ਕਿੰਜ ਨਿਖਾਰੀਏ ਆਪਣੀ ਸ਼ਖ਼ਸੀਅਤ

11307cd-_diya_mirza(ਡਾ. ਜਗਦੀਸ਼ ਕੌਰ ਵਾਡੀਆ)
ਵਿਅਕਤਿਤਵ ਹੀ ਮਨੁੱਖੀ ਹੋਂਦ ਨੂੰ ਸਥਾਪਤ ਕਰਦਾ ਹੈ। ਇਹ ਮਨੁੱਖ ਦੀ ਸੋਚ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਪ੍ਰਭਾਵ ਗ੍ਰਹਿਣ ਕਰਨਾ ਚਾਹੁੰਦਾ ਹੈ ਅਤੇ ਕਿਸ ਤਰ੍ਹਾਂ ਦਾ ਪ੍ਰਭਾਵ ਦੂਜਿਆਂ ਉੱਤੇ ਪਾਉਣਾ ਚਾਹੁੰਦਾ ਹੈ। ਜਿਸ ਤਰ੍ਹਾਂ ਦੀ ਮਨੁੱਖ ਦੀ ਸੋਚ ਹੋਵੇਗੀ ਉਹੋ ਜਿਹਾ ਉਸ ਦਾ ਵਿਅਕਤਿਤਵ। ਸਕਾਰਾਤਮਕ ਸੋਚ ਵਾਲੇ ਵਿਅਕਤੀ ਦੀ ਸ਼ਖ਼ਸੀਅਤ ਪ੍ਰਭਾਵਸ਼ਾਲੀ ਤੇ ਦਿਲਕਸ਼ ਹੋਵੇਗੀ ਅਤੇ ਉਹ ਸਮਾਜ, ਘਰ-ਪਰਿਵਾਰ ਤੇ ਆਲੇ-ਦੁਆਲੇ ਵਿੱਚ ਵੀ ਹਰਮਨਪਿਆਰਾ ਹੋਵੇਗਾ। ਹੋਰ ਮਨੁੱਖ ਉਸ ਤੋਂ ਚੰਗੇ ਪ੍ਰਭਾਵ ਗ੍ਰਹਿਣ ਕਰਨਗੇ ਅਤੇ ਉਸ ਦਾ ਆਦਰ-ਸਤਿਕਾਰ ਕਰਨਗੇ। ਅਜਿਹੇ ਵਿਅਕਤਿਤਵ ਨੂੰ ਹੋਰ ਨਿਖਾਰਨ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਲਾਜ਼ਮੀ ਹੈ।
ਪ੍ਰਭਾਵਸ਼ਾਲੀ ਸ਼ਖ਼ਸੀਅਤ ਲਈ ਜ਼ਰੂਰੀ ਹੈ ਸਵੈ-ਮੁਲਾਂਕਣ ਕਰਨਾ, ਆਪਣੇ ਆਪ ਤੋਂ ਸਬਕ ਸਿੱਖਣਾ ਅਤੇ ਉਹ ਕੁਝ ਗ੍ਰਹਿਣ ਕਰਨਾ ਜਿਸ ਤੋਂ ਪਹਿਲਾਂ ਅਸੀਂ ਅਣਜਾਣ ਹੋਈਏ। ਜੇ ਰੋਜ਼ਮਰ੍ਹਾ ਦੀ ਜ਼ਿੰਦਗੀ ‘ਤੇ ਝਾਤ ਮਾਰੀਏ ਅਤੇ ਇਕਾਂਤ ਵਿੱਚ ਬੈਠ ਕੇ ਸੋਚੀਏ ਤਾਂ ਅਹਿਸਾਸ ਹੋਵੇਗਾ ਕਿ ਸਾਨੂੰ ‘ਵਿਅਕਤੀ ਵਿਸ਼ੇਸ਼’ ਬਣਨ ਲਈ ਬਹੁਤ ਸਾਰੇ ਗੁਣ ਗ੍ਰਹਿਣ ਕਰਨੇ ਪੈਣਗੇ। ਭਾਵ ਆਪਣੀ ਸੋਚ ਨੂੰ ਸਕਾਰਾਤਮਕ ਬਣਾਉਣਾ, ਨਾਂਹ-ਪੱਖੀ ਸੋਚ ਮਨਫ਼ੀ ਕਰਨੀ ਅਤੇ ਆਪਣੇ-ਆਪ ਨੂੰ ਪਿਆਰ ਕਰਨਾ। ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਹਾਂ-ਪੱਖੀ ਗੁਣਾਂ ਤੇ ਸੋਚ ਨੂੰ ਬਰਕਰਾਰ ਰੱਖੀਏ ਅਤੇ ਆਪਣੇ ਦੁੱਖਾਂ ਤੇ ਕਮਜ਼ੋਰੀਆਂ ਦਾ ਰੋਣਾ ਨਾ ਰੋਂਦੇ ਹੋਏ ਆਪਣੀਆਂ ਕਮਜ਼ੋਰੀਆਂ ਤੋਂ ਸਬਕ ਸਿੱਖ ਕੇ ਆਦਤਾਂ ਵਿੱਚ ਸੁਧਾਰ ਲਿਆਈਏ ਤੇ ਜੀਵਨ ਵਿੱਚ ਅੱਗੇ ਵਧੀਏ। ਜੇ ਤੁਸੀਂ ਇੱਕ ਵਾਰ ਡਿੱਗਦੇ ਹੋ ਤਾਂ ਹੌਸਲਾ ਨਾ ਹਾਰੋ। ਜੇ ਆਤਮ ਵਿਸ਼ਵਾਸ ਹੈ ਤਾਂ ਔਖੀ ਤੋਂ ਔਖੀ ਘਾਟੀ ਵੀ ਪਾਰ ਕੀਤੀ ਜਾ ਸਕਦੀ ਹੈ। ਕੋਈ ਵੀ ਮਨੁੱਖ ਸੰਪੂਰਨ ਨਹੀਂ ਹੁੰਦਾ। ਜੇ ਕੋਈ ਤੁਹਾਡੀ ਆਲੋਚਨਾ ਕਰਦਾ ਹੈ ਤਾਂ ਉਸ ਨੂੰ ਵੀ ਹਾਂ-ਪੱਖੀ ਨਜ਼ਰੀਏ ਤੋਂ ਲੈਣਾ ਚਾਹੀਦਾ ਹੈ ਅਤੇ ਆਪਣੇ ਆਪ ਵਿੱਚ ਤਬਦੀਲੀ ਲਿਆਉਣ ਦਾ ਯਤਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸਾਨੂੰ ਉਨ੍ਹਾਂ ਇਨਸਾਨਾਂ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੈ ਜੋ ਸਾਨੂੰ ਸਾਡੀ ਗ਼ਲਤੀ ਜਾਂ ਕਮਜ਼ੋਰੀ ਦਾ ਅਹਿਸਾਸ ਕਰਵਾਉਂਦੇ ਹਨ।
ਆਮ ਕਹਾਵਤ ਹੈ ‘ਹੱਸਦਿਆਂ ਨਾਲ ਸਾਰੇ ਹੱਸਦੇ ਹਨ, ਪਰ ਰੋਂਦਿਆਂ ਨਾਲ ਕੋਈ ਨਹੀਂ ਰੋਂਦਾ’। ਹੱਸਦਾ, ਖਿੜਿਆ, ਮੁਸਕਰਾਉਂਦਾ ਚਿਹਰਾ ਹਰੇਕ ਦੀ ਖਿੱਚ ਦਾ ਕੇਂਦਰ ਬਣਦਾ ਹੈ। ਜ਼ਿੰਦਗੀ ਸੁੱਖ-ਦੁੱਖ ਦਾ ਨਾਂ ਹੈ ਅਤੇ ਜੇ ਦੁੱਖ ਨੂੰ ਭੁਲਾਉਣ ਲਈ ਚਿਹਰੇ ‘ਤੇ ਉਦਾਸੀ ਦੀ ਬਜਾਇ ਮੁਸਕਰਾਹਟ ਦਾ ਪਰਦਾ ਪਾ ਕੇ ਰੱਖੀਏ ਤਾਂ ਬਿਹਤਰ ਹੈ। ਬੇਸ਼ੱਕ ਹਾਸਾ ਅੰਤਰੀਵ ਖ਼ੁਸ਼ੀ ਵਿੱਚੋਂ ਉੱਭਰਦਾ ਹੈ, ਪਰ ਕਈ ਵਾਰ ਹਾਸਾ ਕਲਾ ਦਾ ਰੂਪ ਵੀ ਹੋ ਨਿੱਬੜਦਾ ਹੈ। ਇਹ ਜ਼ਰੂਰੀ ਨਹੀਂ ਕਿ ਤੁਸੀਂ ਗ਼ਮ ਜਾਂ ਉਦਾਸੀ ਜੱਗ ਜ਼ਾਹਰ ਕਰੋ, ਓਹਲਾ ਵੀ ਰੱਖਣਾ ਪੈਂਦਾ ਹੈ। ਦੂਜੀ ਗੱਲ ਹਾਸਾ ਜੇ ਤਣਾਅ ਨੂੰ ਖ਼ਤਮ ਨਹੀਂ ਵੀ ਕਰਦਾ ਤਾਂ ਘੱਟ ਜ਼ਰੂਰ ਕਰਦਾ ਹੈ।
