ਟੀ.ਬੀ. ਸਬੰਧੀ ਧਾਰਨਾਵਾਂ ਅਤੇ ਇਲਾਜ

 ਜਿਹੜੀਆਂ ਬੀਮਾਰੀਆਂ ਦਾ ਸਾਡੇ ਬਜ਼ੁਰਗਾਂ ਨੇ ਕਦੇ ਨਾ ਤਕ ਨਹੀਂ ਸੀ ਸੁਣਿਆ, ਅੱਜ ਮਨੁੱਖ ਉਨ੍ਹਾਂ ਦਾ ਸ਼ਿਕਾਰ ਹੋ ਰਿਹਾ ਹੈ। ਏਡਜ਼, ਸਵਾਈਨ ਫਲੂ, ਬਰਡ ਫਲੂ, ਡੇਂਗੂ, ਕੈਂਸਰ ਅਤੇ ਟੀ.ਬੀ. ਜਿਹੀਆਂ ਬੀਮਾਰੀਆਂ ਵੱਡੇ ਪੱਧਰ ‘ਤੇ ਫੈਲ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ‘ਚੋਂ ਟੀ.ਬੀ. ਇੱਕ ਪ੍ਰਮੁੱਖ ਸਿਹਤ ਅਤੇ ਸਮਾਜਿਕ ਸਮੱਸਿਆ ਹੈ। ਇਸ ਬੀਮਾਰੀ ਦਾ ਜ਼ਿਕਰ ਪੁਰਾਤਨ ਗ੍ਰੰਥਾਂ ਵਿੱਚ ਵੀ ਮਿਲਦਾ ਹੈ। ਕਿਸੇ ਸਮੇਂ ਇਸ ਨੂੰ ‘ਰਾਜ ਰੋਗ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਭਾਵੇਂ ਅਸੀਂ 21ਵੀਂ ਸਦੀ ਵਿੱਚ ਵਿਚਰ ਰਹੇ ਹਾਂ ਫਿਰ ਵੀ ਇਸ ਬੀਮਾਰੀ ਬਾਰੇ ਸਾਡੇ ਮਨਾਂ ਵਿੱਚ ਅਜੇ ਵੀ ਕਈ  ਭਰਮ-ਭੁਲੇਖੇ ਅਤੇ ਅੰਧ-ਵਿਸ਼ਵਾਸ ਮੌਜੂਦ ਹਨ। ਇਸ ਬੀਮਾਰੀ ਤੋਂ ਬਚਣ ਲਈ ਜਾਗਰੂਕਤਾ ਜ਼ਰੂਰੀ ਹੈ।
ਕਿੰਜ ਫੈਲਦੀ ਹੈ ਟੀ.ਬੀ.: ਇਹ ਬੀਮਾਰੀ ਇੱਕ ਕੀਟਾਣੂ ਮਾਈਕਰੋ ਵੈਕਟਰੀਆ ਟਿਊਬਰ ਕਲੋਈ (Tuberculosis) ਨਾਲ ਫੈਲਦੀ ਹੈ। ਇਸ ਕੀਟਾਣੂ ਨੂੰ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ। ਇਸ ਕੀਟਾਣੂ ਦੀ ਖੋਜ ਸੰਨ 1882 ਵਿੱਚ ਮਹਾਨ ਵਿਗਿਆਨੀ ਰੋਬਰਟ ਕਾਕ (Robert Koch) ਨੇ ਕੀਤੀ ਸੀ। ਟੀ.ਬੀ. ਜਾਂ ਤਪਦਿਕ ਇੱਕ ਛੂਤ ਦਾ ਰੋਗ ਹੈ। ਇਹ ਰੋਗ ਹਵਾ ਵਿੱਚ ਵਿਚਰ ਰਹੇ ਕੀਟਾਣੂਆਂ ਤੋਂ ਫੈਲਦਾ ਹੈ। ਇਸ ਰੋਗ ਤੋਂ ਪੀੜਤ ਜਦੋਂ ਕੋਈ ਵਿਅਕਤੀ ਖੰਘਦਾ ਜਾਂ ਛਿੱਕਦਾ ਹੈ ਤਾਂ ਇਸ ਰੋਗ ਦੇ ਕੀਟਾਣੂ ਹਵਾ ਵਿੱਚ ਫੈਲ ਜਾਂਦੇ ਹਨ ਜੋ ਸਾਹ ਲੈਣ ਵੇਲੇ ਤੰਦਰੁਸਤ ਮਨੁੱਖਾਂ ਦੇ ਅੰਦਰ ਚਲੇ ਜਾਂਦੇ ਹਨ। ਇੱਥੋਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤਕ ਰੋਗ ਲੱਗਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਇਹ ਰੋਗ ਕਿਸੇ ਵੀ ਵਿਅਕਤੀ ਨੂੰ ਜਮਾਂਦਰੂ ਨਹੀਂ ਹੁੰਦਾ ਬਲਕਿ ਆਪਣੇ ਆਲੇ-ਦੁਆਲੇ ਵਿਚਰ ਰਹੇ ਕਿਸੇ ਟੀ.ਬੀ. ਰੋਗੀ ਤੋਂ ਹੁੰਦਾ ਹੈ। ਸੰਸਾਰ ਵਿੱਚ 2 ਬਿਲੀਅਨ ਤੋਂ ਜ਼ਿਆਦਾ ਲੋਕ ਇਸ ਨਾਮੁਰਾਦ ਰੋਗ ਤੋਂ ਪੀੜਤ ਹਨ ਅਤੇ ਸੰਸਾਰ ਦੇ ਕੁੱਲ ਮਰੀਜ਼ਾਂ ਦਾ ਇੱਕ-ਤਿਹਾਈ ਹਿੱਸਾ ਭਾਰਤੀ ਅਤੇ ਚੀਨੀ ਲੋਕ ਹਨ। ਜੇਕਰ ਇਸ ਤੋਂ ਰੋਗ ਪੀੜਤ ਵਿਅਕਤੀ ਬਲਗਮ ਪਾਜ਼ੀਟਿਵ ਕੇਸਾਂ ਵਿੱਚ ਆਪਣਾ ਇਲਾਜ ਨਾ ਕਰਵਾਏ ਤਾਂ ਉਹ ਇੱਕ ਸਾਲ ਵਿੱਚ 10 ਤੋਂ 15 ਨਵੇਂ ਵਿਅਕਤੀਆਂ ਨੂੰ ਇਸ ਦਾ ਸ਼ਿਕਾਰ ਬਣਾ ਸਕਦਾ ਹੈ। ਜੇਕਰ ਅੰਕੜਿਆਂ ‘ਤੇ ਗੌਰ ਕਰੀਏ ਤਾਂ ਇਹ ਤੱਥ ਵੀ ਉਜਾਗਰ ਹੁੰਦਾ ਹੈ ਕਿ ਹਰ ਰੋਜ਼ ਇਸ ਭਿਆਨਕ ਬੀਮਾਰੀ ਕਾਰਨ 1000 ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਅਤੇ 5000 ਤੋਂ ਵੱਧ ਲੋਕਾਂ ਨੂੰ ਇਹ ਬੀਮਾਰੀ ਹੋ ਰਹੀ ਹੈ।
ਟੀ.ਬੀ. ਦੀਆਂ ਕਿਸਮਾਂ: ਟੀ.ਬੀ. ਦੀ ਬੀਮਾਰੀ ਮੁੱਖ ਤੌਰ ‘ਤੇ ਦੋ ਤਰ੍ਹਾਂ ਹੁੰਦੀ ਹੈ। ਇੱਕ ਫੇਫੜਿਆਂ ਦੀ ਜਿਸ ਨੂੰ ਪਲਮਨਰੀ (Pulmonary) ਕਿਹਾ ਜਾਂਦਾ ਹੈ ਅਤੇ ਦੂਜੀ ਫੇਫੜਿਆਂ ਤੋਂ ਬਗ਼ੈਰ, ਸਰੀਰ ਦੇ ਦੂਜੇ ਅੰਗਾਂ ਦੀ (Extra Pulmonary)। 80 ਫ਼ੀਸਦੀ ਕੇਸਾਂ ਵਿੱਚ ਫੇਫੜਿਆਂ ਦੀ ਤਪਦਿਕ ਪਾਈ ਜਾਂਦੀ ਹੈ। ਬਾਕੀ 20 ਫ਼ੀਸਦੀ ਕੇਸਾਂ ਵਿੱਚ ਸਰੀਰ ਦੇ ਦੂਜੇ ਅੰਗਾਂ ਜਿਵੇਂ ਰੀੜ੍ਹ ਦੀ ਹੱਡੀ, ਹੱਡੀਆਂ, ਦਿਮਾਗ, ਚਮੜੀ ਅਤੇ ਜਨਣ ਅੰਗਾਂ ਦੀ ਤਪਦਿਕ ਪਾਈ ਜਾਂਦੀ ਹੈ। ਨਹੁੰ ਅਤੇ ਵਾਲਾਂ ਨੂੰ ਛੱਡ ਕੇ ਸਰੀਰ ਦੇ ਕਿਸੇ ਵੀ ਅੰਗ ਨੂੰ ਇਹ ਰੋਗ ਹੋ ਸਕਦਾ ਹੈ। ਬੱਚੇਦਾਨੀ ਦੀ ਤਪਦਿਕ ਦੇ ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਹਨ। ਇਹ ਬੀਮਾਰੀ ‘ਬਾਂਝਪਣ’ ਦਾ ਮੁੱਖ ਕਾਰਨ ਬਣ ਰਹੀ ਹੈ ਪਰ ਸਾਡੇ ਲੋਕ ਅੰਧ-ਵਿਸ਼ਵਾਸੀ ਹੋਣ ਕਾਰਨ ਅਸਲੀ ਕਾਰਨ ਲੱਭਣ ਦੀ ਬਜਾਏ ਭਟਕਦੇ ਰਹਿੰਦੇ ਹਨ। ਅਜਿਹੇ ਕੇਸਾਂ ਵਿੱਚ ਇੱਕ ਚੰਗੇ ਡਾਕਟਰ ਦੀ ਸਲਾਹ ਕਾਰਗਰ ਸਾਬਤ ਹੋ ਸਕਦੀ ਹੈ। ਇਸ ਬੀਮਾਰੀ ਦਾ ਨਸ਼ਿਆਂ ਅਤੇ ਏਡਜ਼ ਨਾਲ ਡੂੰਘਾ ਸਬੰਧ ਹੈ। ਨਸ਼ੇੜੀ ਅਤੇ ਏਡਜ਼ ਰੋਗੀਆਂ ਵਿੱਚ ਟੀ.ਬੀ. ਮੌਤ ਦਾ ਸਭ ਤੋਂ ਵੱਡਾ ਕਾਰਨ ਬਣ ਰਹੀ ਹੈ।
ਟੀ.ਬੀ. ਦੀ ਰੋਕਥਾਮ:1962 ਵਿੱਚ ਭਾਰਤ ਸਰਕਾਰ ਵੱਲੋਂ ਟੀ.ਬੀ. ਦੀ ਰੋਕਥਾਮ ਲਈ ਰਾਸ਼ਟਰੀ ਟੀ.ਬੀ. ਕੰਟਰੋਲ ਪ੍ਰੋਗਰਾਮ ਜ਼ਿਲ੍ਹਾ ਪੱਧਰ ਅਤੇ ਟੀ.ਬੀ. ਕਲੀਨਿਕਾਂ ਬਣਾ ਕੇ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਮਰੀਜ਼ ਦੀ ਸ਼ਨਾਖ਼ਤ ਲਈ ਐਕਸ-ਰੇ ਨੂੰ ਮੁੱਖ ਤੌਰ ‘ਤੇ ਆਧਾਰ ਮੰਨਿਆ ਗਿਆ ਅਤੇ ਮਰੀਜ਼ ਨੂੰ ਕੁਝ ਸਮਾਂ ਕਲੀਨਿਕ ਵਿੱਚ ਦਾਖ਼ਲ ਕਰ ਕੇ ਬਾਕੀ ਦੇ ਸਮੇਂ ਲਈ ਦਵਾਈ ਖਾਣ ਲਈ ਦਿੱਤੀ ਜਾਂਦੀ ਸੀ। ਇਸ ਪ੍ਰੋਗਰਾਮ ਦੇ ਨਤੀਜੇ ਵਧੀਆ ਨਾ  ਹੋਣ ਕਾਰਨ ਅਤੇ ਇਲਾਜ ਦਾ ਸਮਾਂ ਲੰਮਾ ਹੋਣ ਕਾਰਨ ਇਸ ਵਿੱਚ ਸੋਧ ਕਰ ਕੇ ਵਿਸ਼ਵ ਸਹਿਤ ਸੰਸਥਾ ਦੇ ਸਹਿਯੋਗ ਨਾਲ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਵਿਸ਼ਵ ਸਿਹਤ ਸੰਸਥਾ ਨੇ 1992-93 ਤੋਂ ਇਸ ਰੋਗ ਨੂੰ ਗੰਭੀਰਤਾ ਨਾਲ ਲਿਆ ਹੈ। ਭਾਰਤ ਸਰਕਾਰ ਵੱਲੋਂ ਵਿਸ਼ਵ ਸਿਹਤ ਸੰਸਥਾ ਦੇ ਸਹਿਯੋਗ ਨਾਲ ਸੋਧਿਆ ਹੋਇਆ ਰਾਸ਼ਟਰੀ ਤਪਦਿਕ ਕੰਟਰੋਲ ਪ੍ਰੋਗਰਾਮ  (RNTCP) ਸ਼ੁਰੂ ਕੀਤਾ ਗਿਆ ਹੈ ਜਿਸ ਦੀ ‘ਡਾਟਸ ਪ੍ਰਣਾਲੀ’ (DOTS) ਦੇ ਜ਼ਰੀਏ ਇਸ ਦੇ ਮਰੀਜ਼ਾਂ ਲਈ ਮੁਫ਼ਤ ਇਲਾਜ ਅਤੇ ਜਾਂਚ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਹ ਪ੍ਰੋਗਰਾਮ ਪੂਰੇ ਮੁਲਕ ਵਿੱਚ ਚੱਲ ਰਿਹਾ ਹੈ। ਇਸ ਪ੍ਰੋਗਰਾਮ ਦੀ ਖ਼ਾਸੀਅਤ ਸਿਹਤ ਕਾਰਜਕਰਤਾ ਦੀ ਸਿੱਧੀ ਨਿਗਰਾਨੀ ਹੇਠ 6 ਤੋਂ 8 ਮਹੀਨੇ ਵਿੱਚ ਮੁਕੰਮਲ ਅਤੇ ਮੁਫ਼ਤ ਇਲਾਜ ਹੈ।
ਬਹੁਤ ਸਾਰੇ ਲੋਕਾਂ ਨੂੰ ਇਸ ਪ੍ਰੋਗਰਾਮ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਜਿਸ ਕਾਰਨ ਲੋਕ ਅਜੇ ਵੀ ਨੀਮ-ਹਕੀਮਾਂ ਦੇ ਚੱਕਰ ਵਿੱਚ ਪਏ ਰਹਿੰਦੇ ਹਨ। ਲੋਕ ਮਨਾਂ ਅੰਦਰ ਅਜੇ ਵੀ ਅਜਿਹੀਆਂ ਭਾਵਨਾਵਾਂ ਹਨ ਕਿ ਜੇਕਰ ਮੈਂ ਆਪਣੀ ਇਸ ਬੀਮਾਰੀ ਸਬੰਧੀ ਕਿਸੇ ਨਾਲ ਗੱਲਬਾਤ ਕੀਤੀ ਤਾਂ ਸ਼ਾਇਦ ਉਹ ਮੇਰੇ ਨਾਲ ਗੱਲਬਾਤ ਕਰਨਾ ਜਾਂ ਹੋਰ ਕੋਈ ਲੈਣ-ਦੇਣ ਕਰਨਾ ਹੀ ਨਾ ਬੰਦ ਕਰ ਦੇਣ। ਕਈ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਮਰੀਜ਼ ਦੇ ਕੱਪੜੇ, ਭਾਂਡੇ ਅਤੇ ਮੰਜੇ-ਬਿਸਤਰੇ ਆਦਿ ਅਲੱਗ ਕਰ ਦਿੰਦੇ ਹਨ ਜਿਸ ਨਾਲ ਮਰੀਜ਼ਾਂ ਵਿੱਚ ਹੀਨ ਭਾਵਨਾ ਘਰ ਕਰ ਜਾਂਦੀ ਹੈ। ਸਰਕਾਰ ਆਪਣੇ ਪੱਧਰ ‘ਤੇ ਇਸ ਬੀਮਾਰੀ ਸਬੰਧੀ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ ਪਰ ਜਦੋਂ ਤਕ ਆਮ ਜਨਤਾ ਦੀ ਇਸ ਵਿੱਚ ਪੂਰੀ ਸ਼ਮੂਲੀਅਤ ਨਹੀਂ ਹੋਵੇਗੀ, ਉਦੋਂ ਤਕ ਸਹੀ ਟੀਚਿਆਂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਤਪਦਿਕ ਜ਼ਿਆਦਾ ਵਧਣ ਦੇ ਕਾਰਨਾਂ ਵਿੱਚ ਇਲਾਜ ਨੂੰ ਅਧੂਰਾ ਛੱਡਣਾ ਤੇ ਨਸ਼ੇ ਦਾ ਸੇਵਨ ਕਰਨ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਇਸ ਬੀਮਾਰੀ ਦੇ ਆਦੀ ਪੱਕੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।
