ਨੈਸ਼ਨਲ ਪ੍ਰੋਫ਼ੈਸਰ ਆਫ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ

ਸ: ਗੁਰਮੀਤ ਸਿੰਘ

ਨਵਾਬ ਕਪੂਰ ਸਿੰਘ ਤੋਂ ਮਗਰੋਂ ਜੇਕਰ ਕਪੂਰ ਸਿੰਘ ਨਾਮ ਦੀ ਕੋਈ ਸ਼ਖ਼ਸੀਅਤ ਸਿੱਖ ਕੌਮ ਦਾ ਦਰਦ ਸੀਨੇ ਵਿਚ ਲੈ ਪੰਥ ਨੂੰ ਅਜ਼ਾਦ ਵੇਖਣ ਲਈ ਅਤੇ ਰੋਮ-ਰੋਮ ਖਾਲਸੇ ਦੇ ਬੋਲ- ਬਾਲੇ ਬੁਲੰਦ ਕਰਨ ਲਈ ਅੱਗੇ ਆਈ ਤਾਂ ਉਹ ਸੀ ਸਿਰਦਾਰ ਕਪੂਰ ਸਿੰਘ, ਜਿਨਾਂ ਨੇ 2 ਮਾਰਚ, 1909 ਈ. ਤੋਂ 13 ਅਗਸਤ, 1986 ਈ. ਤੀਕ ਇਸ ਧਰਤੀ ਉੱਪਰ ਵਿਚਰਦਿਆਂ ਆਪਣੀ ਜ਼ਿੰਦਗੀ ਦਾ ਇਕ- ਇਕ ਪਲ ਸਿੱਖ ਕੌਮ ਦੀ ਸੇਵਾ ਵਿਚ ਅਰਪਿਤ ਕਰ ਦਿੱਤਾ। ਉਨਾਂ ਦੀ ਹਰ ਜ਼ਿਹਨੀ ਸੋਚ ਅਤੇ ਦਿਲ ਦੀ ਧੜਕਣ ਗੁਰੂ ਖਾਲਸਾ ਪੰਥ ਨੂੰ ਸਮਰਪਿਤ ਸੀ। ਸਿਰਦਾਰ ਕਪੂਰ ਸਿੰਘ ਦੇ ਸਮਕਾਲੀਆਂ ਨੇ ਹਮੇਸ਼ਾਂ ਹੀ ਉਨਾਂ ਦੇ ਨੈਣ ਗੁਰੂ-ਖਾਲਸੇ ਦੀ ਚੜਤ ਵੇਖਣ ਲਈ ਸਾਰੀ ਉਮਰ ਤਰਸਦੇ ਦੇਖੇ। ਅਣਵੰਡੇ ਪੰਜਾਬ ਵੇਲੇ ਵੀ ਪੂਰਬੀ ਤੇ ਪੱਛਮੀ ਵਿੱਦਿਅਕ ਤੇ ਬੌਧਿਕ ਗਿਆਨ-ਪ੍ਰਣਾਲੀਆਂ ਤੇ ਸ਼ਾਸਤਰਾਂ ਦੇ ਗਹਿਰ-ਗੰਭੀਰ ਚਿੰਤਨ ਨਾਲ ਲਬਰੇਜ਼ ਕੌਮ ਦੇ ਇਸ ਮਹਾਨ ਵਿਦਵਾਨ ਪਾਸ ਸਿੱਖ ਪੰਥ ਦੀ ਸਮੁੱਚੇ ਬ੍ਰਹਿਮੰਡ ਅੰਦਰ ਵਿਲੱਖਣ ਤੇ ਨਿਆਰੀ ਹੋਂਦ-ਹਸਤੀ ਦੀ ਪ੍ਰਮਾਣਿਕ ਵਿਆਖਿਆ ਦਾ ਨਿੱਗਰ ਮਾਡਲ ਸੀ। ਸਿਰਦਾਰ ਕਪੂਰ ਸਿੰਘ ਦੀਆਂ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਲਿਖਤਾਂ, ਲੋਕ ਸਭਾ ਤੇ ਵਿਧਾਨ ਸਭਾ ਵਿਚ ਦਿੱਤੀਆਂ ਤਕਰੀਰਾਂ ਐਸੇ ਇਤਿਹਾਸਿਕ ਅਤੇ ਰਾਜਨੀਤਕ ਦਸਤਾਵੇਜ਼ ਹਨ ਜਿਨਾਂ ਵਿੱਚੋਂ ਸਿੱਖ ਕੌਮ ਦੀਆਂ ਆਸਾਂ-ਉਮੰਗਾਂ ਦੇ ਨਕਸ਼ ਸਾਫ ਉਭਰਦੇ ਹਨ। ਪੰਜਾਬ ਵਿਧਾਨ ਸਭਾ ਵਿਚ ਸ: ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹੀਦੀ ਦੇ ਪ੍ਰਸਤਾਵ ‘ਤੇ ਦਿੱਤੇ ਭਾਸ਼ਣ ਵਿਚ ‘ਸਿੱਖ ਹੋਮ ਲੈਂਡ’ ਦੀ ਅਵਾਜ਼ ਬੁਲੰਦ ਕਰਨ ਦਾ ਸਿਹਰਾ ਸਿਰਦਾਰ ਕਪੂਰ ਸਿੰਘ ਨੂੰ ਜਾਂਦਾ ਹੈ। ਪੰਜਾਬ ਪੁਨਰਗਠਨ ਐਕਟ 1966 ਉੱਤੇ ਹਿੰਦੁਸਤਾਨ ਦੀ ਪਾਰਲੀਮੈਂਟ ਵਿਚ ਸਿਰਦਾਰ ਜੀ ਦਾ ਦਿੱਤਾ ਭਾਸ਼ਣ ‘ਸਿੱਖਾਂ ਨਾਲ ਵਿਸਾਹਘਾਤ’ ਜਿੱਥੇ ਹਿੰਦੁਸਤਾਨ ਦ ਸਿਆਸਤਦਾਨਾਂ ਦੀਆਂ ਕਪਟੀ ਚਾਲਾਂ ਅਤੇ ਸਿੱਖਾਂ ਨਾਲ ਕੀਤੀਆਂ ਬੇਵਫਾਈਆਂ ਦੀ ਪੋਲ ਖੋਲਦਾ ਹੈ, ਉੱਥੇ ਸਿੱਖ ਕੌਮ ਦਾ ਕੇਸ ਬੁਲੰਦ ਅਵਾਜ਼ ਵਿਚ ਪੇਸ਼ ਕਰਦਾ ਹੈ। ਸਿੱਖ ਕੌਮ ਦੀ ਵਿਲੱਖਣ ਹੋਂਦ-ਹਸਤੀ ਨੂੰ ਕਾਇਮ ਰੱਖਣ ਅਤੇ ਖਾਲਸਾ ਜੀ ਕੇ ਬੋਲ-ਬਾਲੇ ਨੂੰ ਕਾਇਮ ਰੱਖਣ ਵਾਲੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਤਿਆਰ ਕਰਨਾ ਸਿਰਦਾਰ ਕਪੂਰ ਸਿੰਘ ਦੀ ਸੋਚ ਦੀ ਉਪਜ ਸੀ। ਸਿਰਦਾਰ ਕਪੂਰ ਸਿੰਘ ਦੀ ਇਕ ਅਹਿਮ ਕਿਰਤ ‘ਸਾਚੀ ਸਾਖੀ’ ਉਨਾਂ ਦੀ ਸ੍ਵੈ ਜੀਵਨੀ ਹੈ, ਜਿਸ ਰਾਹੀਂ ਉਨਾਂ ਦੁਆਰਾ ਬਿਆਨੀ ਹਰ ਪੀੜ ਅਸਲ ਵਿਚ ਕੌਮ ਦੀ ਪੀੜਾ ਹੈ। ਇਕ ਅਧਿਆਪਕ, ਇਕ ਸਿਆਸਤਦਾਨ ਜਾਂ ਇਕ ਵਿਦਵਾਨ ਅਤੇ ਇਕ ਡਿਪਟੀ ਕਮਿਸ਼ਨਰ ਵਜੋਂ ਉਹ ਹਮੇਸ਼ਾਂ ਸਿੱਖ ਜੀਵਨ-ਜਾਚ ਦੇ ਨਮੂਨੇ ਵਜੋਂ ਪੇਸ਼ ਹੁੰਦੇ ਰਹੇ ਹਨ। ਬਿਬੇਕ-ਬੁੱਧੀ ਦੇ ਮਾਲਕ, ਅਨੁਭਵੀ ਅਤੇ ਗੁਰਮਤਿ ਦੇ ਜਾਣਕਾਰ ਸਿਰਦਾਰ ਕਪੂਰ ਸਿੰਘ ਨੂੰ ਉਨਾਂ ਦੀਆਂ ਪੰਥਕ ਸੇਵਾਵਾਂ ਬਦਲੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 13 ਅਕਤੂਬਰ, 1973 ਈ. ਨੂੰ ‘ਨੈਸ਼ਨਲ ਪ੍ਰੋਫ਼ੈਸਰ ਆਫ ਸਿਖਇਜ਼ਮ’ ਦੇ ਸ਼੍ਰੋਮਣੀ ਅਤੇ ਗੌਰਵਮਈ ਖ਼ਿਤਾਬ ਨਾਲ ਨਿਵਾਜਿਆ ਗਿਆ।

