ਜਿਸ ਡਿਠੇ ਸਭ ਦੁਖ ਜਾਇ

ਅੱਠਵੇਂ ਸਤਿਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਉਥੇ ਬੈਠਣ ਵਾਲੇ ਸਭ ਤੋਂ ਘੱਟ ਉਮਰ ਅਤੇ ਸਭ ਤੋਂ ਘੱਟ ਸਮੇਂ ਤੀਕ ਗੁਰਗੱਦੀ ਉਤੇ ਰਹਿਣ ਵਾਲੇ ਗੁਰੂ ਸਾਹਿਬਾਨ ਹੋਏ ਹਨ। ਸੱਤਵੇਂ ਸਤਿਗੁਰੂ ਹਰਿਰਾਏ ਸਾਹਿਬ ਨੇ ਆਪਣੇ ਵੱਡੇ ਪੁੱਤਰ ਰਾਮਰਾਏ ਨੂੰ ਗੁਰਬਾਣੀ ਵਿਚ ਇਕ ਸ਼ਬਦ ਦੀ ਤਬਦੀਲੀ ਕਰਨ ਬਦਲੇ ਕੇਵਲ ਗੁਰਗੱਦੀ ਤੋਂ ਹੀ ਵਾਂਝਾ ਨਹੀਂ ਕੀਤਾ ਸਗੋਂ ਸਿੱਖੀ ਵਿਚੋਂ ਵੀ ਖਾਰਜ ਕਰ ਦਿੱਤਾ ਸੀ। ਇਸ ਕਰਕੇ ਉਨ੍ਹਾਂ ਨੇ ਆਪਣੇ ਛੋਟੇ ਪੁੱਤਰ ਸ੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਗੱਦੀ ਦੀ ਬਖਸ਼ੀਸ਼ ਕਰਨ ਦਾ ਮਨ ਬਣਾਇਆ। ਸ੍ਰੀ ਹਰਿਕ੍ਰਿਸ਼ਨ ਜੀ ਕੇਵਲ ਪੰਜ ਸਾਲ ਤੇ ਤਿੰਨ ਕੁ ਮਹੀਨੇ ਦੇ ਸਨ ਜਦੋਂ ਗੁਰੂ ਪਿਤਾ ਗੁਰੂ ਹਰਿਰਾਏ ਸਾਹਿਬ ਨੇ ਗੁਰਗੱਦੀ ਦੀ ਬਖਸ਼ਿਸ਼ ਕੀਤੀ। ਇਸੇ ਕਰਕੇ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਬਾਲਾ ਪ੍ਰੀਤਮ ਆਖਿਆ ਜਾਂਦਾ ਹੈ। ਆਪ ਦਾ ਜਨਮ ਗੁਰੂ ਹਰਿਰਾਏ ਸਾਹਿਬ ਦੇ ਘਰ 7 ਜੁਲਾਈ, 1656 ਨੂੰ ਕੀਰਤਪੁਰ ਸਾਹਿਬ ਵਿਖੇ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਹੋਇਆ। ਗੁਰੂ ਜੀ ਨੇ ਇਹ ਸਿੱਧ ਕਰ ਦਿੱਤਾ ਕਿ ਗੁਰੂ ਨਾਨਕ ਦੀ ਗੱਦੀ ਉਤੇ ਬੈਠਣ ਲਈ ਉਮਰ ਨਹੀਂ ਸਗੋਂ ਗੁਣਾਂ ਦੀ ਪਰਖ ਦੇਣੀ ਪੈਂਦੀ ਹੈ।

