ਕਿੰਜ ਮਨਾਇਆ ਜਾਵੇ ਅਜੋਕੇ ਪ੍ਰਸੰਗ ‘ਚ ਹੋਲਾ-ਮਹੱਲਾ?

-ਤਲਵਿੰਦਰ ਸਿੰਘ ਬੁੱਟਰ

ਮੌਜੂਦਾ ਸਿੱਖ ਸੱਭਿਅਤਾ ਅਤੇ ਵਿਰਾਸਤ ਦੇ ਵਿਕਾਸ ਤੇ ਵਿਗਾਸ ਦੇ ਦੌਰਾਨ ਸਿੱਖ ਇਤਿਹਾਸ ਅਤੇ ਪਰੰਪਰਾਵਾਂ ਨਾਲ ਜੁੜੇ ਹੋਲੇ-ਮਹੱਲੇ ਵਰਗੇ ਕੌਮੀ ਦਿਹਾੜਿਆਂ ਨੂੰ ਨਵੇਂ ਸੰਕਲਪਾਂ ਲਈ ਵਰਤੇ ਜਾਣ ਦੀ ਲੋੜ ਹੈ | ਹੋਲਾ-ਮਹੱਲਾ ਸਿੱਖ ਕੌਮ ਦੀ ਸ਼ਕਤੀ ਨੂੰ ਸੰਗਠਿਤ ਕਰਨ ਅਤੇ ਉਸਾਰੂ ਰੁਚੀਆਂ ਦਾ ਪ੍ਰਸਾਰ ਕਰਨ ਦਾ ਜ਼ਰੀਆ ਬਣਨਾ ਚਾਹੀਦਾ ਹੈ |ਮੌਜੂਦਾ ਸਮੇਂ ਸਭ ਤੋਂ ਵੱਡੀ ਲੋੜ ਸੰਸਾਰੀ ਰੁਝਾਨਾਂ ਅਤੇ ਸਰੋਕਾਰਾਂ ਮੁਤਾਬਿਕ ਸਿੱਖ ਦਿ੍ਸ਼ਟੀਕੋਣ ਅਤੇ ਵਿਚਾਰਧਾਰਾ ਨੂੰ ਆਲਮੀ ਪ੍ਰਸੰਗ ਵਿਚ ਪੇਸ਼ ਕਰਨ ਦੀ ਹੈ | ਸਿੱਖ ਕੌਮ ਨੂੰ ਦੁਨੀਆ ਦੀਆਂ ਦੂਜੀਆਂ ਸਫ਼ਲ ਕੌਮਾਂ ਦੇ ਮੁਕਾਬਲੇ ਆਪਣੇ ਅਮੀਰ ਬੌਧਿਕ ਵਿਰਸੇ ਅਤੇ ਸਰਬ-ਸਾਂਝੀਵਾਲਤਾ ਦੀ ਵਿਚਾਰਧਾਰਾ ਅਨੁਸਾਰ ‘ਆਲਮੀ ਜੀਵਨ ਮਨੋਰਥ’ ਤੈਅ ਕਰਕੇ ਉਸ ਨੂੰ ਸਾਕਾਰ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ, ਤਾਂ ਜੋ ਇਕ ਸੁਖਾਵੇਂ ਸਰਬਪੱਖੀ ਮਨੁੱਖੀ ਵਿਕਾਸ ਦੇ ਨਮੂਨੇ ਦੀ ਭਾਲ ਵਿਚ ਭਟਕ ਰਹੀ ਲੋਕਾਈ ਸਾਹਮਣੇ ਜੀਵਨ ਦਾ ਇਕ ਸਾਵਾਂ, ਸਰਬਪੱਖੀ ਅਤੇ ਸਰਬਸਾਂਝਾ ‘ਗੁਰਮਤਿ ਆਧਾਰਿਤ ਅਮਲੀ ਨਮੂਨਾ’ ਪੇਸ਼ ਕੀਤਾ ਜਾ ਸਕੇ |

