ਕਾਂਗਰਸੀ ਵਿਧਾਇਕਾਂ ਦੇ ਨਾਂ ਜਨਤਕ ਕਰਨ ਕੈਪਟਨ: ਖਹਿਰਾ

ਜਲੰਧਰ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਗ਼ੈਰਕਾਨੂੰਨੀ ਮਾਈਨਿੰਗ ਕਰਨ ਵਾਲੇ ਰਾਜਸੀ ਲੀਡਰਾਂ ਦੇ ਨਾਂ ਨਸ਼ਰ ਕੀਤੇ ਜਾਣ। ਉਨ੍ਹਾਂ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੋਲ ਇੰਟੈਲੀਜੈਂਸ ਅਤੇ ਹੋਰ ਵਿਭਾਗਾਂ ਰਾਹੀਂ ਉਹ ਸਾਰੀ ਜਾਣਕਾਰੀ ਮੌਜੂਦ ਹੈ, ਜਿਸ ਵਿੱਚ ਗ਼ੈਰਕਾਨੂੰਨੀ ਮਾਈਨਿੰਗ ਕਰਨ ਵਾਲੇ ਲੀਡਰਾਂ ਦੇ ਨਾਂ ਸ਼ਾਮਲ ਹਨ ਤੇ ਇਹ ਨਾਮ ਨਸ਼ਰ ਕੀਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਵਿਧਾਨ ਸਭਾ ਦੇ ਸਰਬ ਪਾਰਟੀ ਮੈਂਬਰਾਂ ਦੀ ਕਮੇਟੀ ਬਣਾਈ ਜਾਵੇ, ਜੋ ਰੇਤ ਮਾਫੀਆ ਦਾ ਸੱਚ ਉਜਾਗਰ ਕਰੇ। ਸ੍ਰੀ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਗ਼ੈਰਕਾਨੂੰਨੀ ਮਾਈਨਿੰਗ ਦਾ ਮਾਮਲਾ ਵਿਧਾਨ ਸਭਾ ਵਿੱਚ ਜ਼ੋਰ-ਸ਼ੋਰ ਨਾਲ ਉਠਾਏਗੀ।

ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਕਿ ਇੰਟੈਲੀਜੈਂਸ ਵਿਭਾਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 11 ਕਾਂਗਰਸੀ ਵਿਧਾਇਕਾਂ ਅਤੇ ਇਕ ਕੈਬਨਿਟ ਮੰਤਰੀ ਦਾ ਨਾਂ ਦੱਸਿਆ ਹੋਇਆ ਹੈ, ਜਿਹੜੇ ਧੜੱਲੇ ਨਾਲ ਗ਼ੈਰਕਾਨੂੰਨੀ ਮਾਈਨਿੰਗ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਨੈਤਿਕ ਫਰਜ਼ ਹੈ ਕਿ ਉਹ ਅਜਿਹੇ ਨਾਮ ਜਨਤਕ ਕਰਨ। ਸ੍ਰੀ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਮਾਈਨਿੰਗ ਦੀਆਂ ਤਸਵੀਰਾਂ ਟਵੀਟ ਕਰਨ ਨਾਲ ਮਸਲਾ ਹੱਲ ਨਹੀਂ ਹੋਣਾ, ਸਗੋਂ ਅਸਲ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਆਦੇਸ਼ਾਂ ’ਤੇ ਸਿਰਫ ਟਿੱਪਰਾਂ ਦੇ ਡਰਾਈਵਰਾਂ ਅਤੇ ਕਰਿੰਦਿਆਂ ਵਿਰੁੱਧ ਹੀ ਐਫਆਈਆਰ ਦਰਜ ਕੀਤੀ ਗਈ ਹੈ, ਜਦੋਂਕਿ ਰੇਤ ਮਾਫੀਆ ਚਲਾਉਣ ਵਾਲਿਆਂ ਵਿਰੁੱਧ ਕੇਸ ਦਰਜ ਹੋਣਾ ਚਾਹੀਦਾ ਸੀ।

