ਵਿਸ਼ਵ ਪੰਜਾਬੀ ਕਾਨਫਰੰਸ ਦਾ ਸ਼ਾਨਦਾਰ ਆਗਾਜ਼

ਬਜ਼ੁਰਗ ਸਾਹਿਤਕਾਰਾਂ ਲਈ ਕੋਰਪਸ ਫੰਡ ਬਣਾਉਣ ਦੀ ਵਕਾਲਤ;
ਬੁਲਾਰਿਆਂ ਵੱਲੋਂ ਕਿਸਾਨ ਖ਼ੁਦਕੁਸ਼ੀਆਂ ਵੱਡੀ ਤ੍ਰਾਸਦੀ ਕਰਾਰ

ਚੰਡੀਗੜ੍ਹ : ਦੋ ਰੋਜ਼ਾ ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਅੱਜ ਇਥੇ ਪੰਜਾਬ ਯੂਨੀਵਰਸਿਟੀ ਦੇ ਲਾਅ ਆਡੀਟੋਰੀਅਮ ਵਿੱਚ ਆਗਾਜ਼ ਹੋ ਗਿਆ।ਪਹਿਲੇ ਦਿਨ ਕਾਨਫਰੰਸ ਵਿੱਚ ਤਿੰਨ ਸੈਸ਼ਨ ਹੋਏ ਤੇ ਇਸ ਦੌਰਾਨ ‘ਪੰਜਾਬ ਤੇ ਸਿੱਖਿਆ, ਆਰਥਿਕਤਾ, ਕਿਸਾਨੀ ਅਤੇ ਖ਼ੁਦਕੁਸ਼ੀਆਂ, ‘ਪੰਜਾਬ ਸੁਰੱਖਿਆ: ਹਾਲਾਤ ਅਤੇ ਸਰੋਕਾਰ’ ਜਿਹੇ ਵਿਸ਼ਿਆਂ ’ਤੇ ਵਿਦਵਾਨਾਂ ਨੇ ਚਰਚਾ ਕੀਤੀ।

ਆਪਣੇ ਸੰਬੋਧਨ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਦੱਸਿਆ ਕਿ ਪੰਜਾਬ ਕਲਾ ਪ੍ਰੀਸ਼ਦ ਨੂੰ 3 ਕਰੋੜ ਰੁਪਏ ‘ਸੱਭਿਆਚਾਰਕ ਪਾਰਲੀਮੈਂਟ’ ਬਣਾਉਣ ਲਈ ਦਿੱਤੇ ਗਏ ਹਨ। ਮਗਰੋਂ ਕਲਚਰਲ ਸਰਕਟ ਬਣੇਗਾ, ਜੋ ਪੰਜਾਬੀ ਭਾਸ਼ਾ ਦਾ ਝੰਡਾ ਬੁਲੰਦ ਕਰਨ ਦਾ ਕੰਮ ਕਰੇਗਾ ਅਤੇ ਕਲੱਬਾਂ ਤੇ ਪਿੰਡਾਂ ਦੇ ਲੋਕਾਂ ਨੂੰ ਇਸ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੇਖਕਾਂ ਨਾਲ ਜੁੜੀਆਂ ਥਾਵਾਂ ਤੇ ਸ਼ਹਿਰਾਂ/ਕਸਬਿਆਂ ਨੂੰ ਸਾਹਿਤਕ ਸੈਲਾਨੀ ਸਰਕਟ ਅਧੀਨ ਲਿਆਂਦਾ ਜਾਵੇ ਤੇ ਪੰਜਾਬੀ ਦੇ ਨਾਮਵਰ ਲੇਖਕਾਂ ਦੇ ਜਨਮ ਦਿਨ ਵੱਡੇ ਪੱਧਰ ’ਤੇ ਮਨਾਏ ਜਾਣ। ਉਨ੍ਹਾਂ ਵੱਡੀ ਉਮਰੇ ਪੈਸੇ ਖੁਣੋਂ ਇਲਾਜ ਲਈ ਤਰਸ ਰਹੇ ਸਾਹਿਤਕਾਰਾਂ ਲਈ ‘ਕੌਰਪਸ ਫ਼ੰਡ’ ਬਣਾਉਣ ਦੀ ਵੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਸਾਹਿਤ ਅਤੇ ਪੰਜਾਬੀ ਭਾਸ਼ਾ ਨਾਲ ਜੁੜੀਆਂ ਸੰਸਥਾਵਾਂ ਇਸ ਦਿਸ਼ਾ ਵਿੱਚ ਪਹਿਲਕਦਮੀ ਕਰਨ ਅਤੇ ਉਹ ਖ਼ੁਦ ਇਸ ਫ਼ੰਡ ਵਿੱਚ 50 ਲੱਖ ਰੁਪਏ ਪਾਉਣਗੇ। ਡਾ. ਅਮਰਜੀਤ ਸਿੰਘ ਗਰੇਵਾਲ ਨੇ ਆਰਥਿਕਤਾ, ਕਿਸਾਨੀ ਅਤੇ ਖੁਦਕੁਸ਼ੀਆਂ ਨੂੰ ਵੱਡੀ ਤ੍ਰਾਸਦੀ ਦੱਸਿਆ। ਡਾ. ਸੁੱਚਾ ਸਿੰਘ ਗਿੱਲ ਨੇ ਕਿਸਾਨ ਖ਼ੁਦਕੁਸ਼ੀਆਂ ਦੇ ਵਰਤਾਰੇ ਨੂੰ ਰੋਕਣ ਲਈ ਮੇਲ-ਜੋਲ ਵਧਾਉਣ ਤੇ ਗਰੁੱਪ ਸਰਗਰਮੀਆਂ ਵਧਾਉਣ ਦੀ ਗੱਲ ਕਹੀ।  ਪੰਜਾਬੀ ਦੇ ਇੱਕ ਕਵੀ ਸੁਰਜੀਤ ਪਾਤਰ ਨੇ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਇੱਕ ਪੋਰਟਲ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਰੋਜ਼ ਦਾ ਇੱਕ ਗੀਤ, ਅੱਜ ਦੇ ਦਿਨ ਦੀ ਇੱਕ ਕਵਿਤਾ ਆਦਿ ਪਾਇਆ ਜਾਵੇਗਾ। ਇਸ ਲਈ ਸੰਪਾਦਕੀ ਬੋਰਡ ਵੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਕਿਸੇ ਚੈਨਲ ’ਤੇ ਵੀ ਇਕ ਸ਼ੋਅ ਵੀ ਸ਼ੁਰੂ ਕਰਨਗੇ।

ਇਸ ਮੌਕੇ ਰਾਣਾ ਜੰਗ ਬਹਾਦਰ ਗੋਇਲ, ਸੁੱਖੀ ਬਾਠ, ਇਕਬਾਲ ਮਾਹਲ ਤੇ ਅੰਮ੍ਰਿਤ ਕੁਮਾਰੀ ਨੂੰ ਪੰਜਾਬੀ ਭਾਸ਼ਾ ਲਈ ਪਾਏ ਯੋਗਦਾਨ ਬਦਲੇ ਸਨਮਾਨਤ ਕੀਤਾ। ਇਸ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ, ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਯੋਗਰਾਜ ਅੰਗਰੀਸ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਾਮੀ ਲੇਖਕ ਅਤੇ ਸੀਨੀਅਰ ਪੱਤਰਕਾਰ ਸ਼ਾਮਲ ਸਨ।

Comments

comments

Share This Post

RedditYahooBloggerMyspace