‘ਆਪ’ ਵਿਧਾਇਕ ਤੇ ਏਡੀਸੀ ’ਚ ਤਕਰਾਰ ਦਾ ਮਾਮਲਾ ਭਖ਼ਿਆ

ਫ਼ਰੀਦਕੋਟ : ਇੱਥੋਂ ਦੇ ਮਿੰਨੀ ਸਕੱਤਰੇਤ ਵਿੱਚ ਕੱਲ੍ਹ ਮੰਗ ਪੱਤਰ ਦੇਣ ਸਮੇਂ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਫ਼ਰੀਦਕੋਟ ਦੇ ਵਧੀਕ ਡਿਪਟੀ ਕਮਿਸ਼ਨਰ ਕੇਸ਼ਵ ਹਿੰਗੋਨੀਆ ਦਰਮਿਆਨ ਹੋਏ ਤਕਰਾਰ ਤੋਂ ਬਾਅਦ ਅੱਜ ‘ਆਪ’ ਵਿਧਾਇਕਾਂ, ਆਗੂਆਂ ਤੇ ਵਰਕਰਾਂ ਨੇ ਮਿੰਨੀ ਸਕੱਤਰੇਤ ਅੱਗੇ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਜੇਕਰ ਵਧੀਕ ਡਿਪਟੀ ਕਮਿਸ਼ਨਰ ਨੇ ਬਿਨਾਂ ਸ਼ਰਤ ਵਿਧਾਇਕ ਕੁਲਤਾਰ ਸੰਧਵਾਂ ਅਤੇ ਪਾਰਟੀ ਵਰਕਰਾਂ ਤੋਂ ਮੁਆਫ਼ੀ ਨਾ ਮੰਗੀ ਤਾਂ ਉਹ ਰੋਸ ਪ੍ਰਦਰਸ਼ਨ ਸੂਬਾ ਪੱਧਰ ਤੱਕ ਲੈ ਕੇ ਜਾਣਗੇ।

ਧਰਨੇ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਸੂਬਾਈ ਆਗੂ ਤੇ ਵਿਧਾਇਕ ਅਮਨ ਅਰੋੜਾ ਅਤੇ ਮਾਲਵਾ ਜ਼ੋਨ ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਜਿਸ ਪ੍ਰਸ਼ਾਸਨ ਵਿੱਚ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਲਈ ਕੋਈ ਸਤਿਕਾਰ ਨਹੀਂ, ਉੱਥੇ ਆਮ ਲੋਕਾਂ ਦੀ ਦਸ਼ਾ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜੈਤੋ ਤੋਂ ‘ਆਪ’ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਤਖਾਣਬੱਧ ਨੇ ਕਿਹਾ ਕਿ ਸਰਕਾਰ ਦਾ ਪ੍ਰਸ਼ਾਸਨ ’ਤੇ ਕੋਈ ਕੰਟਰੋਲ ਨਹੀਂ ਹੈ। ‘ਆਪ’ ਆਗੂ ਸਨਕਦੀਪ ਸਿੰਘ ਸੰਧੂ, ਸਵਰਨ ਸਿੰਘ, ਸ਼ਵਿੰਦਰਪਾਲ ਸਿੰਘ ਸੰਧੂ, ਮਾਸਟਰ ਮੱਖਣ ਸਿੰਘ ਤੇ ਪਰਮਜੀਤ ਸਿੰਘ ਪਰਮਾਰ ਨੇ ਕਿਹਾ ਕਿ ਇਕੱਲਾ ਵਧੀਕ ਡਿਪਟੀ ਕਮਿਸ਼ਨਰ ਹੀ ਨਹੀਂ, ਬਲਕਿ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਦੇ ਸੇਵਕ ਬਣਨ ਦੀ ਥਾਂ ‘ਬੌਸ’ ਬਣੇ ਹੋਏ ਹਨ।

ਵਿਧਾਇਕ ਸੰਧਵਾਂ ਨੇ ਕਿਹਾ ਕਿ ਉਹ ਮਗਨਰੇਗਾ ਮਜ਼ਦੂਰਾਂ ਦੇ ਹੱਕ ਵਿੱਚ ਮੰਗ ਪੱਤਰ ਦੇਣ ਗਏ ਸਨ, ਪਰ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਅਤੇ ਮੰਗ ਪੱਤਰ ਵੀ ਨਹੀਂ ਲਿਆ। ਇਸੇ ਦੌਰਾਨ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਦੋਸ਼ ਲਾਇਆ ਕਿ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਜਾਣ-ਬੁੱਝ ਕੇ ਵਿਵਾਦ ਖੜ੍ਹਾ ਕੀਤਾ ਹੈ।
ਡੀ.ਸੀ. ਦਫ਼ਤਰ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਮੀਟਿੰਗ ਕਰ ਰਹੇ ਸਨ ਤੇ ਵਿਧਾਇਕ ਬਿਨਾਂ ਅਗਾਉਂ ਸੂਚਨਾ ਦਫ਼ਤਰ ਵਿੱਚ ਦਾਖ਼ਲ ਹੋ ਗਏ ਅਤੇ ਬਿਨਾਂ ਵਜ੍ਹਾ ਉੱਚੀ ਬੋਲ ਕੇ ਦਫ਼ਤਰ ਦਾ ਮਾਹੌਲ ਖ਼ਰਾਬ ਕੀਤਾ। ਯੂਨੀਅਨ ਨੇ ਵਿਧਾਇਕ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ 9 ਮਾਰਚ ਤੱਕ ਵਿਧਾਇਕ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਤਾਂ 10 ਮਾਰਚ ਤੋਂ ਸਾਰੇ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਵਿਧਾਇਕ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ।

Comments

comments

Share This Post

RedditYahooBloggerMyspace