ਕੁਦਰਤ ਦੀ ਵਡਮੁੱਲੀ ਦੇਣ

ਡਾ. ਹਰਸ਼ਿੰਦਰ ਕੌਰ

ਛੇ ਮਹੀਨੇ ਦੀ ਉਮਰ ਤੱਕ ਪਹੁੰਚਦਾ ਬੱਚਾ ਆਪਣੇ ਜਨਮ ਸਮੇਂ ਦੇ ਭਾਰ ਨਾਲੋਂ ਦੁੱਗਣੇ ਤੋਂ ਵੱਧ ਭਾਰ ਦਾ ਹੋ ਜਾਂਦਾ ਹੈ। ਉਮਰ ‘ਚ ਵਾਧੇ ਦੇ ਨਾਲ ਉਸ ਦੀਆਂ ਖ਼ੁਰਾਕ ਵਾਸਤੇ ਲੋੜਾਂ ਵਿੱਚ ਵਾਧਾ ਹੋਣਾ ਵੀ ਲਾਜ਼ਮੀ ਹੈ। ਇਕੱਲੇ ਮਾਂ ਦੇ ਦੁੱਧ ਨਾਲ ਤਾਂ ਢਿੱਡ ਭਰਨਾ ਨਾ ਹੋਇਆ, ਇਸੇ ਲਈ ਬੱਚੇ ਦੀ ਸਰੀਰਕ ਲੋੜ ਅਨੁਸਾਰ ਉਸ ਨੂੰ ਹੋਰ ਖਾਣ ਦੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰਨੀਆਂ ਪੈਂਦੀਆਂ ਹਨ।

ਜਨਮ ਤੋਂ ਬਾਅਦ ਪਹਿਲੇ ਚਾਰ ਮਹੀਨੇ ਬੱਚੇ ਦਾ ਸਰੀਰ ਬਹੁਤ ਤੇਜ਼ੀ ਨਾਲ ਵਧਦਾ ਹੈ ਅਤੇ ਨਾਲ ਹੀ ਅੰਦਰੂਨੀ ਅੱਗ ਵੀ। ਵੱਖੋ-ਵੱਖ ਅੰਗਾਂ ਨੂੰ ਆਪੋ-ਆਪਣੇ ਕੰਮ-ਕਾਰ ਲਈ ਪ੍ਰੋਟੀਨ, ਥਿੰਦਾ, ਵਿਟਾਮਿਨ, ਲੋਹ ਕਣ, ਜ਼ਿੰਕ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਤੇ ਹੋਰ ਵੀ ਕਈ ਕੁਝ ਚਾਹੀਦਾ ਹੁੰਦਾ ਹੈ ਜਿਸ ਲਈ ਪਹਿਲੇ ਪੰਜ ਕੁ ਮਹੀਨਿਆਂ ਦੀ ਉਮਰ ਤੱਕ ਦੇ ਭੰਡਾਰ ਤਾਂ ਮਾਂ ਦੇ ਢਿੱਡ ਅੰਦਰੋਂ ਹੀ ਜਮ੍ਹਾਂ ਹੋ ਕੇ ਬੱਚੇ ਨੂੰ ਪਹੁੰਚਦੇ ਹਨ।

ਛੇਵੇਂ ਮਹੀਨੇ ਤੋਂ ਬਾਅਦ ਜੇ ਸਹੀ ਖ਼ੁਰਾਕ ਬੱਚੇ ਨੂੰ ਨਾ ਮਿਲੇ ਤਾਂ ਸਰੀਰ ਅੰਦਰ ਕਈ ਤਰ੍ਹਾਂ ਦੀਆਂ ਕਮੀਆਂ ਪੈਦਾ ਹੋ ਜਾਂਦੀਆਂ ਹਨ ਜਿਨ੍ਹਾਂ ਵਿੱਚ ਦਿਮਾਗ ਦੇ ਕੰਮਕਾਰ ਦੇ ਨੁਕਸ ਵੀ ਸ਼ਾਮਲ ਹਨ।
ਇਸ ਉਮਰ ਵਿੱਚ ਕੋਈ ਖੁਰਾਕ ਸ਼ੁਰੂ ਕਰਨ ਤੋਂ ਪਹਿਲਾਂ ਬੱਚੇ ਦੇ ਬਾਰੇ ਹੇਠ ਦੱਸੀਆਂ ਗੱਲਾਂ ਦਾ ਪਤਾ ਹੋਣਾ ਜ਼ਰੂਰੀ ਹੈ।

ਛੇ ਮਹੀਨੇ ਦਾ ਬੱਚਾ ਸਹਾਰੇ ਨਾਲ ਬਹੁਤ ਵਧੀਆ ਬੈਠ ਜਾਂਦਾ ਹੈ ਤੇ ਥੋੜ੍ਹਾ ਚਿਰ ਸਹਾਰੇ ਤੋਂ ਬਗ਼ੈਰ ਵੀ। ਬੱਚਾ ਇਸ ਉਮਰ ਵਿੱਚ ਸਿਰ ਵੀ ਸੰਭਾਲਣ ਲੱਗ ਪੈਂਦਾ ਹੈ, ਇਸ ਲਈ ਸਿਰਫ਼ ਪਾਣੀ ਵਾਂਗ ਤਰਲ ਚੀਜ਼ਾਂ ਤੋਂ ਇਲਾਵਾ ਰਤਾ ਕੁ ਗਾੜੀਆਂ ਚੀਜ਼ਾਂ ਵੀ ਗਲੇ ਅੰਦਰ ਬਿਨਾਂ ਹੱਥੂ ਲਏ ਲੰਘਾ ਲੈਂਦਾ ਹੈ ਜਿਵੇਂ ਸੂਜੀ ਦੀ ਖੀਰ, ਦਹੀਂ ਆਦਿ।

ਛੋਟੇ ਬੱਚੇ ਦੇ ਮੂੰਹ ਵਿੱਚ ਕੁਝ ਵੀ ਪਾਇਆ ਜਾਏ ਤਾਂ ਉਸ ਦੀ ਜੀਭ ਉਸ ਨੂੰ ਬਾਹਰ ਨੂੰ ਧੱਕਦੀ ਹੈ ਕਿਉਂਕਿ ਗਾੜੀ ਚੀਜ਼ ਅੰਦਰ ਲੰਘਾਉਣ ਦਾ ਵੱਲ ਹਾਲੇ ਉਸ ਨੂੰ ਆਇਆ ਨਹੀਂ ਹੁੰਦਾ। ਛੇ ਮਹੀਨੇ ਦੀ ਉਮਰ ਪੂਰੀ ਹੋਣ ਤੱਕ ਇਹ ਵੱਲ ਬੱਚੇ ਨੂੰ ਆ ਜਾਂਦਾ ਹੈ ਤੇ ਉਹ ਸਾਰਾ ਕੁਝ ਬਾਹਰ ਸੁੱਟਣ ਦੀ ਬਜਾਏ ਥੋੜ੍ਹਾ ਅੰਦਰ ਵੀ ਲੰਘਾਉਣ ਲੱਗ ਪੈਂਦਾ ਹੈ।

ਇੱਕ ਹੋਰ ਵੱਲ ਜੋ ਛੇ ਮਹੀਨੇ ਦੀ ਉਮਰ ਤੱਕ ਬੱਚੇ ਨੂੰ ਆ ਜਾਂਦਾ ਹੈ, ਉਹ ਹੈ ਜੀਭ ਮੂੰਹ ਵਿੱਚ ਗੋਲ ਘੁਮਾ ਕੇ ਗਰਾਹੀ ਬਣਾਉਣ ਦੀ ਜਾਚ। ਇਸ ਦਾ ਫਾਇਦਾ ਇਹ ਹੁੰਦਾ ਹੈ ਕਿ ਬੱਚੇ ਕੁਝ ਸਖ਼ਤ ਚੀਜ਼ ਨੂੰ ਮੂੰਹ ਵਿਚਲੀ ਥੁੱਕ ਵਿੱਚ ਘੋਲ ਕੇ ਖਾ ਸਕਣ ਜੋਗਾ ਹੋ ਜਾਂਦਾ ਹੈ।

