ਪੰਜਾਬ! ਹਾਲੇ ਵੀ ਸੰਭਲ ਜਾ…

ਡਾ ਗੁਰਬਖ਼ਸ਼ ਸਿੰਘ ਭੰਡਾਲ
(ਲੇਖਕ)

ਡਾ. ਗੁਰਬਖ਼ਸ਼ ਸਿੰਘ ਭੰਡਾਲ

ਪਿਛਲੇ ਦਿਨੀਂ ਖ਼ਬਰ ਆਈ ਕਿ ਕੇਂਦਰ ਦੇ ਨੀਤੀ ਆਯੋਗ ਦੇ ਮੈਂਬਰ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਮਿਲੇ। ਜਦ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਆਰਥਿਕ ਰਾਹਤ ਦਾ ਵਾਸਤਾ ਪਾਇਆ ਗਿਆ ਜਿਨਾਂ ਨੇ ਕੇਂਦਰ ਦੇ ਅਨਾਜ ਭੰਡਾਰ ਨੂੰ ਭਰਿਆ ਹੈ ਤਾਂ ਨੀਤੀ ਆਯੋਗ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਕਿਸਾਨਾਂ ਬਾਰੇ ਕੇਂਦਰ ਕੁਝ ਨਹੀਂ ਕਰ ਸਕਦਾ। ਪੰਜਾਬ ਸਰਕਾਰ ਹੀ ਇਸ ਬਾਰੇ ਫ਼ਿਕਰ ਕਰੇ। ਪੰਜਾਬ ਨੂੰ ਕੇਂਦਰ ਦੇ ਅਨਾਜ ਭੰਡਾਰ ਬਾਰੇ ਵੀ ਫ਼ਿਕਰ ਕਰਨ ਦੀ ਲੋੜ ਨਹੀਂ। ਇਸਦਾ ਬੰਦੋਬਸਤ ਕੇਂਦਰ ਖ਼ੁਦ ਕਰ ਲਵੇਗਾ। ਬਹੁਤ ਤਲਖ਼, ਕਰਾਰੇ ਤੇ ਸਪਸ਼ਟ ਜਵਾਬ ਨੇ ਪੰਜਾਬ ਸਰਕਾਰ ਨੂੰ ਜਵਾਬਹੀਣ ਕਰ ਦਿੱਤਾ। ਦਰਅਸਲ ਹੁਣ ਜਦ ਦੂਸਰੇ ਰਾਜ ਅਨਾਜ ਪੈਦਾ ਕਰਕੇ ਅਨਾਜ-ਲੋੜਾਂ ਪੂਰੀਆਂ ਕਰ ਸਕਦੇ ਹਨ ਤਾਂ ਪੰਜਾਬ ਦੇ ਅਨਾਜ ਦੀ ਕਿਸ ਨੂੰ ਲੋੜ ਏ?

ਭਾਰਤ ਦੇ ਖ਼ਾਲੀ ਅੰਨ ਭੰਡਾਰਾਂ ਨੂੰ ਨੱਕੋ-ਨੱਕ ਭਰਨ ਵਾਲੇ ਪੰਜਾਬ ਲਈ ਇਸ ਤੋਂ ਮਾੜੀ ਤਰਾਸਦੀ ਕੀ ਹੋ ਸਕਦੀ ਹੈ ਕਿ ਉਸ ਨੂੰ ਸ਼ਾਬਾਸ਼ ਜਾਂ ਮਾਣ-ਤਾਣ ਤਾਂ ਕੀ ਦੇਣਾ ਸੀ ਸਗੋਂ ਉਸ ਨੂੰ ਆਪਣੀ ਤਰਾਸਦੀ ਸੰਗ ਜਿਊਣ ਅਤੇ ਖੁਦਕੁਸ਼ੀਆਂ ਦੀ ਉੱਗ ਰਹੀ ਫ਼ਸਲ ਨੂੰ ਹੋਰ ਹੁਲਾਰਾ ਦੇਣ ਵਿਚ ਕੇਂਦਰ ਨੇ ਆਪਣਾ ਯੋਗਦਾਨ ਜ਼ਰੂਰ ਪਾ ਦਿੱਤਾ ਏ। ਪੰਜਾਬ ਦਾ ਬੁੱਧੀਜੀਵੀ ਵਰਗ ਪਹਿਲਾਂ ਵਾਂਗ ਹੀ ਖ਼ਾਮੋਸ਼ ਏ ਅਤੇ ਖ਼ਾਮੋਸ਼ ਨੇ ਪੰਜਾਬ ਦੇ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਰਹਿਨੁਮਾ।

ਕੀ ਇੱਕ ਵਾਰ ਫਿਰ ਪੰਜਾਬ ਕਿਸੇ ਬਹੁਤ ਹੀ ਸੋਚੀ-ਸਮਝੀ,ਕਮੀਨੀ ਸਾਜਸ਼ ਦਾ ਸ਼ਿਕਾਰ ਹੋ ਗਿਆ ਹੈ? ਕੀ ਪੰਜਾਬੀ ਸੂਬਾ ਮੰਗਣ ਕਾਰਨ, ਪੰਜਾਬੀਆਂ ਦੀ ਅੜੀ ਭੰਨਣ, ਅਣਖ ਨੂੰ ਮਿੱਟੀ ‘ਚ ਮਿਲਾਉਣ ਅਤੇ ਪੰਜਾਬ, ਪੰਜਾਬੀਆਂ ਤੇ ਪੰਜਾਬੀਅਤ ਨੂੰ ਖ਼ਤਮ ਕਰਨ ਲਈ ਹੀ ਕੇਂਦਰ ਵੱਲੋਂ ਹਰੀ ਕ੍ਰਾਂਤੀ ਦੇ ਨਾਹਰੇ ਨਾਲ ਪੰਜਾਬ ਨੂੰ ਕਰਮਨਾਸ਼ ਧਰਾਤਲ ਬਣਾਇਆ ਗਿਆ ਸੀ? ਕੁਦਰਤੀ ਸਰੋਤਾਂ ਨਾਲ ਲਬਰੇਜ਼ ਸੀ ਪੰਜਾਬ। ਬੰਦੇ ਜੰਮਣ ਵਾਲੀ ਜ਼ਮੀਨ, ਅੰਮ੍ਰਿਤ ਵਰਗੇ ਪਾਣੀ, ਪਾਕ-ਪਾਕੀਜ਼ ਹਵਾ ਅਤੇ ਸਰੂ ਵਰਗੇ ਸੋਹਣੇ ਗੱਭਰੂਆਂ ਦੀ ਧਰਤੀ ਅਤੇ ਮਾਣਮੱਤੇ ਪੰਜਾਬ ਨੂੰ ਹੀਣਾ ਬਣਾਉਣ ਲਈ ਹੀ ਤਾਂ ਇਹ ਚਾਲ ਨਹੀਂ ਸੀ ਚੱਲੀ ਗਈ? ਕੀ ਇਸ ਚਾਲ ਵਿਚ ਪੰਜਾਬ ਦੇ ਰਾਜਨੀਤਕ ਲੋਕ, ਖੇਤੀ ਵਿਗਿਆਨੀ ਅਤੇ ਬੁੱਧੀਜੀਵੀ ਵਰਗ ਵੀ ਸ਼ਾਮਲ ਸੀ? ਕੀ ਹਰੀ ਕ੍ਰਾਂਤੀ ਦੇ ਭਵਿੱਖੀ ਕੁ-ਪ੍ਰਭਾਵਾਂ ਬਾਰੇ ਵਿਗਿਆਨੀਆਂ/ਬੁੱਧੀਜੀਵੀਆਂ ਨੂੰ ਕੋਈ ਕਿਆਸ ਨਹੀਂ ਸੀ? ਕੀ ਇਹ ਸਭ ਕੁਝ ਜਾਣ ਬੁੱਝ ਕੇ ਤਾਂ ਨਹੀਂ ਹੋਣ ਦਿੱਤਾ ਗਿਆ ਜਿਸ ਵਿਚ ਕਾਰਪੋਰੇਟ ਅਦਾਰੇ ਅਤੇ ਕੇਂਦਰ ਵਿਚ ਰਾਜ ਕਰਦੀ ਰਾਜੀਨਤਕ ਪਾਰਟੀ ਦਾ ਕੋਈ ਅਜੇਹਾ ਪੈਂਤੜਾ ਕੰਮ ਕਰ ਰਿਹਾ ਸੀ ਕਿ ਕਿਵੇਂ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਪਲੀਤ ਕਰਨਾ ਤੇ ਕਰੂਰਤਾ ਨਾਲ ਖ਼ਤਮ ਕਰਨਾ ਅਤੇ ਇਹਨਾਂ ਵਿਚ ਘੁਲੇ ਹੋਏ ਜ਼ਹਿਰਾਂ ਨਾਲ ਪੈਦਾ ਹੋਣ ਵਾਲੇ ਖਾਧ-ਪਦਾਰਥਾਂ ਨਾਲ ਪੰਜਾਬੀਆਂ ਦੀ ਸਿਹਤ ਨਾਲ ਖਿਲਵਾੜ ਕਰਕੇ ਉਨਾਂ ਨੂੰ ਨਾਮਰਦ ਬਣਾਉਣ ਦੀ ਚਾਲ ਸੀ?

