ਨਾਲੰਦਾ

ਭਾਰਤ ਦਾ ਇਤਿਹਾਸ ਫਰੋਲਦਿਆਂ ਮੈਂਗਸਥਨੀਜ਼, ਬਰਨੀਅਰ, ਟਾਮਸ ਹੋ, ਜਨਰਲ ਕਨਿੰਘਮ ਅਤੇ ਕਰਨਲ ਟਾਂਡ ਆਇਦ ਦਾ ਨਾਂ ਕਿਤੇ ਨਾ ਕਿਤੇ ਜ਼ਰੂਰ ਮਿਲ ਜਾਂਦਾ ਹੈ। ਇਨ੍ਹਾਂ ਯਾਤਰੀ ਇਤਿਹਾਸਕਾਰਾਂ ਦੇ ਮੁਕਾਬਲੇ ਚੀਨੀ ਯਾਤਰੀ ਫਾਹਿਯਾਨ (399-415 ਈ.), ਹਿਊਨਸਾਂਗ (629-645 ਈ.) ਅਤੇ ਇਤਸਿੰਗ (675-695 ਈ.) ਬਹੁਤ ਪ੍ਰਸਿੱਧ ਹੋਏ।
67 ਈ. ਵਿਚ ਚੀਨ ਵਿਚ ਬੁੱਧ ਮੱਤ ਦੇ ਪ੍ਰਵੇਸ਼ ਤੋਂ ਬਾਅਦ ਫਾਹਿਯਾਨ ਹੀ ਪਹਿਲਾਂ ਚੀਨੀ ਯਾਤਰੀ ਸੀ ਜਿਸ ਨੇ ਭਾਰਤ ਦੀ ਯਾਤਰਾ ਕੀਤੀ ਸੀ। ਉਸ ਦਾ ਯਾਤਰਾ ਇਤਿਹਾਸ ਉਸ ਦੇ ਗ੍ਰੰਥ ‘ਫੋ-ਕੂਵੇਂ-ਕੀ ਵਿਚ ਮਿਲਦਾ ਹੈ। ਉਸ ਦੇ ਹੀ ਦੇਸ਼ ਦੇ ਸੁਨ-ਯੁਨ ਅਤੇ ਹੁਈ-ਸ਼ੇਗ ਨਾਂ ਦੇ ਦੋ ਯਾਤਰੂ 518 ਈ. ਨੂੰ ਭਾਰਤ ਆਏ ਪਰ ਇਨ੍ਹਾਂ ਦਾ ਕੋਈ ਗ੍ਰੰਥ ਨਹੀਂ ਮਿਲਦਾ। ਇਸ ਤੋਂ ਲਗਪਗ ਇਕ ਸਦੀ ਬਾਅਦ ਚੀਨੀ ਤੁੰਗ ਵੰਸ ਦੇ ਸ਼ਾਸਨ ਕਾਲ ਦੇ ਪੰਦਰਵੇਂ ਵਰ੍ਹੇ 627 ਈ. ਨੂੰ ਹਿਊਨਸਾਂਗ ਚੀਨ ਤੋਂ ਭਾਰਤ ਯਾਤਰਾ ਲਈ ਚਲਿਆ। ਇਸ ਸਮੇਂ ਉਸ ਦੀ ਉਮਰ18 ਸਾਲ ਅਤੇ ਬਚਪਨ ਦਾ ਨਾਂ ਛਨ-ਛੇਈ ਸੀ। ਬੁੱਧੀਜੀਵੀ ਚੇਨ-ਚੀ ਪਰਿਵਾਰ ਦੇ ਇਸ ਹੋਣਹਾਰ ਨੌਜਵਾਨ ਦਾ ਜਨਮ 609 ਈ. ਨੂੰ ਛਿਚੁਆਨ ਸੂਬੇ ਵਿਚ ਹੋਇਆ ਸੀ। ਉਹ ਰੇਗਿਸਤਾਨਾਂ, ਅਰਲ ਸਾਗਰ ਅਤੇ ਉਜ਼ਬੇਕਿਸਤਾਨ ਦੇ ਬਰਫਾਂ ਵਾਲੇ ਪਹਾੜਾਂ ਨੂੰ ਪਾਰ ਕਰਦਾ ਹੋਇਆ 629 ਦੇ ਸ਼ੁਰੂ ਵਿਚ ਅਫਗਾਨਿਸਤਾਨ ਦੀ ਬਨਿਆਨ ਵਾਲੀ ਵਿਸ਼ਾਲ ਬੁੱਧ ਮੂਰਤੀ ਦੇ ਦਰਸ਼ਨਾਂ ਨੂੰ ਪਹੁੰਚਿਆ। ਇਹ 181 ਫੁੱਟ ਉੱਚੀ ਓਹੀ ਮੂਰਤੀ ਸੀ ਜਿਸ ਨੂੰ ਤਾਲਿਬਾਨ ਦਹਿਸ਼ਤਗਰਦਾਂ ਨੇ ਸਾਲ 2001 ਵਿਚ ਬਾਰੂਦ ਨਾਲ ਨਸ਼ਟ ਕਰ ਦਿੱਤਾ ਸੀ।
