਦਾਈ ‘ਚੋਂ ਮਿਲੀਆਂ ਇੱਟਾਂ, ਮੂਰਤੀਆਂ, ਮਿੱਟੀ ਦੇ ਭਾਂਡੇ, ਅਸ਼ਤਰ-ਸ਼ਸਤਰ 600 ਈਸਵੀ ਪੂਰਵ ਤੋਂ ਲੈ ਕੇ ਮੱਧ 800 ਈਸਵੀ ਦੇ ਹਨ। ਇਨ੍ਹਾਂ ਖੁਦਾਈਆਂ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਇਲਾਕਾ ਮੌਰੀਆ ਵੰਸ਼, ਸ਼ੁੰਗ, ਕੁਸ਼ਾਨ, ਨਾਗ, ਗੁਪਤ ਅਤੇ ਨੰਦ ਕਾਲ ਸਮੇਂ ਵੀ ਅਨੇਕਾਂ ਇਤਿਹਾਸਕ ਉਤਾਰ-ਚੜ੍ਹਾਵਾਂ ਦਾ ਕੇਂਦਰ ਰਿਹਾ। ਕੁਝ ਵਿਦਵਾਨ ਇਸ ਨੂੰ ਹੜੱਪਾ ਸੱਭਿਅਤਾ ਨਾਲ ਵੀ ਜੋੜਦੇ ਹਨ। ਈਸਾ ਤੋਂ ਛੇਵੀਂ ਸਦੀ ਪੂਰਵ ਇੱਥੇ ਪਾਟਲੀਪੁੱਤਰ (ਪਟਨਾ, ਬਿਹਾਰ) ਦੇ ਨੰਦ ਵੰਸ਼ ਦਾ ਰਾਜ ਸੀ। ਨੰਦ ਰਾਜੇ, ਸ਼ਿਵਨੰਦੀ ਨੇ ਨਾਗ ਰਾਜਾ, ਸ਼ਿਸ਼ੂਨਾਗ ਤੋਂ ਇਹ ਇਲਾਕਾ ਜਿੱਤਿਆ ਸੀ ਜਿਸ ਦੀ ਰਾਜਧਾਨੀ ਪਦਮ ਪਵਾਇਆ ਗ੍ਰਾਮ (ਨੇੜੇ ਗਵਾਲੀਅਰ) ਸੀ। ਸਮੁੰਦ ਗੁਪਤ ਦੇ ਸ਼ਿਲਾਲੇਖ ‘ਤੇ ਉੱਕਰਿਆ ਹੈ ਕਿ ਭੀਮ, ਸਕੰਦ, ਵੱਧੂ, ਬ੍ਰਹਿਸਪਤੀ, ਵਿਭੂ, ਭਵਨਾਭ, ਦੇਵਮ (ਦੇਵਭ), ਵਿਆਂਗਰ ਅਤੇ ਗਣਪਤੀ ਇੱਥੋਂ ਦੇ ਨਾਗਵੰਸ਼ੀ ਸ਼ਾਸਕ ਸਨ। ਕਾਲਮ ਮੁਤਾਬਕ ਹੁਣ ਸ਼ਾਸਕ ਮਿਹਰਗੁਲ ਦਾ ਛੇਵੀਂ ਸਦੀ ਦਾ ਸ਼ਿਲਾਲੇਖ ਗਵਾਲੀਅਰ ਦੇ ਕਿਲ੍ਹੇ ਦੀ ਪ੍ਰਾਚੀਨਤਾ ਸਬੰਧੀ ਪਹਿਲਾ ਲਿਖਤੀ ਪ੍ਰਮਾਣ ਮੰਨਿਆ ਜਾਂਦਾ ਹੈ। ਕਿਲ੍ਹੇ ਦੇ ਲਕਸ਼ਮਣ ਦਰਵਾਜ਼ੇ ਦੇ ਸ਼ਿਲਾਲੇਖ ‘ਤੇ ਪਤੀਹਾਰ ਸ਼ਾਸਕ ਮਿਹਰਭੋਜ ਦਾ ਨਾਂ ਉੱਕਰਿਆ ਹੋਇਆ ਹੈ। ਇਸ ਸ਼ਾਸਕ ਤੋਂ ਬਾਅਦ ਪਤੀਹਾਰ ਵੰਸ਼ ਦਾ ਰਾਜਾ ਭੋਜ ਹੋਇਆ, ਜਿਸ ਨੇ 836 ਤੋਂ 882 ਈ. ਤਕ ਇਸ ਇਲਾਕੇ ‘ਤੇ ਰਾਜ ਕੀਤਾ। ਅੱਠਵੀਂ ਸਦੀ ਵਿੱਚ ਗੁੱਜਰ, ਪਤੀਹਾਰ ਵੰਸ਼ ਅਤੇ ਨੌਵੀਂ ਸਦੀ ਵਿੱਚ ਕਛਪਘਾਤ ਵੰਸ਼ ਗਵਾਲੀਅਰ ‘ਤੇ ਕਾਬਜ਼ ਹੋਇਆ।