ਇਉਂ ਲੱਗਦਾ ਏ ਕਿ ਬਹੁਤ ਹੀ ਡੂੰਘੀ, ਸੋਚੀ-ਸਮਝੀ ਅਤੇ ਕੋਝੀ ਚਾਲ ਪੰਜਾਬੀਆਂ ਨਾਲ ਚੱਲੀਗਈ। ਪੰਜਾਬੀ ਕਿਸਾਨਾਂ ਨੂੰ ਅਜੇਹੇ ਸੁਪਨੇ ਦਿਖਾਏ ਗਏ ਕਿ ਪੰਜਾਬ, ਭਾਰਤ ਦਾ ਅੰਨਦਾਤਾ ਹੈ ਅਤੇ ਪੰਜਾਬ ਤੋਂ ਬਗੈਰ ਭਾਰਤ ਦਾ ਸਰ ਹੀ ਨਹੀਂ ਸਕਦਾ। ਪੰਜਾਬੀਆਂ ਨੂੰ ਵੀ ਲੱਗਾ ਕਿ ਅਨਾਜ ਦੀ ਵਧੀ ਹੋਈ ਪੈਦਾਵਾਰ ਸ਼ਾਇਦ ਉਨਾਂ ਦੀ ਆਰਥਿਕ ਖੁਸ਼ਹਾਲੀ ਦਾ ਰਾਹ ਖੋਲੇਗੀ? ਪਰ ਇਹ ਸਭ ਕੁਝ ਇੱਕ ਛਲਾਵੇ ਤੋਂ ਵੱਧ ਕੁਝ ਨਹੀਂ ਨਿਕਲਿਆ। ਕੇਂਦਰ ਦੀ ਦੂਰ ਰਸੀ ਤੇ ਸਵਾਰਥੀ ਨੀਤੀ ਦੇ ਅਸਰ ਅਤੇ ਹੁਣ ਪ੍ਰਗਟਾਈ ਕੇਂਦਰ ਦੀ ਅਕ੍ਰਿਤਘਣਤਾ ਨੇ ਸੰਵੇਦਨਸ਼ੀਲ ਪੰਜਾਬੀਆਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ। ਪਰ ਸਮੇਂ ਬੀਤੇ ਤੋਂ ਬਾਅਦ ਸਿਰਫ਼ ਪਛਤਾਵਾ ਹੀ ਪੱਲੇ ਵਿਚ ਰਹਿ ਜਾਂਦਾ ਏ। ਪਰ ਇਸ ਪਛਤਾਵੇ ਵਿਚੋਂ ਵੀ ਉਭਰਨ ਲਈ ਬਹੁਤ ਹੀ ਸੂਝਵਾਨ, ਸੁੱਚੇ ਅਤੇ ਦੂਰ-ਅੰਦੇਸ਼ ਆਗੂਆਂ ਦੀ ਰਹਿਨੁਮਾਈ ਦੀ ਲੋੜ ਹੁੰਦੀ ਹੈ ਜੋ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਪੰਜਾਬ ਅਤੇ ਪੰਜਾਬੀਆਂ ਬਾਰੇ ਕੁਝ ਸਾਰਥਿਕ ਸੋਚ ਸਕਣ।

