ਆਸਟਰੇਲੀਆ ਹੱਥੋਂ ਦੱਖਣੀ ਅਫਰੀਕਾ ਦੀ ਹਾਰ

ਡਰਬਨ : ਆਸਟਰੇਲਿਆਈ ਟੀਮ ਨੇ ਇੱਥੇ ਕਿੰਗਜ਼ਮੀਡ ਵਿੱਚ ਅੱਜ ਪੰਜਵੇਂ ਅਤੇ ਅਖ਼ੀਰਲੇ ਦਿਨ ਸਿਰਫ਼ 20 ਮਿੰਟ ਦੇ ਮੁਕਾਬਲੇ ਵਿੱਚ 22 ਗੇਂਦਾਂ ਦਾ ਸਾਹਮਣਾ ਕਰਨ ਮਗਰੋਂ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲਾ ਕ੍ਰਿਕਟ ਟੈਸਟ 118 ਦੌੜਾਂ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਉਸ ਨੇ ਚਾਰ ਮੈਚਾਂ ਦੀ ਲੜੀ ਵਿੱਚ 1-0 ਨਾਲ ਲੀਡ ਬਣਾ ਲਈ। 417 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਦੱਖਣੀ ਅਫਰੀਕੀ ਟੀਮ ਨੇ ਦਿਨ ਦੀ ਸ਼ੁਰੂਆਤ ਪਿਛਲੇ ਨੌਂ ਵਿਕਟਾਂ ’ਤੇ 293 ਦੌੜਾਂ ਨਾਲ ਕੀਤੀ ਸੀ ਜਦਕਿ ਮਹਿਮਾਨ ਟੀਮ ਨੂੰ ਜਿੱਤ ਲਈ ਸਿਰਫ਼ ਇੱਕ ਵਿਕਟ ਦੀ ਲੋੜ ਸੀ। ਮੇਜ਼ਬਾਨ ਟੀਮ ਵੱਲੋਂ ਕਵਿੰਟਨ ਡੀ ਕਾਕ ਆਖ਼ਰੀ ਬੱਲੇਬਾਜ਼ ਵਜੋਂ ਆਊਟ ਹੋਇਆ ਜਿਸ ਨੂੰ ਜੋਸ਼ ਹੇਜ਼ਲਵੁੱਡ ਨੇ ਐਲਬੀਡਬਲਯੂ ਆਊਟ ਕੀਤਾ। ਅਫਰੀਕੀ ਟੀਮ ਆਪਣੇ ਸਕੋਰ ਵਿੱਚ ਪੰਜ ਦੌੜਾਂ ਦਾ ਹੀ ਵਾਧਾ ਕਰ ਸਕੀ ਅਤੇ 92.4 ਓਵਰਾਂ ਵਿੱਚ 298 ਦੌੜਾਂ ’ਤੇ ਹੀ ਢੇਰ ਹੋ ਗਈ।
ਕਾਕ ਨੇ 149 ਗੇਂਦਾਂ ਵਿੱਚ 11 ਚੌਕੇ ਮਾਰ ਕੇ 83 ਦੌੜਾਂ ਦੀ ਅਰਧ ਸੈਂਕੜਾ ਪਾਰੀ ਖੇਡੀ। ਇਸ ਤੋਂ ਇਲਾਵਾ ਸਲਾਮੀ ਐਡਨ ਮਾਰਕ੍ਰਮ ਨੇ 143 ਦੌੜਾਂ ਦੀ ਸੈਂਕੜਾ ਪਾਰੀ ਖੇਡੀ ਜਦਕਿ ਥਿਯੁਨਿਸ ਡੀ ਬ੍ਰਾਇਨ ਨੇ 36 ਦੌੜਾਂ ਬਣਾਈਆਂ ਅਤੇ ਸਿਰਫ਼ ਤਿੰਨ ਖਿਡਾਰੀ ਹੀ ਦਹਾਈ ਦੇ ਅੰਕੜੇ ਤਕ ਪਹੁੰਚ ਸਕੇ। ਆਸਟਰੇਲੀਆ ਵੱਲੋਂ ਮਿਸ਼ੇਲ ਸਟਾਰਕ ਨੇ 75 ਦੌੜਾਂ ’ਤੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ ਅਤੇ ਮੈਚ ਵਿੱਚ ਕੁੱਲ ਨੌਂ ਵਿਕਟਾਂ ਲਈਆਂ ਅਤੇ ਮੈਨ ਆਫ਼ ਦਿ ਮੈਚ ਚੁਣੇ ਗਏ ਜਦਕਿ ਜੋਸ਼ ਹੇਜ਼ਲਵੁੱਡ ਨੇ 61 ਦੌੜਾਂ ’ਤੇ ਤਿੰਨ ਵਿਕਟਾਂ ਲਈਆਂ। ਹਾਲਾਂਕਿ ਆਸਟਰੇਲੀਆ ਦੀ ਜਿੱਤ ਚੌਥੇ ਦਿਨ ਮੈਦਾਨ ’ਤੇ ਚਾਹ ਦੇ ਸਮੇਂ ਦੌਰਾਨ ਖਿਡਾਰੀਆਂ ਵਿਚਾਲੇ ਹੋਈ ਬਹਿਸ ਕਾਰਨ ਫਿੱਕੀ ਪੈ ਗਈ ਜਿਸ ਦੀ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਜਾਂਚ ਕਰ ਰਹੀ ਹੈ। ਖਿਡਾਰੀਆਂ ਦੇ ਟਨਲ ਦੀ ਸੀਸੀਟੀਵੀ ਫੁਟੇਜ਼ ਵਿੱਚ ਆਸਟਰੇਲੀਆ ਦੇ ਉਪ ਕਪਤਾਨ ਡੇਵਿਡ ਵਾਰਨਰ ਅਤੇ ਘਰੇਲੂ ਟੀਮ ਦੇ ਵਿਕਟਕੀਪਰ ਡੀ ਕਾਕ ਵਿਚਾਲੇ ਕਾਫੀ ਬਹਿਸ ਹੋ ਰਹੀ ਹੈ।

Comments

comments

Share This Post

RedditYahooBloggerMyspace