ਸ਼ਾਸਤਰੀ ਸੰਗੀਤ (ਕੀਰਤਨ) ਦੀ ਸਿੱਖਿਆ ਜ਼ਰੂਰੀ

-ਅਮਰਜੀਤ ਸਿੰਘ ਸੀਤਲ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਰਬਾਣੀ ਨਾਲ ਜੁੜੇ 21 ਸ਼ੁੱਧ ਰਾਗ ਹਨ। ਹੋਰ ਰਾਗ ਰਾਗਨੀਆਂ ਤੇ ਕੁਝ ਲੋਕ ਧੁਨਾਂ ਵੀ ਮੌਜੂਦ ਹਨ ਜਿਵੇਂਂ
* ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ॥
* ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ॥
* ਸਾਰੰਗ ਕੀ ਵਾਰ ਮਹਲਾ ੪ ਰਾਇ ਮਹਮੇ ਹਸਨੇ ਕੀ ਧੁਨਿ।
*ਵਾਰ ਮਲਾਰ ਕੀ ਮਹਲਾ ੧ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ।

ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਚ ਮੁਸਲਮਾਨ ਕੀਰਤਨੀਏ ਕੀਰਤਨ ਕਰਦੇ ਹੁੰਦੇ ਸੀ। ਇਹ ਮੁਸਲਮਾਨ ਕੀਰਤਨੀਏ ਬਹੁਤ ਹੱਦ ਤੱਕ ਮੁਸਲਮਾਨਾਂ ਨਾਲ ਜੁੜੀਆਂ ਧੁਨਾਂ ਵਿਚ ਕੀਰਤਨ ਕਰਦੇ ਹੋਣਗੇ। ਮੁਸਲਮਾਨ ਕੀਰਤਨੀਆਂ ਦਾ ਪੱਕੇ ਰਾਗਾਂ ਵਿਚ ਕੀਰਤਨ ਜਿਸ ਨਾਲ, ਰਬਾਬ, ਸਾਰੰਗੀ ਆਦਿ ਤਾਰ ਵਾਦਕ ਸਾਜ਼ਾਂ ਦੁਆਰਾ ਸੰਗਤ ਦਿੱਤੀ ਜਾਂਦੀ ਸੀ, ਬਹੁਤ ਹੀ ਮਨ ਮੋਹਕ ਉੱਚ ਕੋਟੀ ਦਾ ਦਿਲ ਨੂੰ ਛੂਹ ਜਾਣ ਵਾਲਾ ਕੀਰਤਨ ਹੁੰਦਾ ਸੀ।

ਮਗਰੋਂ ਸਿੱਖ ਕੀਰਤਨੀਆਂ ਦੁਆਰਾ ਕੀਰਤਨ ਹੋਣ ਲੱਗ ਪਿਆ ਤੇ ਦੇਖਿਆ ਜਾਂਦਾ ਹੈ ਕਿ ਗਾਇਕੀ ਵਿਚ ਗਿਰਾਵਟ ਹੁੰਦੀ ਗਈ। ਸ਼ਾਸਤਰੀ ਰਾਗ (ਪੱਕੇ ਰਾਗ) ਜੋ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ ਪੂਰੀ ਸਿਖਲਾਈ ਨਾ ਹੋਣ ਕਰਕੇ ਵਿਸਰਦੇ ਗਏ। ਤਾਰ ਵਾਦਕ ਸਾਜ਼ ਜਿਵੇਂ ਰਬਾਬ, ਸਾਰੰਗੀ ਕਿਨਾਰੇ ਕਰ ਦਿੱਤੇ ਗਏ ਤੇ ਇਹਨਾਂ ਮਹਾਨ ਸਾਜ਼ਾਂ ਦਾ ਸਥਾਨ ਹਾਰਮੋਨੀਅਮ ਨੇ ਲੈ ਲਿਆ ਜੋ ਕਿ ਹੁਣ ਮੁੱਖ ਕਰਕੇ ਕੀਰਤਨ ਦੌਰਾਨ ਵਰਤਿਆ ਜਾਂਦਾ ਹੈ। ਸ਼ਾਸਤਰੀ ਸੰਗੀਤ (ਪੱਕੇ ਰਾਗ) ਦੀ ਸਿਖਲਾਈ ਨਾ ਹੋਣ ਕਰਕੇ ਸਿੱਖ ਕੀਰਤਨੀਏ ਸੌਖੀਆਂ ਆਪ ਬਣਾਈਆਂ ਧੁਨਾਂ ਵਿਚ ਕੀਰਤਨ ਕਰਨ ਲੱਗ ਪਏ। ਕੁਝ ਕੁ ਹੀ ਕੀਰਤਨ ਕਰਨ ਵਾਲੇ ਜਥੇ ਹੋਣਗੇ ਜੋ ਸ਼ਾਸਤਰੀ ਸੰਗੀਤ ਦੇ ਤਹਿਤ ਸ਼ੁੱਧ ਪੱਕੇ ਰਾਗਾਂ ਵਿਚ ਕੀਰਤਨ ਕਰਦੇ ਹੋਣਗੇ। ਪਰ ਹੁਣ ਕੁਝ ਸੰਭਾਵਨਾ ਬਣੀ ਹੈ ਤੇ ਕੀਰਤਨ ਨਾਲ ਤਾਰ ਸਾਜ਼ਾਂ ਦੀ ਸੰਗਤ ਕੁਝ ਹੱਦ ਤਕ ਸ਼ੁਰੂ ਹੋ ਗਈ ਹੈ। ਇਹ ਇਕ ਆਸ਼ਾ ਭਰਿਆ ਸੰਕੇਤ ਹੈ।

