ਖ਼ੁਦਕੁਸ਼ੀ ਨਹੀਂ ਜ਼ਿੰਦਗੀ ਚੁਣੋ

ਮਾਸਟਰ ਸੰਜੀਵ ਧਰਮਾਣੀ
ਅੱਜ ਕੋਈ ਦਿਨ ਐਸਾ ਨਹੀਂ ਲੰਘਦਾ ਜਦੋਂ ਕਿਸੇ ਵੱਲੋਂ ਕੀਤੀ ਆਤਮਹੱਤਿਆ ਬਾਰੇ ਦੇਖਣ-ਸੁਣਨ ਨੂੰ ਨਾ ਮਿਲ਼ੇ,ਰੋਜ਼ ਕਿਸੇ ਨਾ ਕਿਸੇ ਵਿਆਹੁਤਾ,ਕਿਸੇ ਵਿਦਿਆਰਥੀ ,ਪ੍ਰੇਮੀ-ਜੋੜੇ,ਕਿਸਾਨ,ਬਿਮਾਰ ਆਦਿ ਵੱਲੋਂ ਆਤਮਹੱਤਿਆ ਕਰਨ ਬਾਰੇ ਪਤਾ ਲੱਗਦਾ ਰਹਿੰਦਾ ਹੈ।ਦੱਸਣਯੋਗ ਹੈ ਕਿ ਜ਼ਿੰਦਗੀ ਪ੍ਰਮਾਤਮਾ ਦਾ ਅਨਮੋਲ ਤੇ ਅਮੋਲਕ ਤੋਹਫ਼ਾ ਤੇ ਮਹਾਨ ਸਿਰਜਣਾ ਹੈ। ਪਤਾ ਨਹੀਂ ਸਾਡੇ ਕਿਹੜੇ ਚੰਗੇ ਕਰਮਾਂ ਸਦਕਾ ਇਹ ਮਨੁੱਖਾ ਜਾਮਾ ਸਾਨੂੰ ਪਾ?ਪਤ ਹੋਇਆ ਹੈ। ਇੱਥੇ ਇਹ ਵੀ ਜ਼ਿਕਰ ਕਰਨ ਯੋਗ ਹੈ ਕਿ ਜ਼ਿੰਦਗੀ ਇੱਕ ਸੰਘਰਸ਼ ਤੇ ਔਕੜਾਂ ਭਰਿਆ ਰਸਤਾ ਹੀ ਹੁੰਦੀ ਹੈ ਅਤੇ ਸਾਨੂੰ ਜ਼ਿੰਦਗੀ ਨੂੰ ਜਿਊਣ ਤੇ ਹੰਢਾਉਣ ਲਈ ਸਹਿਣਸ਼ੀਲਤਾ,ਸਿਦਕ,ਸਿਰੜ,ਸਬਰ ਤੇ ਧੀਰਜ ਦੀ ਸਖ਼ਤ ਲੋੜ ਹਰ ਕਦਮ ਤੇ ਪੈਂਦੀ ਹੈ ਅਤੇ ਜ਼ਿੰਦਗੀ ਸਾਡੇ ਇਹਨਾਂ ਗੁਣਾਂ ਦਾ ਸਮੇਂ- ਸਮੇਂ ਤੇ ਇਮਤਿਹਾਨ ਵੀ ਲੈਂਦੀ ਰਹਿੰਦੀ ਹੈ।ਕਦੇ ਵੀ ਖ਼ੁਦਕੁਸ਼ੀ ਕਰਨ ਨਾਲ਼ ਕਿਸੇ ਵੀ ਪ੍ਰੇਸ਼ਾਨੀ ਜਾਂ ਕਠਨਾਈ ਦਾ ਅੰਤ ਨਹੀਂ ਹੋਇਆ ਤੇ ਨਾ ਹੀ ਹੁੰਦਾ ਹੈ,ਸਗੋਂ ਕਠਨਾਈ ਤਾਂ ਹੋਰ ਵੀ ਵਿਕਰਾਲ ਰੂਪ ਧਾਰ ਕੇ ਸਾਡੇ ਧੀਆਂ- ਪੁੱਤਰਾਂ ਮਾਤਾ-ਪਿਤਾ,ਪਤਨੀ,ਭੈਣਾਂ – ਭਰਾਵਾਂ ਨੂੰ ਪ੍ਰੇਸ਼ਾਨੀਆਂ ਦਿੰਦੀ ਹੈ ਤੇ ਪਿੱਛੇ ਰਹਿ ਗਏ ਬਾਕੀ ਜੀਆਂ ਦਾ ਜੀਵਨ ਨਰਕ ਭਰਿਆ ਬਣਾ ਦਿੰਦੀ ਹੈ ਅਤੇ ਉਹ ਦਰ -ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋ ਜਾਂਦੇ ਹਨ।