ਸਿਰਦਾਰ ਕਪੂਰ ਸਿੰਘ ਦੀ ਐਸੀ ਵਿਲੱਖਣ ਸ਼ਖ਼ਸੀਅਤ ਬਾਰੇ ਕੌਮ ਦੇ ਵੱਖ-ਵੱਖ ਵਿਦਵਾਨਾਂ ਅਤੇ ਚਿੰਤਕਾਂ ਦੇ ਵਿਚਾਰ ਉਨਾਂ ਦੀ ਸ਼ਖ਼ਸੀਅਤ ਦਾ ਆਈਨਾ ਹਨ। ਪ੍ਰਿੰਸੀਪਲ ਭਰਪੂਰ ਸਿੰਘ ਕਹਿੰਦੇ ਹਨ ਕਿ ”ਸਿਰਦਾਰ ਕਪੂਰ ਸਿੰਘ ਦੀ ਰਾਜਨੀਤਕ ਸੋਝੀ ਕਮਾਲ ਦੀ ਸੀ।” ਇਕ ਵਿਚਾਰ-ਗੋਸ਼ਟੀ ਵਿਚ ਕਹੇ ਉਨਾਂ ਦੇ ਸ਼ਬਦ ਹਨ ”ਦਸਮ ਪਾਤਸ਼ਾਹ ਦਾ ਸਾਜਿਆ ਹੋਇਆ ਪੰਥ, ਪੰਥ ਦੇ ਵਾਲੀ ਦੇ ਹੁਕਮ ਅਨੁਸਾਰ ਇਕ ਜਨਮ-ਸਿੱਧ ਸੁਤੰਤਰ ਜਾਤੀ ਹੈ।”