ਇਸ ਉਮਰ ਤੋਂ ਛੋਟਾ ਬੱਚਾ ਤਾਂ ਸਿਰਫ਼ ਮਾਂ ਦਾ ਦੁੱਧ ਪੀਣ ਲਈ ਹੀ ਮਾਂ ਦੀ ਛਾਤੀ ਵੱਲ ਮੂੰਹ ਘੁਮਾਉਣਾ ਜਾਣਦਾ ਹੁੰਦਾ ਹੈ ਪਰ ਛੇ ਮਹੀਨੇ ਦਾ ਬੱਚਾ ਚਮਚ ਵੇਖ ਕੇ ਵੀ ਉਸ ਵੱਲ ਮੂੰਹ ਘੁਮਾਉਣ ਲੱਗ ਪੈਂਦਾ ਹੈ।
ਜੇ ਬੱਚਾ ਭੁੱਖਾ ਨਾ ਹੋਵੇ ਤਾਂ ਮੂੰਹ ਚਮਚ ਤੋਂ ਪਰ੍ਹਾਂ ਕਰ ਲੈਂਦਾ ਹੈ। ਜੇ ਇਸ ਵੇਲੇ ਧੱਕੇਜ਼ੋਰੀ ਮੂੰਹ ਅੰਦਰ ਚੀਜ਼ ਪਾਈ ਜਾਏ ਤਾਂ ਬੱਚਾ ਉਲਟੀ ਤਾਂ ਕਰਦਾ ਹੀ ਹੈ ਪਰ ਉਸ ਨੂੰ ਖਾਣੇ ਤੋਂ ਨਫ਼ਰਤ ਵੀ ਹੋਣ ਲੱਗ ਪੈਂਦੀ ਹੈ।
ਜੇ ਬੱਚੇ ਦੀ ਗੱਲ ਮੰਨ ਕੇ ਉਸ ਦਾ ਢਿੱਡ ਭਰ ਜਾਣ ਉੱਤੇ ਉਸ ਨੂੰ ਖਾਣਾ ਖੁਆਉਣਾ ਬੰਦ ਕਰ ਦਿੱਤਾ ਜਾਏ ਤਾਂ ਹੌਲੀ-ਹੌਲੀ ਬੱਚਾ ਵੱਖਰੀ ਕਿਸਮ ਦੇ ਖਾਣਿਆਂ ਨੂੰ ਬਣਦਾ ਵੇਖ ਅਤੇ ਖੁਸ਼ਬੋ ਸੁੰਘ ਕੇ ਮੂੰਹ ਵਿੱਚ ਉਂਗਲ ਪਾ ਕੇ ਇਸ਼ਾਰਾ ਵੀ ਕਰ ਦਿੰਦਾ ਹੈ ਕਿ ਖਾਣਾ ਹੈ!

ਇਸ ਉਮਰ ਦਾ ਬੱਚਾ ਖਾਣਾ ਖਾਂਦਿਆਂ ਆਪਣੇ ਹੱਥਾਂ ਨਾਲ ਲਗਾਤਾਰ ਖੇਡਦਾ ਰਹਿੰਦਾ ਹੈ ਅਤੇ ਜੇ ਉਸ ਦੇ ਖਾਣੇ ਦੇ ਦੌਰਾਨ ਕੋਈ ਜਾਣ-ਪਛਾਣ ਦਾ ਬੰਦਾ ਦਿਸ ਜਾਏ ਤਾ ਭੁੱਖ ਭੁੱਲ ਕੇ ਫਟ ਉਸ ਵੱਲ ਉੱਲਰ ਪੈਂਦਾ ਹੈ। ਜੇ ਓਪਰਾ ਬੰਦਾ ਦਿਸ ਜਾਏ ਤਾਂ ਝੱਟ ਰੋਣ ਵੀ ਲੱਗ ਪੈਂਦਾ ਹੈ ਅਤੇ ਰੋਟੀ ਛੱਡ ਕੇ ਮਾਂ ਦੀ ਬੁੱਕਲ ਵਿੱਚ ਲੁਕ ਜਾਂਦਾ ਹੈ।
ਕਈ ਵਾਰ ਤਾਂ ਏਨਾ ਮਜ਼ਾ ਆਉਂਦਾ ਹੈ ਜਦੋਂ ਬੱਚਾ ਖਾਂਦਿਆਂ ਹੋਇਆਂ ਨਾਲ-ਨਾਲ ਆਪਣੇ ਪੈਰ ਦਾ ਅੰਗੂਠਾ ਵੀ ਫੜ ਕੇ ਮੂੰਹ ਵਿੱਚ ਪਾ ਲੈਂਦਾ ਹੈ ਜਾਂ ਮਾਂ ਦਾ ਅੰਗੂਠਾ ਜੇ ਹੱਥ ਵਿੱਚ ਆ ਜਾਏ ਤਾਂ ਉਹ ਵੀ ਖਿੱਚ ਕੇ ਆਪਣੇ ਮੂੰਹ ਅੰਦਰ ਪਾਉਣ ਦੀ ਕੋਸ਼ਿਸ਼ ਕਰਦਾ ਹੈ।