ਦਸਵੀਂ ਸਦੀ ਦੇ ਸ਼ੁਰੂ ਵਿੱਚ ਹਿੰਦੁਸਤਾਨ ‘ਤੇ ਵਿਦੇਸ਼ੀ ਹਮਲੇ ਹੋਣ ਲੱਗੇ। 1021-22 ਵਿੱਚ ਮਹਿਮੂਦ ਗਜ਼ਨਵੀ ਅਤੇ 11ਵੀਂ ਸਦੀ ਵਿੱਚ ਮੁਹੰਮਦ ਗੌਰੀ ਇੱਥੋਂ ਦੇ ਸ਼ਾਸਕਾਂ ਨੂੰ ਗੱਦੀਓਂ ਉਤਾਰ ਕੇ ਆਪਣੇ-ਆਪਣੇ ਪ੍ਰਤੀਨਿਧ ਥਾਪਦੇ ਰਹੇ। ਗੌਰੀ ਦੇ ਸੈਨਾਪਤੀ ਕੁਤਬਦੀਨ ਐਬਕ ਨੇ ਆਪਣੇ ਜਵਾਈ ਅਲਤਮਸ਼ ਨੂੰ ਕਿਲ੍ਹੇ ਦਾ ਪ੍ਰਬੰਧਕ ਥਾਪਿਆ। 1265 ਵਿੱਚ ਇਹ ਕਿਲ੍ਹਾ ਗੁਲਾਮ ਸਰਦਾਰ ਅਤੇ ਦਿੱਲੀ ਦੇ ਸੁਲਤਾਨ ਬਲਬਨ ਦੇ ਅਧਿਕਾਰ ਹੇਠ ਆ ਗਿਆ। ਮੁਸਲਿਮ ਇਤਿਹਾਸਕਾਰ ਫਰੀਸ਼ਤਾ ਦੇ ਕਥਨ ਮੁਤਾਬਕ 1295 ਵਿੱਚ ਫਿਰੋਜ਼ਸ਼ਾਹ ਖਿਲਜੀ ਨੇ ਕਿਲ੍ਹੇ ‘ਤੇ ਕਬਜ਼ਾ ਜਮਾਇਆ ਅਤੇ ‘ਖਿਲਜ ਸ਼ਾਹੀ’ ਝੰਡਾ ਝੁਲਾ ਦਿੱਤਾ। ਉਸ ਨੇ ਥਾਂ-ਥਾਂ ਤੋਂ ਫੜੇ ਗਏ ਤਕਰੀਬਨ 4000 ਗੁਲਾਮ ਕਿਲ੍ਹੇ ਵਿੱਚ ਕੈਦ ਕੀਤੇ। ਇਸ ਤਰ੍ਹਾਂ ਇਹ ਕਿਲ੍ਹਾ ਔਰੰਗਜ਼ੇਬ ਦੇ ਸ਼ਾਸਨ ਕਾਲ ਤੀਕ ਕੈਦਖਾਨੇ ਵਜੋਂ ਵਰਤਿਆ ਜਾਂਦਾ ਰਿਹਾ। ਔਰੰਗਜ਼ੇਬ ਨੇ ਆਪਣੇ ਭਰਾ ਮੁਰਾਦ ਨੂੰ ਇੱਥੇ ਹੀ ਕੈਦ ਕੀਤਾ ਅਤੇ ਫਾਂਸੀ ਦਿੱਤੀ ਸੀ। ਇਹ ਫਾਂਸੀ ਘਰ ਤੋਮਰ ਰਾਜਾ ਮਾਨ ਸਿੰਘ ਦੇ ਮਹਿਲ ਦੀ ਦੂਜੀ ਮੰਜ਼ਿਲ ‘ਤੇ ਅੱਜ ਵੀ ਵੇਖਣ ਨੂੰ ਮਿਲਦਾ ਹੈ।

ਕਿਲ੍ਹਾ ਗਵਾਲੀਅਰ 1398 ‘ਚ ਵਿਕਾਸ ਦੇ ਸਿਖ਼ਰ ‘ਤੇ ਪਹੁੰਚਿਆ ਜਦੋਂ ਤੋਮਰ ਰਾਜਪੂਤ ਰਾਜੇ ਇਸ ‘ਤੇ ਕਾਬਜ਼ ਹੋਏ। ਡੂੰਗਰ ਸਿੰਘ ਤੋਮਰ ਨੇ 1428 ਵਿੱਚ ਕਿਲ੍ਹੇ ਦੇ ਛੇ ਪ੍ਰਵੇਸ਼ ਦਰਵਾਜ਼ਿਆਂ ਸਾਹਮਣੇ ਵਾਲੀਆਂ ਪਹਾੜੀਆਂ ਨੂੰ ਤਰਾਸ਼ ਕੇ ਜੈਨ ਪੈਗੰਬਰ ਦੀਆਂ ਸੈਂਕੜੇ ਮੂਰਤੀਆਂ ਬਣਵਾਈਆਂ। ਇਨ੍ਹਾਂ ਵਿੱਚੋਂ ਕਈ ਮੂਰਤੀਆਂ 25 ਫੁੱਟ ਦੇ ਲਗਪਗ ਉੱਚੀਆਂ ਹਨ ਅਤੇ ਮੂੰਹੋਂ ਬੋਲਦੀਆਂ ਪ੍ਰਤੀਤ ਹੁੰਦੀਆਂ ਹਨ।