ਡਾ. ਤਾਰਨ ਸਿੰਘ ਲਿਖਦੇ ਹਨ ਕਿ ”ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੈਸਾਖੀ ਵਾਲੇ ਦਿਨ ਸੰਨ 1ਝ9 ਈ. ਨੂੰ ਖਾਲਸਾ ਸਾਜਣ ਵੇਲੇ ਨਿਰੋਲ ਨੀਲਾ ਪਹਿਰਾਵਾ ਪਾਇਆ ਹੋਇਆ ਸੀ, ਇਸ ਗੱਲ ਦਾ ਆਮ ਲੋਕਾਂ ਨੂੰ ਨਹੀਂ ਪਤਾ, ਮੈਨੂੰ ਇਸ ਗੱਲ ਦਾ ਪਤਾ ਸਿਰਦਾਰ ਕਪੂਰ ਸਿੰਘ ਜੀ ਦੀ ਪੁਸਤਕ ‘ਗੁਰੂ ਗੋਬਿੰਦ ਸਿੰਘ ਦੀ ਵਿਸਾਖੀ’ ਪੜ ਕੇ ਲੱਗਾ ਅਤੇ ਇਸ ਗੱਲ ਦੀ ਮਹਾਨਤਾ ਦਾ ਲਿਸ਼ਕਾਰਾ ਇਸੇ ਪੁਸਤਕ ਤੋਂ ਪਿਆ। ‘ਨੀਲਾਂਬਰ’ ਪੱਖ ਦੇ ਪੂਰਨ ਸਰੂਪ ਦੀ ਵਿਆਖਿਆ ਜਾਨਣ ਲਈ ਮੈਂ ਹਮੇਸ਼ਾਂ ਇਸ ਪੁਸਤਕ ਦੇ ਪੜਨ ਦੀ ਸਿਫਾਰਸ਼ ਕਰਾਂਗਾ। ਸਿਰਦਾਰ ਕਪੂਰ ਸਿੰਘ ਦੀਆਂ ਰਚਨਾਵਾਂ ਪੜ ਕੇ ਮੈਨੂੰ ਇਹ ਸੋਝੀ ਪਈ ਕਿ ‘ਨੀਲਾਂਬਰ’ ਬ੍ਰਹਮਗਿਆਨੀ ਦਾ ਚਿੰਨ ਹੈ”।

ਡਾ: ਗੰਡਾ ਸਿੰਘ ਅਨੁਸਾਰ ”ਸਿਰਦਾਰ ਕਪੂਰ ਸਿੰਘ ਦੀ ‘ਸਾਚੀ ਸਾਖੀ’ ਅਗਸਤ 1929 ਵਿਚ ਬਰਤਾਨੀਆ ਸਰਕਾਰ ਵੱਲੋਂ ਦੇਸ਼ ਦੇ ਰਾਜਸੀ ਹੱਲ ਲਈ ਦਿੱਤੇ ਗਏ ਕਮਿਉਨਲ ਅਵਾਰਡ ਦੀ ਕਹਾਣੀ ਨਹੀਂ, ਸਗੋਂ ਹਿੰਦੁਸਤਾਨ ਦੇ ਵੱਖ-ਵੱਖ ਧਾਰਮਿਕ ਫਿਰਕਿਆਂ ਵਿਚ ਖਿੱਚੋਤਾਣ ਅਤੇ ਉਨਾਂ ਦੀਆਂ ਵੱਖੋ-ਵੱਖਰੀਆਂ ਰਾਜਸੀ ਮੰਗਾਂ ਦੇ ਪਿਛੋਕੜ ‘ਤੇ ਚੋਖਾ ਚਾਨਣ ਪਾਉਂਦੀ ਹੈ। ਪ੍ਰਿੰ. ਤੇਜਾ ਸਿੰਘ ਅਨੁਸਾਰ ”ਸਿਰਦਾਰ ਕਪੂਰ ਸਿੰਘ ਇਕ ਅਜਿਹਾ ਖੋਜੀ ਲਿਖਾਰੀ ਹੈ ਜਿਸ ਦੀ ਖੋਜ ਦਾ ਦਾਇਰਾ ਅਮੁੱਕ ਹੈ। ਉਸ ਦੀ ਵਿਸ਼ਾਲ ਲਪੇਟ ਵਿਚ ਇਤਿਹਾਸ, ਧਰਮ, ਅਰਥ, ਕਲਾ, ਦਰਸ਼ਨ, ਵਿਗਿਆਨ ਜਿਹੇ ਗੂੜ ਵਿਸ਼ੇ ਆ ਜਾਂਦੇ ਹਨ। ਹਰ ਪਾਸੇ ਦੀ ਸੂਝ ਦੇ ਨਾਲ ਇਸ ਲਿਖਾਰੀ ਦੀ ਆਪਣੀ ਸ਼ਖ਼ਸੀਅਤ ਦਾ ਅਸਰ ਨਾ ਕੇਵਲ ਪਾਠਕ ਦੀਆਂ ਮਾਨਸਿਕ ਤੇ ਸਾਹਿਤਕ ਰੁਚੀਆਂ ਨੂੰ ਟੁੰਬਦਾ ਹੈ, ਸਗੋਂ ਉਸਦੇ ਕੌਮੀ ਜਜ਼ਬੇ ਨੂੰ ਉਭਾਰਦਾ ਅਤੇ ਆਪਣੀ ਕੌਮ ਦੀ ਮਹਾਨਤਾ ਲਈ ਸ਼ਰਧਾ ਅਤੇ ਮਾਣ ਪੈਦਾ ਕਰਦਾ ਹੈ।” ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪੰਥ-ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਕਿਹਾ ਕਰਦੇ ਸਨ ਕਿ ”ਸਿਰਦਾਰ ਕਪੂਰ ਸਿੰਘ ਜੀ ਧੁਰੋਂ ਆਜ਼ਾਦ ਕੀਤੇ ਮਰਦ ਸਨ। ਜ਼ਰਾ ਨਹੀਂ ਝਿਜਕਦੇ ਸਨ। ਸੱਚੀ ਗੱਲ ਕਹਿੰਦਿਆਂ ਭਾਵੇਂ ਉਨਾਂ ਨੂੰ ਕਹੀ ਗੱਲ ਦੀ ਕਿੰਨੀ ਵੀ ਕੀਮਤ ਚੁਕਾਉਣੀ ਪਵੇ। ਇਤਿਹਾਸ, ਗੁਰਬਾਣੀ, ਵੇਦਾਂ, ਕਤੇਬਾਂ ਆਦਿ ਦੇ ਉਹ ਗਿਆਤਾ ਸਨ ਤੇ ਉਨਾਂ ਤੋਂ ਪ੍ਰਾਪਤ ਗਿਆਨ ਦੀ ਵਰਤੋਂ ਇਸ ਸਹਿਜ ਢੰਗ ਨਾਲ ਕਰਦੇ ਸਨ ਕਿ ਪੜਨ ਵਾਲੇ ‘ਤੇ ਰਤਾ ਭਾਰ ਵੀ ਨਹੀਂ ਸੀ ਪੈਂਦਾ। ਉਹ ਗਿਆਨ ਦੀ ਗੰਗਾ ਸਨ। ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਜਿਸ ਵਿਚ ਸਿੱਖਾਂ ਦੀ ਹੋਂਦ- ਹਸਤੀ ਨੂੰ ਕਾਇਮ ਰੱਖਣ ਤੇ ਸਿੱਖਾਂ ਦੇ ਬੋਲ- ਬਾਲੇ ਲਈ ਕੌਮ ਨੂੰ ਤਿਆਰ ਕੀਤਾ ਗਿਆ ਹੈ, ਉਨਾਂ ਦੀ ਹੀ ਸੋਚਣੀ ਦੀ ਉਪਜ ਸੀ”।