ਗੁਰੂ ਸਾਹਿਬ ਨੂੰ ਗੱਦੀ ਉਤੇ ਬੈਠਦਿਆਂ ਹੀ ਆਪਣੇ ਵੱਡੇ ਰਾਮਰਾਏ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਜਿਸ ਨੂੰ ਕਿ ਸਰਕਾਰੀ ਹਮਾਇਤ ਪ੍ਰਾਪਤ ਸੀ। ਪਰ ਗੁਰੂ ਜੀ ਨੇ ਜਿਸ ਸੁਚੱਜੇ ਢੰਗ ਨਾਲ ਸਿੱਖੀ ਲਹਿਰ ਦੀ ਅਗਵਾਈ ਕੀਤੀ ਇਹ ਆਪਣੇ ਆਪ ਵਿਚ ਇਕ ਮਿਸਾਲ ਹੈ। ਆਪ ਨੇ ਗੁਰੂ ਪਿਤਾ ਜੀ ਵੱਲੋਂ ਸਥਾਪਤ ਕੀਤੀ ਮਰਿਯਾਦਾ ਨੂੰ ਕਾਇਮ ਰੱਖਿਆ। ਜਦੋਂ ਉਹ ਸੰਗਤ ਨੂੰ ਉਪਦੇਸ਼ ਦਿੰਦੇ ਸਨ ਤਾਂ ਇੰਝ ਨਹੀਂ ਸੀ ਲੱਗਦਾ ਕਿ ਇਕ ਪੰਜ ਸਾਲ ਦਾ ਬੱਚਾ ਉਪਦੇਸ਼ ਦੇ ਰਿਹਾ ਹੈ ਸਗੋਂ ਇਕ ਸੰਪੂਰਨ ਗੁਰੂ ਦੇ ਬੋਲਾਂ ਦਾ ਲਿਸ਼ਕਾਰਾ ਪੈਂਦਾ ਸੀ। ਆਪ ਜੀ ਚੜ੍ਹਦੇ ਸੂਰਜ ਦੀ ਲਾਲੀ ਵਾਂਗ ਸਨ ਜਿਹੜੇ ਹਨ੍ਹੇਰੇ ਨੂੰ ਮਿੱਠੇ-ਮਿੱਠੇ ਚਾਨਣ ਨਾਲ ਦੂਰ ਕਰਦੀ ਹੈ ਅਤੇ ਆਪਣੀਆਂ ਕਿਰਨਾਂ ਦਾ ਨਿੱਘ ਵੀ ਦਿੰਦੀ ਹੈ। ਗੁਰਬਾਣੀ ਉਤੇ ਆਪ ਦੀ ਪਕੜ ਬੇਮਿਸਾਲ ਸੀ। ਗੁਰੂ ਜੀ ਸੰਗਤ ਦੇ ਭਰਮ-ਭੁਲੇਖੇ ਦੂਰ ਕਰਦੇ ਸਨ। ਧਰਮ ਪ੍ਰਚਾਰ ਲਈ ਆਪਣੇ ਪਿਤਾ ਜੀ ਵਾਂਗ ਉਨ੍ਹਾਂ ਨੇ ਪ੍ਰਚਾਰਕ ਦੂਰ-ਦੁਰਾਂਡੇ ਭੇਜੇ। ਰਾਮਰਾਏ ਦੀ ਸ਼ਹਿ ਉਤੇ ਗੁਰੂ ਘਰ ਦੇ ਮਸੰਦ ਧਰਮ ਪ੍ਰਚਾਰ ਕਰਨ ਦੀ ਥਾਂ ਆਪਣੇ ਭੋਗ ਵਿਲਾਸ ਲਈ ਮਾਇਆ ਇਕੱਠੀ ਕਰਨ ਲੱਗ ਪਏ ਸਨ। ਆਪ ਨੇ ਸੰਗਤਾਂ ਨੂੰ ਹੁਕਮ ਕੀਤਾ ਕਿ ਹੁਣ ਕੋਈ ਮਸੰਦ ਨਹੀਂ ਹੈ। ਉਨ੍ਹਾਂ ਨੂੰ ਕੋਈ ਵੀ ਭੇਟਾ ਨਾ ਦਿੱਤੀ ਜਾਵੇ। ਇਸ ਹੁਕਮ ਨਾਲ ਸਿੱਖੀ ਵਿਚ ਸੰਭਾਵੀ ਹੋਣ ਵਾਲੇ ਨਿਘਾਰ ਨੂੰ ਰੋਕਿਆ ਗਿਆ। ਗੁਰੂ ਸਾਹਿਬ ਦੇ ਬਚਨਾਂ ਅਤੇ ਕਰਮਾਂ ਨੇ ਸਿੱਖੀ ਨੂੰ ਹੋਰ ਚੜ੍ਹਦੀ ਕਲਾ ਦੀ ਬਖਸ਼ਿਸ਼ ਕੀਤੀ। ਸੰਗਤ ਨੂੰ ਗੁਰੂ ਸਾਹਿਬ ਦੇ ਸ਼ਬਦਾਂ ਦੀ ਸ਼ਕਤੀ, ਕਰਮਾਂ ਦੀ ਸਦਾਚਾਰਕਤਾ ਅਤੇ ਅਮਲ ਦੀ ਉੱਚਮਤਾ ਨਾਲ ਆਪਣੇ ਗੁਰੂ ’ਤੇ ਪੂਰਨ ਭਰੋਸਾ ਹੋ ਗਿਆ ਤੇ ਉਹ ਉਨ੍ਹਾਂ ਦੇ ਬਾਲਾ ਪ੍ਰੀਤਮ ਬਣ ਗਏ। ਜਿਸ ਦ੍ਰਿੜਤਾ ਨਾਲ ਆਪ ਨੇ ਮਸੰਦਾਂ ਨੂੰ ਕਾਬੂ ਕੀਤਾ, ਉਸੇ ਦ੍ਰਿੜ੍ਹਤਾ ਨਾਲ ਆਪ ਨੇ ਸੰਗਤ ਨੂੰ ਕੁੜੀ ਮਾਰਨ ਤੋਂ ਤੋਬਾ ਕਰਨ ਦਾ ਹੁਕਮ ਕੀਤਾ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੁੜੀ ਮਾਰਨ ਨੂੰ ਆਪਣੀ ਕੁਰਹਿਤ ਵਿਚ ਸ਼ਾਮਲ ਕੀਤਾ ਸੀ, ਅਸਲ ਵਿਚ ਇਸ ਦਾ ਆਰੰਭ ਅੱਠਵੇਂ ਸਤਿਗੁਰੂ ਨੇ ਹੀ ਕਰ ਦਿੱਤਾ ਸੀ। ਦਸਮੇਸ਼ ਪਿਤਾ ਨੇ ਤਾਂ ਉਸ ਨੂੰ ਸਿੱਖ ਰਹਿਤ ਮਰਿਯਾਦਾ ਦਾ ਅਤੁੱਟ ਅੰਗ ਬਣਾਇਆ।

