ਬਠਿੰਡੇ ਵਾਲੇ ਪਾਸਪੋਰਟਾਂ ਬਾਰੇ ਭੇਤ ਬਰਕਰਾਰ

ਬਠਿੰਡਾ : ਬਠਿੰਡਾ ਪੁਲੀਸ ਦੀ ਟੀਮ ਅੱਜ ਮੰਡੀ ਕਾਲਿਆਂਵਾਲੀ ਦੇ ਥਾਣੇ ਪੁੱਜੀ। ਇਹ ਟੀਮ ਬੀਤੀ ਰਾਤ ਸਿਰਸਾ ਪੁਲੀਸ ਨੂੰ ਪਿੰਡ ਸਕੇਰੀਆਂ ਤੋਂ ਮਿਲੇ 258 ਪਾਸਪੋਰਟਾਂ ਦੀ ਜਾਂਚ ਕਰਨ ਪੁੱਜੀ ਸੀ। ਪੁਲੀਸ ਨੂੰ ਖਦਸ਼ਾ ਸੀ ਕਿ ਇਹ ਪਾਸਪੋਰਟ ਬਠਿੰਡਾ ਤੋਂ ਗੁੰਮ ਹੋਏ 254 ਪਾਸਪੋਰਟਾਂ ਵਿੱਚੋਂ ਹੋ ਸਕਦੇ ਹਨ ਕਿਉਂਕਿ 15 ਜਨਵਰੀ 2018 ਨੂੰ ਪਾਸਪੋਰਟ ਦਫ਼ਤਰ ਦੀ ਸਪੀਡ ਪੋਸਟ ਸਰਵਿਸ ਤੋਂ ਇੱਕ ਬੰਡਲ, ਜਿਸ ਵਿੱਚ 254 ਪਾਸਪੋਰਟ ਸਨ ਗੁੰਮ ਹੋ ਗਿਆ ਸੀ। ਇਹ ਪਾਸਪੋਰਟ ਬਠਿੰਡਾ ਤੇ ਮਾਨਸਾ ਦੇ ਰਹਿਣ ਵਾਲੇ ਬਿਨੈਕਾਰਾਂ ਦੇ ਸਨ।

ਥਾਣਾ ਸਿਵਲ ਲਾਈਨ ਦੇ ਸਬ ਇੰਸਪੈਕਟਰ ਬਲਰਾਜ ਸਿਘ ਨੇ ਦੱਸਿਆ ਕਿ ਕਚਹਿਰੀ ਪੁਲੀਸ ਚੌਕੀ ਦੀ ਇੱਕ ਟੀਮ ਏ.ਐਸ.ਆਈ ਕ੍ਰਿਸ਼ਨ ਗੋਪਾਲ ਦੀ ਅਗਵਾਈ ਵਿੱਚ ਕਾਲਿਆਂਵਾਲੀ ਜ਼ਰੂਰ ਗਈ ਸੀ। ਟੀਮ ਕੋਲ 254 ਬਿਨੈਕਾਰਾਂ ਦੀ ਸੂਚੀ ਸੀ ਪਰ ਕਾਲਿਆਂਵਾਲੀ ਪੁਲੀਸ ਦੇ ਨਾਲ ਕੀਤੀ ਜਾਂਚ ਤੋਂ ਪਤਾ ਲੱਗਿਆ ਕਿ ਇਹ ਪਾਸਪੋਰਟ ਬਠਿੰਡਾ ਤੋਂ ਗੁੰਮ ਹੋਏ ਪਾਸਪੋਰਟ ਨਹੀਂ ਸਨ ਕਿਉਂਕਿ ਬਰਾਮਦ ਹੋਏ ਪਾਸਪੋਰਟਾਂ ਦੀ ਗਿਣਤੀ 258 ਸੀ, ਜੋ ਪੁਰਾਣੇ ਹਨ ਅਤੇ ਜ਼ਿਆਦਾਤਰ ਉਨ੍ਹਾਂ ਵਿੱਚੋਂ ਲੁਧਿਆਣਾ ਵਾਸੀ ਬਿਨੈਕਾਰਾਂ ਦੇ ਹਨ। ਟੀਮ ਜਾਂਚ ਖਤਮ ਕਰ ਕੇ ਦੇਰ ਸ਼ਾਮ ਬਠਿੰਡਾ ਪਰਤ ਆਈ ਸੀ।