ਅੱਠ ਮਹੀਨੇ ਦਾ ਬੱਚਾ ਚੀਜ਼ਾਂ ਆਪ ਚੁੱਕ ਕੇ ਮੂੰਹ ਵਿੱਚ ਪਾਉਣੀਆਂ ਸ਼ੁਰੂ ਕਰ ਦਿੰਦਾ ਹੈ ਅਤੇ ਇੱਕ ਤੋਂ ਦੂਜੇ ਹੱਥ ਵਿੱਚ ਚੀਜ਼ ਫੜਾਉਣ ਵੀ ਲੱਗ ਪੈਂਦਾ ਹੈ। ਕੁਝ ਆਵਾਜ਼ਾਂ ਵੀ ਕੱਢ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਖਾਣਾ ਉੱਕਾ ਹੀ ਬਕਵਾਸ ਹੈ ਜਾਂ ਨਹੀਂ। ਇਹ ਵੱਖਰੀ ਗੱਲ ਹੈ ਕਿ ਉਸ ਦੀ ਗੱਲ ਅਣਸੁਣੀ ਕਰ ਕੇ ਮਾਪੇ ਖੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ ਕਿ ਉਨ੍ਹਾਂ ਦਾ ਬੱਚਾ ‘ਆ’ ‘ਬਲਾ’ ‘ਕਾ’ ‘ਤਾ’ ਬੋਲ ਗਿਆ ਤਾਂ ਕਮਾਲ ਹੀ ਹੋ ਗਿਆ! ਕੀ ਪਤਾ ਅਸਲ ਵਿੱਚ ਉਹ ਕਹਿ ਰਿਹਾ ਹੋਵੇ ਬਈ ਆਪ ਤਾਂ ਮਜ਼ੇਦਾਰ ਚਾਟ ਖਾਈ ਬੈਠ ਹੋ ਤੇ ਮੈਨੂੰ ਉਬਲੀ ਫਿੱਕੀ ਦਾਲ ਦੇਈ ਜਾ ਰਹੇ ਹੋ! ਜਾਂ, ਬਈ ਪਿਛਲੇ ਸੱਤ ਮਹੀਨਿਆਂ ਤੋਂ ਨਿਰੇ ਦੁੱਧ ਉੱਤੇ ਹੀ ਰੱਖਿਆ ਹੋਇਆ ਹੈ! ਹੁਣ ਕੁਝ ਹੋਰ ਵੀ ਬਦਲ ਕੇ ਮਿਲੇਗਾ? ਆਪ ਰੋਜ਼ ਸੱਤ ਮਹੀਨੇ ਲਗਾਤਾਰ ਦਿਨ ਵਿੱਚ ਪੰਜ ਵਾਰ ਮੂੰਗੀ ਧੋਤੀ ਦਾਲ ਖਾ ਕੇ ਵੇਖੋ ਖਾਂ! ਮੈਨੂੰ ਵੀ ਹੁਣ ਕੁਝ ਵੱਖਰਾ ਖੁਆ ਦਿਓ।

ਅੱਠ ਮਹੀਨੇ ਦਾ ਬੱਚਾ ਆਪਣੀ ਪਸੰਦ ਨਾਪਸੰਦ ਚੰਗੀ ਤਰ੍ਹਾਂ ਸਮਝਾਉਣ ਦੇ ਸਮਰੱਥ ਹੋ ਜਾਂਦਾ ਹੈ। ਇਸੇ ਲਈ ਬੋਲ ਨਾ ਸਕਣ ਦੇ ਬਾਵਜੂਦ ਜੇ ਖਾਣ ਵਾਲੀ ਚੀਜ਼ ਪਸੰਦ ਨਾ ਹੋਵੇ ਤਾਂ ਆਪਣੇ ਬੁੱਲ ਘੁੱਟ ਕੇ ਬੰਦ ਕਰ ਲੈਂਦਾ ਹੈ। ਸੁਆਦਲੀ ਚੀਜ਼ ਨੂੰ ਉਪਰਲੇ ਬੁੱਲ੍ਹ ਰਤਾ ਕੁ ਉਪਰ ਕਰਕੇ ਚਮਚ ਮੂੰਹ ਅੰਦਰ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਮਾਂ ਵੱਲੋਂ ਫੜੀ ਭਾਰੀ ਬੋਤਲ ਵੀ ਆਪਣੇ ਨਿੱਕੇ ਹੱਥਾਂ ਦੇ ਸਹਾਰੇ ਨਾਲ ਫੜਨ ਦੀ ਕੋਸ਼ਿਸ ਕਰਦਾ ਹੈ। ਖਾਣੇ ਨੂੰ ਰਤਾ-ਰਤਾ ਚਿੱਥਣ ਦੀ ਕੋਸ਼ਿਸ਼ ਕਰਦਾ ਬੱਚਾ ਏਸੇ ਉਮਰ ਵਿੱਚ ਵੇਖਿਆ ਜਾ ਸਕਦਾ ਹੈ। ਇਸ ਉਮਰ ਤੋਂ ਪਹਿਲਾਂ ਤਾਂ ਬੱਚਾ ਸਿਰਫ਼ ਨਿਗਲਦਾ ਹੈ ਪਰ ਹੁਣ ਰਤਾ ਕੁ ਜਬਾੜਾ ਵੀ ਘੁਮਾਉਣ ਲੱਗ ਪੈਂਦਾ ਹੈ। ਏਸੇ ਲਈ ਕੁਝ ਹੋਰ ਗਾੜੀਆਂ ਚੀਜ਼ਾਂ ਬੱਚੇ ਨੂੰ ਖਾਣ ਲਈ ਦਿੱਤੀਆਂ ਜਾ ਸਕਦੀਆਂ ਹਨ ਜਿਵੇਂ ਖਿਚੜੀ, ਖੀਰ, ਚੌਲ, ਕੜਾਹ ਆਦਿ।

ਸਭ ਤੋਂ ਮਜ਼ੇਦਾਰ ਗੱਲ ਤਾਂ ਇਹ ਲਗਦੀ ਹੈ ਕਿ ਬੱਚਾ ਸੁਆਦੀ ਚੀਜ਼ ਨੂੰ ਛੇਤੀ-ਛੇਤੀ ਮੂੰਹ ਵਿੱਚ ਪਾਉਣ ਲਈ ਮਾਂ ਦਾ ਹੱਥ ਵੀ ਫੜ ਕੇ ਚਮਚ ਮੂੰਹ ਵਿੱਚ ਧੱਕਣ ਦੀ ਕਰਦਾ ਹੈ।

