ਐਨਡੀਪੀ ਆਗੂ ਜਗਮੀਤ ਸਿੰਘ ਦਾ ਛੋਟਾ ਭਰਾ ਚੋਣ ਲੜਨ ਦਾ ਚਾਹਵਾਨ

ਗੁਰਰਤਨ ਸਿੰਘ

ਬਰੈਂਪਟਨ : ਕੈਨੇਡਾ ਵਿੱਚ ਤੀਜੀ ਵੱਡੀ ਪਾਰਟੀ ਐਨਡੀਪੀ ਦੇ ਆਗੂ ਬਣ ਕੇ ਉੱਭਰੇ ਸਿੱਖ ਨੇਤਾ ਜਗਮੀਤ ਸਿੰਘ ਦੇ ਛੋਟੇ ਭਰਾ ਗੁਰਰਤਨ ਸਿੰਘ (33) ਦੇ ਬਰੈਂਪਟਨ (ਪੂਰਬੀ) ਦੀ ਸੀਟ ਤੋਂ ਚੋਣ ਲੜਨ ਦੇ ਚਰਚੇ ਸ਼ੁਰੂ ਹੋ ਗਏ ਹਨ। ਇਸ ਦੀ ਭਾਵੇਂ ਅਜੇ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ, ਪਰ ਗੁਰਰਤਨ ਸਿੰਘ ਨੇ ਖ਼ੁਦ ਇਸ ਬਾਰੇ ਹਾਮੀ ਭਰਦਿਆਂ ਕਿਹਾ ਹੈ ਕਿ ਉਹ ਇਸ ਹਲਕੇ ਤੋਂ ਵਿਧਾਇਕ ਬਣਨ ਲਈ ਦਾਅਵੇਦਾਰ ਹਨ। ਉਹ ਇਸ ਸੀਟ ਨੂੰ ਜਿੱਤ ਕੇ ਆਪਣੇ ਵੱਡੇ ਭਰਾ ਜਗਮੀਤ ਸਿੰਘ ਦੀ ਅਗਵਾਈ ਹੇਠ ਪਾਰਟੀ ਦੀ ਸਾਖ਼ ਵਧਾਉਣਗੇ। ਗੁਰਰਤਨ ਕਿੱਤੇ ਵਜੋਂ ਕੈਨੇਡਾ ਵਿੱਚ ਫ਼ੌਜਦਾਰੀ ਵਕੀਲ ਹਨ। ਉਨ੍ਹਾਂ ਨੇ ਗ੍ਰੈਜੂਏਸ਼ਨ ਵਿੱਚ ਲਾਅ 2014 ਵਿੱਚ ਹੀ ਪਾਸ ਕੀਤੀ ਸੀ।
ਬਰੈਂਪਟਨ (ਪੂਰਬੀ) ਜਗਮੀਤ ਸਿੰਘ ਦਾ ਆਪਣਾ ਹਲਕਾ ਹੈ, ਜਿਸ ਕਰਕੇ ਗੁਰਰਤਨ ਆਪਣੇ ਆਪ ਨੂੰ ਮਜ਼ਬੂਤ ਦਾਅਵੇਦਾਰ ਵਜੋਂ ਵੇਖ ਰਹੇ ਹਨ। ਉਨ੍ਹਾਂ ਨੇ ਭਾਵੇਂ ਇਸ ਤੋਂ ਪਹਿਲਾਂ ਚੋਣ ਲੜਕੇ ਜਿੱਤ ਪ੍ਰਾਪਤ ਨਹੀਂ ਕੀਤੀ। ਉਹ ਬਰੈਂਪਟਨ ਪੀਲ ਰਿਜਨ ਕੌਂਸਲ ਸੀਟ ’ਤੇ 2014 ਵਿੱਚ ਚੋਣ ਲੜੇ ਸਨ, ਪਰ ਸਫ਼ਲ ਨਹੀਂ ਹੋਏ ਸਨ। ਸਿਆਸਤ ਵਿੱਚ ਨਵੇਂ ਹੋਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਪਣੇ ਵੱਡੇ ਭਰਾ ਜਗਮੀਤ ਸਿੰਘ ਦੇ ਸਲਾਹਕਾਰ ਵਜੋਂ ਵਿਚਰ ਰਹੇ ਹਨ। ਉਹ ਜਿਸ ਹਲਕੇ ਤੋਂ ਚੋਣ ਲੜਨਾ ਚਾਹੁੰਦੇ ਹਨ, ਉਸ ਹਲਕੇ ਵਿੱਚ ਲੋਕਾਂ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਲਿਬਰਲ ਪਾਰਟੀ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ਼ ਹਨ ਤੇ ਇਸ ਦਾ ਲਾਭ ਐਨਡੀਪੀ ਨੂੰ ਹੋਵੇਗਾ।

Comments

comments

Share This Post

RedditYahooBloggerMyspace