ਸਾਬਕਾ ਆਈ.ਏ.ਐਸ. ਸ: ਗੁਰਤੇਜ ਸਿੰਘ ਅੰਕਿਤ ਕਰਦੇ ਹਨ ਕਿ ”ਇਹ ਇੱਕ ਸੱਚਾਈ ਹੈ ਕਿ ਅਜਿਹਾ ਮਰਦ ਗੁਰੂ ਅਕਾਲ ਪੁਰਖ ਨੇ ਸਿੱਖ ਕੌਮ ਨੂੰ ਬਖਸ਼ਿਆ ਸੀ, ਜਿਸ ਦੀ ਦੂਰ- ਅੰਦੇਸ਼ੀ ਅਗਵਾਈ ਕੌਮ ਦੀ ਕਿਸਮਤ ਪਲਟਣ ਦੀ ਸਮਰੱਥਾ ਰੱਖਦੀ ਸੀ, ਫਰਸ਼ਾਂ ਉੱਤੇ ਰੀਂਗਣ ਵਾਲੇ ਅਰਸ਼ਾਂ ਦੇ ਵਾਸੀ ਬਣ ਸਕਦੇ ਸਨ।”

ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰੋਫ਼ੈਸਰ ਪ੍ਰੋ. ਹਰਪਾਲ ਸਿੰਘ ਕਹਿੰਦੇ ਹਨ ”1984 ਦੀਆਂ ਘਟਨਾਵਾਂ ਤੋਂ ਸਿਰਦਾਰ ਜੀ ਬਹੁਤ ਫਿਕਰਮੰਦ ਦਿਸਦੇ ਸਨ। ਹਿੰਦੁਸਤਾਨ ਵਿਚ ਪੰਜਾਬੋਂ ਬਾਹਰ ਅਨੇਕ ਥਾਵਾਂ ‘ਤੇ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਜਾ ਰਿਹਾ ਸੀ ਤਾਂ ਸਿੱਖ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਕੇਸ ਕਤਲ ਕਰਵਾ ਦਿੱਤੇ ਸਨ। ਇਹ ਖਿਆਲ ਸਿਰਦਾਰ ਜੀ ਨੂੰ ਬਹੁਤ ਪੀੜਤ ਕਰਦਾ ਸੀ। ਉਹ ਕਹਿੰਦੇ ਸਨ, ”ਇਸ ਤਰਾਂ ਕਰਨ ਨਾਲੋਂ ਸਿੱਖਾਂ ਨੂੰ ਮਰ ਜਾਣਾ ਚੰਗਾ ਹੈ।” ਸਿੱਖ ਸੰਘਰਸ਼ ਦੇ ਇਕ ਅਹਿਮ ਅੰਗ ਡਾ. ਭਗਵਾਨ ਸਿੰਘ ਕਹਿੰਦੇ ਹਨ ”ਸਿਰਦਾਰ ਸਾਹਿਬ ਨੇ ਇਕ ਨੀਤੀਵਾਨ, ਬੁੱਧੀਜੀਵੀ ਅਤੇ ਕੌਮੀ ਜਜ਼ਬੇ ਨਾਲ ਸਰਸ਼ਾਰ ਮਨੁੱਖ ਵਾਂਗ, ਜਿਸਦਾ ਮੁਕਾਬਲਾ ਮੁਸਲਮਾਨਾਂ ਦੇ ਆਗੂ ਡਾ. ਸਰ ਮੁਹੰਮਦ ਇਕਬਾਲ ਅਤੇ ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ ਨਾਲ ਕੀਤਾ ਜਾ ਸਕਦਾ ਹੈ, ਆਪਣਾ ਕੰਮ ਜਾਰੀ ਰੱਖਿਆ ਅਤੇ ਇਸ ਦੇ ਸਿੱਟੇ ਵਜੋਂ ਆਉਣ ਵਾਲੇ ਮਾੜੇ ਸਮੇਂ ਦੇ ਭੁਗਤਣ ਵਾਸਤੇ ਵੀ ਆਪਣੇ-ਆਪ ਨੂੰ ਤਿਆਰ ਕਰ ਲਿਆ। ਸਿਰਦਾਰ ਸਾਹਿਬ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ, ਨੌਕਰੀ ਤੋਂ ਡਿਸਮਿਸ ਕਰ ਦਿੱਤੇ ਗਏ, ਪੈਨਸ਼ਨ ਤੋਂ ਜਵਾਬ ਮਿਲ ਗਿਆ ਅਤੇ ਉਹ ਕਚਹਿਰੀਆਂ ਦੇ ਦਰਵਾਜ਼ੇ ਖੜਕਾਉਣ ਲੱਗੇ। ਪਰ ਉਨਾਂ ਨੂੰ ਕੀ ਪਤਾ ਸੀ ਕਿ ਹੁਣ ਕਚਹਿਰੀਆਂ ਵੀ ਬਹੁ- ਗਿਣਤੀ ਗਲਬੇ ਹੇਠ ਸਿਰਦਾਰ ਕਪੂਰ ਸਿੰਘ ਦੀਆਂ ਦੁਸ਼ਮਣ ਬਣ ਗਈਆਂ ਹਨ। ਹੌਲੀ- ਹੌਲੀ ਅਸਲੀਅਤ ਉਨਾਂ ਦੇ ਸਾਹਮਣੇ ਉਦੋਂ ਆਈ ਜਦੋਂ ਕਚਹਿਰੀਆਂ ਵਿੱਚੋਂ ਵੀ ਉਨਾਂ ਨੂੰ ਨਿਆਂ ਮਿਲਣ ਦੀ ਕੋਈ ਆਸ ਨਾ ਰਹੀ। ਪਰ ਧੰਨ ਹਨ ਉਹ ਬੇ-ਮੁਹਤਾਜ, ਬੇਪਰਵਾਹ ਅਤ ਸਿੱਖੀ ਰਹਿਤ ਨਾਲ ਭਰਪੂਰ ਗੁਰਸਿੱਖ ਜਿਨਾਂ ਨੇ ਦੁਸ਼ਮਣ ਦੇ ਅੱਗੇ ਝੁਕਣ ਨਾਲੋਂ ਮੁਸ਼ਕਲਾਂ ਨਾਲ ਜੂਝਣ ਨੂੰ ਤਰਜੀਹ ਦਿੱਤੀ ਅਤੇ ਹਰ ਉਸ ਪੇਸ਼ਕਸ਼ ਨੂੰ ਜਿਸ ਵਿਚ ਉਨਾਂ ਨੂੰ ਝੁਕਾਉਣ ਦੀਆਂ ਗੋਂਦਾਂ ਗੁੰਦੀਆਂ ਗਈਆਂ, ਉਨਾਂ ਨੇ ਸ਼ਰ-ਏ-ਆਮ ਠੁਕਰਾ ਦਿੱਤਾ।”