ਯਾਦ ਰੱਖਣਾ! ਉਹ ਕੌਮਾਂ ਬਹੁਤ ਜਲਦੀ ਆਪਣੀ ਹੋਂਦ ਗਵਾ ਬਹਿੰਦੀਆਂ ਨੇ ਜਿਹੜੀਆਂ ਭਵਿੱਖਮੁਖੀ ਨਹੀਂ ਸੋਚਦੀਆਂ। ਜਿਨਾਂ ਨੂੰ ਦੂਰ ਰਸੀ ਪ੍ਰਭਾਵਾਂ ਅਤੇ ਆਉਣ ਵਾਲੀਆਂ ਦੁਸ਼ਵਾਰੀਆਂ ਦਾ ਪਤਾ ਨਾ ਲੱਗ ਸਕੇ ਅਤੇ ਜਿਨਾਂ ਕੋਲ ਭਵਿੱਖ ਨੂੰ ਸੁਚਾਰੂ ਮੋੜ ਦੇਣ ਲਈ ਸਹੀ ਫ਼ੈਸਲਾ ਲੈਣ ਤੇ ਇਸ ਨੂੰ ਸਹੀ ਤੇ ਸਾਰਥਿਕ ਰੂਪ ਵਿਚ ਸਮੂਹ ਲੋਕਾਈ ਤੀਕ ਪਹੁੰਚਾਉਣ ਦਾ ਵੱਲ ਨਾ ਹੋਵੇ। ਹੁਣ ਤੀਕ ਜ਼ਿਆਦਾਤਰ ਪੰਜਾਬੀ ਆਗੂ ਕੇਂਦਰ ਦੇ ਇਸ਼ਾਰਿਆਂ ਮੁਤਾਬਕ ਹੀ ਕਦਮ ਉਠਾਉਣ ਤੀਕ ਹੀ ਸੀਮਤ ਨੇ। ਉਨਾਂ ਲਈ ਪੰਜਾਬ ਦੀ ਜ਼ਹਿਰੀਲੀ ਹੋ ਗਈ ਧਰਤੀ, ਪਲੀਤ ਹੋ ਚੁੱਕੇ ਪਾਣੀ, ਪ੍ਰਦੂਸ਼ਿਤ ਹੋ ਗਈ ਹਵਾ, ਬਿਮਾਰੀਆਂ ਦੀ ਲਪੇਟ ਵਿਚ ਆਈ ਪੰਜਾਬੀ ਕੌਮ ਅਤੇ ਮਰਨਹੀਣਤਾ ਸੰਗ ਸਾਹਾਂ ਨੂੰ ਧੱਕਾ ਦੇ ਰਹੀ ਜਵਾਨ-ਪੀਹੜੀ ਨਾਲ ਕੋਈ ਸਰੋਕਾਰ ਨਹੀਂ।

ਕੀ ਕਦੇ ਸੋਚਿਆ ਜੇ ਕਿ ਹਰੀ ਕ੍ਰਾਂਤੀ ਨਾਲ ਪੰਜਾਬ ਨੇ ਕੀ ਖੱਟਿਆ? ਹੁਣ ਅਸੀਂ ਖਾਦਾਂ ਅਤੇ ਕੀਟਨਾਸ਼ਕਾਂ ਦੀ ਬਹੁਤਾਤ ਨਾਲ ਹੀ ਫ਼ਸਲਾਂ ਅਤੇ ਸਬਜ਼ੀਆਂ ਉਗਾਉਣ ਲਈ ਲਾਚਾਰ ਹੋ ਗਏ ਹਾਂ ਜਿਨਾਂ ਨੂੰ ਉਗਾਉਣ ਵਾਲਾ ਖ਼ੁਦ ਵੀ ਆਪਣੇ ਘਰ ਵਿਚ ਇਹਨਾਂ ਨੂੰ ਵਰਤਣ ਤੋਂ ਗੁਰੇਜ਼ ਕਰਦਾ ਹੈ। ਕੀਟਨਾਸ਼ਕ ਸਾਡੀ ਫੂਡਚੇਨ ਦਾ ਹਿੱਸਾ ਬਣ ਕੇ ਸਾਡੀਆਂ ਮਾਵਾਂ ਦੇ ਦੁੱਧ ਨੂੰ ਵੀ ਜ਼ਹਿਰੀਲਾ ਕਰ ਗਏ ਨੇ ਅਤੇ ਮਾਵਾਂ, ਦੁੱਧ ਚੁੰਘਦੇ ਬੱਚਿਆਂ ਨੂੰ ਜ਼ਹਿਰ ਪਿਲਾ ਰਹੀਆਂ ਨੇ। ਬਿਰਖ਼ ਅਸੀਂ ਕੋਈ ਰਹਿਣ ਨਹੀਂ ਦਿੱਤਾ, ਪੰਛੀਆਂ ਅਤੇ ਜਨੌਰਾਂ ਦੀ ਅਣਹੋਂਦ ਸਦਕਾ ਕੁਦਰਤੀ ਸੰਤੁਲਨ ਵਿਗੜ ਚੁੱਕਾ ਏ। ਪੰਜਾਬ ਦੇ ਦਰਿਆ, ਬਰੇਤਿਆਂ ਦੀ ਜੂਨ ਹੰਢਾਉਣ ਲਈ ਮਜਬੂਰ ਨੇ। ਧਰਤੀ ਹੇਠਲਾ ਪਾਣੀ ਹੁਣ ਪਿਆਸਿਆਂ ਲਈ ਅੰਮ੍ਰਿਤ ਨਹੀਂ ਸਗੋਂ ਬਿਮਾਰੀ ਦਾ ਪੈਗ਼ਾਮ ਏ। ਮਰਦ-ਅਗੰਮੜੇ ਪੈਦਾ ਕਰਨ ਵਾਲੀ ਧਰਤ ਹੁਣ ਖੁਦਕੁਸ਼ੀਆਂ ਦੀ ਫ਼ਸਲ ਉਗਾ ਰਹੀ ਏ ਅਤੇ ਇਹਨਾਂ ਖੁਦਕੁਸ਼ੀਆਂ ਵਿਚ ਸ਼ਾਮਲ ਨੇ ਚਿੜੀਆਂ, ਕਾਂ, ਕਬੂਤਰ ਅਤੇ ਮਾਸੂਮ ਘੁੱਗੀਆਂ।

ਕਦੇ ਵੇਲਾ ਸੀ ਸਿਹਤਮੰਦ ਪੰਜਾਬੀਆਂ ਦੇ ਦਰਸ਼ਨੀ ਜੁੱਸੇ ਹਰੇਕ ਦਾ ਮਨ ਮੋਹ ਲੈਂਦੇ ਸਨ। ਨਸ਼ਿਆਂ ਦੀ ਦਲਦਲ ਵਿਚ ਫਸੀ ਪੰਜਾਬੀ ਜਵਾਨੀ ਸੱਤਹੀਣ ਹੋਈ, ਲਾਇਲਾਜ ਅਲਾਮਤਾਂ ਨਾਲ ਗ੍ਰਸੀ ਹੋਈ ਏ। ਪੰਜਾਬ ਵਿਚੋਂ ਚਲਦੀਆਂ ਨੇ ਕੈਂਸਰ ਟਰੇਨਾਂ। ਨਲਕਿਆਂ, ਨਹਿਰਾਂ, ਕੱਸੀਆਂ, ਸੂਇਆਂ, ਔਲੂ ਤੇ ਆੜ ਦਾ ਪਾਣੀ ਪੀ ਕੇ ਤੰਦਰੁਸਤ ਰਹਿਣ ਵਾਲੇ ਪੰਜਾਬੀਆਂ ਦੇ ਘਰਾਂ ਵਿਚ ਆਰ ਓ ਲੱਗੇ ਹੋਣ ਦੇ ਬਾਵਜੂਦ ਵੀ ਉਹ ਬਿਮਾਰ ਨੇ। ਸਮੁੱਚੇ ਪੰਜਾਬ ਵਿਚ ਹਸਪਤਾਲਾਂ ਦੀ ਭਰਮਾਰ ਏ ਅਤੇ ਹਰ ਹਸਤਪਾਲ ਵਿਚ ਮਰੀਜ਼ਾਂ ਦੀਆਂ ਬੇਸ਼ੁਮਾਰ ਭੀੜਾਂ ਹਨ। ਨਾਮਰਦੀ ਦਾ ਸ਼ਿਕਾਰ ਹੋਏ ਪੰਜਾਬੀ ਫਰਟੀਲਿਟੀ ਸੈਂਟਰ ਵਿਚੋਂ ਔਲਾਦ ਭਾਲਣ ਲਈ ਮਜਬੂਰ ਹੋ ਗਏ ਨੇ? ਜਰਾ ਸੋਚਣਾ! ਸਿਹਤ ਅਤੇ ਕੁਦਰਤੀ ਸਰੋਤ ਗਵਾ ਕੇ ਅਸੀਂ ਕੀ ਖੱਟਿਆ ਏ ਹਰੀ ਕ੍ਰਾਂਤੀ ਤੋਂ? ਇਹ ਵੀ ਸੋਚਣਾ ਕਿ ਬਿਮਾਰੀਆਂ ‘ਤੇ ਲੱਗ ਰਿਹਾ ਪੈਸਾ,ਖੇਤੀ ਤੇ ਹੋ ਰਹੀ ਆਮਦਨ ਨਾਲੋਂ ਕਿੰਨੇ ਗੁਣਾ ਵੱਧ ਏ?