ਦਸ ਮਹੀਨੇ ਦਾ ਬੱਚਾ ਆਪਣਾ ਨਾਂ ਅਤੇ ਰੋਟੀ ਬਾਰੇ ਪਈ ਆਵਾਜ਼ ਝਟ ਪਛਾਣ ਲੈਂਦਾ ਹੈ ਅਤੇ ਰਤਾ ਕੁ ਮੂੰਹ ਖੋਲ੍ਹ ਕੇ ਇਸ਼ਾਰਾ ਵੀ ਕਰ ਦਿੰਦਾ ਹੈ ਕਿ ਲਿਆਓ ਜੀ, ਤਿਆਰ ਬੈਠੇ ਹਾਂ! ਇਸ ਉਮਰ ਦਾ ਬੱਚਾ ਭੁੱਖਾ ਹੋਣ ਉੱਤੇ ਰੋਣਾ ਵੀ ਵੱਖਰੀ ਕਿਸਮ ਦਾ ਰੋਂਦਾ ਹੈ ਅਤੇ ਪਿਆਸਾ ਹੋਣ ਉੱਤੇ ਬੋਤਲ, ਗਿਲਾਸ ਜਾਂ ਕੱਪ ਆਪਣੇ ਹੱਥੀਂ ਫੜ ਕੇ ਮੂੰਹ ਨੂੰ ਲਾ ਲੈਂਦਾ ਹੈ।

ਹੁਣ ਤਾਂ ਬੱਚਾ ਆਪਣੇ ਨਿੱਕੇ ਜਿਹੇ ਹੱਥਾਂ ਨਾਲ ਗਰਾਹੀ ਜਾਂ ਬਿਸਕੁਟ ਫੜ ਕੇ ਮੂੰਹ ਵਿਚ ਆਪੇ ਪਾ ਕੇ ਉਸ ਨੂੰ ਮੂੰਹ ਅੰਦਰ ਘੁਮਾ ਕੇ ਦਬਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਵੇਲੇ ਜੇ ਭੁੱਖ ਨਾ ਹੋਣ ਉਤੇ ਬੱਚੇ ਦੇ ਮੂੰਹ ਅੰਦਰ ਖਾਣਾ ਧੱਕਣ ਦੀ ਕੋਸ਼ਿਸ਼ ਕੀਤੀ ਜਾਏ ਤਾਂ ਪੱਕੀ ਤਰ੍ਹਾਂ ਮੂੰਹ ਬੰਦ ਕਰ ਕੇ ਸਿਰ ਵੀ ਪਾਸੇ ਉੱਤੇ ਘੁਮਾ ਕੇ ਘੂਰੀ ਵੱਟ ਕੇ ਬੱਚਾ ਹੈਰਾਨ ਹੁੰਦਾ ਪੁੱਛਦਾ ਜਾਪਦਾ ਹੈ- ਕੀ ਹੁਣ ਪੂਰੇ ਘਰ ਦਾ ਖਾਣਾ ਮੇਰੇ ਨਿੱਕੇ ਜਿਹੇ ਢਿੱਡ ਵਿੱਚ ਹੀ ਘਸੋੜ ਛੱਡੋਗੇ? ਇਸੇ ਉਮਰ ਵਿੱਚ ਪਹਿਲੀ ਦੰਦੀ ਵੀ ਬਹੁਤੀ ਵਾਰ ਬੱਚਾ ਕੱਢ ਲੈਂਦਾ ਹੈ। ਜੇ ਮੂੰਹ ਅੰਦਰ ਖਾਣਾ ਧੱਕਣਾ ਬੰਦ ਨਾ ਕੀਤਾ ਜਾਏ ਤਾਂ ਬੱਚਾ ਉਂਗਲੀ ਉੱਤੇ ਦੰਦੀ ਵੀ ਵੱਢ ਦਿੰਦਾ ਹੈ।

