ਚਿਨਾਰ ਦਾ ਰੁੱਖ

(ਹਰਮਹਿੰਦਰ ਸਿੰਘ ਹਰਜੀ)
ਰੁੱਖ ਮਨੁੱਖ ਦਾ ਮਿੱਤਰ ਹੈ। ਰੁੱਖ ਰਿਸ਼ੀ ਰੂਪ ਹੈ। ਮਹਾਂਪੁਰਸ਼ਾਂ ਨੇ ਰੁੱਖ ਹੇਠ ਬਹਿ ਕੇ ਤਪ ਕੀਤਾ ਅਤੇ ਨਿਰਵਾਣ ਪ੍ਰਾਪਤ ਕੀਤਾ। ਰੁੱਖ ਮਨੁੱਖਾਂ ਨੂੰ ਰੋਗਾਂ ਤੋਂ ਸਫ਼ਾ ਬਖਸ਼ਦਾ ਹੈ। ਰੁੱਖ ਹਵਾ ਨੂੰ ਸਾਫ਼ ਸੁਥਰਾ ਕਰਕੇ ਮਨੁੱਖ ਨੂੰ ਜੀਵਨ ਦਾਨ ਬਖਸ਼ਦੇ ਹਨ। ਜਿਸ ਥਾਂ ‘ਤੇ ਰੁੱਖ ਨਹੀਂ ਹੁੰਦੇ ਉਸੇ ਥਾਂ ਨੂੰ ਉਜਾੜ ਆਖਦੇ ਹਨ ਅਤੇ ਉਜਾੜਾਂ ਵਿੱਚ ਬਸਤੀਆਂ ਨਹੀਂ ਵਸਦੀਆਂ। ਮਨੁੱਖ ਲਈ ਧਰਤੀ ‘ਤੇ ਰੁੱਖ ਹੀ ਉਹਦਾ ਪਹਿਲਾ ਘਰ ਸੀ ਅਤੇ ਫਲ ਉਹਦਾ ਆਹਾਰ ਅਤੇ ਬਾਲਣ ਊਰਜਾ ਦਾ ਸਰੋਤ ਤੇ ਪੱਤਰ ਉਹਦਾ ਵਸਤਰ। ਰੁੱਖ ਦੀਆਂ ਟਾਹਣੀਆਂ ਉਹਦਾ ਸ਼ਸਤਰ, ਜਿਸ ਰਾਹੀਂ ਉਹ ਜੰਗਲੀ ਜਾਨਵਰਾਂ ਤੋਂ ਆਪਣੇ-ਆਪ ਨੂੰ ਸੁਰੱਖਿਅਤ ਰੱਖਦਾ ਸੀ। ਰੁੱਖ ਮਨੁੱਖ ਦੇ ਦੁੱਖ ਨੂੰ ਨਿਵਾਰਦੇ ਅਤੇ ਸੁੱਖ ਨੂੰ ਪਸਾਰਦੇ ਹਨ। ਮਨੁੱਖ ਦਾ ਰੁੱਖ ਨਾਲ ਜਨਮ ਤੋਂ ਮਰਨ ਤੱਕ ਨਹੁੰ-ਮਾਸ ਦਾ ਰਿਸ਼ਤਾ ਰਹਿੰਦਾ ਹੈ। ਮਰਨ ਵੇਲੇ ਅੱਗ ਦੀਆਂ ਲਾਟਾਂ ਉਸ ਨੂੰ ਆਪਣੀ ਬੁੱਕਲ ਵਿੱਚ ਸਮੇਟ ਲੈਂਦੀਆਂ ਹਨ। ਰੁੱਖ ਆਤਮਿਕ ਸ਼ਾਂਤੀ ਦਾ ਪ੍ਰਤੀਕ ਹੈ। ਵਾਤਾਵਰਣ ਨੂੰ ਸੰਤੁਲਿਤ ਰੱਖਣ ਵਿੱਚ ਰੁੱਖ ਦੀ ਭੂਮਿਕਾ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਰੁੱਖਾਂ ਦੀ ਬੇਰੋਕ ਕਟਾਈ ਕਾਰਨ ਵਾਤਾਵਰਣ ਵਿਗਾੜ ਨੂੰ ਪੂਰਨਾ ਔਖਾ ਹੈ। ਇਨ੍ਹਾਂ ਕਾਰਨਾਂ ਕਾਰਨ ਹਿਮ ਨਦੀਆਂ ਦੇ ਪਿਘਲਣ ਰਾਹੀਂ ਸਾਗਰ ਦੇ ਪੱਧਰ ਵਿੱਚ ਵਾਧਾ ਹੋਇਆ ਹੈ ਅਤੇ ਸਾਗਰ ਤੱਟ ਨਾਲ ਲਗਦੀਆਂ ਨੀਵੀਆਂ ਥਾਵਾਂ ਦੇ ਡੁੱਬਣ ਦਾ ਖ਼ਤਰਾ ਵਧ ਗਿਆ ਹੈ। ਰੁੱਖਾਂ ਦੀ ਕਟਾਈ ਕਾਰਨ ਗਰਮੀ ਵਿੱਚ ਵਾਧਾ ਹੋਣ ਤੋਂ ਇਲਾਵਾ ਤਾਪਮਾਨ ਵੀ ਵਧਿਆ ਹੈ, ਜੋ ਮਨੁੱਖ ਵਿੱਚ ਚਮੜੀ ਦੇ ਰੋਗਾਂ ਵਿੱਚ ਵਾਧਾ ਕਰ ਸਕਦਾ ਹੈ। ਰੁੱਖਾਂ ਹੇਠ ਪਿੰਡ ਦੀ ਸੱਥ ਵਿੱਚ ਬਹਿ ਕੇ ਲੋਕ ਆਪਣੇ ਰੋਜ਼ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ, ਪੰਚਾਇਤਾਂ ਲਾਉਂਦੇ ਅਤੇ ਨਿੱਤ ਨਵੇਂ ਇਤਿਹਾਸ ਰਚਦੇ ਹਨ। ਰੁੱਖ ਆਕਸੀਜਨ ਦਾ ਸਰੋਤ ਹਨ ਅਤੇ ਆਪਣੇ ਪੱਤਿਆਂ ਰਾਹੀਂ ਸੂਰਜ ਦੀ ਰੌਸ਼ਨੀ ‘ਚੋਂ ਕਾਰਬਨ ਡਾਈਆਕਸਾਇਡ ਖਿੱਚ ਕੇ ਆਪਣੇ ਲਈ ਭੋਜਨ ਤਿਆਰ ਕਰਦੇ ਹਨ ਤੇ ਜੀਵ-ਜੰਤੂਆਂ ਦੇ ਜੀਵਨ ਵਿਕਾਸ ਲਈ ਆਕਸੀਜਨ ਬਣਾਉਂਦੇ ਹਨ। ਜੇ ਵਾਯੂਮੰਡਲ ‘ਚੋਂ ਆਕਸੀਜਨ ਸਿਰਫ਼ ਇੱਕ ਸਕਿੰਟ ਲਈ ਲੋਪ ਹੋ ਜਾਵੇ ਤਾਂ ਸਾਰੀ ਕਾਇਨਾਤ ਦਾ ਵਿਨਾਸ਼ ਹੋ ਜਾਵੇਗਾ। ਵਿਗਿਆਨੀਆਂ ਅਨੁਸਾਰ ਸਰੀਰ ਵਿੱਚ ਮੌਜੂਦ ਰਹਿਣ ਵਾਲੀ ਆਕਸੀਜਨ ਦਾ ਵਜ਼ਨ 20 ਗ੍ਰਾਮ ਹੁੰਦਾ ਹੈ। ਇਸ ਵਿਗਿਆਨਕ ਤੱਥ ਨੂੰ ਸਮਝਣ ਦੀ ਬਜਾਏ ਮਨੁੱਖ ਨੇ ਰੁੱਖਾਂ ਦਾ ਵਿਨਾਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਸ਼! ਮਨੁੱਖ ਨੂੰ ਇੰਨਾ ਪਤਾ ਹੁੰਦਾ ਹੈ ਕਿ ਜਿੱਥੇ ਰੁੱਖ ਨਹੀਂ ਉਹ ਧਰਤੀ ਬਾਂਝ ਹੁੰਦੀ ਹੈ। ਜਦੋਂ ਦਿਲ ਤੇ ਦਿਮਾਗ ਨੂੰ ਆਕਸੀਜਨ ਦੀ ਪੂਰੀ ਮਿਕਦਾਰ ਨਹੀਂ ਮਿਲਦੀ ਤਾਂ ਇਹ ਦੋਵੇਂ ਨਿਢਾਲ ਹੋ ਜਾਂਦੇ ਹਨ ਅਤੇ ਮੌਤ ਮਨੁੱਖ ਨੂੰ ਆਪਣੇ ਆਂਚਲ ਵਿੱਚ ਸਮੇਟ ਲੈਂਦੀ ਹੈ। ਕਸ਼ਮੀਰ ਦੇ ਮਹਾਨ ਸੰਤ ‘ਨੁੰਦ ਰਿਸ਼ੀ’ ਅਨੁਸਾਰ ਜਦੋਂ ਵਣ ਹੋਣਗੇ ਤਦੋਂ ਅੰਨ ਉਪਜੇਗਾ। ਰੁੱਖ ਮਨੁੱਖ ਲਈ ਅੰਨ-ਪਾਣੀ, ਪਸ਼ੂਆਂ ਲਈ ਪੱਤਰ, ਧਰਤੀ ਲਈ ਖਾਦ, ਤਨ ਕੱਜਣ ਲਈ ਕੱਪੜਾ ਅਤੇ ਅੰਨ ਪਕਾਉਣ ਲਈ ਊਰਜਾ ਪ੍ਰਦਾਨ ਕਰਦੇ ਹਨ। ਸੰਸਾਰ ਦੇ ਕਈ ਦੇਸ਼ਾਂ ਵਿੱਚ ਕਬਾਇਲੀ ਲੋਕ ਆਪਣੇ ਤਨ ਨੂੰ ਪੱਤਰਾਂ ਨਾਲ ਢਕਦੇ ਹਨ ਅਤੇ ਫਲ ਖਾ ਕੇ ਗੁਜ਼ਾਰਾ ਕਰਦੇ ਹਨ। ਰੁੱਖ ਦੇ ਖੋਖਲੇ ਤਣਿਆਂ ਵਿੱਚ ਘਰ ਬਣਾ ਕੇ ਰਹਿੰਦੇ ਹਨ। ਰੁੱਖ ਆਪਣੀਆਂ ਜੜ੍ਹਾਂ ਵਿੱਚ ਪ੍ਰਗਟ ਹੁੰਦੇ ਹਨ। ਪਾਣੀ ਹੀ ਜੀਵਨ ਦੀ ਜੋਤ ਨੂੰ ਜਗਦੇ ਰੱਖਦਾ ਹੈ। ਪਾਣੀ ਹੀ ਬਨਾਸਪਤੀ ਨੂੰ ਹਰਾ ਰੱਖਦਾ ਹੈ। ਹਰਿਆਵਲ ਅੱਖਾਂ ਦੀ ਜੋਤ ਨੂੰ ਜਗਦੇ ਰੱਖਦੀ ਹੈ ਅਤੇ ਹਰਿਆਵਲ ਨੂੰ ਹੀ ਕੁਦਰਤ ਦਾ ਰੂਪ ਆਖਿਆ ਗਿਆ ਹੈ। ਮਨੁੱਖ ਨੇ ਰੁੱਖ ਨੂੰ ਅਜਾਈਂ ਸਮਝਿਆ ਹੈ। ਹਰ ਸਮੇਂ ਹੱਥ ਵਿੱਚ ਕੁਹਾੜੀ ਫੜ ਕੇ ਇਹ ਦੇ ਵਿਨਾਸ਼ ਅਤੇ ਘਾਣ ਲਈ ਵਿਆਕੁਲ ਰਹਿੰਦਾ ਹੈ। ਰੁੱਖ ਬੇਚਾਰਾ ਇਹ ਸਭ ਕੁਝ ਸਹਿ ਕੇ ਵੀ ਸੀ ਨਹੀਂ ਕਰਦਾ। ਮਨੁੱਖ ਨੇ ਰੁੱਖ ਤੋਂ ਕੋਈ ਸਬਕ ਨਹੀਂ ਸਿੱਖਿਆ। ਲੱਖਾਂ ਕਿਸਮਾਂ ਦੇ ਰੁੱਖ ਆਪਸ ਵਿੱਚ ਮਿਲ ਕੇ ਰਹਿੰਦੇ ਹਨ। ਆਪਸ ਵਿੱਚ ਖਹਿਬੜਦੇ ਨਹੀਂ ਕਿਉਂਕਿ ਰੁੱਖ ਮਨੁੱਖ ਵਾਂਗ ਨਹੀਂ। ਮਨੁੱਖ ਨੂੰ ਮੋਹ ਮਾਇਆ ਨੇ ਪਦਾਰਥਵਾਦੀ ਬਣਾ ਦਿੱਤਾ ਹੈ। ਇਸ ਨੇ ਪਦਾਰਥਵਾਦੀ ਦੌੜ ਕਾਰਨ ਆਪਣੇ ਅੰਦਰ ਸਾਰੇ ਔਗੁਣ ਉਤਪੰਨ ਕਰ ਲਏ।

ਮਨੁੱਖ ਹਮੇਸ਼ਾ ਕੁਦਰਤ ਦੇ ਵਿਨਾਸ਼ ਦੀਆਂ ਨਿੱਤ ਨਵੀਆਂ ਕਾਢਾਂ ਕਰਦਾ ਰਹਿੰਦਾ ਹੈ ਪਰ ਕੁਦਰਤ ਦੇ ਕਰੋਪ ਸਾਹਮਣੇ ਉਹਦੀ ਇੱਕ ਵੀ ਨਹੀਂ ਚਲਦੀ ਅਤੇ ਬੇਵਸੀ ਦੇ ਆਲਮ ਵਿੱਚ ਉਸ ਕੋਲ ਅੱਥਰੂਆਂ ਦੇ ਸਿਵਾਏ ਕੁਝ ਵੀ ਨਹੀਂ ਬਚਦਾ। ਰੁੱਖ ਕੋਈ ਵੀ ਹੋਵੇ, ਪਰ ਹਰ ਰੁੱਖ ਦਾ ਆਪਣਾ ਆਪਣਾ ਮਹੱਤਵ ਹੁੰਦਾ ਹੈ। ਭਾਵੇਂ ਉਹ ਫਲਦਾਰ ਰੁੱਖ ਹੋਵੇ ਜਾਂ ਆਪਣੀ ਛਾਂ ਦੀ ਠੰਢਕ ਰਾਹੀਂ ਮਨੁੱਖਾਂ ਨੂੰ ਸ਼ਾਂਤ ਕਰਦਾ ਹੋਵੇ। ਰੁੱਖ ਹਰ ਹਾਲਾਤ ਵਿੱਚ ਮਹਾਨ ਹੈ। ਜਿਵੇਂ ਕਸ਼ਮੀਰ ਦੀ ਧਰਤੀ ‘ਤੇ ਉਗਣ ਵਾਲਾ ਚਿਨਾਰ ਦਾ ਰੁੱਖ ਅਤੇ ਪਿੱਪਲ।