ਕੀ ਪੰਜਾਬ ਦੀ ਅਲਾਮਤਾਂ ਅਤੇ ਇਸਦੇ ਕਾਰਨਾਂ ਨੂੰ ਸਮਝੇ ਬਗੈਰ, ਵਿਭਿੰਨ ਅਲਾਮਤਾਂ ਵਿਚ ਘਿਰੇ ਪੰਜਾਬ ਦਾ ਇਲਾਜ ਸੰਭਵ ਹੈ? ਕੀ ਕਿਸੇ ਸੰਸਥਾ ਜਾਂ ਧਿਰ ਨੇ ਇਹਨਾਂ ਦੇ ਕਾਰਨਾਂ ਦੀ ਘੋਖ ਕੀਤੀ ਹੈ ਅਤੇ ਇਹਨਾਂ ਨੂੰ ਵਿਧੀਵਤ ਤਰੀਕੇ ਨਾਲ ਸੁਲਝਾਉਣ ਲਈ ਉਸਾਰੂ ਸੁਝਾਅ ਦਿੱਤੇ ਨੇ?ਕੀ ਇਹ ਸਭ ਕੁਝ ਅਜੇਹੀਆਂ ਸੰਸਥਾਵਾਂ ਜਾਂ ਲੋਕਾਂ ਦੀਆਂ ਕੋਝੀਆਂ ਚਾਲਾਂ ਤਾਂ ਨਹੀਂ ਹਨ ਜੋ ਪੰਜਾਬ ਅਤੇ ਪੰਜਾਬੀਆਂ ਨੂੰ ਖ਼ਤਮ ਕਰਨ ਲਈ ਹਰ ਹਰਬਾ ਵਰਤ ਰਹੇ ਨੇ? ਹੁਣ ਪੰਜਾਬ ਕੁਦਰਤੀ ਸਰੋਤਾਂ ਤੋਂ ਵਿਹੂਣਾ ਹੋ ਚੁੱਕਾ ਹੈ। ਜ਼ਿਆਦਾਤਰ ਪੰਜਾਬੀ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਵਿਚ ਸਾਹਾਂ ਦਾ ਸਿਵਾ ਸੇਕਦੇ, ਆਪਣੀ ਅਰਥੀ ਮੋਢੇ ‘ਤੇ ਚੁੱਕੀ ਫਿਰਦੇ ਨੇ। ਨਸ਼ਿਆਂ ਦੀ ਦਲਦਲ ਵਿਚ ਫਸ ਗਈ ਹੈ ਪੰਜਾਬ ਦੀ ਹੋਣੀ ਜਿਸ ਵਿਚੋਂ ਨਿਕਲਣ ਲਈ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆ ਰਹੀ। ਅਜੋਕੇ ਹਾਲਤਾਂ ਨੇ ਗੈਂਗਸਟਰਾਂ ਦੀ ਇੱਕ ਅਜੇਹੀ ਨਸਲ ਪੈਦਾ ਕਰ ਦਿੱਤੀ ਜੋ ਪੰਜਾਬ ਦੀਆਂ ਨਰੋਈਆਂ ਕਦਰਾਂ ਕੀਮਤਾਂ’ਤੇ ਧੱਬਾ ਏ।

ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੇ ਵੋਟਾਂ ਖ਼ਾਤਰ ਪੰਜਾਬੀਆਂ ਨੂੰ ਮੰਗਤਿਆਂ ਦੀ ਕੌਮ ਬਣਾ ਦਿੱਤਾ ਹੈ ਜੋ ਮੁਫ਼ਤ ਆਟਾ-ਦਾਲ, ਬਿਜਲੀ, ਪਾਣੀ ਅਤੇ ਰਾਖਵਾਂਰਨ ਆਦਿ ਵਰਗੀਆਂ ਥੋੜਚਿਰੀਆਂ ਲੁਭਾਊ ਚਾਲਾਂ ਵਿਚ ਫ਼ਸ ਕੇ ਆਪਣੀ ਹੋਣੀ ਅਤੇ ਤਕਦੀਰ ‘ਤੇ ਕਾਲਖ ਫੇਰ ਰਹੇ ਨੇ। ਅਮਰੀਕਾ ਅਤੇ ਕੈਨੇਡਾ ਵਿਚ ਸ਼ਾਸਕਾਂ ਨੇ ਮੂਲ ਵਾਸੀਆਂ ਨੂੰ ਮੁਫ਼ਤ-ਸਹੂਲਤਾਂ ਦੇ ਕੇ ਅਜੇਹੇ ਸਾਹ ਸਤਹੀਣ ਕਰ ਦਿੱਤਾ ਕਿ ਉਹ ਆਪਣਾ ਦੇਸ਼ ਗਵਾ, ਮੰਗਤਿਆਂ-ਹਾਰ, ਦੂਰ-ਦੁਰਾਡੀਆਂ ਨਿੱਕੀਆਂ ਨਿੱਕੀਆਂ ਬਸਤੀਆਂ ਵਿਚ ਸੁੰਗੜ ਕੇ ਰਹਿ ਗਏ ਨੇ। ਕੀ ਅਜੇਹਾ ਹੀ ਪੰਜਾਬੀਆਂ ਨਾਲ ਹੋਣ ਵਾਲਾ ਹੈ?