ਇੱਕ ਸਾਲ ਦਾ ਬੱਚਾ ਮਾਪਿਆਂ ਦੀ ਕਹੀ ਨਿੱਕੀ ਮੋਟੀ ਗੱਲ ਮੰਨ ਵੀ ਲੈਂਦਾ ਹੈ ਅਤੇ ਦਿਲ ਨਾ ਕਰੇ ਤਾਂ ਪੂਰੇ ਜ਼ੋਰ ਦੀ ਸਿਰ ‘ਨਾਂਹ’ ਵਿੱਚ ਹਿਲਾ ਕੇ ਵਿਖਾ ਦਿੰਦਾ ਹੈ। ਹੁਣ ਕਿਉਂਕਿ ਬੱਚਾ ਬੋਲਣ ਜੋਗਾ ਹੋ ਜਾਂਦਾ ਹੈ ਇਸੇ ਲਈ ‘ਮਾਮਾ’ ਕਹਿ ਕੇ ਅੱਗੋਂ ‘ਨਾਂਹ’ ਵਿੱਚ ਸਿਰ ਹਿਲਾ ਕੇ ਸਮਝਾ ਦਿੰਦਾ ਹੈ ਕਿ ਖਾਣਾ ਹੈ ਜਾਂ ਨਹੀਂ। ਇਸੇ ਉਮਰ ਵਿੱਚ ਬੱਚਾ ਗੁੱਸਾ ਜ਼ਾਹਰ ਕਰਨ ਜੋਗਾ ਹੋ ਜਾਂਦਾ ਹੈ। ਸੋ ਜੇ ਨਾ ਖਾਣਾ ਹੋਵੇ ਤਾਂ ਚੀਕ ਚਿੰਘਾੜਾ ਵੀ ਮਚਾ ਸਕਦਾ ਹੈ ਜਾਂ ਹੱਥ ਫੜੀ ਚੀਜ਼ ਵਗਾਹ ਕੇ ਪਰ੍ਹਾਂ ਮਾਰਦਾ ਹੈ। ਹੁਣ ਬੱਚਾ ਆਪ ਚਮਚ ਫੜ ਕੇ ਖਾਣ ਦੀ ਕੋਸ਼ਿਸ਼ ਕਰਦਾ ਹੈ ਅਤੇ ਮੂੰਹ ਨੂੰ ਸਾਰੇ ਪਾਸਿਓਂ ਲਬੇੜ ਕੇ ਖ਼ੂਬਸੂਰਤ ਮੁਸਕੁਰਾਹਟ ਵੀ ਬਿਖੇਰ ਦਿੰਦਾ ਹੈ ਕਿ ਲਓ ਜੀ ਮੈਂ ਵੱਡਾ ਹੋ ਗਿਆ ਹਾਂ। ਇਸ ਵੇਲੇ ਜੇ ਬੱਚੇ ਨੂੰ ਚੀਜ਼ ਚਬਾਉਂਦਿਆਂ ਵੇਖਿਆ ਜਾਵੇ ਤਾਂ ਬੜਾ ਮਜ਼ਾ ਆਉਂਦਾ ਹੈ ਕਿਉਂ૪ਕ ਉਹ ਥੋੜ੍ਹਾ ਇਧਰੋਂ ਉਧਰੋਂ ਘੁਮਾ ਕੇ ਕੁਝ ਬਾਹਰ ਕੱਢ ਦਿੰਦਾ ਹੈ ਤੇ ਕੁਝ ਅੰਦਰ ਲੰਘਾ ਦਿੰਦਾ ਹੈ। ਇਹ ਕਰਨ ਵੇਲੇ ਉਹ ਮੂੰਹ ਗੋਲ-ਗੋਲ ਹਿਲਾਉਂਦਾ ਹੈ ਅਤੇ ਕਦੇ ਕਦਾਈਂ ਇੱਕ ਅੱਖ ਵੀ ਬੰਦ ਕਰ ਲੈਂਦਾ ਹੈ। ਕੁਦਰਤ ਵੱਲੋਂ ਇਸ ਤੋਂ ਖ਼ੂਬਸੂਰਤ ਨਜ਼ਾਰਾ ਹੋਰ ਕੋਈ ਬਖਸ਼ਿਆ ਹੀ ਨਹੀਂ ਗਿਆ ਹੋਣਾ ਕਿਉਂਕਿ ਬੱਚੇ ਦੀ ਅਜਿਹੀ ਯਾਦਗਾਰੀ ਤਸਵੀਰ ਕਿਸੇ ਵੀ ਹੋਰ ਸੋਹਣੇ ਤੋਂ ਸੋਹਣੇ ਨਜ਼ਾਰੇ ਤੋਂ ਵੱਧ ਦਿਲ ਨੂੰ ਗੁਦਗੁਦਾ ਸਕਦੀ ਹੈ। ਖਾਣੇ ਦੇ ਨਾਲ ਉਹ ਵਾਰ-ਵਾਰ ਪਾਣੀ ਦਾ ਗਿਲਾਸ ਮੂੰਹ ਨੂੰ ਆਪੇ ਲਾ ਕੇ ਬੱਚਾ ਖਾਣਾ ਝਟਪਟ ਅੰਦਰ ਲੰਘਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਸ ਉਮਰ ਦਾ ਬੱਚਾ ਮੂੰਹ ਬੰਦ ਕਰਕੇ ਖਾਣਾ ਖਾਣ ਲੱਗ ਪੈਂਦਾ ਹੈ ਭਾਵ ਕੁਦਰਤੀ ਤੌਰ ਉਤੇ ਤਹਿਜ਼ੀਬ ਆ ਜਾਂਦੀ ਹੈ ਜੋ ਕਈ ਜਣੇ ਵੱਡੇ ਹੋ ਕੇ ਛੱਡ ਦਿੰਦੇ ਹਨ ਅਤੇ ਮੂੰਹ ਖੋਲ੍ਹ ਕੇ ਖਾਣ ਲੱਗ ਪੈਂਦੇ ਹਨ। ਇਸ ਉਮਰ ਵਿੱਚ ਬੱਚਾ ਵੱਡਿਆਂ ਵਾਂਗ ਬੁੱਲ, ਜੀਭ ਅਤੇ ਦੰਦ ਵਰਤ ਕੇ ਰੋਟੀ ਖਾਣ ਲੱਗ ਪੈਂਦਾ ਹੈ।