ਇਨ੍ਹਾਂ ਮੂਰਤੀਆਂ ਤੋਂ ਇਲਾਵਾ ਪੁਰਾਤਤਵ ਅਜਾਇਬਘਰ ਵਿੱਚ ਸਾਂਭੀਆਂ ਪਹਿਲੀ ਤੋਂ ਨੌਵੀਂ ਸਦੀ ਦੀਆਂ ਮੂਰਤੀਆਂ ਦੇਖਣਯੋਗ ਹਨ। ਇਹ ਮੂਰਤੀਆਂ ਗਵਾਲੀਅਰ ਦੇ ਆਸ-ਪਾਸ ਅਮਰੋਲ, ਖੇਰਾਟ, ਮਿਤਵਲੀ, ਪੜਾਵਲੀ, ਤੇਰਹੀ ਅਤੇ ਸੁਖਾਇਆ ਇਲਾਕੇ ਦੀਆਂ ਹਨ। ਨਰੇਸਰ, ਬਟੇਸਰ ਆਦਿ ਦੀਆਂ ਮੂਰਤੀਆਂ ਗੁੱਜਰ-ਪਤਿਹਾਰ ਕਾਲ (8ਵੀਂ-10ਵੀਂ ਸਦੀ) ਦੀਆਂ ਹਨ। ਇਨ੍ਹਾਂ ਮੂਰਤੀਆਂ ਦੀਆਂ ਖੁਦਾਈ ਸਮੇਂ ਚਾਂਦੀ ਦੇ ਕੰਨ-ਕੁੰਡਲ, ਤਾਂਬੇ ਦੀਆਂ ਅੰਗੂਠੀਆਂ, ਚੂੜੀਆਂ, ਹਾਰ, ਪੰਜੇਬਾਂ ਅਤੇ ਸੁਰਮ ਸਲਾਈਆਂ ਮਿਲੀਆਂ ਹਨ।

ਗਵਾਲੀਅਰ ਦਾ ਕਿਲ੍ਹਾ ਬਲੂਆ ਪੱਥਰ ਦੀ ਤਕਰੀਬਨ 300-400 ਫੁੱਟ ਉੱਚੀ ਸਿੱਧੀ ਚੱਟਾਨ ‘ਤੇ ਉਸਰਿਆ ਹੋਇਆ ਹੈ। ਕਰਨਲ ਕਨਿੰਘਮ ਨੇ ਇਸ ਕਿਲ੍ਹੇ ਨੂੰ ਆਕਾਸ਼ ਹੇਠਲਾ ਥੰਮ੍ਹ ਦੱਸ ਕੇ ਇਸ ਦੀ ਸ਼ਲਾਘਾ ਕੀਤੀ ਸੀ। ਚਿਤੌੜਗੜ੍ਹ ਤੋਂ ਬਾਅਦ ਸ਼ਾਇਦ ਹੀ ਕੋਈ ਹੋਰ ਕਿਲ੍ਹਾ ਇਸ ਦੀ ਬਰਾਬਰੀ ਕਰ ਸਕੇ। ਇਸ ਸ਼ਾਹਕਾਰ ਕਿਲ੍ਹੇ ਦੀ ਲੰਬਾਈ 8-10 ਮੀਲ ਅਤੇ ਚੌੜਾਈ 5-6 ਮੀਲ ਹੈ। ਚੱਟਾਨਾਂ ਨੂੰ ਕੱਟ ਕੇ ਬਣਾਈਆਂ ਸੁਰੱਖਿਆ ਦੀਵਾਰਾਂ ਨੂੰ ਛੋਟੇ-ਵੱਡੇ ਤਿਰਛੇ ਆਰੀਦਾਰ ਮੋਰਿਆਂ ਨਾਲ ਸਜਾਇਆ ਗਿਆ ਹੈ। ਸਾਰੀਆਂ ਦੀਵਾਰਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਮੋਰੇ ਹਨ। ਜੰਗਾਂ-ਯੁੱਧਾਂ ਸਮੇਂ ਇਹ ਮੋਰੇ ਗੋਲਾ-ਬਾਰੂਦ ਦਾਗਣ ਅਤੇ ਇੱਟਾਂ-ਪੱਥਰ ਵਰਸਾਉਣ ਦੇ ਕੰਮ ਆਉਂਦੇ ਸਨ।