ਅਸੀਂ ਸਿੱਖ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੇ ਰਾਗਾਂ ਨੂੰ ਆਪਣੀ ਵਿਰਾਸਤ ਮੰਨਦੇ ਹਾਂ, ਪਰ ਕੀਰਤਨ ਵਿਚ ਹੋਏ ਪਤਨ ਪ੍ਰਤੀ ਸ਼ਾਇਦ ਹੀ ਚਿੰਤਤ ਹੋਏ ਹੋਵਾਂਗੇ। ਪਰ ਇਕ ਆਸਟਰੇਲੀਅਨ ਸਿੱਖ ਕੀਰਤਨ ਵਿਚ ਆਏ ਪਤਨ ਪ੍ਰਤੀ ਜ਼ਰੂਰ ਚਿੰਤਤ ਹੋਏ। ਕੀਰਤਨ ਸਬੰਧੀ ਇਕ ਤਸਵੀਰ ਤੋਂ ਉਸ ਨੇ ਦੇਖਿਆ ਕਿ ਪਹਿਲੇ ਹਰਿਮੰਦਰ ਸਾਹਿਬ ਵਿਚ ਰਬਾਬ, ਸਾਰੰਗੀ ਰੂਪੀ ਤਾਰ ਸਾਜ਼ਾਂ ਦੇ ਤਹਿਤ ਕੀਰਤਨ ਹੁੰਦਾ ਸੀ। ਪਰ ਜਦੋਂ ਉਸ ਨੇ ਦੇਖਿਆ ਕਿ ਹੁਣ ਕੁਝ ਹਲਕੀਆਂ ਧੁਨਾਂ ਦੁਆਰਾ ਹਾਰਮੋਨੀਅਮ ਨਾਲ ਕੀਰਤਨ ਹੁੰਦਾ ਹੈ ਤਾਂ ਉਹ ਬਹੁਤ ਹੈਰਾਨ ਹੋਇਆ। ਇਸ ਆਸਟਰੇਲੀਅਨ ਸਿੱਖ ਨੇ ਤਹੱਈਆ ਕਰ ਲਿਆ ਕਿ ਹਰਿਮੰਦਰ ਸਾਹਿਬ ਵਿਚ ਮੁੜ ਸ਼ਾਸਤਰੀ ਪੱਕੇ ਰਾਗਾਂ ਦੇ ਤਹਿਤ ਕੀਰਤਨ ਦੀ ਪਰੰਪਰਾ ਕਾਇਮ ਕਰਨੀ ਚਾਹੀਦੀ ਹੈ। ਉਸ ਨੇ ਕੋਸ਼ਿਸ਼ ਕਰਕੇ ਸ੍ਰੀ ਪਾਉਂਟਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕੀਤੀ ਗਈ ਬਹੁਤ ਸੁੰਦਰ ਰਬਾਬ ਨੂੰ ਦੇਖਿਆ ਤੇ ਉਸੇ ਵਰਗੀਆਂ ਹੋਰ ਕਈ ਰਬਾਬਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਸਿੱਖੀ ਅਭਿਲਾਖੀ ਇਸ ਆਸਟਰੇਲੀਅਨ ਸਿੱਖ ਨੂੰ ਇਸ ਸ਼ੁੱਭ ਕਾਰਜ ਵਿਚ ਜ਼ਰੂਰ ਸਫਲਤਾ ਮਿਲੀ ਹੋਵੇਗੀ।