ਸ: ਬਲਦੇਵ ਸਿੰਘ ਕਪੂਰਥਲਾ ਦੇ ਸ਼ਬਦਾਂ ਵਿਚ ”ਸਿਰਦਾਰ ਕਪੂਰ ਸਿੰਘ ਸਿੱਖ ਕੌਮ ਦੇ ਫ਼ਲਸਫ਼ੀ, ਸਿਆਸਤਦਾਨ, ਸਾਰੀ ਉਮਰ ਮਨਮੱਤ ਤੋਂ ਦੂਰ ਗੁਰੂ ਦੀ ਮਤਿ ਨਾਲ ਜੁੜੇ ਰਹੇ ਤੇ ਉਸ ਦਾ ਪ੍ਰਚਾਰ ਕਰਦੇ ਰਹੇ। ਉਹ ਆਖਰੀ ਦਮ ਤਕ ਕੌਮ ਦੇ ਭਲੇ ਦੀ ਗੱਲ ਕਰਦੇ ਰਹੇ ਤੇ ਸਿਆਸਤ ਵਿਚ ਰਹਿ ਕੇ ਆਪਣਾ ਦਾਮਨ ਪਾਕ ਅਤੇ ਬੇਦਾਗ਼ ਰੱਖਿਆ। ਉਨਾਂ ਨੇ ਨਿੱਜੀ ਮੁਫ਼ਾਦ ਕਦੇ ਵੀ ਸਾਹਮਣੇ ਨਹੀਂ ਰੱਖਿਆ ਅਤੇ ਸਦਾ ਹੀ ਸਿੱਖ ਕੌਮ ਦੇ ਗੌਰਵਮਈ ਸਥਾਨ ਲਈ ਤੱਤਪਰ ਰਹੇ। ਕੁਝ ਲੋਕ ਉਨਾਂ ਨੂੰ ਸਿੱਖ ਕੌਮ ਦਾ ਸੁਕਰਾਤ ਵੀ ਕਹਿੰਦੇ ਹਨ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਵਾਨ ਡਾ. ਹਰਪਾਲ ਸਿੰਘ ਆਪਣਾ ਨਿੱਜੀ ਤਜਰਬਾ ਦੱਸਦੇ ਹਨ ਕਿ ਇਕ ਦਿਨ ਸ਼ਾਮ ਨੂੰ ਸੈਰ ਕਰਦਿਆਂ ਡੰਡੀ-ਡੰਡੀ ਅਸੀਂ ਦੋਵੇਂ ਤੁਰੇ ਜਾ ਰਹੇ ਸਾਂ, ਸਾਹਮਣਿਓਂ ਇਸੇ ਡੰਡੀ ‘ਤੇ ਇਕ ਸਾਈਕਲ ਸਵਾਰ ਆ ਗਿਆ ਤੇ ਸਿਰਦਾਰ ਜੀ ਵਿਚ ਟਕਰਾਉਣੋਂ ਇਸ ਲਈ ਬਚ ਗਿਆ ਕਿਉਂਕਿ ਮੈਂ ਉਸ ਦਾ ਹੈਂਡਲ ਫੜ ਲਿਆ। ਉਹ ਮੁਆਫੀ ਮੰਗ ਕੇ ਜਾਣ ਲੱਗਾ ਤਾਂ ਸਿਰਦਾਰ ਜੀ ਬੋਲੇ, ”ਭਾਈ ਜਿਸ ਡੰਡੀ-ਡੰਡੀ ਤੂੰ ਆ ਰਿਹਾ ਸੀ, ਇਸ ਨੂੰ ਪਗ-ਡੰਡੀ ਕਹਿੰਦੇ ਹਨ। ਪਗ-ਡੰਡੀ ਪੈਦਲ ਜਾਂਦੇ ਰਾਹੀਆਂ ਲਈ ਹੈ ਕਿਉਂਕਿ ਇਸ ਨੂੰ ਪੈਰਾਂ ਨੇ ਬਣਾਇਆ ਹੈ। ਸਾਈਕਲ ਸਵਾਰ ਚਲਾ ਗਿਆ, ਪਰ ਸਿਰਦਾਰ ਜੀ ਕਹਿਣ ਲੱਗੇ, ”ਪੰਜਾਬ ਦੀ ਧਰਤੀ ਸਿੱਖਾਂ ਦੀਆਂ ਪਗ-ਡੰਡੀਆਂ ਦੀ ਧਰਤੀ ਹੈ, ਅਠਾਰਵੀਂ ਸਦੀ ਤੋਂ ਲੈ ਕੇ ਹੁਣ ਤਕ ਇਨਾਂ ਇੱਥੇ ਕੰਡੇ ਤੋੜੇ ਹਨ। ਪੰਜਾਬ ਦੀ ਧਰਤੀ ਸਿੱਖ ਪਗਡੰਡੀਆਂ ਦੀਆਂ ਖੁਸ਼ਬੋਆਂ ਨਾਲ ਭਰਪੂਰ ਹੈ, ਭਰਪੂਰ ਰਹੇਗੀ।”

