ਸਰੀ ’ਚ ਇਕ ਹੋਰ ਪੰਜਾਬੀ ਨੌਜਵਾਨ ਦਾ ਕਤਲ

ਵੈਨਕੂਵਰ : ਕੁਝ ਹਫ਼ਤਿਆਂ ਦੀ ਸ਼ਾਂਤੀ ਤੋਂ ਬਾਅਦ ਬੀਤੀ ਰਾਤ ਸਰੀ ’ਚ ਇਕ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਡੈਲਟਾ ਦਾ ਰਹਿਣ ਵਾਲਾ ਪਰਦੀਪ ਸਿੰਘ ਬਰਾੜ (23) ਦੋਸਤ ਕੋਲ ਆਇਆ ਹੋਇਆ ਸੀ ਤਾਂ ਦੋ ਕਾਰਾਂ ’ਤੇ ਸਵਾਰ ਲੋਕਾਂ ਨੇ ਉਸ ’ਤੇ ਗੋਲੀਆਂ ਦਾਗ਼ੀਆਂ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋੜ ਗਿਆ। ਪੁਲੀਸ ਨੂੰ ਉਸ ’ਤੇ 2015 ’ਚ ਹੋਈਆਂ ਗੋਲੀਬਾਰੀ ਦੀਆਂ ਕਈ ਘਟਨਾਵਾਂ ’ਚ ਸ਼ਾਮਲ ਹੋਣ ਦਾ ਸ਼ੱਕ ਸੀ। ਪੁਲੀਸ ਬੁਲਾਰੇ ਫਰੈਂਕ ਜੰਗ ਨੇ ਦੱਸਿਆ ਕਿ ਸਰੀ ਦੇ ਨਿਊਟਨ ਖੇਤਰ ’ਚ 65 ਐਵੇਨਿਊ ਕੋਲ ਇਕ ਘਰ ਦੇ ਬਾਹਰ ਕਈ ਗੋਲੀਆਂ ਚੱਲਣ ਦੀ ਸੂਚਨਾ ਮਗਰੋਂ ਪੁਲੀਸ ਉਥੇ ਪਹੁੰਚੀ ਤਾਂ ਪਰਦੀਪ ਗੰਭੀਰ ਜ਼ਖ਼ਮੀ ਹਾਲਤ ’ਚ ਉਥੇ ਮਿਲਿਆ। ਗੁਆਂਢੀਆਂ ਅਨੁਸਾਰ ਗੋਲੀਬਾਰੀ ਤੋਂ ਬਾਅਦ ਹਮਲਾਵਰ ਦੋ ਕਾਰਾਂ ’ਚ ਉਥੋਂ ਫਰਾਰ ਹੋ ਗਏ। ਪੁਲੀਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਗਰੋਹਾਂ ਦੀਆਂ ਸਰਗਰਮੀਆਂ ਵਾਲਾ ਰਿਕਾਰਡ ਵੀ ਖੰਘਾਲ ਰਹੀ ਹੈ।

Comments

comments

Share This Post

RedditYahooBloggerMyspace