ਇਲਾਜ ਦਾ ਸਮਾਂ: ਇਸ ਬੀਮਾਰੀ ਦਾ ਇਲਾਜ ਕਾਫ਼ੀ ਲੰਮਾ ਹੈ। 24 ਤੋਂ 27 ਮਹੀਨੇ ਚੱਲਣ ਵਾਲੇ ਇਸ ਇਲਾਜ ਵਿੱਚ ਮਰੀਜ਼ ਨੂੰ ਲਗਪਗ 6 ਤੋਂ 9 ਮਹੀਨੇ ਲਗਾਤਾਰ ਟੀਕੇ ਲਗਵਾਉਣੇ ਪੈਂਦੇ ਹਨ ਅਤੇ ਦਵਾਈਆਂ ਵੀ ਜ਼ਿਆਦਾ ਹੁੰਦੀਆਂ ਹਨ। ਫਿਰ ਵੀ ਅਜਿਹੇ ਮਰੀਜ਼ਾਂ ਨੂੰ ਠੀਕ ਕਰਨ ਲਈ ਪਿਛਲੇ ਸਾਲਾਂ ਵਿੱਚ ‘ਡਾਟਸ ਪਲੱਸ’ ਨਾਂ ਦਾ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ। 1 ਅਪ੍ਰੈਲ 2010 ਤੋਂ ਪੰਜਾਬ ਨੂੰ ਉਨ੍ਹਾਂ ਸੂਬਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ ਜਿੱਥੇ ਟੀ.ਬੀ. ਅਤੇ ਏਡਜ਼ ਦੇ ਸਾਂਝੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ। ਚੋਣਵੇਂ ਸਰਕਾਰੀ ਹਸਪਤਾਲਾਂ ਵਿੱਚ ਟੀ.ਬੀ. ਦੇ ਹਰ ਮਰੀਜ਼ ਦੀ ਮੁਫ਼ਤ ਐਚ.ਆਈ.ਵੀ. ਜਾਂਚ ਸਹੂਲਤ ਸ਼ੁਰੂ ਕੀਤੀ ਗਈ ਹੈ।
ਅਸਲ ਵਿੱਚ, ਲੋੜ ਇਸ ਗੱਲ ਦੀ ਇਹ ਹੈ ਕਿ ਇਸ ਰੋਗ ਸਬੰਧੀ ਮਨਾਂ ਵਿੱਚ ਬਣੀ ਧਾਰਨਾ ਨੂੰ ਤੋੜਿਆ ਜਾਵੇ ਅਤੇ ਜੇਕਰ ਕਿਸੇ ਨੂੰ ਇਸ ਰੋਗ ਸਬੰਧੀ ਕੋਈ ਸ਼ੱਕ ਪੈਦਾ ਹੁੰਦਾ ਹੈ ਤਾਂ ਉਹ ਤੁਰੰਤ ਡਾਕਟਰ ਦੀ ਸਲਾਹ ਲਵੇ। ਜੇਕਰ ਕਿਸੇ ਵਿਅਕਤੀ ਨੂੰ ਦੋ ਹਫ਼ਤੇ ਤੋਂ ਜ਼ਿਆਦਾ ਬਲਗਮ ਵਾਲੀ ਖੰਘ, ਸ਼ਾਮ ਨੂੰ ਮਿੰਨਾ ਬੁਖ਼ਾਰ, ਭੁੱਖ ਘਟਣ, ਵਜ਼ਨ ਘਟਣ ਜਾਂ ਥੁੱਕ ਵਿੱਚ ਖ਼ੂਨ ਆਉਂਦਾ ਹੋਵੇ ਤਾਂ ਇਹ ਨਿਸ਼ਾਨੀਆਂ ਕਿਸੇ ਤਪਦਿਕ ਦੀਆਂ ਹੋ ਸਕਦੀਆਂ ਹਨ। ਇਸ ਲਈ ਨੇੜੇ ਦੇ ਸਰਕਾਰੀ ਮਾਈਕਰੋਸਕੋਪੀ ਸੈਂਟਰ ਤੋਂ ਮੁਫ਼ਤ ਬਲਗਮ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਟੀ.ਬੀ. ਮਰੀਜ਼ ਵਜੋਂ ਸ਼ਨਾਖ਼ਤ ਹੋਣ ‘ਤੇ ਹਮੇਸ਼ਾ ‘ਡਾਟਸ’ ਦਾ ਸਹਾਰਾ ਲੈਣਾ ਚਾਹੀਦਾ ਹੈ।

– ਜਗਦੀਸ਼ ਰਾਏ ਕੁਲਰੀਆਂ

Comments

comments

Share This Post

RedditYahooBloggerMyspace