ਹਿਊਨਸਾਂਗ ਦੀ ਭਾਰਤ ਯਾਤਰਾ ਸਮੇਂ ਚੀਨ ਅਤੇ ਭਾਰਤ ਵਿਚ ਬੁੱਧ ਮੱਤ ਅਤੇ ਬੁੱਧ ਸਾਹਿਤ ਦਾ ਇਤਿਹਾਸਕ ਕਾਲ ਆਰੰਭ ਹੋਇਆ। ਉਸ ਦੇ ਗ੍ਰੰਥ ‘ਸੀ.ਯੂ.-ਕੀ’ ਭਾਵ ‘ਪੱਛਮੀ ਰਾਜ (ਭਾਰਤ) ਦਾ ਇਤਿਹਾਸ’ ਇਤਿਹਾਸ ਦਾ ਅਨਮੋਲ ਖਜ਼ਾਨਾ ਹੈ। ਉਸ ਨੇ ਲਗਪਗ ਸਤਾਰਾਂ ਸਾਲ ਭਾਰਤ ਦੇ ਕਈ ਪ੍ਰਸਿੱਧ ਇਤਿਹਾਸਕ ਸਥਾਨਾਂ ਦੀ ਯਾਤਰਾ ਕੀਤੀ। ਅੱਖੀਂ ਡਿੱਠੀਆ ਖੂਬੀਆਂ ਜਾਂ ਊਣਤਾਈਆਂ ਦਾ ਉਸ ਗ੍ਰੰਥ ਵਿਚ ਉਲੇਖ ਕੀਤਾ। ਗਯਾ, ਬੋਧ ਗਯਾ ਅਤੇ ਰਾਜਗ੍ਰਹਿ ਦੀ ਯਾਤਰਾ ਤੋਂ ਬਾਅਦ ਉਹ 631 ਈ. ਨੂੰ ਨਾਲੰਦਾ ਪਹੁੰਚਿਆ। ਇਸ ਤਰ੍ਹਾਂ ਹਿਊਨਸਾਂਗ ਪਹਿਲਾ ਚੀਨੀ ਯਾਤਰੂ ਸੀ ਜਿਸ ਨੇ ਨਾਲੰਦਾ ਦੀ ਯਾਤਰਾ ਕੀਤੀ ਸੀ। ਇਥੇ ਪਹੁੰਚਣ ’ਤੇ ਨਾਲੰਦਾ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਸਥਾਨਕ ਸ਼ਹਿਰ ਵਾਸੀਆਂ ਨੇ ਹਿਊਨਸਾਂਗ ਦਾ ਭਰਵਾਂ ਸਵਾਗਤ ਕੀਤਾ, ਸ਼ੋਭਾ ਯਾਤਰਾ ਦੁਆਰਾ ਨਾਲੰਦਾ ਮਹਾਵਿਹਾਰ ਵਿਚ ਪ੍ਰਵੇਸ਼ ਕਰਵਾਇਆ। ਹਿਊਨਸਾਂਗ ਇਥੇ ਦੋ ਸਾਲ ਪੜ੍ਹਦਾ ਅਤੇ ਲਗਪਗ ਦੋ ਸਾਲ ਪੜ੍ਹਾਉਂਦਾ ਵੀ ਰਿਹਾ। ਉਸ ਨੇ ਸੀ.ਯੂ.ਕੇ. ਵਿਚ ਆਪਣੇ ਸਮੇਂ ਦੇ ਕੁਲਪਤੀ ਧਰਮਪਾਲ, ਚੰਦਰਪਾਲ, ਬੁੱਧਭੱਦਰ ਆਦਿ ਦੀ ਵਿਵਦਤਾ ਦੀ ਸ਼ਲਾਘਾ ਕੀਤੀ। ਸਥਾਨੇਸ਼ਵਰ ਦੇ ਸ਼ਾਸਕ ਮਹਾਰਾਜਾ ਹਰਸ਼ (606-647 ਈ.) ਚੀਨੀ ਯਾਤਰੂ ਹਿਊਨਸਾਂਗ ਦਾ ਬੜਾ ਸਤਿਕਾਰ ਕਰਦੇ ਸਨ। ਉਨ੍ਹਾਂ ਦੇ ਦਰਬਾਰ ਵਿਚ ਕਿਸੇ ਵਿਸ਼ੇ ’ਤੇ ਵਾਦ-ਵਿਵਾਦ ਪੈਦਾ ਹੋ ਗਿਆ ਸੀ ਜਿਸ ਨੂੰ ਨਿਪਟਾਉਣ ਵਾਸਤੇ ਨਾਲੰਦਾ ਮਹਾਵਿਹਾਰ ਤੋਂ ਚੋਟੀ ਦੇ ਚਾਰ ਵਿਦਵਾਨ ਸਥਾਨੇਸ਼ਵਰ ਭੇਜੇ ਗਏ। ਇਸ ਵਿਦਵਾਨ ਮੰਡਲ ਦਾ ਆਗੂ ਹਿਊਨਸਾਂਗ ਨੂੰ ਥਾਪਿਆ ਗਿਆ ਸੀ। ਸਥਾਨੇਸ਼ਵਰ (ਥਨੇਸਰ) ਤੋਂ ਬਾਅਦ ਕੈਂਥਲ, ਪਿਹੋਵਾ ਅਤੇ ਨਲਵੀ ਹੁੰਦਾ ਹੋਇਆ ਹਿਊਨਸਾਂਗ ਬੁੱਧ ਭੂਮੀ ਹਰਿਆਣਾ ਦੇ ਪਿੰਡ ਟੋਪਰਾਂ ਵਿਖੇ ਅਸ਼ੋਕ ਸਤੰਭ ਅਤੇ ਮੀਨਾਰ ਦੇਖਣ ਪਹੁੰਚਿਆ। ਇਸ ਸਤੰਭ ਨੂੰ 1236 ਈ. ਨੂੰ ਅਲਾਊਦੀਨ ਖਿਲਜੀ ਇਥੋਂ ਉਖਾੜ ਕੇ ਦਿੱਲੀ ਲੈ ਗਿਆ ਅਤੇ ਮਹਿਰੋਲੀ ਦੇ ਅਸਥਾਨ ’ਤੇ ਸਥਾਪਤ ਕੀਤਾ। ਏਨਾ ਹੀ ਨਹੀਂ, ਜਿਸ ਵੇਲੇ ਮਹਾਰਾਜ ਹਰਸ਼ ਨੇ ਸਥਾਨੇਸ਼ਵਰ ਦੀ ਥਾਵੇਂ ਕਨੌਜ ਰਾਜਧਾਨੀ ਤਬਦੀਲ ਕੀਤੀ ਤਾਂ 641 ਈ. ਵਿਚ ਕੁੰਭ ਦੇ ਮੇਲੇ ’ਤੇ ਹਿਊਨਸਾਂਗ ਨੂੰ ਸ਼ਾਹੀ ਮਹਿਮਾਨ ਦਾ ਰੁਤਬਾ ਪ੍ਰਦਾਨ ਕੀਤਾ। ਹਿਊਨਸਾਂਗ ਦੀ ਅਪੀਲ ’ਤੇ ਹੀ ਹਰਸ਼ ਨੇ 642-43 ਈ. ਨੂੰ ਨਾਲੰਦਾ ਮਹਾਵਿਹਾਰ ਨੂੰ ਸੌ ਪਿੰਡ ਦਾਨ ਦਿੱਤੇ, ਇਕ ਪਿੱਤਲ ਦਾ ਸੰਘਾਰਾਮ ਅਤੇ ਵਿਦਿਆਰਥੀ ਭਿਖਸ਼ੂਆਂ ਦੇ ਆਵਾਸ ਹਿੱਤ ਕਈ ਵਿਹਾਰ ਬਣਵਾਏ। 645 ਈ. ਹਿਊਨਸਾਂਗ ਦੇ ਆਪਣੇ ਮੁਲਕ ਪਰਤ ਜਾਣ ’ਤੇ ਹਰਸ਼ ਨੇ 646 ਈ. ਨੂੰ ਇਕ ਵਿਸ਼ੇਸ਼ ਦੂਤ ਪ੍ਰਿਗਿਆਦੇਵ ਹੱਥ ਕਈ ਕੀਮਤੀ ਤੋਹਫਿਆਂ ਨਾਲ ਸ਼ੁਭ ਕਾਮਨਾ ਸੰਦੇਸ਼ ਭੇਜਿਆ, ਜੋ ਅੱਜ-ਕੱਲ੍ਹ ਪੇਇਚਿੰਗ ਦੇ ਅਜਾਇਬਘਰ ਵਿਚ ਸੁਸ਼ੋਭਿਤ ਹੈ।