ਜ਼ਿਕਰਯੋਗ ਹੈ ਕਿ ਬਠਿੰਡਾ ਪੁਲੀਸ ਦੇ ਥਾਣਾ ਸਿਵਲ ਲਾਈਨ ਵਿੱਚ ਡਾਕ ਵਿਭਾਗ ਦੇ ਸੁਪਰਡੈਂਟ ਨੇ 254 ਪਾਸਪੋਰਟ ਗੁੰਮ ਹੋਣ ਸਬੰਧੀ ਸ਼ਿਕਾਇਤ ਦਿੱਤੀ ਸੀ ਜਿਸ ’ਤੇ ਕੇਸ ਦਰਜ ਕੀਤਾ ਗਿਆ ਸੀ। ਇਹ ਮਾਮਲਾ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ ਬਠਿੰਡਾ ਅਤੇ ਮਾਨਸਾ ਦੇ ਬਿਨੈਕਾਰ ਡਾਕ ਵਿਭਾਗ ਦੇ ਗੇੜੇ ਮਾਰਨ ਲੱਗੇ। ਬਿਨੈਕਾਰਾਂ ਮੁਤਾਬਕ ਉਨ੍ਹਾਂ ਦੇ ਪਾਸਪੋਰਟ 15 ਜਨਵਰੀ ਤੱਕ ਉਨ੍ਹਾਂ ਨੂੰ ਪੁੱਜਦੇ ਹੋਣੇ ਸਨ। ਇਸ ਸਬੰਧੀ ਉਨ੍ਹਾਂ ਨੂੰ ਰਿਜਨਲ ਪਾਸਪੋਰਟ ਆਫਿਸ ਚੰਡੀਗੜ੍ਹ ਤੋਂ ਬਕਾਇਦਾ ਇੱਕ ਮੈਸੇਜ ਅਤੇ ਟ੍ਰੈਕਿੰਗ ਨੰਬਰ ਵੀ ਪ੍ਰਾਪਤ ਹੋਇਆ ਸੀ। 15 ਜਨਵਰੀ ਤੋਂ ਬਾਅਦ ਜਦੋਂ ਇਹ ਪਾਸਪੋਰਟ ਨਹੀਂ ਮਿਲੇ ਤਾਂ ਬਿਨੈਕਾਰਾਂ ਵਿੱਚ ਭਾਜੜ ਪੈ ਗਈ ਅਤੇ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਡਾਕ ਵਿਭਾਗ ਨੇ ਆਨ ਲਾਈਨ ਸ਼ਿਕਾਇਤ ਦਰਜ ਕਰਵਾਈ।

ਥਾਣਾ ਕਾਲਿਆਂਵਾਲੀ ਦੇ ਐਸਐਚਓ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 258 ਪਾਸਪੋਰਟ ਮਿਲੇ ਸਨ। ਬਠਿੰਡਾ ਪੁਲੀਸ ਦੀ ਟੀਮ ਉਥੇ ਪੁੱਜੀ ਸੀ ਤੇ ਜਾਂਚ ਵਿੱਚ ਪਤਾ ਚਲਿਆ ਕਿ ਇਹ ਪਾਸਪੋਰਟ ਬਠਿੰਡਾ ਦੇ ਨਹੀਂ ਹਨ। ਕਾਲਾਂਵਾਲੀ ਪੁਲੀਸ ਨੇਮਾਂ ਅਨੁਸਾਰ ਕਾਰਵਾਈ ਕਰ ਰਹੀ ਹੈ।

Comments

comments

Share This Post

RedditYahooBloggerMyspace