ਦਰਅਸਲ ਹਰੀ-ਕ੍ਰਾਂਤੀ ਮੁੱਢ ਸੀ ਪੰਜਾਬ ਅਤੇ ਪੰਜਾਬੀਆਂ ਨੂੰ ਸਰਬਨਾਸ਼ ਦੇ ਰਾਹ ਤੋਰਨ ਦਾ। ਪੰਜਾਬੀਆਂ ਦੇ ਸਵਾਰਥੀ ਲੀਡਰ, ਨਾ-ਸਮਝ ਪੰਜਾਬੀ ਅਤੇ ਆਰਥਿਕ ਸ਼ਾਸ਼ਤਰੀ ਜਾਂ ਖੇਤੀ ਵਿਗਿਆਨੀ ਅਜੇਹੀਆਂ ਚਾਲਾਂ ਨੂੰ ਸਮਝਣ ਤੋਂ ਕੋਰੇ ਰਹੇ ਜਿਸਦਾ ਖਮਿਆਜ਼ਾ ਹੁਣ ਪੰਜਾਬੀ ਭੋਗ ਰਹੇ ਨੇ। ਸਿਹਤਮੰਦ ਖ਼ੁਰਾਕਾਂ, ਸੰਤੁਲਤ, ਸਹਿਜ ਅਤੇ ਸੰਤੋਖੀ ਜੀਵਨ-ਸ਼ੈਲੀ ਅਤੇ ਭਾਈਚਾਰਕ ਸਾਂਝ ਨਾਲ ਓਤਪੋਤ ਪੰਜਾਬੀਆਂ ਨੂੰ ਸੁੱਕੇ ਤੀਲੇ ਬਣਾ, ਆਲਣੇ ਦੇ ਤੀਲਿਆਂ ਵਾਂਗ ਬਖੇਰ ਕੇ, ਪੰਜਾਬ ਅਤੇ ਪੰਜਾਬੀਆਂ ਵਿਰੋਧੀ ਤਾਕਤਾਂ ਨੇ ਆਪਣੀਆਂ ਕੂਟਨੀਤਕ ਚਾਲਾਂ ਨੂੰ ਸਹੀ ਸਾਬਤ ਕਰ ਦਿਖਾਇਆ ਹੈ।

ਸਾਡੇ ਬਜ਼ੁਰਗਾਂ ਦਾ ਖੇਤੀ ਦਾ ਮਾਡਲ ਅਤੇ ਉਨਾਂ ਦੀ ਜੀਵਨ-ਜਾਚ ਸਾਡੇ ਲਈ ਰੋਲ ਮਾਡਲ ਹੋਣੀ ਚਾਹੀਦਾ ਸੀ ਜੋ ਸਾਡੇ ਨਾਲੋਂ ਹੁਣ ਵੀ ਨਿਰੋਗ ਹਨ। ਸੰਤੁਸ਼ਟ ਅਤੇ ਸਹਿਜਮਈ ਲੰਮੇਰੀ ਉਮਰ ਜਿਉਂਦੇ ਨੇ। ਕੀ ਪੰਜਾਬੀ ਹੁਣ ਤੀਕ ਇਹਨਾਂ ਚਾਲਾਂ ਨੂੰ ਸਮਝ ਸਕੇ ਕਿ ਨਹੀਂ? ਇਸ ਬਾਰੇ ਵੀ ਸ਼ੱਕ ਏ? ਕੀ ਹੁਣ ਪੰਜਾਬੀਆਂ ਨੂੰ ਕਣਕ-ਝੋਨੇ ਦੇ ਚੱਕਰ ਵਿਚੋਂ ਕੱਢਣ, ਕੀਟਨਾਸ਼ਕਾਂ ਅਤੇ ਖਾਦਾਂ ਦੀ ਲੋੜੋਂ ਵੱਧ ਵਰਤੋਂ ਨੂੰ ਰੋਕਣ ਅਤੇ ਪੰਜਾਬੀਆਂ ਨੂੰ ਪੰਜਾਬੀਆਂ ਵਰਗਾ ਜੀਵਨ ਜਿਊਣ ਲਈ ਕੋਈ ਪ੍ਰੇਰਤ ਕਰ ਸਕੇਗਾ? ਕੀ ਕੋਈ ਸੁੱਚੀ,ਸੱਚੀ ਅਤੇ ਸਾਰਥਿਕ ਸੋਚ ਵਾਲਾ ਪੰਜਾਬੀ, ਪੰਜਾਬੀਆਂ ਦੀ ਖੁਰ ਰਹੀ ਹੋਣੀ ਨੂੰ ਸੰਵੇਦਨਾ, ਸਮਰਪਿਤਾ ਤੇ ਸੇਧਤ ਸਕਾਰਾਤਮਿਕ ਸੋਚ-ਸਾਧਨਾ ਨਾਲ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕਰਨ ਵੱਲ ਪਹਿਲ ਕਰੇਗਾ? ਆਸ ਰੱਖਣ ਵਿਚ ਤਾਂ ਕੋਈ ਹਰਜ ਨਹੀਂ।