ਰਾਮਰਾਏ ਦੀਆਂ ਸੰਗਤਾਂ ਨੂੰ ਆਪਣੇ ਨਾਲ ਜੋੜਨ ਦੀਆਂ ਜਦੋਂ ਸਾਰੀਆਂ ਸਕੀਮਾਂ ਸਫਲ ਨਾ ਹੋ ਸਕੀਆਂ ਤਾਂ ਉਹ ਬਾਦਸ਼ਾਹ ਔਰੰਗਜ਼ੇਬ ਕੋਲ ਸ਼ਿਕਾਇਤ ਕਰਨ ਜਾ ਪਹੁੰਚਿਆ। ਬਾਦਸ਼ਾਹ ਤਾਂ ਮੌਕੇ ਦੀ ਭਾਲ ਵਿਚ ਹੀ ਸੀ ਕਿਉਂਕਿ ਉਸ ਨੂੰ ਯਕੀਨ ਸੀ ਕਿ ਗੁਰੂ ਦੇ ਸਿੱਖਾਂ ਨੂੰ ਇਸਲਾਮ ਧਾਰਨ ਕਰਨ ਲਈ ਕਿਸੇ ਵੀ ਢੰਗ ਨਾਲ ਤਿਆਰ ਨਹੀਂ ਕੀਤਾ ਜਾ ਸਕਦਾ। ਉਸ ਸੋਚਿਆ ਬਾਲ ਗੁਰੂ ਨੂੰ ਲਾਲਚ ਦੇ ਕੇ ਆਪਣੇ ਵੱਲ ਕੀਤਾ ਜਾ ਸਕਦਾ ਹੈ। ਉਸ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਉਣ ਦਾ ਫੈਸਲਾ ਕਰ ਲਿਆ। ਉਹ ਇਹ ਧਾਰਨਾ ਨਹੀਂ ਦੇਣਾ ਚਾਹੁੰਦਾ ਸੀ ਕਿ ਉਸ ਦੇ ਮਨ ਵਿਚ ਖੋਟ ਹੈ। ਇਸ ਕਰਕੇ ਉਸ ਨੇ ਰਾਜਾ ਜੈ ਸਿੰਘ ਨੂੰ ਬੁਲਾ ਕੇ ਹੁਕਮ ਕੀਤਾ ਕਿ ਮੈਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੂੰ ਇੱਜ਼ਤ ਮਾਣ ਨਾਲ ਦਿੱਲੀ ਲਿਆਂਦਾ ਜਾਵੇ। ਜਦੋਂ ਗੁਰੂ ਜੀ ਦੇ ਦਿੱਲੀ ਆਉਣ ਦੀ ਖ਼ਬਰ ਸੰਗਤ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੂੰ ਚਾਅ ਚੜ੍ਹ ਗਿਆ। ਉਨ੍ਹਾਂ ਰਾਜਾ ਜੈ ਸਿੰਘ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਨੂੰ ਸਾਡੀ ਬੇਨਤੀ ਵੀ ਦੱਸੀ ਜਾਵੇ, ਅਸੀਂ ਬਾਲਾ ਪ੍ਰੀਤਮ ਦੇ ਦਰਸ਼ਨ ਲਈ ਬਿਹਬਲ ਹੋ ਰਹੇ ਹਾਂ।