ਅਜੋਕੇ ਸਮੇਂ ਸਿੱਖ ਕੌਮ ਦੇ ਸਿਆਸੀ ਆਗੂਆਂ ਦੇ ਡਿਗ ਰਹੇ ਕਿਰਦਾਰ ਅਤੇ ਗੁਆਚ ਰਹੀਆਂ ਰਾਜਨੀਤਕ ਕਦਰਾਂ-ਕੀਮਤਾਂ ‘ਮੀਰੀ-ਪੀਰੀ’ ਦੇ ਸੰਕਲਪ ਨੂੰ ਮੁੜ ਰੂਪਮਾਨ ਕਰਨ ਦੀ ਮੰਗ ਕਰਦੀਆਂ ਹਨ | ਸਿੱਖ ਧਰਮ ਵਿਚ ਧਰਮ ਤੇ ਰਾਜਨੀਤੀ ਦੇ ਸੁਮੇਲ ਦੇ ਇਸ ਸੰਕਲਪ ਬਾਰੇ ਨਵੀਆਂ ਅੰਤਰ-ਦਿ੍ਸ਼ਟੀਆਂ ਪੈਦਾ ਕਰਨ, ਸਿੱਖ ਰਾਜਨੀਤੀ ਦੀ ਦਸ਼ਾ ਤੇ ਦਿਸ਼ਾ ਨਿਰਧਾਰਤ ਕਰਨ ਲਈ ਸਮੁੱਚੀਆਂ ਸਿੱਖ ਸਿਆਸੀ ਧਿਰਾਂ ਨੂੰ ਇਕ ਮੰਚ ‘ਤੇ ਇਕੱਤਰ ਕਰਕੇ ਚਿੰਤਨ ਕੀਤਾ ਜਾਣਾ ਚਾਹੀਦਾ ਹੈ | ਇਸ ਉੱਦਮ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਪਹਿਲ ਕਰਨੀ ਚਾਹੀਦੀ ਹੈ ਅਤੇ ਹੋਲੇ-ਮਹੱਲੇ ਮੌਕੇ ਸਿੱਖ ਸਿਆਸੀ ਧਿਰਾਂ ਕੋਲੋਂ ਵੱਖੋ-ਵੱਖਰੀਆਂ ਡਫ਼ਲੀਆਂ ਛੁਡਾ ਕੇ ਇਕ ਮੰਚ ‘ਤੇ ਇਕੱਤਰ ਕਰਕੇ ਨਵੀਆਂ ‘ਧਰਮ ਤੇ ਰਾਜਨੀਤੀ’ ਦੇ ਸੁਮੇਲ ਦੀਆਂ ਕਦਰਾਂ-ਕੀਮਤਾਂ ਨੂੰ ਰੂਪਮਾਨ ਕਰਨ ਅਤੇ ਸਿਹਤਮੰਦ ਰਾਜਨੀਤੀ ਦੇ ਉਭਾਰ ਲਈ ਹੰਭਲਾ ਮਾਰਨਾ ਚਾਹੀਦਾ ਹੈ |