ਕਦੇ ਪ੍ਰੋ. ਪੂਰਨ ਸਿੰਘ ਨੇ ਕਿਹਾ ਸੀ, ‘ਪੰਜਾਬ ਜਿਊਂਦਾ ਗੁਰਾਂ ਦੇ ਨਾਂ ‘ਤੇ’। ਹੁਣ ਲੱਗਦਾ ਏ ਕਿ ਜੇ ਅਜੇਹੇ ਅਣਸੁਖਾਵੇਂ, ਘਾਤਕ, ਕਰੂਰ, ਸਵੈ-ਮਾਰੂ ਅਤੇ ਮੰਡਰਾਉਂਦੀ ਮੌਤ ਦੇ ਮਾਹੌਲ ਵਿਚ ਵੀ ਪੰਜਾਬ ਜਿਊਂਦਾ ਏ ਤਾਂ ਸ਼ਾਇਦ ਸੱਚੀਂ ਪੰਜਾਬ ਗੁਰਾਂ ਦੇ ਨਾਮ ‘ਤੇ ਹੀ ਜਿਊਂਦਾ ਏ?

ਪੰਜਾਬ ਸਦਾ ਪਹਿਲਾਂ ਕਰਦਾ ਆਇਆ ਏ ਅਤੇ ਹੁਣ ਫਿਰ ਇੱਕ ਨਵੀਂ, ਨਰੋਈ ਅਤੇ ਨਿਵੇਕਲੀ ਪਹਿਲ ਦੀ ਲੋੜ ਹੈ। ਆਸ ਹੈ ਕਿ ਪੰਜਾਬ ਅਜੇਹੀ ਪਹਿਲ ਕਰਨ ਵੰਨੀ ਹੋਰ ਦੇਰ ਨਹੀਂ ਲਾਵੇਗਾ ਜੋ ਪੰਜਾਬ ਅਤੇ ਪੰਜਾਬੀਆਂ ਨੂੰ ਸਰਬਮੁਖੀ ਸਿਹਤਮੰਦੀ ਦੇ ਰਾਹ ਤੋਰੇਗੀ।

ਪੰਜਾਬ! ਹਾਲੇ ਵੀ ਸੰਭਲ ਜਾ। ਤੂੰ ਕਈ ਵਾਰ ਉਜੜਿਆ ਅਤੇ ਆਬਾਦ ਹੋਇਆ ਏਂ। ਪਰ ਇਸ ਵਾਰ ਤੇਰੇ ਤਣੇ ਦੇ ਨਾਲ ਨਾਲ ਤੇਰੀਆਂ ਜੜਾਂ ਨੂੰ ਖੋਖਲਾ ਕਰ ਦਿੱਤਾ ਗਿਆ ਏ। ਪਰ ਕਲਮ ਨੂੰ ਆਸ ਤੇ ਵਿਸ਼ਵਾਸ ਹੈ ਕਿ ਤੇਰੀ ਫ਼ਿਜ਼ਾ ਵਿਚ ਕਾਇਨਾਤ ਮਹਿਕੇਗੀ ਅਤੇ ਤੂੰ ਪਹਿਲੇ ਰੰਗ ਵਿਚ ਹੀ ਜੀਵਨ ਨੂੰ ਧੜਕਣ ਲਾਵੇਂਗਾ।

#216-556-2080

 

Comments

comments

Share This Post

RedditYahooBloggerMyspace