ਜਦੋਂ ਇਹ ਸੱਦਾ ਪੱਤਰ ਗੁਰੂ ਜੀ ਕੋਲ ਪੁੱਜਾ ਤਾਂ ਉਨ੍ਹਾਂ ਇਸ ਸਬੰਧੀ ਵਿਚਾਰ ਕੀਤੀ। ਸੱਦਾ ਪੱਤਰ ਲੈ ਕੇ ਆਏ ਅਧਿਕਾਰੀ ਨੂੰ ਗੁਰੂ ਜੀ ਨੇ ਆਖਿਆ ਕਿ ਮੈਂ ਬਾਦਸ਼ਾਹ ਦੇ ਮੱਥੇ ਨਾ ਲੱਗਣ ਦਾ ਫੈਸਲਾ ਕਰ ਚੁੱਕਾ ਹਾਂ, ਪਰ ਜੇਕਰ ਸੰਗਤ ਦੀ ਇੱਛਾ ਹੈ ਤਾਂ ਮੈਂ ਸੰਗਤ ਨੂੰ ਦਰਸ਼ਨ ਦੇਣ ਜ਼ਰੂਰ ਦਿੱਲੀ ਜਾਵਾਂਗਾ। ਅਧਿਕਾਰੀ ਮੁੜ ਰਾਜਾ ਜੈ ਸਿੰਘ ਕੋਲ ਗਿਆ। ਜੈ ਸਿੰਘ ਆਪ ਗੁਰੂ ਜੀ ਦੇ ਦਰਸ਼ਨਾਂ ਲਈ ਬਿਹਬਲ ਸੀ। ਉਸ ਉੱਤਰ ਭੇਜਿਆ ਕਿ ਗੁਰੂ ਜੀ ਤੁਹਾਡਾ ਬਾਸ਼ਾਹ ਨੂੰ ਮਿਲਣਾ ਜ਼ਰੂਰੀ ਨਹੀਂ ਹੈ। ਤੁਸੀਂ ਸੰਗਤ ਨੂੰ ਦਰਸ਼ਨ ਦੇਣ ਜ਼ਰੂਰ ਆਵੋ। ਗੁਰੂ ਜੀ ਨੇ ਸੋਚ ਵਿਚਾਰ ਕੇ ਦਿੱਲੀ ਜਾਣ ਦਾ ਫੈਸਲਾ ਕੀਤਾ। ਬਹੁਤ ਸਾਰੀ ਸੰਗਤ ਉਨ੍ਹਾਂ ਦੇ ਨਾਲ ਤੁਰ ਪਈ ਤੇ ਰਾਹ ਵਿਚ ਹੋਰ ਸੰਗਤ ਜੁੜਦੀ ਗਈ। ਜਦੋਂ ਗੁਰੂ ਜੀ ਪੰਜੋਖਰਾ ਪਿੰਡ ਪੁੱਜੇ ਤਾਂ ਆਪ ਨੇ ਸੰਗਤ ਨੂੰ ਵਾਪਸ ਜਾਣ ਦਾ ਆਦੇਸ਼ ਦਿੱਤਾ। ਆਪ ਜੀ ਨੇ ਉਥੇ ਇਕ ਲਕੀਰ ਖਿੱਚ ਦਿੱਤੀ ਕਿ ਇਸ ਤੋਂ ਅੱਗੇ ਕੋਈ ਸਿੱਖ ਨਹੀਂ ਜਾਵੇਗਾ। ਇਥੇ ਖਲੋ ਕੇ ਅਰਦਾਸ ਕੀਤਿਆਂ ਮੇਰੇ ਦਰਸ਼ਨ ਹੋ ਸਕਣਗੇ। ਆਪਣੇ ਕੁਝ ਪ੍ਰਚਾਰਕਾਂ ਨੂੰ ਵੀ ਉਥੇ ਰਹਿਣ ਲਈ ਆਖਿਆ ਤਾਂ ਜੋ ਉਹ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਦਾ ਕਾਰਜ ਕਰਨ। ਇਸੇ ਥਾਂ ਹੀ ਗੁਰੂ ਜੀ ਨੇ ਇਕ ਅਨਪੜ੍ਹ ਪੇਂਡੂੁ ਤੋਂ ਗੀਤਾ ਦੇ ਅਰਥ ਕਰਵਾ ਕੇ ਹੰਕਾਰੀ ਪੰਡਿਤ ਦਾ ਹੰਕਾਰ ਤੋਲਿਆ ਜਿਹੜਾ ਗੁਰੂ ਜੀ ਦਾ ਪੱਕਾ ਸਿੱਖ ਬਣਿਆ। ਗੁਰੂ ਜੀ ਜਦੋਂ ਦਿੱਲੀ ਪੁੱਜੇ ਤਾਂ ਰਾਜਾ ਜੈ ਸਿੰਘ ਨੇ ਨੰਗੀ ਪੈਰੀਂ ਆ ਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਆਪਣੇ ਮਹੱਲ ਵਿਚ ਠਹਿਰਾਇਆ। ਦਿੱਲੀ ਦੀ ਸੰਗਤ ਗੁਰੂ ਜੀ ਦੇ ਆਗਮਨ ਦੀ ਖਬਰ ਸੁਣ ਵਹੀਰਾਂ ਘੱਤ ਆਪਣੇ ਬਾਲਾ ਪ੍ਰੀਤਮ ਦੇ ਦਰਸ਼ਨਾਂ ਨੂੰ ਆਉਣ ਲੱਗ ਪਈ। ਬਾਦਸ਼ਾਹ ਨੇ ਗੁਰੂ ਲਈ ਕੀਮਤੀ ਤੋਹਫੇ ਭੇਜੇ ਅਤੇ ਦਰਸ਼ਨ ਕਰਨ ਦੀ ਇੱਛਾ ਜ਼ਾਹਰ ਕੀਤੀ। ਗੁਰੂ ਜੀ ਨੇ ਉੱਤਰ ਭੇਜਿਆ, ‘‘ਮੇਰਾ ਵੱਡਾ ਭਰਾ ਤੁਹਾਡੇ ਕੋਲ ਹੈ। ਰਾਜਸੀ ਵਿਚਾਰ ਤੇ ਕਾਰੋਬਾਰ ਉਹ ਹੀ ਕਰਦਾ ਹੈ। ਮੇਰਾ ਕਾਰਜ ਸੱਚੇ ਨਾਮ ਦਾ ਉਪਦੇਸ਼ ਦੇਣਾ ਹੈ। ਰਾਮਰਾਏ ਪਹਿਲਾਂ ਹੀ ਮੇਰਾ ਵਿਰੋਧੀ ਹੈ, ਜੇਕਰ ਮੈਂ ਤੁਹਾਡੇ ਕੋਲ ਆਇਆ ਤਾਂ ਉਹ ਹੋਰ ਵਿਰੋਧੀ ਹੋ ਜਾਵੇਗਾ। ਮੈਂ ਨਹੀਂ ਚਾਹੁੰਦਾ ਸਾਡੀ ਦੁਸ਼ਮਣੀ ਵਿਚ ਹੋਰ ਵਾਧਾ ਹੋਵੇ। ਇਸੇ ਕਰਕੇ ਮੈਂ ਤੁਹਾਨੂੰ ਨਾ ਮਿਲਣ ਦਾ ਫੈਸਲਾ ਕੀਤਾ ਹੋਇਆ ਹੈ।’’ ਔਰੰਗਜ਼ੇਬ ਨੂੰ ਯਕੀਨ ਹੋ ਗਿਆ ਕਿ ਗੁਰੂ ਜੀ ਕੋਲ ਜ਼ਰੂਰ ਕੋਈ ਦੈਵੀ ਸ਼ਕਤੀ ਹੈ ਤੇ ਉਹ ਦਰਸ਼ਨਾਂ ਲਈ ਹੋਰ ਵੀ ਉਤਾਵਲਾ ਹੋ ਗਿਆ।