ਇਹ ਕਸ਼ਮੀਰ ਦੇ ਸੱਭਿਆਚਾਰ ਅਤੇ ਸੱਭਿਅਤਾ ਦਾ ਅੰਗ ਹੈ। ਜੇ ਚਿਨਾਰ ਦੇ ਰੁੱਖ ਨੂੰ ਕਸ਼ਮੀਰ ਦੇ ਸੱਭਿਆਚਾਰਕ ਜੀਵਨ ‘ਚੋਂ ਕੱਢ ਦਿੱਤਾ ਜਾਵੇ ਤਾਂ ਸਵਰਗ ਅਖਵਾਉਣ ਵਾਲੀ ਧਰਤੀ ਕਸ਼ਮੀਰ ਆਮ ਦੇਸ਼ਾਂ ਦੀ

ਧਰਤੀ ਵਾਂਗ ਇਤਿਹਾਸ ਦੇ ਪੰਨਿਆਂ ਵਿੱਚ ਸਿਮਟ ਜਾਏਗੀ। ਚਿਨਾਰ ਦਾ ਰੁੱਖ ਸਾਰੇ ਰੁੱਖਾਂ ਤੋਂ ਸਿਰਮੌਰ ਹੈ। ਇਸ ਨੂੰ ਕਸ਼ਮੀਰ ਦੀ ਸੰਸਕ੍ਰਿਤੀ ਵਿੱਚ ਦੇਵੀ ਬੁਹਾਨੀ ਦਾ ਰੁਤਬਾ ਹੈ ਅਤੇ ਕਸ਼ਮੀਰੀ ਭਾਸ਼ਾ ਵਿੱਚ ਇਹ ਨੂੰ ‘ਬੋਈ’ ਆਖਦੇ ਹਨ। ਇਸ ਨੂੰ ਕੱਟਣਾ ਰਸਮੀ ਹੀ ਵਰਜਿਤ ਹੈ। ਫਾਰਸੀ ਭਾਸ਼ਾ ਵਿੱਚ ਇਹ ਨੂੰ ਚਿ-ਨਾਰ ਭਾਵ ‘ਅੱਗ ਨੂੰ ਪੀਣ ਵਾਲੀ।’ ਭਾਵੇਂ ਕਿੰਨੀ ਗਰਮੀ ਹੋਵੇ ਇਹਦੀ ਛਾਂ ਵਿੱਚ ਬਹਿ ਕੇ ਮਨੁੱਖ ਠੰਢਕ ਮਹਿਸੂਸ ਕਰਦਾ ਹੈ। ਮਹਾਂਪੁਰਸ਼ਾਂ ਨੇ ਇਹਨੂੰ ਇਰਾਨ ਤੋਂ ਇੱਥੇ ਲਿਆਂਦਾ ਹੈ। ਇਹ ਰੁੱਖ ਕਸ਼ਮੀਰ ਦੇ ਵਾਤਾਵਰਣ ਨਾਲ ਘੁਲ-ਮਿਲ ਕੇ ਇਥੇ ਦਾ ਹੀ ਹੋ ਕੇ ਰਹਿ ਗਿਆ ਹੈ। ਕਸ਼ਮੀਰ ਵਿੱਚ ਕਾਰਾਂ, ਮੋਟਰਾਂ ਦੇ ਵਧਦੇ ਧੂੰਏਂ ਰਾਹੀਂ ਉਤਪੰਨ ਪ੍ਰਦੂਸ਼ਣ ਅਤੇ ਕਸ਼ਮੀਰੀਆਂ ਦੀ ਲਾਪ੍ਰਵਾਹੀ ਨੇ ਇਹਦੇ ਵਜੂਦ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਹਜ਼ਾਰਾਂ ਚਿਨਾਰ ਆਪਣੀ ਮੌਤ ਆਪ ਮਰ ਰਹੇ ਹਨ। ਚਿਨਾਰ ਦਾ ਇਤਿਹਾਸ ਵੀ ਆਪਣੇ-ਆਪ ਵਿੱਚ ਵਚਿੱਤਰ ਹੈ।

ਇੱਕ ਤੱਥ ਅਨੁਸਾਰ ਚਿਨਾਰ ਦਾ ਰੁੱਖ ਮੁਗ਼ਲਾਂ ਨੇ ਇਰਾਨ ਤੋਂ ਕਸ਼ਮੀਰ ਵਿੱਚ ਲਿਆਂਦਾ ਅਤੇ ਆਪਣੇ ਰਾਜ ਕਾਲ ਵਿੱਚ ਇਹਦਾ ਵਿਸਥਾਰ ਕੀਤਾ ਪਰ ਕਸ਼ਮੀਰ ਦੇ ਬਹੁਤੇ ਇਤਿਹਾਸਕਾਰ ਜਿਵੇਂ ਜੈਨਰਾਜ, ਹਸਨ ਤੇ ਸੋਫੀ ਇਹਨੂੰ ਕਸ਼ਮੀਰ ਦਾ ਜੱਦੀ ਰੁੱਖ ਦੱਸਦੇ ਹਨ। ਕਲਹਣ ਨੇ ਰਾਜਤਰੰਗਣੀ ਵਿੱਚ ਚਿਨਾਰ ਦੇ ਰੁੱਖ ਦਾ ਜ਼ਿਕਰ ਕੀਤਾ ਹੈ ਅਤੇ ਲੋਕੀਂ ਸਰਦੀਆਂ ਵਿੱਚ ਇਸ ਦੇ ਪੱਤਰਾਂ ਤੋਂ ਕਾਂਗੜੀ ਵਿੱਚ ਵਰਤਣ ਲਈ ਕੋਲੇ ਤਿਆਰ ਕਰਦੇ ਹਨ। ਲਲਦਿਦ ਅਨੁਸਾਰ ਚਿਨਾਰ ਦਾ ਰੁੱਖ ਚੌਦਵੀਂ ਸਦੀ ਵਿੱਚ ਕਸ਼ਮੀਰ ਵਿੱਚ ਮੌਜੂਦ ਸੀ। ਅਦਲ-ਏ-ਜਹਾਂਗੀਰੀ ਵਿੱਚ ਸ਼ਹਿਨਸ਼ਾਹ ਜਹਾਂਗੀਰ ਦਰਸਾਉਂਦਾ ਹੈ ਕਿ ਇੱਕ ਦਿਨ ਮੂਸਲਾਧਾਰ ਮੀਂਹ ਪੈ ਰਿਹਾ ਸੀ। ਮੇਰੇ ਨਾਲ ਕੁਝ ਵਿਅਕਤੀ ਸਨ। ਮੀਂਹ ਤੋਂ ਬਚਣ ਲਈ ਅਸੀਂ ਸਾਰੇ ਇੱਕ ਚਿਨਾਰ ਦੇ ਖੋਖਲੇ ਮੁੱਢ ਵਿੱਚ ਬਹਿ ਗਏ। ਇਹ ਚਿਨਾਰ 700 ਸਾਲ ਪੁਰਾਣਾ ਲੱਗਦਾ ਸੀ। ਇਸ ਤੋਂ ਸਾਫ ਪ੍ਰਗਟ ਹੁੰਦਾ ਹੈ ਕਿ ਚਿਨਾਰ ਕਸ਼ਮੀਰ ਦਾ ਪੁਸ਼ਤੀ ਰੁੱਖ ਹੈ। ਇਹਦੀ ਮਾਤ ਭੂਮੀ ਇਰਾਨ ਨਹੀਂ ਕਸ਼ਮੀਰ ਹੈ। ਜਾਰਜ ਫੋਸਟਰ ਅਨੁਸਾਰ ਕੋਈ ਵਿਅਕਤੀ ਆਪਣੇ ਵਿਹੜੇ ਵਿੱਚ ਇੱਕ ਚਿਨਾਰ ਦਾ ਰੁੱਖ ਉਗਾਉਂਦਾ ਹੈ ਤਾਂ ਉਹ ਆਪਣੀ ਆਉਣ ਵਾਲੀ ਪੀੜ੍ਹੀ ਲਈ ਇੱਕ ਸਾਥੀ ਤਿਆਰ ਕਰਦਾ ਹੈ। ਚਿਨਾਰ ਦਾ ਪੱਤਰ ਸਾਡੇ ਲਈ ਇਤਿਹਾਸਕ ਪੱਧਤੀਆਂ ਦਾ ਚਿੰਨ੍ਹ ਹੈ। ਰੁੱਖ ਵਿਗਿਆਨੀ ਦੱਸਦੇ ਹਨ ਕਿ ਜੇ ਇਸ ਰੁੱਖ ਦੇ ਅਸਤਿਤਵ ਨੂੰ ਨਾ ਛੇੜੀਏ ਤਾਂ ਇਹ ਦਸ ਹਜ਼ਾਰ ਸਾਲ ਤੱਕ ਆਪਣੀ ਛਾਂ ਰਾਹੀਂ ਲੋਕਾਂ ਨੂੰ ਨਿਵਾਜਦਾ ਰਹੇਗਾ। ਇਹਦੀ ਛਾਂ ਵਿੱਚ ਬੈਠਿਆਂ ਮਨੁੱਖ ਨੂੰ ਕਰਾਰ ਤੇ ਸਕੂਨ ਮਿਲਦਾ ਹੈ। ਕਸ਼ਮੀਰ ਘਾਟੀ ਵਿੱਚ ਇਤਿਹਾਸਕ ਅਤੇ ਹੋਰ ਥਾਵਾਂ ‘ਤੇ ਬਾਦਸ਼ਾਹਾਂ ਅਤੇ ਹੋਰ ਚੋਣਵੇਂ ਵਿਅਕਤੀਆਂ ਵੱਲੋਂ ਲਗਾਏ ਰੁੱਖ ਹਾਲੇ ਵੀ ਆਪਣੇ ਜਾਹੋ ਜਲਾਲ ਵਿੱਚ ਖਲੋਤੇ ਹਨ। ਜਿਵੇਂ ਬੀਜ ਬਿਹਾੜੇ ਦੇ ਮੁਗ਼ਲ ਬਾਗ਼ ਵਿੱਚ ਨੂਰਜਹਾਂ ਦੇ ਹੱਥੀਂ ਲਾਇਆ ਚਿਨਾਰ ਦਾ ਰੁੱਖ ਵੀ ਉਸੇ ਸ਼ਾਨ ਨਾਲ ਲੋਕਾਂ ਨੂੰ ਆਪਣੀ ਦਿੱਖ ਨਾਲ ਸਵਾਲ ਕਰ ਰਿਹਾ ਹੈ। ਕਸ਼ਮੀਰ ਦੇ ਦਸਤਕਾਰਾਂ ਵੱਲੋਂ ਤਿਆਰ ਕੀਤੇ ਨਮਦੇ ਅਤੇ ਸ਼ਾਲ-ਦੋਸ਼ਾਲਿਆਂ ਤੇ ਕਸ਼ੀਦਾਕਾਰੀ ਵਿੱਚ ਚਿਨਾਰ ਦਾ ਪੱਤਰ ਹਮੇਸ਼ਾ ਪ੍ਰਦਾਨ ਰਿਹਾ ਹੈ।

ਜਿਸ ਖਾਕ ਕੇ ਜ਼ਮੀਰ ਮੈ ਹੋ ਆਤਮੇ ਚਿਨਾਰ
ਮੁਮਕਿਨ ਨਹੀਂ ਕਿ ਸਰਦ ਹੋ ਵੋਹ ਖਾਕੇ ਅਰਜ਼ਮੰਦ।

ਕਸ਼ਮੀਰ ਵਿੱਚ ਸਭ ਤੋਂ ਜ਼ਿਆਦਾ ਚਿਨਾਰ ਦੇ ਰੁੱਖ ਜਹਾਂਗੀਰ ਦੇ ਰਾਜਕਾਲ ਵਿੱਚ ਬੀਜੇ ਗਏ। ਉਹ ਹਰ ਸਾਲ ਮਾਰਚ ਦੇ ਮਹੀਨੇ ਕਸ਼ਮੀਰ ਵਿੱਚ ਚਿਨਾਰ ਦੇ ਰੁੱਖ ਬੀਜਣ ਲਈ ਆਉਂਦਾ ਸੀ। 20 ਮਾਰਚ, 1620 ਈਸਵੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਜਹਾਂਗੀਰ ਨਾਲ ਊੜੀ ਦੇ ਰਸਤਿਓਂ ਕਸ਼ਮੀਰ ਆਏ ਅਤੇ ਗੁਰੂ ਜੀ ਪਿੰਡ ਖਾਦਨਿਆਰ ਤੋਂ ਲੰਘ ਕੇ ਗੁਸਾਈ ਟੈਂਗ ਪੁੱਜੇ ਤੇ ਧਰਤੀ ਤਲ ‘ਚੋਂ ਵਹਿੰਦੀ ਯਮ ਗੰਗਾ ਦੇ ਸਾਹਮਣੇ ਵਹਿੰਦੇ ਦਰਿਆ ਜਿਹਲਮ ਦੇ ਤੱਟ ‘ਤੇ ਵਿਸ਼ਰਾਮ ਕੀਤਾ। ਇਹ ਥਾਂ ਗੁਰੂ ਜੀ ਨੂੰ ਬਹੁਤ ਪਿਆਰੀ ਲੱਗੀ ਕਿਉਂਕਿ ਇਸ ਥਾਂ ਦੇ ਲਾਗੇ ਕਿਸੇ ਸਮੇਂ ਆਦਿ ਬਰਾਹ ਦਾ ਪ੍ਰਾਚੀਨ ਮੰਦਰ ਹੁੰਦਾ ਸੀ, ਜਿਸ ਨੂੰ ਸੁਲਤਾਨ ਸਿਕੰਦਰ ਬੁੱਤ ਸ਼ਿਕਨ ਨੇ ਢਹਿ-ਢੇਰੀ ਕਰ ਦਿੱਤਾ ਸੀ। ਇਸ ਸਾਰੀ ਥਾਂ ਨੂੰ ਕੋਟ ਤੀਰਥ ਕਿਹਾ ਜਾਂਦਾ ਸੀ। ਗੁਰੂ ਜੀ ਨੇ ਆਪਣੇ ਕਰ ਕਮਲਾਂ ਨਾਲ ਇਥੇ ਚਿਨਾਰ ਦਾ ਇੱਕ ਪੌਦਾ ਲਾਇਆ। ਇਸ ਥਾਂ ‘ਤੇ ਗੁਰੂ ਹਰਗੋਬਿੰਦ ਸਾਹਿਬ ਨਾਲ ਸਬੰਧਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਸਥਿਤ ਹੈ। ਗੁਰਦੁਆਰੇ ਦਾ ਨਾਂ ਕੋਟ ਤੀਰਥ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਚਾਰ ਪਿੰਡਾਂ ਦੀ ਜਗੀਰ ਇਸ ਗੁਰਦੁਆਰੇ ਦੇ ਨਾਂ ਲਾਈ ਸੀ। ਇਹ ਚਿਨਾਰ 1995 ਤੱਕ ਗੁਰਦੁਆਰੇ ਦੇ ਵਿਹੜੇ ਵਿੱਚ ਆਪਣੇ ਹਰਿਆਵਲੇ ਜਾਹੋ-ਜਲਾਲ ਰਾਹੀਂ ਯਾਤਰੀਆਂ ਨੂੰ ਠੰਢਕ ਦੇ ਨਾਲ-ਨਾਲ ਗੁਰੂ ਦੀ ਯਾਦ ਵੀ ਦਰਸਾਉਂਦਾ ਸੀ। ਨਵੇਂ ਸਿਰਿਓਂ ਗੁਰਦੁਆਰੇ ਦੇ ਨਿਰਮਾਣ ਸਮੇਂ ਇਸ ਚਿਨਾਰ ਨੂੰ ਜੜ੍ਹੋਂ ਉਖਾੜ ਦਿੱਤਾ ਗਿਆ। ਇਹ ਇਵੇਂ ਸੀ ਕਿ ਜਿਵੇਂ ਇੱਕ ਅਧਿਆਇ ਦਾ ਅੰਤ ਹੋ ਗਿਆ ਹੋਵੇ, ਜਦਕਿ ਬਾਬੇ ਬੁੱਢੇ ਦੀ ਬੇਰੀ ਸ੍ਰੀ ਹਰਿਮੰਦਰ ਸਾਹਿਬ ਦੇ ਹਾਤੇ ਸਰੋਵਰ ਦੇ ਕੰਢੇ ਸੰਭਾਲ ਕੇ ਰੱਖੀ ਗਈ ਹੈ। ਹਰਿਮੰਦਰ ਸਾਹਿਬ ਵਿੱਚ ਆਉਣ ਵਾਲਾ ਹਰ ਯਾਤਰੀ ਉਹਨੂੰ ਵੇਖ ਕੇ ਸ਼ਰਧਾ ਅਤੇ ਸਤਿਕਾਰ ਨਾਲ ਬਾਬਾ ਬੁੱਢਾ ਨੂੰ ਯਾਦ ਕਰਦਾ ਹੈ। ਮਹਾਂਪੁਰਸ਼ਾਂ ਦੇ ਕਰ-ਕਮਲਾਂ ਨਾਲ ਬੀਜੇ ਰੁੱਖਾਂ ਰਾਹੀਂ ਉਨ੍ਹਾਂ ਨਾਲ ਇਲਾਹੀ ਰਿਸ਼ਤਾ ਸਥਾਪਤ ਹੁੰਦਾ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਦਾ ਬੀਜਿਆ ਸ਼ਰਧਾ ਦਾ ਚਿੰਨ੍ਹ ਅਸਾਂ ਸਾਂਭ ਕੇ ਨਾ ਰੱਖ ਸਕੇ। ਇਸ ਚਿਨਾਰ ਦਾ ਕਸ਼ਮੀਰ ਦੇ ਸਿੱਖ ਇਤਿਹਾਸ ਨਾਲ ਡੂੰਘਾ ਰਿਸ਼ਤਾ ਸੀ।

ਜੇ ਅਸੀਂ ਇਸ ਚਿਨਾਰ ਨੂੰ ਸੰਭਾਲ ਕੇ ਰੱਖਦੇ ਤਾਂ ਇਸ ਨੇ ਗੁਰਦੁਆਰੇ ਦੇ ਆਕਰਸ਼ਣ ਨੂੰ ਚਾਰ ਚੰਨ ਲਾਉਣੇ ਸੀ ਅਤੇ ਯਾਤਰੀਆਂ ਦੀ ਸ਼ਰਧਾ ਨੂੰ ਹੋਰ ਪੱਕਾ ਕਰ ਸਕਦਾ ਸੀ। ਕੁਦਰਤ ਰੁੱਖ ਵਿੱਚੋਂ ਮੁਸਕਰਾਉਂਦੀ ਹੈ। ਸਿਧਾਰਥ ਨੂੰ ਬੋਧ ਰੁੱਖ ਹੇਠਾਂ ਬੈਠਿਆਂ ਨਿਰਵਾਣ ਪ੍ਰਾਪਤ ਹੋਇਆ ਸੀ ਅਤੇ ਉਹ ਸਿਧਾਰਥ ਤੋਂ ਮਹਾਤਮਾ ਬੁੱਧ ਬਣ ਗਿਆ।