ਮੌਜੂਦਾ ਸਮੇਂ ਸਿੱਖ ਨੌਜਵਾਨੀ ਦੀ ਹਾਲਤ ਸਭ ਤੋਂ ਤਰਸਯੋਗ ਹੈ | ਅਗਲੀ ਸਿੱਖ ਪੀੜ੍ਹੀ ਅੰਦਰ ਸਿੱਖੀ ਜਜ਼ਬਾ ਤਾਂ ਹੈ ਪਰ ਲੋੜ ਹੈ ਉਨ੍ਹਾਂ ਨੂੰ ਸਹੀ ਦਿਸ਼ਾ ਦਿਖਾਉਣ ਦੀ | ਸਿੱਖ ਨੌਜਵਾਨੀ ਸਾਹਮਣੇ ਕੋਈ ਰੋਲ ਮਾਡਲ ਨਹੀਂ ਹੈ | ਇਸੇ ਕਰਕੇ ਸਿੱਖ ਨੌਜਵਾਨੀ ਅਛੋਪਲੇ ਹੀ ਆਪਣੇ ਵਿਰਸੇ ਨਾਲੋਂ ਦੂਰ ਜਾ ਰਹੀ ਹੈ | ਹੋਲੇ-ਮਹੱਲੇ ਵਰਗੇ ਰਵਾਇਤੀ ਜੋੜ-ਮੇਲਿਆਂ ਦੇ ਜਾਹੋ-ਜਲਾਲ ਤਾਂ ਹੀ ਕਾਇਮ ਰਹਿਣਗੇ, ਜੇਕਰ ਅਗਲੀ ਪੀੜ੍ਹੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧੁਰੋਂ ਬਖ਼ਸ਼ੀ ਸਿੱਖੀ ਦਾਤ ਅਤੇ ਨਿਆਰੇ ਸਰੂਪ ਨੂੰ ਸੰਭਾਲ ਕੇ ਰੱਖੇਗੀ | ਸਿੱਖ ਵਿੱਦਿਅਕ, ਸੱਭਿਆਚਾਰਕ, ਖੇਡਾਂ ਸਮੇਤ ਸਮੁੱਚੇ ਸਿੱਖ ਕਦਰਾਂ-ਕੀਮਤਾਂ ਦੇ ਢਾਂਚੇ ਨੂੰ ਨਵੇਂ ਨਿਸ਼ਾਨਿਆਂ ‘ਤੇ ਸੇਧਿਤ ਕਰਨਾ ਚਾਹੀਦਾ ਹੈ | ਸਿੱਖੀ ਜੰਗਜੂ ਕਲਾਵਾਂ ਦੇ ਪ੍ਰਦਰਸ਼ਨ ਤਾਂ ਹੋਲੇ-ਮਹੱਲੇ ਮੌਕੇ ਹੁੰਦੇ ਹੀ ਹਨ ਪਰ ਇਨ੍ਹਾਂ ਮੁਕਾਬਲਿਆਂ ਨੂੰ ਅਨੁਸ਼ਾਸਨਬੱਧ, ਯੋਜਨਾਬੱਧ ਤਰੀਕੇ ਨਾਲ ਕਰਵਾਉਣ, ਸਿੱਖ ਨੌਜਵਾਨੀ ਦੀ ਇਨ੍ਹਾਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ, ਖੇਡ ਭਾਵਨਾ ਪ੍ਰਫ਼ੁਲਤ ਕਰਨ, ਨਸ਼ਾਖੋਰੀ ਤੋਂ ਦੂਰ ਰਹਿਣ ਅਤੇ ਨੌਜਵਾਨ ਪੀੜ੍ਹੀ ਅੰਦਰ ਵਿਰਸੇ ਦਾ ਪ੍ਰਸਾਰ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ |

ਅਨੰਦਪੁਰ ਸਾਹਿਬ ਵਿਖੇ ਦੁਨੀਆ ਦਾ ਆਧੁਨਿਕ ਸਹੂਲਤਾਂ ਪ੍ਰਾਪਤ ਅਤੇ ਉਚ ਪੱਧਰ ਦਾ ਇਕ ਵਿਸ਼ਾਲ ਖੇਡ ਸਟੇਡੀਅਮ ਤਿਆਰ ਕਰਵਾਇਆ ਜਾਵੇ | ਸਿੱਖ ਜੰਗੀ ਕਲਾਵਾਂ ਦੇ ਕੌਮੀ ਮੁਕਾਬਲੇ ਹੋਲੇ-ਮਹੱਲੇ ਮੌਕੇ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਕਰਵਾਏ ਜਾਣ ਅਤੇ ਜੇਤੂਆਂ ਨੂੰ ਆਕਰਸ਼ਕ ਅਤੇ ਭਾਰੀ ਇਨਾਮ ਵੰਡੇ ਜਾਣ ਦੀ ਪਿਰਤ ਸ਼ੁਰੂ ਕੀਤੀ ਜਾਵੇ | ਇਸ ਮੌਕੇ ਅਜੋਕੀ ਸਿੱਖ ਨੌਜਵਾਨੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਲੜੀਵਾਰ ਗੁਰਮਤਿ ਕੈਂਪ ਲਗਾਉਣੇ ਚਾਹੀਦੇ ਹਨ, ਜਿਨ੍ਹਾਂ ਦੌਰਾਨ ਸਿੱਖ ਨੌਜਵਾਨਾਂ ਨੂੰ ਜੀਵਨ ਦੇ ਹਰ ਪੱਖ ਤੋਂ ਗੁਰਮਤਿ ਜੀਵਨ-ਜਾਚ ਦੇ ਅਮਲ ਬਾਰੇ ਦਿ੍ੜ੍ਹ ਕੀਤਾ ਜਾਵੇ | ਸਿੱਖ ਨੌਜਵਾਨਾਂ ਦੇ ਪ੍ਰਤਿਭਾ ਖੋਜ, ਅਮਲੀ ਜੀਵਨ-ਜਾਚ ਅਤੇ ਮਨੁੱਖੀ ਵਿਹਾਰ ਮੁਕਾਬਲੇ ਕਰਵਾਏ ਜਾਣ, ਤਾਂ ਜੋ ਸਿੱਖ ਨੌਜਵਾਨਾਂ ਨੂੰ ਸਿੱਖੀ ਨੈਤਿਕਤਾ, ਸਦਾਚਾਰ ਅਤੇ ਆਦਰਸ਼ਾਂ ਨਾਲ ਜੁੜਨ ਦਾ ਉਤਸ਼ਾਹ ਮਿਲ ਸਕੇ |

ਜਿਸ ਤਰ੍ਹਾਂ 20ਵੀਂ ਸਦੀ ਦੇ ਸ਼ੁਰੂ ਵਿਚ ‘ਚੀਫ਼ ਖ਼ਾਲਸਾ ਦੀਵਾਨ’ ਨੇ ਸਿੱਖ ਧਰਮ ਦੇ ਪ੍ਰਸਾਰ ਵਿਚ ਵਿੱਦਿਅਕ ਲਹਿਰ ਰਾਹੀਂ ਅਹਿਮ ਯੋਗਦਾਨ ਪਾਇਆ, ਉਸੇ ਤਰ੍ਹਾਂ ਮੌਜੂਦਾ ਸਮੇਂ ਸਿੱਖ ਵਿੱਦਿਅਕ ਪ੍ਰਬੰਧ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਨਵੀਂ ਪਹਿਲਕਦਮੀ ਦੀ ਲੋੜ ਹੈ | ਹਰ ਸਾਲ ਹੋਲੇ-ਮਹੱਲੇ ਮੌਕੇ ਅਨੰਦਪੁਰ ਸਾਹਿਬ ਵਿਖੇ ‘ਸਾਲਾਨਾ ਸਿੱਖ ਵਿੱਦਿਅਕ ਕਾਨਫਰੰਸ’ ਕਰਵਾਉਣ ਦੀ ਸ਼ੁਰੂਆਤ ਕੀਤੀ ਜਾਵੇ, ਜਿਸ ਵਿਚ ਦੁਨੀਆ ਭਰ ਤੋਂ ਸਿੱਖ ਵਿੱਦਿਅਕ ਸ਼ਾਸਤਰੀਆਂ ਨੂੰ ਬੁਲਾਇਆ ਜਾਵੇ, ਤਾਂ ਜੋ ਸਿੱਖ ਵਿੱਦਿਅਕ ਪ੍ਰਣਾਲੀ ਦੀ ਸਮੇਂ-ਸਮੇਂ ‘ਤੇ ਪ੍ਰਭਾਵੀ ਰੂਪ-ਰੇਖਾ ਨਿਰਧਾਰਤ ਕੀਤੀ ਜਾ ਸਕੇ |ਜਿਹੜੀਆਂ ਸਿੱਖ ਸ਼ਖ਼ਸੀਅਤਾਂ ਜੀਵਨ ਦੇ ਵੱਖੋ-ਵੱਖਰੇ ਖੇਤਰਾਂ ਵਿਚ ਕੌਮਾਂਤਰੀ ਪੱਧਰ ‘ਤੇ ਸਿੱਖੀ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ, ਉਨ੍ਹਾਂ ਨੂੰ ਕੌਮੀ ਸਨਮਾਨ ਦੇਣ ਦੀ ਨਵੀਂ ਉਸਾਰੂ ਪਿਰਤ ਸ਼ੁਰੂ ਕਰਦਿਆਂ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਹੋਲੇ-ਮਹੱਲੇ ਦੇ ਵਿਸ਼ੇਸ਼ ਮੌਕੇ ਨੂੰ ਚੁਣਿਆ ਜਾਣਾ ਚਾਹੀਦਾ ਹੈ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖੋ-ਵੱਖਰੇ ਖੇਤਰਾਂ ਵਿਚ ਸ਼ਾਨਦਾਰ ਸੇਵਾਵਾਂ ਲਈ ਚੁਣੀਆਂ ਸਿੱਖ ਸ਼ਖ਼ਸੀਅਤਾਂ ਨੂੰ ਕੌਮੀ ਪੁਰਸਕਾਰਾਂ ਨਾਲ ਨਿਵਾਜਿਆ ਜਾਵੇ | ਇਸ ਤਰ੍ਹਾਂ ਸਿੱਖ ਨੌਜਵਾਨੀ ਲਈ ਰੋਲ ਮਾਡਲ ਵੀ ਉੱਭਰ ਕੇ ਸਾਹਮਣੇ ਆਉਣ ਦਾ ਸਬੱਬ ਬਣੇਗਾ |