ਉਦੋਂ ਹੀ ਦਿੱਲੀ ਵਿਚ ਪਲੇਗ ਫੈਲ ਗਈ। ਗੁਰੂ ਜੀ ਰੋਗੀਆਂ ਦੀ ਸੇਵਾ ਦਿਨ-ਰਾਤ ਕਰਨ ਲੱਗ ਪਏ। ਛੂਤ ਦੇ ਡਰੋਂ ਜਿਹੜੇ ਰੋਗੀਆਂ ਨੂੰ ਪਰਿਵਾਰ ਦੇ ਮੈਂਬਰਾਂ ਨੇ ਵੀ ਤਿਆਗ ਦਿੱਤਾ ਸੀ। ਗੁਰੂ ਜੀ ਨੇ ਉਨ੍ਹਾਂ ਦੀ ਸੇਵਾ ਕਰਕੇ ਉਨ੍ਹਾਂ ਦੇ ਦੁਖ ਨੂੰ ਦੂਰ ਕੀਤਾ। ਆਖਦੇ ਨੇ ਬਾਦਸ਼ਾਹ ਨੇ ਆਪਣੇ ਬੇਟੇ ਨੂੰ ਗੁਰੂ ਜੀ ਕੋਲ ਭੇਜਿਆ। ਪਰ ਗੁਰੂ ਜੀ ਨੇ ਉਸ ਨਾਲ ਵੀ ਜਾਣ ਤੋਂ ਨਾਂਹ ਕਰ ਦਿੱਤੀ ਤੇ ਆਖਿਆ ਜੇਕਰ ਬਾਦਸ਼ਾਹ ਸਾਥੋਂ ਉਪਦੇਸ਼ ਲੈਣਾ ਚਾਹੁੰਦਾ ਹੈ ਤਾਂ ਤੁਸੀਂ ਹੀ ਸਾਡਾ ਸੰਦੇਸ਼ ਲਿਖ ਕੇ ਲੈ ਜਾਵੋ। ਆਖਿਆ ਜਾਂਦਾ ਹੈ ਕਿ ਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਰਾਜ ਕੁਮਾਰ ਨੂੰ ਲਿਖਵਾਇਆ:

ਕਿਆ ਖਾਧੈ ਕਿਆ ਪੈਧੈ ਹੋਇ।।
ਜਾ ਮਨਿ ਨਾਹੀ ਸਚਾ ਸੋਇ।। ਅੰਕ (੧੪੨)

ਰਾਜਾ ਜੈ ਸਿੰਘ ਤਾਂ ਗੁਰੂ ਜੀ ਦੇ ਰੱਬੀ ਜੋਤ ਹੋਣ ਦਾ ਕਾਇਲ ਸੀ ਪਰ ਫਿਰ ਵੀ ਉਸ ਨੇ ਬਾਦਸ਼ਾਹ ਦੇ ਕਹਿਣ ’ਤੇ ਗੁਰੂ ਜੀ ਦੀ ਪਰਖ ਕੀਤੀ। ਗੁਰੂ ਜੀ ਜਾਣੀ ਜਾਣ ਸਨ। ਉਨ੍ਹਾਂ ਰਾਜੇ ਨੂੰ ਸਮਝਾਇਆ, ਗੁਰੂ ਦੀ ਕਿਰਪਾ ਉਨ੍ਹਾਂ ਉਤੇ ਹੀ ਹੁੰਦੀ ਹੈ ਜਿਹੜੇ ਅਟੁੱਟ ਸ਼ਰਧਾ ਰੱਖਦੇ ਹਨ। ਰਾਜਾ ਜੈ ਸਿੰਘ ਤੇ ਉਨ੍ਹਾਂ ਦਾ ਸਾਰਾ ਪਰਿਵਾਰ ਗੁਰੂ ਜੀ ਦਾ ਪੱਕਾ ਸ਼ਰਧਾਲੂ ਬਣ ਗਿਆ।