ਜਦੋਂ ਵੀ ਬੱਚੇ ਨੂੰ ਖ਼ੁਰਾਕ ਦੇਣੀ ਹੋਵੇ ਤਾਂ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਨਿੱਕੇ ਬੱਚੇ ਦਾ ਢਿੱਡ ਵੱਡਿਆਂ ਦੇ ਢਿੱਡ ਦਾ ਦਸਵਾਂ ਹਿੱਸਾ ਹੀ ਹੁੰਦਾ ਹੈ। ਇਸੇ ਲਈ ਆਪਣੇ ਹਿਸਾਬ ਨਾਲ ਮਿਣ ਕੇ ਬੱਚੇ ਦੀ ਖ਼ੁਰਾਕ ਨਹੀਂ ਮਿਥੀ ਜਾ ਸਕਦੀ।

ਹਰ ਇਨਸਾਨ ਦੀ ਆਪਣੀ ਵੱਖਰੀ ਲੋੜ ਹੁੰਦੀ ਹੈ ਅਤੇ ਉਸ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਬਿਲਕੁਲ ਏਸੇ ਹੀ ਤਰ੍ਹਾਂ ਬੱਚਾ ਵੀ ਆਪਣੀ ਹੋਂਦ ਦਾ ਅਹਿਸਾਸ ਕਰਵਾ ਰਿਹਾ ਹੁੰਦਾ ਹੈ। ਇਸੇ ਲਈ ਉਸ ਦੀ ਨਿੱਕੀ-ਨਿੱਕੀ ਲੋੜ ਦਾ ਖ਼ਿਆਲ ਰੱਖਣਾ ਮਾਪਿਆਂ ਦਾ ਫ਼ਰਜ਼ ਹੁੰਦਾ ਹੈ, ਨਾ ਕਿ ਆਪਣੇ ਹਿਸਾਬ ਨਾਲ ਖਾਣਾ ਪੀਣਾ ਠੋਸਣਾ। ਸਿਰਫ਼ ਏਨਾ ਯਾਦ ਰੱਖਣ ਦੀ ਲੋੜ ਹੈ ਕਿ ਬੱਚੇ ਨੂੰ ਰੋਜ਼ ਵੱਖੋ-ਵੱਖਰੀਆਂ ਚੀਜ਼ਾਂ ਖਾਣ ਲਈ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਰੋਜ਼ ਇੱਕੋ ਜਿਹੀ ਚੀਜ਼ ਖਾ ਕੇ ਅੱਕ ਨਾ ਜਾਵੇ ਤੇ ਖਾਣ ਪੀਣ ਤੋਂ ਇਨਕਾਰੀ ਹੋ ਜਾਵੇ।

Comments

comments

Share This Post

RedditYahooBloggerMyspace