ਸਿੱਖ ਧਰਮ ਦੀਆਂ ਧਾਰਮਿਕ, ਸਮਾਜਿਕ, ਬੌਧਿਕ, ਨੌਜਵਾਨ ਅਤੇ ਇਸਤਰੀ ਜਥੇਬੰਦੀਆਂ ਵੱਲੋਂ ਤਿੰਨ ਰੋਜ਼ਾ ਹੋਲੇ-ਮਹੱਲੇ ਦੇ ਇਕ ਦਿਨ ‘ਧਰਮ ਪ੍ਰਚਾਰ ਕਾਨਫ਼ਰੰਸ’ ਕੀਤੀ ਜਾਵੇ, ਜਿਸ ਦੌਰਾਨ ਸਿੱਖਾਂ ਦੀਆਂ ਸਮਾਜਿਕ ਅਤੇ ਧਾਰਮਿਕ ਪ੍ਰਾਪਤੀਆਂ ਅਤੇ ਸਾਲ ਭਰ ਦੀਆਂ ਗਤੀਵਿਧੀਆਂ ਦਾ ਲੇਖਾ-ਜੋਖਾ ਕੀਤਾ ਜਾਵੇ ਅਤੇ ਚੁਣੌਤੀਆਂ ਦਾ ਚਿੰਤਨ ਕਰਕੇ ਸਿੱਖ ਧਰਮ ਪ੍ਰਚਾਰ ਦੀ ਲਹਿਰ ਨੂੰ ਨਵੀਂ ਸੇਧ ਦੇਣ ਦੀਆਂ ਨੀਤੀਆਂ ਤੈਅ ਕੀਤੀਆਂ ਜਾਣ |ਅੱਜ ਜਦੋਂ ਵਿਦੇਸ਼ਾਂ ਵਿਚ ਸਿੱਖੀ ਪਛਾਣ, ਧਾਰਮਿਕ ਆਜ਼ਾਦੀ ਅਤੇ ਸੱਭਿਆਚਾਰਕ ਸਹਿਹੋਂਦ ਵਿਚ ਸਮੱਸਿਆਵਾਂ ਪੇਸ਼ ਆ ਰਹੀਆਂ ਹਨ ਤਾਂ ਹੋਲੇ-ਮਹੱਲੇ ਵਰਗਾ ਖ਼ਾਲਸਈ ਸੱਭਿਆਚਾਰ ਦਾ ਅਹਿਮ ਦਿਹਾੜਾ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ‘ਤੇ ਆਪਣੇ ਮੂਲ ਅਤੇ ਧਰਮ ਦੀ ਵਿਚਾਰਧਾਰਾ ਤੇ ਵਿਲੱਖਣਤਾ ਦੇ ਪ੍ਰਸਾਰ ਤੇ ਜਾਗਰੂਕਤਾ ਪੈਦਾ ਕਰਨ ਲਈ ਸਹਾਈ ਹੋ ਸਕਦਾ ਹੈ | ਪੱਛਮੀ ਦੇਸ਼ਾਂ, ਜਿਥੇ ਸਿੱਖਾਂ ਨੂੰ ਦਸਤਾਰ, ਕ੍ਰਿਪਾਨ ਜਾਂ ਹੋਰ ਸਿੱਖੀ ਪਹਿਰਾਵੇ ‘ਤੇ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਥੇ ਕਿਤੇ ਸਿੱਖਾਂ ਪ੍ਰਤੀ ਨਸਲੀ ਭੁਲੇਖੇ ਪਾਏ ਜਾ ਰਹੇ ਹਨ, ਉਨ੍ਹਾਂ ਦੇਸ਼ਾਂ ਦੇ ਰਾਜਨੀਤਕਾਂ, ਸਮਾਜਿਕ ਨੁਮਾਇੰਦਿਆਂ ਅਤੇ ਧਾਰਮਿਕ ਆਗੂਆਂ ਨੂੰ ਹੋਲੇ-ਮਹੱਲੇ ਵਰਗੇ ਦਿਹਾੜਿਆਂ ‘ਤੇ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਤੌਰ ‘ਤੇ ਬੁਲਾਉਣਾ ਚਾਹੀਦਾ ਹੈ, ਤਾਂ ਜੋ ਉਹ ਸਿੱਖ ਸੱਭਿਆਚਾਰ ਨੂੰ ਨੇੜਿਉਂ ਵੇਖ ਸਕਣ ਅਤੇ ਸਿੱਖ ਧਰਮ ਦੀ ਵੱਖਰੀ ਹੋਂਦ ਅਤੇ ਅਮਲਾਂ ਪ੍ਰਤੀ ਦੁਨੀਆ ਨੂੰ ਪ੍ਰਭਾਵੀ ਤਰੀਕੇ ਨਾਲ ਜਾਣੂ ਕਰਵਾਇਆ ਜਾ ਸਕੇ | ਇਸ ਮੌਕੇ ਪੰਜ ਤਖ਼ਤ ਸਾਹਿਬਾਨ ਦੀ ਸਰਪ੍ਰਸਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਕ ਪ੍ਰਭਾਵਸ਼ਾਲੀ ਅਤੇ ਅਨੁਸ਼ਾਸਨਬੱਧ ‘ਮਹੱਲਾ’ (ਨਗਰ ਕੀਰਤਨ) ਕੱਢਿਆ ਜਾਵੇ, ਜਿਹੜਾ ਦੁਨੀਆ ਭਰ ਵਿਚ ਸਿੱਖੀ ਜਾਹੋ-ਜਲਾਲ, ਅਨੁਸ਼ਾਸਨਬੱਧਤਾ ਅਤੇ ਇਤਫ਼ਾਕ ਦਾ ਨਾਯਾਬ ਨਮੂਨਾ ਬਣ ਕੇ ਸਾਹਮਣੇ ਆਵੇ |

ਖ਼ਾਲਸਈ ਸੱਭਿਆਚਾਰ ਅਤੇ ਵਿਲੱਖਣਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਦੂਰ ਕਰਨ ਅਤੇ ਦਸਮ ਪਿਤਾ ਦੇ ਦਰਸਾਏ ਨਿਰਾਲੇ ਤੇ ਅਣਖੀਲੇ ਰਾਹ ‘ਤੇ ਕੌਮ ਨੂੰ ਤੋਰਨ ਲਈ ਸਿੱਖ ਆਗੂਆਂ, ਵਿਦਵਾਨਾਂ, ਧਾਰਮਿਕ ਸਰਬਰਾਹਾਂ ਅਤੇ ਬੁੱਧੀਜੀਵੀਆਂ ਨੂੰ ਆਪਣੀ ਜ਼ਿੰਮੇਵਾਰੀ ਸੰਭਾਲਣ ਲਈ ਅੱਗੇ ਆਉਣਾ ਚਾਹੀਦਾ ਹੈ |

Comments

comments

Share This Post

RedditYahooBloggerMyspace