ਕਿਲ੍ਹੇ ਅੰਦਰ ਗੁਰਦੁਆਰਾ ਸਾਹਿਬ, ਤੋਮਰ ਮਾਨ ਸਿੰਘ ਮਹਿਲ, ਜਹਾਂਗੀਰ ਮਹਿਲ, ਗੁਜਰੀ ਮਹਿਲ, ਸ਼ਾਹਜਹਾਂ ਮਹਿਲ, ਮੁਰਾਦ ਦਾ ਮਕਬਰਾ, ਦਾਰਾ ਸ਼ਿਕੋਹ ਦੇ ਵੱਡੇ ਪੁੱਤਰ ਸੁਲੇਮਾਨ ਸ਼ਿਕੋਹ ਦਾ ਮਕਬਰਾ ਅਤੇ ਔਰੰਗਜ਼ੇਬ ਦੇ ਪੁੱਤਰ ਮੁਹੰਮਦ ਮੁਅੱਜ਼ਮ ਦੁਆਰਾ ਬਣਵਾਏ ਮੁਗ਼ਲ ਸੈਨਾਪਤੀਆਂ ਦੇ ਮਕਬਰੇ ਅਤੇ ਤਾਨਸੇਨ ਦਾ ਮਕਬਰਾ ਵਿਸ਼ੇਸ਼ ਦੇਖਣਯੋਗ ਇਮਾਰਤਾਂ ਹਨ ਜੋ ਕਈ ਸਦੀਆਂ ਦਾ ਇਤਿਹਾਸ ਸਾਂਭੀ ਬੈਠੀਆਂ ਹਨ।