ਪਲੇਗ ਦੇ ਰੋਗੀਆਂ ਦੀ ਸੇਵਾ ਆਪ ਤੇ ਆਪ ਦੇ ਸਿੱਖਾਂ ਨੇ ਜਿਸ ਲਗਨ ਨਾਲ ਕੀਤੀ, ਇਹ ਆਪਣੀ ਮਿਸਾਲ ਆਪ ਹੈ। ਸੰਸਾਰ ਵਿਚ ਪਹਿਲਾਂ ਸ਼ਾਇਦ ਅਜਿਹੇ ਯਤਨ ਕਿਸੇ ਨਹੀਂ ਸਨ ਕੀਤੇ। ਗੁਰੂ ਜੀ ਨੇ ਆਪਣਾ ਜੀਵਨ ਹੀ ਰੋਗੀਆਂ ਨੂੰ ਅਰਪਿਤ ਕਰ ਦਿੱਤਾ। ਰੋਗੀਆਂ ਦੀ ਸੇਵਾ ਕਰਦੇ ਹੋਇਆਂ ਗੁਰੂ ਜੀ ਆਪ ਪਲੇਗ ਦੀ ਲਪੇਟ ਵਿਚ ਆ ਗਏ। ਉਨ੍ਹਾਂ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਤੇਜ਼ ਬੁਖਾਰ ਚੜ੍ਹ ਗਿਆ। ਆਪ ਜੀ ਦੇ ਮਾਤਾ ਜੀ ਤੇ ਹੋਰ ਸਿੱਖ ਬਹੁਤ ਘਬਰਾ ਗਏ। ਆਪ ਜੀ ਦੇ ਬਚਨ ਸਨ, ‘‘ਸਭੋ ਕੁਝ ਰੱਬੀ ਹੁਕਮ ਅਨੁਸਾਰ ਹੁੰਦਾ ਹੈ। ਰੱਬ ਦੀ ਰਜ਼ਾ ਵਿਚ ਰਹਿਣਾ ਸਾਡਾ ਧਰਮ ਹੈ। ਚਿੰਤਾ ਕਰਨ ਦੀ ਲੋੜ ਨਹੀਂ। ਸਰੀਰ ਤਾਂ ਨਾਸ਼ਵਾਨ ਹੈ ਇਸ ਨੇ ਨਾਸ਼ ਹੋਣਾ ਹੀ ਹੈ।’’ ਆਪਣਾ ਅੰਤ ਨਜ਼ਦੀਕ ਆਇਆਂ ਵੇਖ ਆਪ ਜੀ ਨੇ ਜਮਨਾ ਦੇ ਕੰਢੇ ਖੁੱਲ੍ਹੀ ਹਵਾ ਵਿਚ ਜਾਣਾ ਬਿਹਤਰ ਸਮਝਿਆ। ਰਾਜਾ ਜੈ ਸਿੰਘ ਗੁਰੂ ਜੀ ਦੀ ਖਬਰ ਲੈਣ ਗਿਆ ਉਦੋਂ ਤੀਕ ਗੁਰੂ ਜੀ ਦੇ ਸਰੀਰ ਉਤੇ ਚੇਚਕ ਵੀ ਨਿਕਲ ਆਈ ਸੀ ਤੇ ਉਹ ਗੱਲਬਾਤ ਵੀ ਠੀਕ ਤਰ੍ਹਾਂ ਨਾਲ ਨਹੀਂ ਸਨ ਕਰ ਸਕਦੇ। ਗੁਰੂ ਜੀ ਨੇ ਸੰਗਤ ਨੂੰ ਬਾਣੀ ਦਾ ਪਾਠ ਕਰਨ ਦਾ ਹੁਕਮ ਕੀਤਾ। ਗੁਰੂ ਜੀ ਦੀ ਹਾਲਤ ਵਿਗੜ ਰਹੀ ਸੀ। ਸਿੱਖ ਪ੍ਰੇਸ਼ਾਨ ਸਨ। ਉਨ੍ਹਾਂ ਦੇ ਨੇੜਲੇ ਸਿੱਖ ਗੁਰਬਖਸ਼ ਜੀ ਨੇ ਬੇਨਤੀ ਕੀਤੀ ਕਿ ਗੁਰੂ ਜੀ ਸਾਨੂੰ ਕਿਸ ਦੇ ਸਹਾਰੇ ਛੱਡ ਕੇ ਜਾ ਰਹੇ ਹੋ। ਤੁਹਾਡੇ ਬਗੈਰ ਸਿੱਖੀ ਦਾ ਬੂਟਾ ਕੁਮਲਾ ਜਾਵੇਗਾ। ਕਈ ਗੁਰੂ ਬਣ ਬੈਠਣਗੇ। ਗੁਰੂ ਜੀ ਨੇ ਸਿੱਖਾਂ ਨੂੰ ਧੀਰਜ ਕਰਨ ਲਈ ਆਖਿਆ ਤੇ ਉਨ੍ਹਾਂ ਦੀ ਤਸੱਲੀ ਲਈ ਫੁਰਮਾਇਆ ਕਿ ਪ੍ਰਮਾਤਮਾ ਦੇ ਹੁਕਮ ਅਨੁਸਾਰ ਸਾਨੂੰ ਜਾਣਾ ਪੈਣਾ ਹੈ। ਸਿੱਖੀ ਦਾ ਬੂਟਾ ਜਿਹੜਾ ਗੁਰੂ ਨਾਨਕ ਨੇ ਲਗਾਇਆ ਹੈ ਇਹ ਹੋਰ ਪ੍ਰਫੁਲਤ ਹੋਵੇਗਾ। ਜਦੋਂ ਸਿੱਖਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਸਾਨੂੰ ਕਿਸ ਦੇ ਲੜ ਲਾ ਕੇ ਜਾ ਰਹੇ ਹੋ? ਇਸ ਪਵਿੱਤਰ ਗੁਰਗੱਦੀ ਦਾ ਵਾਰਸ ਕੌਣ ਹੋਵੇਗਾ ਤਾਂ ਆਖਿਆ ਜਾਂਦਾ ਹੈ ਕਿ ਗੁਰੂ ਜੀ ਨੇ ਪੰਜ ਪੈਸੇ ਤੇ ਨਾਰੀਅਲ ਮੰਗਵਾਇਆ। ਉਸ ਨੂੰ ਤਿੰਨ ਵੇਰ ਹਵਾ ਵਿਚ ਘੁਮਾਇਆ ਤੇ ਇਤਨਾ ਹੀ ਆਖ ਸਕੇ, ‘‘ਬਾਬਾ ਬਕਾਲੇ’’। ਮੁੜ ਜਦੋਂ ਹੋਸ਼ ਆਈ ਤਾਂ ਉਨ੍ਹਾਂ ਗੁਰਬਾਣੀ ਦੇ ਗਾਇਣ ਦਾ ਹੁਕਮ ਦਿੱਤਾ। ਆਪਣੀ ਮਾਤਾ ਜੀ ਤੇ ਸਿੱਖਾਂ ਨੂੰ ਨਾਮ ਜਪਣ ਦਾ ਆਦੇਸ਼ ਦੇ ਕੇ ਗੁਰੂ ਜੀ ਨੇ 30 ਮਾਰਚ, 1664 ਨੂੰ ਪ੍ਰਾਣ ਤਿਆਗ ਦਿੱਤੇ। ਗੁਰੂ ਜੀ ਨੇ ਛੋਟੀ ਉਮਰ ਵਿਚ ਹੀ ਵੱਡੇ ਕਾਰਨਾਮੇ ਕੀਤੇ। ਦੁਖੀ ਤੇ ਰੋਗੀਆਂ ਦੀ ਸੇਵਾ ਕਰਨ ਦੀ ਇਕ ਨਵੀਂ ਮਿਸਾਲ ਕਾਇਮ ਕੀਤੀ। ਇਸੇ ਕਰਕੇ ਸਿੱਖ ਆਪਣੀ ਅਰਦਾਸ ਵਿਚ ਹਮੇਸ਼ਾ ਦੁਹਰਾਉਂਦੇ ਹਨ:

ਸ੍ਰੀ ਹਰਿ ਕ੍ਰਿਸ਼ਨ ਧਿਆਈਐ
ਜਿਸ ਡਿਠੇ ਸਭ ਦੁਖ ਜਾਇ।।

ਉਨ੍ਹਾਂ ਦੀ ਯਾਦ ਵਿਚ ਨਵੀਂ ਦਿੱਲੀ ਬਣੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੁਣ ਵੀ ਲੱਖਾਂ ਸ਼ਰਧਾਲੂ ਆਪਣੇ ਦੁਖਾਂ ਤੇ ਨਵਿਰਤੀ ਲਈ ਅਰਦਾਸ ਕਰਦੇ ਹਨ। ਜਿਸ ਨਾਲ ਗੁਰੂ ਜੀ ਨੇ ਪਲੇਗ ਦੇ ਰੋਗੀ ਰਾਜ਼ੀ ਕੀਤੇ ਸਨ ਉਸੇ ਬਾਉਲੀ ਤੋਂ ਸੰਗਤਾਂ ਜਲ ਗ੍ਰਹਿਣ ਕਰਕੇ ਧੰਨ ਹੁੰਦੀਆਂ ਹਨ।

-ਡਾ. ਰਣਜੀਤ ਸਿੰਘ

Comments

comments

Share This Post

RedditYahooBloggerMyspace