ਹੱਸਣ ਨਾਲ ਬੋਰੀਅਤ ਦੂਰ ਹੁੰਦੀ ਹੈ, ਪ੍ਰੇਸ਼ਾਨੀ ਘਟਦੀ ਤੇ ਸੁੰਦਰਤਾ ਵਧਦੀ ਹੈ। ਹਾਸਾ ਤਾਂ ਅਜਿਹਾ ਮੰਤਰ ਹੈ ਜੋ ਬਿਗਾਨਿਆਂ ਨੂੰ ਵੀ ਆਪਣਾ ਬਣਾ ਲੈਂਦਾ ਹੈ। ਜਦੋਂ ਕਿਸੇ ਦੇ ਵਿਅਕਤਿਤਵ ਦੀ ਗੱਲ ਹੁੰਦੀ ਹੈ ਤਾਂ ਕੱਦ-ਕਾਠ ਤੋਂ ਇਲਾਵਾ ਇਹ ਵੀ ਮੁਲਾਂਕਣ ਹੁੰਦਾ ਹੈ ਕਿ ਉਹ ਕਿੰਨਾ ਹਸਮੁੱਖ ਤੇ ਮਿਲਣਸਾਰ ਹੈ। ਇਸ ਨੂੰ ਜੇ ਦੂਜਿਆਂ ਦਾ ਦਿਲ ਜਿੱਤਣ ਦੀ ਕਸਵੱਟੀ ਕਹਿ ਲਈਏ ਤਾਂ ਅਤਿਕਥਨੀ ਨਹੀਂ ਹੋਵੇਗੀ। ਉਂਜ, ਖ਼ੁਸ਼ ਰਹਿਣਾ ਮਰਜ਼ੀ ਅਤੇ ਸੁਭਾਅ ‘ਤੇ ਨਿਰਭਰ ਕਰਦਾ ਹੈ। ਜ਼ਬਰਦਸਤੀ ਕਿਸੇ ਨੂੰ ਖ਼ੁਸ਼ ਨਹੀਂ ਰੱਖਿਆ ਜਾ ਸਕਦਾ, ਪਰ ਦਿਲਕਸ਼ ਤੇ ਉਸਾਰੂ ਵਿਅਕਤਿਤਵ ਲਈ ਲਾਜ਼ਮੀ ਹੈ ਕਿ ਕੁਝ ਸਮਾਂ ਆਪਣੇ ਲਈ ਕੱਢੀਏ।
ਵਿਅਕਤਿਤਵ ਨਿਖਾਰ ਦਾ ਇੱਕ ਹੋਰ ਪਹਿਲੂ ਹੈ ਦੋਸਤੀ ਦਾ ਦਾਇਰਾ ਮੋਕਲਾ ਕਰਨਾ। ਚੰਗੇ ਦੋਸਤਾਂ ਦੀ ਜੀਵਨ ਵਿੱਚ ਅਹਿਮ ਥਾਂ ਹੁੰਦੀ ਹੈ। ਇਸੇ ਲਈ ਕਿਸੇ ਨੇ ਕਿਹਾ ਹੈ ‘ਦੋਸਤੀ ਦਾ ਰਿਸ਼ਤਾ ਅੱਖ ਤੇ ਹੱਥ’ ਦੇ ਰਿਸ਼ਤੇ ਜਿਹਾ ਹੈ। ਹੱਥ ਨੂੰ ਸੱਟ ਲੱਗਦੀ ਹੈ ਤਾਂ ਅੱਖਾਂ ਵਿੱਚੋਂ ਅੱਥਰੂ ਵਹਿੰਦੇ ਹਨ ਅਤੇ ਜਦੋਂ ਅੱਖ ਰੋਂਦੀ ਹੈ ਤਾਂ ਹੱਥ ਅੱਥਰੂ ਪੂੰਝਦੇ ਹਨ। ਇਸ ਰਿਸ਼ਤੇ ਨੂੰ ਬਣਾਉਣਾ ਤੇ ਕਾਇਮ ਰੱਖਣਾ ਸਾਡੇ ਆਪਣੇ ਹੱਥ ਵੱਸ ਹੈ। ਦੋਸਤੀ ਦੀ ਕੰਨੀ ਘੁੱਟ ਕੇ ਫੜੋ ਅਤੇ ਫਿਰ ਜੀਵਨ ਭਰ ਰਿਸ਼ਤਾ ਨਿਭਾਓ- ਵੇਖੋ ਕਿੰਨਾ ਨਿੱਘ, ਮਿਠਾਸ, ਖ਼ੁਸ਼ੀ, ਸੰਜੀਦਗੀ ਤੇ ਨੇੜਤਾ ਹੈ ਇਸ ਵਿੱਚ। ਇੱਥੇ ਇੱਕ ਗੱਲ ਦਾ ਖ਼ਅਿਾਲ ਜ਼ਰੂਰ ਰੱਖੋ ਕਿ ਦੋਸਤੀ ਦਾ ਦਾਇਰਾ ਮੋਕਲਾ ਜ਼ਰੂਰ ਕਰੋ, ਪਰ ਚੋਣਵੇਂ ਤੇ ਸਹੀ ਦੋਸਤ ਬਣਾਓ ਅਤੇ ਉਨ੍ਹਾਂ ਦਾ ਸਾਥ ਮਾਣੋ।ਦੋਸਤੀ ਦੇ ਨਾਲ ਪਿਆਰ ਇੱਕ ਅਜਿਹਾ ਖ਼ਜ਼ਾਨਾ ਹੈ ਜੋ ਸੁਖਾਵੇਂ ਸਬੰਧ ਕਾਇਮ ਕਰਦਾ ਹੈ। ਇਹ ਸਬੰਧ ਮਾਂ-ਬਾਪ, ਪਤੀ-ਪਤਨੀ, ਬੱਚਿਆਂ, ਦੋਸਤਾਂ-ਮਿੱਤਰਾਂ ਜਾਂ ਪ੍ਰੇਮੀ-ਪ੍ਰੇਮਿਕਾ ਦਾ ਵੀ ਹੋ ਸਕਦਾ ਹੈ। ਪਿਆਰ ਜ਼ਿੰਦਗੀ ਨੂੰ ਨੀਰਸ ਨਹੀਂ ਹੋਣ ਦਿੰਦਾ ਅਤੇ ਅਜਿਹੇ ਪੁਲ ਦਾ ਕੰਮ ਕਰਦਾ ਹੈ ਜਿਸ ਨਾਲ ਅਸੀਂ ਪਰਿਵਾਰਕ ਤੇ ਸਮਾਜਿਕ ਫ਼ਰਜ਼ ਨਿਭਾਉਂਦੇ ਹੋਏ ਖ਼ੁਸ਼ੀ-ਖ਼ੁਸ਼ੀ ਜੀਵਨ ਬਸਰ ਕਰਦੇ ਹਾਂ। ਉਦਾਸੀ ਜਾਂ ਤਣਾਅ ਦੇ ਦੌਰਾਨ ਪਿਆਰ ਮੱਲ੍ਹਮ ਦਾ ਕੰਮ ਕਰਦਾ ਹੈ। ਇਹ ਇੱਕ ਅਟੱਲ ਸੱਚਾਈ ਹੈ ਕਿ ਧਨ-ਦੌਲਤ ਦੇ ਹੁੰਦਿਆਂ ਜੇ ਪਿਆਰ ਦੀ ਘਾਟ ਹੈ ਤਾਂ ਜੀਵਨ ਵਿੱਚ ਸੁੱਖ, ਸ਼ਾਂਤੀ ਤੇ ਆਨੰਦ ਆ ਹੀ ਨਹੀਂ ਸਕਦਾ। ਜਿੱਥੇ ਪਿਆਰ ਹੈ, ਉੱਥੇ ਤੰਗੀਆਂ-ਤੁਰਸ਼ੀਆਂ ਵਿੱਚ ਵੀ ਆਨੰਦਮਈ ਜੀਵਨ ਬਸਰ ਕੀਤਾ ਜਾ ਸਕਦਾ ਹੈ। ਪਿਆਰ ਆਪਸੀ ਆਦਾਨ-ਪ੍ਰਦਾਨ ਦਾ ਨਾਂ ਹੈ। ਜੇ ਪਰਿਵਾਰ ਵਿੱਚ ਪਤੀ-ਪਤਨੀ ਤੇ ਬਜ਼ੁਰਗ ਮਿਲ-ਜੁਲ ਕੇ ਤਣਾਅ ਰਹਿਤ ਹੋ ਕੇ ਰਹਿਣਗੇ ਤਾਂ ਘਰ ਸਵਰਗ ਤੋਂ ਘੱਟ ਨਹੀਂ। ਕਮੀਆਂ-ਪੇਸ਼ੀਆਂ ਸਭ ਵਿੱਚ ਹੁੰਦੀਆਂ ਹਨ, ਪਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਲੋੜ ਅਨੁਸਾਰ ਆਪਣੀ ਸੋਚ ਤੇ ਵਰਤਾਓ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ ਅਤੇ ਦੁੱਖ-ਸੁੱਖ ਵਿੱਚ ਕਦਮ ਨਾਲ ਕਦਮ ਮਿਲਾ ਕੇ ਚੱਲਣ ਤੋਂ ਇਲਾਵਾ ਇੱਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਦੋ ਇਨਸਾਨਾਂ ਵਿੱਚ ਆਪਸੀ ਵਿਚਾਰਾਂ ਦਾ ਮੱਤਭੇਦ ਹੋ ਸਕਦਾ ਹੈ। ਇਸ ਨੂੰ ਮੱਤਭੇਦ ਹੀ ਰਹਿਣ ਦੇਈਏ ਤੇ ਵਿਵਾਦ ਨਾ ਬਣਾਈਏ ਤਾਂ ਚੰਗਾ ਹੁੰਦਾ ਹੈ। ਬਜ਼ੁਰਗਾਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ। ਬਜ਼ੁਰਗ ਸਮਾਂ, ਪਿਆਰ ਤੇ ਸਤਿਕਾਰ ਚਾਹੁੰਦੇ ਹਨ ਜੋ ਪਰਿਵਾਰ ਲਈ ਸੀਮਿੰਟ ਤੇ ਰੇਤ ਦਾ ਕੰਮ ਕਰਦੇ ਹਨ। ਮਨੁੱਖ ਸਮਾਜਿਕ ਪ੍ਰਾਣੀ ਹੈ ਅਤੇ ਸਮਾਜ ਪਰਿਵਾਰ ਵਿੱਚ ਵਿਚਰਦਾ ਹੈ, ਪਰ ਇਹ ਵੀ ਜ਼ਰੂਰੀ ਹੈ ਕਿ ਉਹ ਕੁਝ ਸਮਾਂ ਆਪਣੇ ਆਪ ਨਾਲ ਬਿਤਾਏ। ਰੌਲੇ-ਗੌਲੇ ਤੋਂ ਦੂਰ ਅਧਿਆਤਮ ਨਾਲ ਜੁੜੇ। ਕੁਦਰਤ ਨੂੰ ਪਿਆਰ ਕਰੇ ਅਤੇ ਇਕਾਂਤ ਵਿੱਚ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰੇ, ਸੰਗੀਤ ਸੁਣੇ ਅਤੇ ਆਪਣੀ ਜ਼ਿੰਦਗੀ ਵਿੱਚ ਮਨਮਰਜ਼ੀ ਦੇ ਰੰਗ ਭਰੇ। ਜਦੋਂ ਮਨੁੱਖ ਅੰਤਰਮਨ ਵਿੱਚ ਝਾਤੀ ਮਾਰੇਗਾ ਤਾਂ ਬਹੁਤ ਕੁਝ ਸਿੱਖਣ-ਸੰਵਾਰਨ ਨੂੰ ਮਿਲੇਗਾ ਅਤੇ ਜਾਪੇਗਾ ਕਿ ਜ਼ਿੰਦਗੀ ਦੀ ਖ਼ੂਬਸੂਰਤੀ ਇਸੇ ਵਿੱਚ ਹੈ। ਜ਼ਿੰਦਗੀ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਉਸ ਵਿੱਚ ਰੋਜ਼ਾਨਾ ਪਿਆਰ, ਮੁਸਕਰਾਹਟ, ਕੁਰਬਾਨੀ, ਸਬਰ-ਸੰਤੋਖ, ਸ਼ਾਨੋ-ਸ਼ੌਕਤ ਤੇ ਖਿਮਾ ਦੇ ਰੰਗ ਭਰਨੇ ਪੈਂਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਮਾੜੇ ਅਤੀਤ ਤੋਂ ਮੂੰਹ ਮੋੜ ਕੇ ਵਰਤਮਾਨ ਦੇ ਰੂ-ਬ-ਰੂ ਹੋ ਕੇ ਮਨ ਨੂੰ ਇਕਾਗਰਚਿੱਤ ਕਰੀਏ ਅਤੇ ਆਪਣੇ ਤੇ ਜੀਵਨ ਦੇ ਮਕਸਦ ਪ੍ਰਤੀ ਸੁਚੇਤ ਰਹੀਏ।

Comments

comments

Share This Post

RedditYahooBloggerMyspace