ਇਤਿਹਾਸ ਨੇ ਇਕਦਮ ਅੰਨ੍ਹਾ ਮੋੜ ਕੱਟਿਆ। ਗਵਾਲੀਅਰ ਦੇ ਕਿਲ੍ਹੇ ਨੇ ਤਖ਼ਤ ਅਤੇ ਤਖ਼ਤਾਂ ਦੀ ਖੇਡ ਅੱਖੀਂ ਡਿੱਠੀ। ਕਈ ਤਖ਼ਤ ‘ਤੇ ਬੈਠਦੇ ਰਹੇ, ਕਈ ਤਖ਼ਤੇ ‘ਤੇ ਚੜ੍ਹਦੇ ਰਹੇ, ਇਹ ਸਿਲਸਿਲਾ ਮੁਗਲ ਰਾਜ ਦੇ ਮੁੱਢ ਤੋਂ ਲੈ ਕੇ ਇਸ ਦੇ ਖ਼ਾਤਮੇ ਤਕ ਚਲਦਾ ਰਿਹਾ। ਇਬਰਾਹਿਮ ਲੋਧੀ ਨੇ 1523 ਵਿੱਚ ਤੋਮਰ ਮਾਨ ਸਿੰਘ ਦੇ ਪੁੱਤਰ ਵਿਕ੍ਰਮਾਦਿੱਤ ਨੂੰ ਹਰਾ ਕੇ ਕਿਲ੍ਹੇ ‘ਤੇ ਫ਼ਤਿਹ ਹਾਸਲ ਕੀਤੀ। ਕੁਦਰਤ ਦੀ ਖੇਡ ਕਿ ਤੋਮਰਾਂ ਦੇ ਖਾਨਦਾਨੀ ਮਹਿਲ ਵਿੱਚ ਹੀ ਉਸ ਨੂੰ ਫਾਂਸੀ ਦਿੱਤੀ ਗਈ। ਤਿੰਨ ਸਾਲ ਬਾਅਦ ਹੀ ਇਬਰਾਹਿਮ ਨੂੰ ਪਾਣੀਪਤ ਦੀ ਲੜਾਈ (1526) ਵਿੱਚ ਬਾਬਰ ਹੱਥੋਂ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਉਹ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਲੜਾਈ ਤੋਂ ਤੁਰੰਤ ਬਾਅਦ ਬਾਬਰ ਨੇ ਆਪਣੇ ਪੁੱਤਰ ਹਮਾਯੂੰ ਨੂੰ ਗਵਾਲੀਅਰ ਭੇਜਿਆ ਤਾਂ ਜੋ ਕਿਲ੍ਹੇ ਦਾ ਪ੍ਰਬੰਧ ਕੀਤਾ ਜਾਵੇ। ਹਮਾਯੂੰ ਦੇ ਆਉਣ ਦੀ ਖ਼ਬਰ ਪਾ ਕੇ ਗਵਾਲੀਅਰ ਦੇ ਰਸਤੇ ਆਗਰਾ ਨੂੰ ਜਾ ਰਿਹਾ ਵਿਕ੍ਰਮਾਦਿੱਤ ਦਾ ਪਰਿਵਾਰ ਰੋਕ ਲਿਆ ਗਿਆ। ਵਿਧਵਾ ਰਾਣੀ ਸ਼ੀਲਮਤੀ ਨੇ ਜਾਨ ਖਲਾਸੀ ਬਦਲੇ ਹਮਾਯੂੰ ਨੂੰ ਬਹੁਤ ਸਾਰੇ ਹੀਰੇ-ਜਵਾਹਰਾਤ ਭੇਟ ਕੀਤੇ, ਜਿਨ੍ਹਾਂ ਵਿੱਚ ਕੋਹਿਨੂਰ ਹੀਰਾ ਵੀ ਸੀ। ਬਾਬਰਨਾਮੇ ਮੁਤਾਬਕ ਇਸ ਹੀਰੇ ਦਾ ਵਜ਼ਨ 2 ਤੋਲੇ 11 ਮਾਸੇ 4 ਰੱਤੀ ਭਾਵ 39.953076495 ਗ੍ਰਾਮ ਸੀ। ਹਮਾਯੂੰ ਨੇ ਉਦਾਰਤਾ ਦਿਖਾਉਂਦਿਆਂ ਰਾਜਪਾਟ ਦਾ ਅਧਿਕਾਰ ਤੋਮਰ ਰਾਣੀ ਪਾਸ ਹੀ ਰਹਿਣ ਦਿੱਤਾ ਅਤੇ ਰਹੀਮਦਾਦ ਖ਼ਾਨ ਨੂੰ ਕਿਲ੍ਹੇਦਾਰ ਥਾਪ ਕੇ ਆਗਰੇ ਮੁੜ ਆਇਆ। ਇਸ ਘਟਨਾ ਤੋਂ 26 ਸਾਲ ਬਾਅਦ ਅਕਬਰ ਨੇ ਸਮੇਂ ਦੇ ਸ਼ਾਸਕ ਰਾਮ ਸਿੰਘ ਤੋਮਰ ਤੋਂ ਕਿਲ੍ਹਾ ਆਪਣੇ ਅਧਿਕਾਰ ਹੇਠ ਕਰ ਲਿਆ। ਕਿਲ੍ਹਾ ਹੱਥੋਂ ਨਿਕਲ ਜਾਣ ‘ਤੇ ਰਾਮ ਸਿੰਘ ਨੇ ਅਕਬਰ ਵਿਰੁੱਧ ਬਗ਼ਾਵਤ ਕਰ ਦਿੱਤੀ। ਆਪਣੇ ਤਿੰਨਾਂ ਪੁੱਤਰਾਂ ਸ਼ਾਲੀਵਾਹਨ ਸਿੰਘ, ਭਵਾਨੀ ਸਿੰਘ ਅਤੇ ਪ੍ਰਤਾਪ ਸਿੰਘ ਨੂੰ ਨਾਲ ਲੈ ਕੇ ਉਹ ਮਹਾਰਾਣਾ ਉਦੈ ਸਿੰਘ ਦੇ ਦਰਬਾਰ ਚਿਤੌੜਗੜ੍ਹ ਹਾਜ਼ਰ ਹੋਇਆ। ਜੂਨ 1576 ਦੇ ਸੰਸਾਰ ਪ੍ਰਸਿੱਧ ਹਲਦੀ ਘਾਟੀ ਦੇ ਮੈਦਾਨ-ਏ-ਜੰਗ ਵਿੱਚ ਚਾਰੇ ਪਿਓ-ਪੁੱਤ ਸ਼ਹੀਦ ਹੋ ਗਏ।