ਅਜਿਹੇ ਨਿੱਜੀ ਤਜਰਬੇ ਦੀ ਸਾਂਝ ਪਾਉਂਦਿਆਂ ਸ: ਗੁਰਰਤਨ ਸਿੰਘ ਐਡਵੋਕੇਟ ਦੱਸਦੇ ਹਨ ਕਿ ”ਸਿਰਦਾਰ ਕਪੂਰ ਸਿੰਘ ਮੈਨੂੰ ਇਕ ਦਿਨ ਕਹਿਣ ਲੱਗੇ, ”ਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਨਾਮ, ਪ੍ਰਸਿੱਧੀ ਤੇ ਪੈਸਾ ਪਰ 24 ਘੰਟਿਆਂ ਵਿੱਚੋਂ ਘੱਟੋ-ਘੱਟ ਦੱਸ ਮਿੰਟ ਕੌਮ ਦੇ ਲੇਖੇ ਤਾਂ ਜ਼ਰੂਰ ਲਾ ਦਿਆ ਕਰ।” ਮੈਂ ਪੁੱਛਿਆ ਕਿਸ ਤਰਾਂ ਜੀ? ਤਾਂ ਉਨਾਂ ਅੱਗੋਂ ਉੱਤਰ ਦਿੱਤਾ, ”ਬੋਲ ਕੇ ਤੇ ਲਿਖ ਕੇ।” ਕੌਮ ਨੂੰ ਕਈ ਗੱਲਾਂ ਦੀ ਸਖਤ ਲੋੜ ਹੈ। ਉਨਾਂ ਦੱਸਿਆ ਕਿ ਸਿੱਖਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਿੱਖਿਆ ਹਾਸਲ ਕਰਨੀ ਚਾਹੀਦੀ ਹੈ, ਆਪਣੇ ਪੈਰਾਂ ‘ਤੇ ਖੜਾ ਹੋਣਾ ਚਾਹੀਦਾ ਹੈ, ਤਵਾਰੀਖ਼ ਪੜਨੀ ਚਾਹੀਦੀ ਹੈ ਅਤੇ ਆਪਣੇ ਕਿਰਦਾਰ ਨੂੰ ਉੱਚਾ ਕਰਨਾ ਚਾਹੀਦਾ ਹੈ। ਉਨਾਂ ਤਾਕੀਦ ਕੀਤੀ ਕਿ ਸਿੱਖਾਂ ਨੂੰ ਡਾ. ਇਕਬਾਲ ਦੀ ਕਾਵਿ- ਰਚਨਾ ਜ਼ਰੂਰ ਪੜਨੀ ਚਾਹੀਦੀ ਹੈ। ਜਦ ਮੈਂ ਇਸ ਗੱਲ ਦਾ ਰਹੱਸ ਪੁੱਛਿਆ ਤਾਂ ਉਨਾਂ ਨੇ ਕਿਹਾ ਕਿ ਮੁਸਲਮਾਨਾਂ ਤੇ ਸਿੱਖਾਂ ਦੀਆਂ ਮੁਸ਼ਕਿਲਾਂ ਮਿਲਦੀਆਂ-ਜੁਲਦੀਆਂ ਹਨ, ਡਾ. ਇਕਬਾਲ ਨੇ ਮੁਸਲਮਾਨਾਂ ਨੂੰ ਜੋ ਪੜਾਇਆ ਤੇ ਸਮਝਾਇਆ, ਉਹ ਸਿੱਖਾਂ ਲਈ ਪ੍ਰਸੰਗਿਕ, ਸੰਬੰਧਿਤ ਤੇ ਲਾਭਦਾਇਕ ਹੈ। ਸਿੱਖਾਂ ਨੂੰ ਅੰਗਰੇਜ਼ੀ ਭਾਸ਼ਾ ਕਿਸੇ ਤਰਾਂ ਵੀ ਅੱਖੋਂ ਓਹਲੇ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਦੇ ਗਿਆਨ ਬਿਨਾਂ ਸਿੱਖ ਬਾਕੀ ਦੁਨੀਆਂ ਨਾਲ ਸੰਪਰਕ ਨਹੀਂ ਕਰ ਸਕਣਗੇ।”

ਸ: ਕਰਮਜੀਤ ਸਿੰਘ ਚੰਡੀਗੜ ਵੱਲੋਂ ਪੰਜਾਬੀ ਟ੍ਰਿਬਿਊਨ ਵਿਚ ਲਿਖੇ ਗਏ ਲੇਖ ‘ਰੁਲ ਜਾਊ ਅਨਮੋਲ ਖ਼ਜ਼ਾਨਾ’ ਦੇ ਆਖਰੀ ਕਾਲਮ ਵਿਚ ਸਿਰਦਾਰ ਸਾਹਿਬ ਬਾਰੇ ਇਉਂ ਦਰਜ ਹੈ: ”ਸਿਰਦਾਰ ਕਪੂਰ ਸਿੰਘ ਆਈ. ਸੀ. ਐਸ. ਦੀ ਲਾਇਬ੍ਰੇਰੀ ਵਿੱਚੋਂ ਇਕ ਕਿਤਾਬ ਯਾਤਰਾ ਕਰਦੀ ਹੋਈ ਇੱਥੇ ਲਾਇਬ੍ਰੇਰੀ ਆ ਗਈ। ਇਹ ਕਿਤਾਬ ਰਸੂਲ ਹਮਜ਼ਾਤੋਵ ਦੀਆਂ ਰੂਸੀ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਸੀ। ਕਿਤਾਬ ਉੱਤੇ ਸਿਰਦਾਰ ਕਪੂਰ ਸਿੰਘ ਦੇ ਹਸਤਾਖਰ ਹਨ ਜਿਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਇਸ ਸਿੱਖ ਫ਼ਿਲਾਸਫ਼ਰ ਦੀਆਂ ਰੁਚੀਆਂ ਦਾ ਘੇਰਾ ਕਿੰਨਾ ਵਿਸ਼ਾਲ ਸੀ।”

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਤਿਹਾਸ ਦੇ ਪ੍ਰੋਫ਼ੈਸਰ ਡਾ. ਮਿਹਰ ਸਿੰਘ ਆਪਣੇ ਇਕ ਲੇਖ ‘ਸਿਰਦਾਰ ਕਪੂਰ ਸਿੰਘ ਮਹਾਨ ਸ਼ਖ਼ਸੀਅਤ’ ਵਿਚ ਲਿਖਦੇ ਹਨ ”ਅੰਗਰੇਜ਼ੀ ਦੇ ਇਕ ਪ੍ਰਸਿੱਧ ਵਿਦਵਾਨ ਨੇ ਲਿਖਿਆ ਹੈ ਕਿ ਕਿਸੇ ਵੀ ਮੌਲਿਕ ਤੇ ਨਿੱਗਰ ਕੰਮ ਲਈ ਤਿੰਨ ਗੱਲਾਂ ਦਾ ਹੋਣਾ ਜ਼ਰੂਰੀ ਹੈ (ੳ) ਗਿਆਨ ਦੀ ਵਿਸ਼ਾਲਤਾ ਤੇ ਡੂੰਘਾਈ (ਅ) ਇਤਿਹਾਸਿਕ ਪੱਖੋਂ ਨਿੱਗਰਤਾ ਅਤੇ (ੲ) ਰਾਜਨੀਤਕ ਨੈਤਿਕਤਾ। ਜੇਕਰ ਲੇਖਕ ਵਿਚ ਇਨਾਂ ਤਿਨਾਂ ਗੱਲਾਂ ਵਿੱਚੋਂ ਇੱਕ ਵੀ ਗਾਇਬ ਹੋਵੇ ਤਾਂ ਉਸ ਦੀ ਲਿਖਤ ਧਿਆਨ ਯੋਗ, ਬੋਧਿਕ ਲਿਖਤ ਨਹੀਂ ਹੋਵੇਗੀ। ਭਾਰਤ ਦੀ ਅਜ਼ਾਦੀ ਤੋਂ ਬਾਅਦ ਦੇ ਸਮੇਂ ਵਿਚ ਨਜ਼ਰ ਮਾਰੀਏ ਤਾਂ ਬਹੁਤ ਘੱਟ ਲੇਖਕ/ਬੁੱਧੀਜੀਵੀ ਅਜਿਹੇ ਮਿਲਣਗੇ, ਜਿਨਾਂ ਵਿਚ ਇਹ ਤਿੰਨੇ ਗੱਲਾਂ ਮਿਲਦੀਆਂ ਹੋਣ। ਪ੍ਰੰਤੂ ਸਿਰਦਾਰ ਕਪੂਰ ਸਿੰਘ ਇਨਾਂ ਤਿੰਨਾਂ ਸ਼ਰਤਾਂ ‘ਤੇ ਪੂਰੇ ਉਤਰਦੇ ਹਨ।