‘ਆਪ’ ਆਗੂ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਅਕਾਲੀ ਵਿਧਾਇਕਾਂ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਸੀ ਕਿ ਉਨ੍ਹਾਂ ਕੋਲ ਸਾਰੀ ਸੂਚੀ ਹੈ ਕਿ ਕਿਹੜੇ-ਕਿਹੜੇ ਬੰਦੇ ਅਕਾਲੀ-ਭਾਜਪਾ ਰਾਜ ਵਿੱਚ ਗ਼ੈਰਕਾਨੂੰਨੀ ਮਾਈਨਿੰਗ ਕਰਦੇ ਰਹੇ ਹਨ। ਮੁੱਖ ਮੰਤਰੀ ਦੀ ਇਸ ਘੁਰਕੀ ਤੋਂ ਬਾਅਦ ਹੀ ਅਕਾਲੀ ਦਲ ਦੇ ਵਿਧਾਇਕ ਵਿਧਾਨ ਸਭਾ ਵਿੱਚ ਚੁੱਪ ਕਰਕੇ ਬੈਠ ਗਏ ਸਨ। ਸ੍ਰੀ ਖਹਿਰਾ ਨੇ ਸਵਾਲ ਕੀਤਾ, ਕੀ ਮੁੱਖ ਮੰਤਰੀ ਨੇ ਇਹ ਸੂਚੀ ਅਕਾਲੀਆਂ ਨੂੰ ਬਲੈਕਮੇਲ ਕਰਨ ਲਈ ਰੱਖੀ ਹੋਈ ਹੈ? ਉਨ੍ਹਾਂ ਕਿਹਾ ਕਿ ਗ਼ੈਰਕਾਨੂੰਨੀ ਮਾਈਨਿੰਗ ਕਰਨ ਵਾਲੇ ਅਕਾਲੀਆਂ ਤੇ ਕਾਂਗਰਸੀ ਆਗੂਆਂ ਦੇ ਨਾਂ ਲੋਕਾਂ ਨੂੰ ਦੱਸੇ ਜਾਣ। ਉਨ੍ਹਾਂ ਕਿਹਾ ਕਿ ਉਹ 6 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਮਿਲੇ ਸਨ ਤੇ ਵਿਧਾਨ ਸਭਾ ਦੀ ਸਰਬ ਪਾਰਟੀ ਕਮੇਟੀ ਬਣਾਉਣ ਲਈ ਕਿਹਾ ਸੀ, ਜਿਹੜੀ ਰੇਤਾ ਦੀਆਂ ਖੱਡਾਂ ਦਾ ਅਧਿਕਾਰਕ ਤੌਰ ’ਤੇ ਦੌਰਾ ਕਰ ਸਕੇ।

‘ਯਾਦਗਾਰਾਂ ਤੋਂ ਵੱਧ ਸਕੂਲਾਂ ਤੇ ਹਸਪਤਾਲਾਂ ਦੀ ਲੋੜ’
ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਰੋੜਾਂ ਰੁਪਏ ਖ਼ਰਚ ਕੇ ‘ਜੰਗ-ਏ-ਆਜ਼ਾਦੀ’ ਯਾਦਗਾਰ ਬਣਾਏ ਜਾਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਅਜਿਹੀਆਂ ਕਰੀਬ 10 ਯਾਦਗਾਰਾਂ ਬਣਾਈਆਂ ਗਈਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਬਹਾਨੇ ਬਾਦਲਾਂ ਨੇ ਹਜ਼ਾਰਾਂ ਕਰੋੜ ਰੁਪਏ ਇਧਰ-ਉਧਰ ਕੀਤੇ ਹਨ। ਸ੍ਰੀ ਖਹਿਰਾ ਨੇ ਕਿਹਾ ਕਿ ਜੰਗ-ਏ-ਆਜ਼ਾਦੀ ਯਾਦਗਾਰ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਸਕੂਲਾਂ ਤੇ ਸਰਕਾਰੀ ਹਸਪਤਾਲਾਂ ਦੀ ਜ਼ਿਆਦਾ ਲੋੜ ਹੈ।

Comments

comments

Share This Post

RedditYahooBloggerMyspace