ਮੁਗ਼ਲ ਬਾਦਸ਼ਾਹ ਸ਼ਾਹਜਹਾਨ ਦੇ ਸਮੇਂ ਗਵਾਲੀਅਰ ਸਬੰਧੀ ਕਿਸੇ ਵਿਸ਼ੇਸ਼ ਘਟਨਾ ਦਾ ਇਤਿਹਾਸ ਵਿੱਚ ਜ਼ਿਕਰ ਨਹੀਂ ਮਿਲਦਾ। ਉਸ ਦੇ ਪਿਤਾ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਲ੍ਹੇ ਵਿੱਚ ਕੈਦ ਕੀਤਾ ਸੀ। ਗੁਰੂ ਜੀ ਦੀ ਯਾਦ ਵਿੱਚ ਇੱਥੇ ਸ਼ਾਨਦਾਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਔਰੰਗਜ਼ੇਬ ਦੀ ਨੀਤੀ ਸੀ ਕਿ ਭਾਵੇਂ ਉਸ ਦਾ ਸਾਰਾ ਪਰਿਵਾਰ ਕਿਸੇ ਵੀ ਕੁੜਿੱਕੀ ‘ਚ ਫਸੇ, ਉਸ ਨੂੰ ਤਖ਼ਤ ਮਿਲਣਾ ਚਾਹੀਦਾ ਹੈ। ਉਸ ਨੇ ਆਪਣੇ ਪੁੱਤਰ ਮੁਹੰਮਦ ਸੁਲਤਾਨ ਨੂੰ ਆਗਰੇ ਤੋਂ ਦਿੱਲੀ ਦੇ ਹਾਕਮ ਵਜੋਂ ਸ਼ਾਹੀ ਫੁਰਮਾਨ ਦੇ ਕੇ ਭੇਜਿਆ ਪਰ ਰਸਤੇ ਵਿੱਚ ਹੀ ਪਹਿਲਾਂ ਤੋਂ ਤਿਆਰ ਖੜ੍ਹੇ 400 ਹਥਿਆਰਬੰਦ ਸੈਨਿਕ ਉਸ ਨੂੰ ਘੇਰ ਕੇ ਇੱਕ ਪਿੰਜਰੇ ਵਿੱਚ ਬੰਦ ਕਰਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਲੈ ਗਏ। ਉਸ ਸਮੇਂ ‘ਮੁਗਲੀਆ ਪੋਸਤ’ ਨਾਂ ਦੀ ਜ਼ਹਿਰੀਲੀ ਬੂਟੀ ਦਾ ਰਸ ਦੇ ਕੇ ਕੈਦੀ ਨੂੰ ਤੜਫ਼ਾ-ਤੜਫ਼ਾ ਕੇ ਮਾਰਿਆ ਜਾਂਦਾ ਸੀ। ਇਹ ਵਿਸ਼ੈਲਾ ਪੋਸਤ ਸਿਰਫ਼ ਗਵਾਲੀਅਰ ਦੇ ਕਿਲ੍ਹੇ ਵਿੱਚ ਹੀ ਉਗਾਇਆ ਜਾਂਦਾ ਸੀ। 5 ਦਸੰਬਰ 1766 ਨੂੰ ਸ਼ਹਿਜ਼ਾਦਾ ਕੈਦ ਵਿੱਚ ਮਾਰ ਦਿੱਤਾ ਗਿਆ। ਔਰੰਗਜ਼ੇਬ ਦੀਆਂ ਅੱਖਾਂ ਸਾਹਮਣੇ ਹਮਾਯੂੰ ਦੇ ਭਰਾਵਾਂ ਦੀ ਬਗ਼ਾਵਤ, ਜਹਾਂਗੀਰ ਦੀ ਆਪਣੇ ਪਿਤਾ ਅਕਬਰ ਅਤੇ ਖ਼ੁਦ ਉਸ ਦੇ ਪੁੱਤਰ ਖੁਸਰੋ ਦੀ ਬਗ਼ਾਵਤ, ਸ਼ਾਹਜਹਾਂ ਦੀ ਜਹਾਂਗੀਰ ਵਿਰੁੱਧ ਬਗ਼ਾਵਤ ਵਾਰੋ-ਵਾਰੀ ਘੁੰਮ ਰਹੀਆਂ ਸਨ। ਆਗਰੇ ਦੇ ਤਖ਼ਤ ਦੇ ਵਾਰਸ ਅਤੇ ਆਪਣੇ ਵੱਡੇ ਪੁੱਤਰ ਤੋਂ ਛੁਟਕਾਰਾ ਪਾਉਣ ਤੋਂ ਤੁਰੰਤ ਬਾਅਦ ਔਰੰਗਜ਼ੇਬ ਨੇ ਮੁਰਾਦਬਖ਼ਸ਼, ਸ਼ੁਜਾਹ ਅਤੇ ਦਾਰਾ ਸ਼ਿਕੋਹ ਦੇ ਖ਼ਾਤਮੇ ਲਈ ਜਾਲ ਵਿਛਾਇਆ। ਮੁਰਾਦ ਨੂੰ ਗਵਾਲੀਅਰ ਦਾ ਹਾਕਮ ਬਣਾ ਕੇ ਭੇਜ ਦਿੱਤਾ ਗਿਆ। ਉਸ ਨੇ ਹਾਲੇ ਕਿਲ੍ਹੇ ਵਿੱਚ ਪੈਰ ਪਾਏ ਹੀ ਸਨ ਕਿ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਹੁਣ ਉਹ ਕਿਲ੍ਹੇ ਦਾ ਬਾਦਸ਼ਾਹ ਨਾ ਹੋ ਕੇ ਬੰਦੀ ਬਣ ਚੁੱਕਾ ਸੀ।