ਨਾਲੰਦਾ ਮਹਾਵਿਹਾਰ ਅਤੇ ਹੋਰ ਬਾਕੀ ਦੇ ਰੁਝੇਵਿਆਂ ਨੂੰ ਨਿਪਟਾ ਕੇ ਹਿਊਨਸਾਂਗ 637 ਈ. ਨੂੰ ਅਜੰਤਾ-ਐਲੋਰਾ ਦੀਆਂ ਗੁਫਾਵਾਂ ਦੇ ਰੂ-ਬ-ਰੂ ਹੋਇਆ। ਗੁਪਤ ਕਾਲ (325 ਈ.) ਅਤੇ ਵਾਕਾਟਕ ਕਾਲ (6ਵੀਂ ਸਦੀ) ਦੀਆਂ ਬੁੱਧਜੀਵਨ ਦੀਆਂ ਗੁਫਾਵਾਂ ਨੂੰ ਦੇਖ ਕੇ ਉਸ ਨੇ ਕਿਹਾ ਕਿ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਕੰਮ ਨੂੰ ਇੰਨੀ ਬਰੀਕੀ ਨਾਲ ਸਿਰੇ ਚੜ੍ਹਾਉਣਾ ਕਿਸੇ ਅਦੁੱਤੀ ਸ਼ਕਤੀ ਦਾ ਹੀ ਕੰਮ ਹੋ ਸਕਦਾ ਹੈ। ਬੁੱਧ ਦੀਆਂ ਇਨ੍ਹਾਂ ਯਾਦਗਾਰਾਂ ਨੂੰ ਮਨ ਅੰਦਰ ਸੰਜੋ ਕੇ ਉਹ ਆਪਣੇ ਦੇਸ਼ ਲੈ ਗਿਆ, ਖੁਦ ਤਾਂ ਪ੍ਰਸਿੱਧ ਹੋਇਆ ਹੀ, ਭਾਰਤ ਦੀਆਂ ਬੇਜੋੜ ਕਾਰੀਗਰੀ ਦੇ ਗੁੰਮਨਾਮ ਕਾਰੀਗਰਾਂ/ਚਿੱਤਰਕਾਰਾਂ ਨੂੰ ਵੀ ਸੰਸਾਰ ਪ੍ਰਸਿੱਧੀ ਦਿਵਾ ਗਿਆ।
ਆਪਣੀ 629-645 ਈ. ਤੱਕ ਦੀ ਭਾਰਤ ਯਾਤਰਾ ਸਮਾਪਤ ਕਰਕੇ ਹਿਊਨਸਾਂਗ ਦੇਸ਼ ਪਰਤਿਆ। ਇਸ ਤੋਂ ਉਪਰੰਤ ਉਹ ਤਿੰਨ ਸਾਲ ਇਕਾਂਤਵਾਸ ਵਿਚ ਰਹਿ ਕੇ ਆਪਣੇ ਗ੍ਰੰਥ (ਸੀ.ਯੂ.ਕੇ.) ਨੂੰ ਅੰਤਿਮ ਰੂਪ ਦਿੰਦਾ ਰਿਹਾ। 648 ਈ. ਨੂੰ ਉਸ ਨੇ ਥਾੜਵੰਸ਼ ਦੇ ਸ਼ਾਸਕ ਥਾੜ-ਚਿਆਂਗ ਨਾਲ ਮੁਲਾਕਾਤ ਕੀਤੀ ਅਤੇ ਸੰਸਾਰ ਦਾ ਇਹ ਮਹਾਨ ਕੋਸ਼ ਗ੍ਰੰਥ ਰਾਜੇ ਨੂੰ ਭੇਟ ਕੀਤਾ।
ਹਿਊਨਸਾਂਗ ਭਾਰਤ ਨੂੰ ਜਾਂਦਾ ਹੋਇਆ ਬੁੱਧਮੱਤ ਦੇ ਸੈਂਕੜੇ ਦੁਰਲੱਭ ਗ੍ਰੰਥ ਚੀਨ ਲੈ ਗਿਆ ਸੀ। ਇਨ੍ਹਾਂ ਗ੍ਰੰਥਾਂ ਕਰਕੇ ਹੀ ਉਸ ਨੂੰ ਸਮੁੰਦਰੀ ਯਾਤਰਾ ਵੇਲੇ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ। ਜਿਵੇਂ-ਕਿਵੇਂ ਉਹ ਇਨ੍ਹਾਂ ਗ੍ਰੰਥਾਂ ਨੂੰ ਸੁਰੱਖਿਅਤ ਲੈ ਜਾਣ ਵਿਚ ਸਫਲ ਹੋ ਗਿਆ। ਅਗਲੇਰੇ 18-19 ਸਾਲ ਉਹ ਇਨ੍ਹਾਂ ਗ੍ਰੰਥਾਂ ਦਾ ਅਧਿਐਨ ਅਤੇ ਚੀਨੀ ਭਾਸ਼ਾ ਵਿਚ ਉਲੱਥਾ ਕਰਦਾ ਰਿਹਾ। ਭਾਰੀ ਰੁਝੇਵਿਆਂ ਅਤੇ ਲੰਮੀਆਂ ਯਾਤਰਾਵਾਂ ਦੀ ਥਕਾਨ ਦੇ ਕਾਰਨ ਸੰਸਾਰ ਦਾ ਮਹਾਨ ਇਤਿਹਾਸ ਲੇਖਕ ਤੇ ਯਾਤਰੀ 664 ਈ. ਦੀ ਸਵੇਰ ਯੂ ਹੂਆ ਮਹਿਲ (ਇਕ ਥਾਂ ਦਾ ਨਾਂ) ਵਾਲੇ ਘਰ ਵਿਚ ਆਪਣੇ ਹਮਵਤਨੀ ਯਾਤਰੀ ਇਤਿਸਿੰਗ ਨੂੰ ਆਪਣੇ ਮਾਰਗ (ਯਾਤਰਾ) ਦਾ ਜਾਨਸ਼ੀਨ ਥਾਪ ਕੇ ਕਿਸੇ ਲੰਮੀ ਯਾਤਰਾਂ ’ਤੇ ਹੋ ਨਿਕਲਿਆ।
ਹਿਊਨਸਾਂਗ ਦੇ 1300ਵੇਂ ਨਿਰਵਾਨ ਦਿਵਸ ਨੂੰ ਸਮਰਪਿਤ ਨਾਲੰਦਾ ਦੀ ਭੂਮੀ ’ਤੇ ਉਸ ਦਾ ਸਮਾਰਕ ਉਸਾਰਿਆ ਗਿਆ। ਪਹਿਲੀ ਜਨਵਰੀ 1960 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਅਤੇ ਚੀਨ ਦੇ ਪ੍ਰਧਾਨ ਮੰਤਰੀ ਕਾਮਰੇਡ ਚਾਉ-ਐਨ-ਲਾਈ ਦੇ ਸਾਂਝੇ ਉੱਦਮ ਸਦਕਾ ਇਹ ਬਹੁਕਰੋੜੀ ਭਾਰਤ-ਚੀਨ ਮਿੱਤਰਤਾ ਅਤੇ ਸਭਿਅਤਾ ਦਾ ਯਾਦਗਾਰੀ ਸਮਾਰਕ 1964 ਵਿਚ ਹੋਂਦ ਵਿਚ ਆਇਆ। ਇਸ ਤੋਂ ਪਹਿਲਾਂ 1957 ਈ. ਵਿਚ ਨਵ-ਨਾਲੰਦਾ ਮਹਾਵਿਹਾਰ ਵਿਚ ਚੀਨ ਸਰਕਾਰ ਨੇ ਹਿਊਨਸਾਂਗ ਦੇ ਅਸਥ ਕਲਸ਼, ਬੋਧ ਚੀਨੀ ਗ੍ਰੰਥ, ਹਿਊਨਸਾਂਗ ਦਾ ਯਾਤਰਾ ਮਾਰਗ ਦਾ ਨਕਸ਼ਾ ਅਤੇ ਸਮਾਰਕ ਲਈ ਤਿੰਨ ਕਰੋੜ ਰੁਪਏ ਨਹਿਰੂ ਨੂੰ ਭੇਟ ਕੀਤੇ। ਵਰਤਮਾਨ ਸਮੇਂ 2011-12 ’ਚ ਸਮਾਰਕ ਨੂੰ ਨਵਾਂ ਰੂਪ ਦੇਣ ਵਾਸਤੇ ਚੀਨੀ ਸਰਕਾਰ, ਵਿਦਵਾਨਾਂ, ਭਿਖਸ਼ੂਆਂ ਅਤੇ ਯਾਤਰੀਆਂ ਦਾ ਯੋਗਦਾਨ ਸ਼ਲਾਘਾਯੋਗ ਹੈ।

-ਜਸਵੰਤ ਸਿੰਘ ਕੰਬੋਜ

Comments

comments

Share This Post

RedditYahooBloggerMyspace