ਕਸ਼ਮੀਰੀ ਸੱਭਿਆਚਾਰ ਵਿੱਚ ਹੰਢਾਈ ਉਮਰ ਦੇ ਰੁੱਖ ਨੂੰ ਕੁਲ ਦਾ ਦੇਵਤਾ ਮੰਨ ਕੇ ਪੂਜਿਆ ਜਾਂਦਾ ਸੀ। ਇਸ ਵਿੱਚ ਚਿਨਾਰ ਤੇ ਬਰਿੰਜੀ ਦਾ ਰੁੱਖ ਵਰਨਣਯੋਗ ਹੈ। ਜਦੋਂ ਕੋਈ ਗਾਂ ਦੁੱਧ ਦੇਣ ਸਮੇਂ ਅਠਖੇਲੀਆਂ ਕਰਦੀ ਹੈ ਤਾਂ ਘਰ ਵਾਲੇ ਬਰਿੰਜੀ ਦੀ ਲੱਕੜ ਦੀ ਨਿੱਕੀ ਜਿਹੀ ਤਖ਼ਤੀ ਘੜ ਕੇ ਉਹਦੇ ਗਲ ਨਾਲ ਬੰਨ੍ਹ ਦਿੰਦੇ ਸਨ ਤਾਂ ਕਿ ਗਾਂ ਸ਼ਾਂਤ ਹੋ ਜਾਏ। ਰੁੱਖ ਨੂੰ ਕੁਲ ਦਾ ਦੇਵਤਾ ਸਮਝ ਕੇ ਪਿੰਡ ਦੀਆਂ ਤੀਵੀਆਂ ਕੁਲਦੇਵ ਦੀ ਰੀਤ ਮਨਾਉਂਦੀਆਂ ਸਨ ਅਤੇ ਇਨ੍ਹਾਂ ਵਿੱਚ ਆਪਣੇ ਬਜ਼ੁਰਗਾਂ ਦੀ ਰੂਹ ਸਮਾਈ ਸਮਝਦੀਆਂ ਸਨ। ਇਨ੍ਹਾਂ ਰੁੱਖਾਂ ਹੇਠ ਪਿੰਡ ਦੀਆਂ ਤੀਵੀਆਂ ਦੀਵੇ ਬਾਲਦੀਆਂ ਅਤੇ ਬੱਚਿਆਂ ਵਿੱਚ ਖੀਰ ਵੰਡਦੀਆਂ ਸਨ। ਵੱਡੀ ਉਮਰ ਦੇ ਰੁੱਖਾਂ ਨੂੰ ਵੱਢਣਾ ਵਰਜਿਤ ਹੁੰਦਾ ਸੀ ਜਿਸ ਤਰ੍ਹਾਂ ਵਾਤਾਵਰਣ ਸਾਫ਼ ਤੇ ਸ਼ੁੱਧ ਰੱਖਣ ਵਿੱਚ ਮਦਦ ਮਿਲਦੀ ਸੀ। ਇਨ੍ਹਾਂ ਰੁੱਖਾਂ ਹੇਠ ਕੋਈ ਗੰਦ ਵੀ ਨਹੀਂ ਸੀ ਸੁੱਟਦਾ ਕਿਉਂਕਿ ਇਨ੍ਹਾਂ ਦੇ ਆਲੇ-ਦੁਆਲੇ ਥਾਂ ਨੂੰ ਪਵਿੱਤਰ ਮੰਨਿਆ ਜਾਂਦਾ ਸੀ। ਹੁਣ ਪ੍ਰਾਚੀਨ ਰਸਮਾਂ ਰਿਵਾਜਾਂ ਦੇ ਲੋਪ ਹੋਣ ਨਾਲ ਰੁੱਖਾਂ ਦੀ ਮਹੱਤਤਾ ਵੀ ਘਟਦੀ ਜਾ ਰਹੀ ਹੈ। ਉਹ ਦਿਨ ਦੂਰ ਨਹੀਂ ਜਦੋਂ ਕਸ਼ਮੀਰ ਦੀਆਂ ਪਹਾੜੀ ਢਲਾਨਾਂ ‘ਤੇ ਇੱਕ ਵੀ ਰੁੱਖ ਨਜ਼ਰ ਨਹੀਂ ਆਏਗਾ ਅਤੇ ਘਾਟੀ ਦੇ ਮੈਦਾਨਾਂ ਵਿੱਚ ਚਿਨਾਰ ਦੇ ਰੁੱਖ ਟਾਵੇਂ ਟਾਵੇਂ ਦਿਸਣਗੇ ਪਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਹਾਤੇ ਵਿੱਚ ਹਰੇ ਭਰੇ ਚਿਨਾਰ ਦੀ ਕਟਾਈੰ ਦਰਸਾਉਂਦੀ ਹੈ ਕਿ ਅਸੀਂ ਇਸ ਵਿਸ਼ਾਲ ਰੁੱਖ ਨੂੰ ਬਚਾਉਣੋਂ ਬੇਵਸ ਰਹੇ।
ਬਿਰਖ ਦੀ ਛਾਇਆ ਸਿਉ ਰੰਗ ਨਾਵੈ,
ਜੈਸੈ ਬਿਰਖ ਜੰਤੀ ਜੋਤ॥

Comments

comments

Share This Post

RedditYahooBloggerMyspace