ਕਵੀ ਉਸ ਦੀ ਵੀਰਤਾ ਦੀਆਂ ਕਵਿਤਾਵਾਂ ਲਿਖਦੇ ਜਿਨ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੇ ਬਗ਼ਾਵਤੀ ਸੁਰ ਅਖ਼ਤਿਆਰ ਕਰ ਲਿਆ। ਇਸ ਦੇ ਬਾਵਜੂਦ ਕਿਸੇ ਸੱਯਦ ਪੀਰ ਦੀ ਧੰਨ-ਦੌਲਤ ਹੜੱਪਣ ਦਾ ਦੋਸ਼ ਲਾ ਕੇ ਉਸ ਨੂੰ ਮਾਨ ਸਿੰਘ ਤੋਮਰ ਦੇ ਮਹਿਲ ਵਿਚਲੇ ਫਾਂਸੀ ਘਰ ਵਿੱਚ ਫਾਂਸੀ ‘ਤੇ ਲਟਕਾ ਦਿੱਤਾ ਗਿਆ। ਦਾਰਾ ਸ਼ਿਕੋਹ ਦਾ ਸਿਰ-ਧੜ ਵੱਖਰਾ ਕਰਨ ਦੀ ਤਾਰੀਖ਼ 22 ਅਕਤੂਬਰ 1659 ਸਮੇਂ ਉਸ ਦਾ ਪੁੱਤਰ ਵੀ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਸੀ। ਹਾਲਾਂਕਿ ਇਹ ਘਟਨਾਵਾਂ ਇਤਿਹਾਸ ਨਾਲ ਮੇਲ ਨਹੀਂ ਖਾਂਦੀਆਂ ਪਰ ਬਰਨੀਅਰ ਦਾਅਵਾ ਕਰਦਾ ਹੈ ਕਿ ਇਹ ਸਭ ਕੁਝ ਉਸ ਦੀਆਂ ਅੱਖਾਂ ਸਾਹਮਣੇ ਹੋਇਆ। ਮੁਰਾਦਬਖ਼ਸ਼ ਦਾ ਸਿਰ ਵੱਢਣ ਵਾਸਤੇ ਜਿਸ ਸਮੇਂ ਹਥਿਆਰਬੰਦ ਬੰਦੇ ਭੇਜੇ ਗਏ ਉਹ (ਬਰਨੀਅਰ) ਔਰੰਗਜ਼ੇਬ ਦੇ ਦਰਬਾਰ ਵਿੱਚ ਹਾਜ਼ਰ ਸੀ।

ਪਲਾਸੀ ਦੀ ਲੜਾਈ (1757), ਬਕਸਰ (1764), ਸਤਲੁਜ ਯੁੱਧ (1842) ਅਤੇ 1857 ਦੀ ਕ੍ਰਾਂਤੀ ਵਿੱਚ ਲੱਖਾਂ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਪਰ ਦੇਸ਼ ਦੇ ਦੁਸ਼ਮਣ ਜਾਗੀਰਦਾਰਾਂ, ਸਫ਼ੈਦਪੋਸ਼ਾਂ, ਰਾਜੇ-ਰਜਵਾੜਿਆਂ ਦੀਆਂ ਗੱਦਾਰੀਆਂ ਕਾਰਨ ਭਾਰਤ, ਬਰਤਾਨਵੀ ਸਾਮਰਾਜੀਆਂ ਦੀ ਮਾਰ ਹੇਠ ਆ ਗਿਆ। ਇਸ ਕ੍ਰਾਂਤੀ ਨੂੰ ਨਾਕਾਮ ਕਰਨ ਲਈ ਗਵਾਲੀਅਰ ਬੈਠਾ ਬਰਤਾਨਵੀ ਸਿਆਸੀ ਏਜੰਟ ਮੇਜਰ ਮੈਲਕਮ, ਜਿਸ ਨੂੰ ਸ਼ਿੰਦੇ ਖਾਨਦਾਨ ਦੀ ਹਮਾਇਤ ਪ੍ਰਾਪਤ ਸੀ, ਜ਼ਿੰਮੇਵਾਰ ਸੀ। ਮੈਲਕਮ ਨੇ 29 ਅਕਤੂਬਰ 1853 ਨੂੰ ਰਾਜਾ ਗੰਗਾਧਰ ਰਾਉ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਝਾਂਸੀ ਦੇ ਏਜੰਟ ਕੈਪਟਨ ਏਲਿਸ ਨੂੰ ਤਾੜਨਾ ਕੀਤੀ ਕਿ ਮਹਾਰਾਣੀ ਦੇ ਮੁਤਬੰਨੇ ਨੂੰ ਹਰਗਿਜ਼ ਸਵੀਕਾਰ ਨਾ ਕੀਤਾ ਜਾਵੇ। ਉਸ ਨੇ ਝਾਂਸੀ ਦਾ ਖ਼ਜ਼ਾਨਾ, ਹੀਰੇ-ਜਵਾਹਰਾਤ, ਚਾਂਦੀ-ਸੋਨਾ ਅਤੇ ਹੋਰ ਕੀਮਤੀ ਸਾਮਾਨ ਗਵਾਲੀਅਰ ਮੰਗਵਾ ਕੇ ਐਲਾਨ ਕੀਤਾ ਕਿ ਝਾਂਸੀ ਦੇ ਰਾਜਾ ਗੰਗਾਧਰ ਰਾਉ ਦਾ 21 ਨਵੰਬਰ 1853 ਨੂੰ ਦੇਹਾਂਤ ਹੋ ਗਿਆ ਹੈ, ਉਸ ਦੇ ਮੁਤਬੰਨੇ ਦੀ ਮਾਨਤਾ ਗਵਰਨਰ ਜਨਰਲ ਆਫ਼ ਇੰਡੀਆ ਵੱਲੋਂ ਰੱਦ ਕੀਤੀ ਜਾਂਦੀ ਹੈ, ਝਾਂਸੀ ਅਤੇ ਗਵਾਲੀਅਰ ਸੰਘ ਦਾ ਮੈਂ (ਮੈਲਕਮ) ਖ਼ੁਦਮੁਖ਼ਤਾਰ ਸਿਆਸੀ ਏਜੰਟ ਹੋਵਾਂਗਾ। ਇਹ ਐਲਾਨ 13 ਮਾਰਚ 1854 ਨੂੰ ਕੀਤਾ ਗਿਆ।