ਸੋਚਣ ਵਾਲ਼ੀ ਗੱਲ ਇਹ ਵੀ ਹੈ ਕਿ ਸਾਡੇ ਬਜ਼ੁਰਗਾਂ ਨੇ ਵੀ ਕਦੇ ਕਰਜ਼ ਲਏ ਹੋਣਗੇ ,ਕਦੇ ਆਪਣੇ ਬੱਚਿਆਂ ਦੀ ਪੜਾਈ ਅਤੇ ਵਿਆਹਾਂ ਸਮੇਂ ਸਮੱਸਿਆਵਾਂ ਦਾ ਜ਼ਰੂਰ ਸਾਹਮਣਾ ਕੀਤਾ ਹੋਇਆ ਹੋਵੇਗਾ,ਉਨ੍ਹਾਂ ਦੇ ਘਰਾਂ-ਪਰਿਵਾਰਾਂ ਵਿੱਚ ਵੀ ਛੋਟੇ-ਵੱਡੇ ਵਾਦ ਵਿਵਾਦ ਹੋਏ ਹੋਣਗੇ ਤੇ ਉਨ੍ਹਾਂ ਦੇ ਜੀਵਨ ਵਿੱਚ ਵੀ ਕਈ ਉਤਰਾਅ-ਚੜ੍ਹਾਅ ਆਏ ਹੀ ਹੋਣਗੇ,ਪਰ ਉਨ੍ਹਾਂ ਨੇ ਸਭ ਕੁਝ ਵਾਪਰਨ ਦੇ ਬਾਵਜੂਦ ਆਪਣਾ ਜੀਵਨ ਹੱਸ-ਖੇਡ ਕੇ ਹੀ ਗੁਜ਼ਾਰਿਆ । ਉਨ੍ਹਾਂ ਨੇ ਨਾ ਕਦੇ ਖੁਦਕੁਸ਼ੀਆਂ ਬਾਰੇ ਸੋਚਿਆ ਅਤੇ ਨਾ ਹੀ ਖੁਦਕੁਸ਼ੀਆਂ ਕੀਤੀਆਂ।ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸਾਦਗੀ ਤੇ ਸਿਰੜ – ਸਿਦਕ ਦੇ ਸਾਂਚੇ ਵਿੱਚ ਢਾਲ਼ ਕੇ ਬਤੀਤ ਕੀਤਾ।ਫਿਰ ਅਸੀਂ ਕਿਉਂ ਛੋਟੀ- ਵੱਡੀ ਸਮੱਸਿਆ ਆਉਣ ਤੇ ਥਿੜਕਣ ਲੱਗ ਪਏ ਹਾਂ?ਸਾਨੂੰ ਜ਼ਿੰਦਗੀ ਵਿੱਚ ਕਦੇ ਵੀ ਆਪਣੇ- ਆਪ ਨੂੰ ਅਸਫਲ,ਹਾਰਿਆ ਹੋਇਆ ਜਾਂ ਸਭ ਪਾਸੇ ਤੋਂ ਮਜ਼ਬੂਰ ਕਦੇ ਵੀ ਨਹੀਂ ਮੰਨ ਲੈਣਾ ਚਾਹੀਦਾ।ਕਿਉਂਕਿ ਸਮਾਂ ਕਦੇ ਕਿਸੇ ਦਾ ਸਦਾ ਇੱਕੋ ਜਿਹਾ ,ਖ਼ਰਾਬ ਜਾਂ ਮਾੜਾ ਨਾ ਰਿਹਾ ਤੇ ਨਾ ਹੀ ਰਹਿੰਦਾ ਹੈ।ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ ਆਉਂਦੇ- ਜਾਂਦੇ ਰਹਿੰਦੇ ਹਨ।ਜੇਕਰ ਜ਼ਿੰਦਗੀ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਸਦਾ ਕੋਈ ਨਾ ਕੋਈ ਹੱਲ ਵੀ ਕੁਦਰਤ ਕੱਢ ਹੀ ਦਿੰਦੀ ਹੈ।ਅਜਿਹਾ ਕਦੇ ਨਹੀਂ ਹੁੰਦਾ ਕਿ ਸਮੱਸਿਆ ਹੀ ਸਮੱਸਿਆ ਆਈ ਜਾਵੇ ਤੇ ਉਸਦਾ ਕੋਈ ਹੱਲ ਹੀ ਨਾ ਮਿਲ਼ੇ।ਆਪਣੀ ਸੋਚ ਨੂੰ ਵੀ ਸਕਾਰਾਤਮਕ,ਉਸਾਰੂ,ਉੱਚੀ ਅਤੇ ਸੁੱਚੀ ਬਣਾਉਣਾ ਹਰ ਕਠਨਾਈ ਵਿੱਚ ਬਹੁਤ ਹੀ ਜ਼ਰੂਰੀ ਹੈ।ਸਾਡੇ ਮਹਾਂਪੁਰਖਾਂ ਨੇ ਪ੍ਰਮਾਤਮਾ ਦੇ ਭਾਣੇ (ਹੁਕਮ) ਨੂੰ ਹੱਸ ਕੇ ਮੰਨਿਆ ਤੇ ਉਸ ਦੀ ਰਜ਼ਾ ਵਿੱਚ ਰਹਿ ਕੇ ਜ਼ਿੰਦਗੀ ਵਿੱਚ ਸਿਦਕ ਤੇ ਸਿਰੜ ਤੋਂ ਕੰਮ ਲਿਆ ।

ਉਨ੍ਹਾਂ ਨੇ ਸਮੱਸਿਆਵਾਂ ਦੇ ਸਾਗਰ ਵਿੱਚ ਘਿਰ ਕੇ ਵੀ ਸ਼ਾਂਤ ਤੇ ਉਸਾਰੂ ਮਾਨਸਿਕਤਾ ਤੇ ਅਵਸਥਾ ਵਿੱਚ ਆਪਣੇ – ਆਪ ਨੂੰ ਰੱਖਿਆ।ਹਰ ਸਮੱਸਿਆ ਬਾਰੇ ਆਪਣੇ ਘਰ- ਪਰਿਵਾਰ ਵਿੱਚ ਮਿਲ ਬੈਠ ਕੇ ਤੇ ਇੱਕ – ਦੂਜੇ ਦੀਆਂ ਭਾਵਨਾਵਾਂ ਨੂੰ ਸਮਝ ਕੇ ਉਸਦਾ ਯੋਗ ਹੱਲ ਲੱਭਣ ਦੀ ਕੋਸ਼ਿਸ਼ ਸੱਚੇ ਦਿਲੋਂ ਕਰਨੀ ਚਾਹੀਦੀ ਹੈ।ਜ਼ਿੰਦਗੀ ਵਿੱਚ ਫ਼ੈਸਲੇ ਸੋਚ ਕੇ,ਸਮਝ ਕੇ ਤੇ ਖੁੱਲ੍ਹੇ ਦਿਲ ਨਾਲ਼ ਵਿਚਾਰ ਕੇ ਹੀ ਲੈਣੇ ਚਾਹੀਦੇ ਹਨ ਅਤੇ ਫਿਰ ਬਾਅਦ ਵਿੱਚ ਤੰਗ-ਪ੍ਰੇਸ਼ਾਨ ਜਾਂ ਦੁਖੀ ਹੋ ਕੇ ਆਤਮਹੱਤਿਆ ਕਰਨ ਦੀ ਥਾਂ ਸਿਦਕ- ਸਿਰੜ ਨਾਲ਼ ਲਏ ਫ਼ੈਸਲਿਆਂ ਅਤੇ ਫ਼ਰਜ਼ਾਂ ਨੂੰ ਨਿਭਾਉਣਾ ਚਾਹੀਦਾ ਹੈ। ਜ਼ਿੰਦਗੀ ਵਿੱਚ ਲੋੜ ਪੈਣ ਤੇ ਸਮਝੌਤੇ ਵੀ ਕਰ ਲੈਣੇ ਚਾਹੀਦੇ ਹਨ।ਇਹ ਵੀ ਆਤਮਹੱਤਿਆ ਵਿਰੁੱਧ ਸਹੀ ਕਦਮ ਹੋ ਸਕਦਾ ਹੈ।ਸਾਨੂੰ ਆਪਣੀਆਂ ਜ਼ਰੂਰਤਾਂ ਵੀ ਸੀਮਤ ਰੱਖਣੀਆਂ ਚਾਹੀਦੀਆਂ ਹਨ।ਦੁਨੀਆ ਮਗਰ ਲੱਗ ਕੇ ਕੋਈ ਕੰਮ ਕਰਨ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ ਤੇ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ।ਦਿਖਾਵੇ ਅਤੇ ਫੋਕੀ ਟੌਰ੍ਹ ਤੋਂ ਬਚਕੇ ਰਹਿਣਾ ਵੀ ਸਾਡੇ ਹਿੱਤ ਵਿੱਚ ਹੋ ਸਕਦਾ ਹੈ।ਅਜਿਹਾ ਕੋਈ ਵੀ ਅਣਉੱਚਿਤ,ਗੈਰ-ਕਾਨੂੰਨੀ,ਗੈਰ- ਸਮਾਜਿਕ ,ਗੈਰ-ਵਾਜ਼ਬ ਤੇ ਗ਼ਲਤ ਕੰਮ ਨਹੀਂ ਕਰਨਾ ਚਾਹੀਦਾ , ਜੋ ਸਾਡੇ ਲਈ ਬਾਅਦ ਵਿੱਚ ਜੀਅ ਦਾ ਜੰਜਾਲ ਬਣੇ ਤੇ ਜੀਵਨ ਵਿੱਚ ਔਕੜਾਂ ਲਿਆਵੇ।ਨਸ਼ਿਆਂ ਦੇ ਸੇਵਨ ਤੋਂ ਬਚਾਅ ਵੀ ਖੁਦਕੁਸ਼ੀਆਂ ਤੋਂ ਬਚਾਉਂਦਾ ਹੈ।ਸਮੱਸਿਆਵਾਂ ਤੋਂ ਘਬਰਾਉਣ ਦੀ ਥਾਂ ਡਟ ਕੇ ਉਨ੍ਹਾਂ ਦਾ ਸਾਹਮਣਾ ਕਰਨਾ ਵੀ ਜ਼ਰੂਰੀ ਹੈ।ਸਾਡੇ ਸਿਦਕ,ਸਿਰੜ,ਸੰਘਰਸ਼ ਅਤੇ ਉਸਾਰੂ ਸੋਚ ਅੱਗੇ ਸਮੱਸਿਆਵਾਂ ਵੀ ਹਾਰ ਜਾਣਗੀਆਂ ਤੇ ਸਮਝ ਜਾਣਗੀਆਂ ਕਿ ਅਸੀਂ ਉਨ੍ਹਾਂ (ਸਮੱਸਿਆਵਾਂ) ਲਈ ਕਿੰਨੀ ਵੱਡੀ ਸਮੱਸਿਆ ਹੋ।
#+91-94785-61356

Comments

comments

Share This Post

RedditYahooBloggerMyspace