ਡਾ: ਗੁਰਭਗਤ ਸਿੰਘ ਵਲੋਂ ਸਿਰਦਾਰ ਕਪੂਰ ਸਿੰਘ ਬਾਰੇ ਲਿਖੇ ਗਏ ਇਕ ਲੇਖ ਵਿਚ ਉਹ ਲਿਖਦੇ ਹਨ ”ਕੌਮੀ ਵਿਦਵਾਨ ਹੋਣਾ ਬਹੁਤ ਕਠਿਨ ਹੈ। ਇਹ ਪ੍ਰਾਪਤੀ ਪੂਰੀ ਉਮਰ ਦੀ ਵਚਨਬੱਧਤਾ ਅਤੇ ਘਾਲਣਾ ਦਾ ਨਤੀਜਾ ਹੁੰਦੀ ਹੈ। ਕੌਮੀ ਵਿਦਵਾਨ ਉਹ ਕਿਹਾ ਜਾ ਸਕਦਾ ਹੈ ਜਿਸਨੇ ਆਪਣੇ ਚਿੰਤਨ ਅਭਿਆਸ ਤੇ ਹਾਵਾਂ-ਭਾਵਾਂ ਨੂੰ ਕੌਮ ਦੀ ਸੁਚੱਜੀ ਵਿਰਾਸਤ ਨਾਲ ਇਸ ਤਰਾਂ ਜੋੜ ਲਿਆ ਹੋਵੇ ਕਿ ਉਸਦੇ ਹਰ ਸਾਹ, ਹਰ ਕਰਮ ਵਿਚ ਕੌਮ ਦੀ ਹਸਤੀ ਹੋਣੀ ਸੁਪਨੇ-ਵਿਸ਼ਵ ਪਰਿਪੇਖ ‘ਚ ਪ੍ਰਗਟ ਹੋਣ। ਰੂਸ ਦਾ ਦੋਸਤੋਵਸਕੀ, ਯਹੂਦੀਆਂ ਦਾ ਮਾਰਟਿਨ ਲੂਥਰ, ਇਸਲਾਮ ਦਾ ਮੁਹੰਮਦ ਇਕਬਾਲ ਅਜਿਹੇ ਕੌਮੀ ਵਿਦਵਾਨਾਂ ਦੀਆਂ ਵੱਡੀਆਂ ਮਿਸਾਲਾਂ ਹਨ। ਸਿਰਦਾਰ ਕਪੂਰ ਸਿੰਘ ਜੀ ਇਸੇ ਕਤਾਰ ਵਿਚ ਸਿੱਖ ਕੌਮ ਦੇ ਵਿਦਵਾਨ ਹਨ, ਇਸ ਵਿਚ ਕੋਈ ਸੰਦੇਹ ਨਹੀਂ।” ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਲਿਖਦੇ ਹਨ ”ਵਿਸ਼ਵਾਸ ਹੁੰਦਾ ਜਾ ਰਿਹੈ ਕਿ ਜਿਉਂ-ਜਿਉਂ ਸਿੱਖਾਂ ਨੂੰ ਕੌਮੀ ਦੁਸ਼ਵਾਰੀਆਂ ਪੇਸ਼ ਆ ਰਹੀਆਂ ਹਨ, ਤਿਉਂ ਤਿਉਂ ਸਿਰਦਾਰ ਕਪੂਰ ਸਿੰਘ ਜੀ ਦੀ ਅਜ਼ੀਮ ਸ਼ਖ਼ਸੀਅਤ ਉੱਘੜ ਕੇ ਸਾਹਮਣੇ ਆਵੇਗੀ ਅਤੇ ਉਨਾਂ ਨੂੰ ”ਕੌਮੀ ਮਾਣ” ਦੇ ਰੂਪ ਵਿਚ ਵੇਖਿਆ ਜਾਵੇਗਾ ਅਤੇ ਉਹ ਕੌਮੀ ਚਾਨਣ-ਮੁਨਾਰਾ ਹੋ ਨਿੱਬੜਨਗੇ। ੲ

Comments

comments

Share This Post

RedditYahooBloggerMyspace