ਉਸ ਨੇ ਇਹ ਸਾਰੀਆਂ ਸਿਫ਼ਾਰਸ਼ਾਂ ਮਨਜ਼ੂਰੀ ਵਾਸਤੇ ਗਵਰਨਰ ਜਨਰਲ ਲਾਰਡ ਡਲਹੌਜ਼ੀ ਕੋਲ ਸ਼ਿਮਲੇ ਭੇਜ ਦਿੱਤੀਆਂ। ਐਲਾਨ ‘ਤੇ ਖ਼ੁਸ਼ੀ ਜਤਾਉਂਦਿਆਂ ਗਵਾਲੀਅਰ ਦੇ ਮਹਾਰਾਜਾ ਸ਼ਿਵਾਜੀ ਰਾਉ ਸ਼ਿੰਦੇ ਨੇ ਗਵਰਨਰ ਜਨਰਲ ਨੂੰ ਮੁਬਾਰਕਬਾਦ ਭੇਜੀ ਅਤੇ 21 ਤੋਪਾਂ ਦਾਗ਼ ਕੇ ਕਿਲ੍ਹੇ ਅੰਦਰ ਖ਼ੁਸ਼ੀ ਮਨਾਈ। 1857 ਦੀ ਕ੍ਰਾਂਤੀ ਦਾ ਵੀਰ ਨਾਇਕ ਤਾਂਤੀਆ ਟੋਪੇ ਇਨ੍ਹੀਂ ਦਿਨੀਂ ਕਾਲਪੀ ਵਿੱਚ ਸੀ। ਉਸ ਨੇ ਝਾਂਸੀ ਦੀ ਰਾਣੀ ਨੂੰ ਸਲਾਹ ਦਿੱਤੀ ਕਿ ਹਯੂਰੋਜ ਨੂੰ ਕਾਲਪੀ ਪਹੁੰਚਣ ਤੋਂ ਪਹਿਲਾਂ ਹੀ ਟੱਕਰ ਦਿੱਤੀ ਜਾਵੇ।

ਉਸ ਦਾ ਇਹ ਵੀ ਕਹਿਣਾ ਸੀ ਕਿ ਅੰਗਰੇਜ਼ ਪਿੱਠੂ ਗਵਾਲੀਅਰ ਦੇ ਸ਼ਿੰਦੇ ਦੀ ਫ਼ੌਜ ਨੂੰ ਆਪਣੇ ਪੱਖ ‘ਚ ਕੀਤਾ ਜਾ ਸਕਦਾ ਹੈ। ਇਸ ਕੰਮ ਵਿੱਚ ਉਸ ਨੂੰ ਕੁਝ ਕਾਮਯਾਬੀ ਵੀ ਮਿਲੀ ਪਰ 1844 ਦੀ ਸੰਧੀ ਮੁਤਾਬਕ ਉਹ ਗਵਾਲੀਅਰ, ਧੌਲਪੁਰ ਅਤੇ ਅੰਗਰੇਜ਼ਾਂ ਦੀ ਇਕੱਠੀ ਤਾਕਤ ਸਾਹਮਣੇ ਟਿਕ ਨਾ ਸਕਿਆ ਅਤੇ ਰਾਜਸਥਾਨ ਵੱਲ ਕੂਚ ਕਰ ਗਿਆ। ਰਾਜਸਥਾਨ ਵਿੱਚ ਉਸ ਨੂੰ ਅਪਰੈਲ 1858 ‘ਚ ਸ਼ਹੀਦ ਕਰ ਦਿੱਤਾ ਗਿਆ। ਕੁਝ ਵੀ ਹੋਵੇ ਗਵਾਲੀਅਰ ਦਾ ਕਿਲ੍ਹਾ ਇਤਿਹਾਸ ‘ਚ ਅਹਿਮ ਸਥਾਨ ਰੱਖਦਾ ਹੈ।

– ਜਸਵੰਤ ਸਿੰਘ ਕੰਬੋਜ

Comments

comments

Share This Post

RedditYahooBloggerMyspace