ਇਹ ਸਮਝਣ ਵਾਲੀ ਤੇ ਵਿਚਾਰ ਕਰਨ ਵਾਲੀ ਗੱਲ ਹੈ ਕਿ ਬੰਗਾਲ ਤੇ ਦੱਖਣੀ ਭਾਰਤ ਦੇ ਲੋਕਾਂ ਵਿਚ ਰਾਗ ਵਿੱਦਿਆ ਸਿੱਖਣ ਤੇ ਉਸ ਅਨੁਸਾਰ ਗਾਇਨ, ਉਹਨਾਂ ਦੇ ਜੀਵਨ ਦਾ ਮਹੱਤਵਪੂਰਨ ਹਿੱਸਾ ਹੈ। ਉਹਨਾਂ ਦੇ ਪਰਿਵਾਰਾਂ ਦੇ ਸਾਰੇ ਮੈਂਬਰ ਰਾਗ ਵਿੱਦਿਆ ਜ਼ਰੂਰ ਸਿੱਖਦੇ ਹਨ। ਚਾਹੇ ਗਾਇਕੀ ਹੋਵੇ ਜਾਂ ਵਿਭਿੰਨ ਸਾਜ਼ਾਂ ਦਾ ਵਜਾਉਣਾ ਹੋਵੇ। ਇਥੋਂ ਤੱਕ ਕਿ ਲੜਕੇ-ਲੜਕੀਆਂ ਦੇ ਵਿਆਹ ਆਦਿ ਰਿਸ਼ਤੇ ਜੋੜਨ ਲਈ ਸੰਗੀਤ ਬਾਰੇ ਲੜਕੇ-ਲੜਕੀ ਤੋਂ ਕੁਝ ਨਾ ਕੁਝ ਪੁੱਛਿਆ ਜਾਂਦਾ ਹੈ। ਸੰਤੁਸ਼ਟ ਹੋਣ ‘ਤੇ ਹੀ ਰਿਸ਼ਤੇ ਜੁੜਦ ਹਨ। ਬੰਗਾਲ ਦਾ ਪ੍ਰਮੁੱਖ ਸਾਜ਼ ਸਿਤਾਰ ਹੈ ਤੇ ਦੱਖਣੀ ਭਾਰਤ ਦਾ ਪ੍ਰਮੁੱਖ ਸਾਜ਼ ਵੀਣਾ ਹੈ। ਪੰਜਾਬ ਵਿਚ ਪੱਕੇ ਰਾਗਾਂ ਨਾਲ ਆਮ ਤੌਰ ‘ਤੇ ਸਾਰੰਗੀ ਰਹੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਥਾਪਿਤ ਰਾਗ ਸਿੱਖ ਧਰਮ ਦੀ ਅਨਿੱਖੜਵੀਂ ਮਹਾਨ ਵਿਰਾਸਤ ਹੈ। ਇਸ ਲਈ ਰਾਗਾਂ ਦੀ ਸਿਖਲਾਈ ਤੇ ਪ੍ਰਦਰਸ਼ਨ, ਰਾਗਾਂ ਦੇ ਮਾਹਰ ਵਿਦਵਾਨਾਂ ਦੁਆਰਾ ਸਿੱਖਿਆ ਤੇ ਨਿਰਦੇਸ਼ਨ ਦੇ ਤਹਿਤ ਹੋਣਾ ਚਾਹੀਦਾ ਹੈ। ਭਾਰਤ ਵਿਚ ਰਾਗ ਵਿੱਦਿਆ ਦੇ ਉੱਚ-ਕੋਟੀ ਦੇ ਵਿਦਵਾਨ ਮੌਜੂਦ ਹਨ। ਇਸ ਕਾਰਜ ਲਈ ਉਹਨਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ। ਰਾਗ ਵਿੱਦਿਆ ਸਿੱਖੇ ਕੀਰਤਨੀ ਗਾਇਕਾਂ ਦੀਆਂ ਵਾਰੀ-ਵਾਰੀ ਕਿਸੇ ਨਾ ਕਿਸੇ ਰਾਗ ਸਬੰਧੀ ਗਾਇਕੀ (Vocal) ਜਾਂ ਸਾਜ਼ਾਂ ਦੇ ਵਜਾਉਣ ਦੀਆਂ ਪ੍ਰਤੀਯੋਗਤਾਵਾਂ ਨਿਰੰਤਰ ਚਲਦੀਆਂ ਰਹਿਣੀਆਂ ਚਾਹੀਦੀਆਂ ਹਨ ਤਾਂ ਕਿ ਸਿੱਖਾਂ ਵਿਚ ਰਾਗ ਵਿੱਦਿਆ ਤੇ ਗਾਇਕੀ ਪ੍ਰਤੀ ਰੁਚੀ ਆਮ ਹੋ ਜਾਏ।

ਇਸ ਤਰਾਂ ਹੋ ਜਾਣ ਨਾਲ ਅੱਜਕੱਲ ਦੇ ਸਿਰਫ ਦੋ ਸੁਰਾਂ ਵਾਲੇ ਸੜਕ ਛਾਪ, ਕੰਨ ਪਾੜੂ ਘਟੀਆ ਗੀਤਾਂ ਤੋਂ ਵੀ ਬਹੁਤ ਹੱਦ ਤੱਕ ਛੁਟਕਾਰਾ ਮਿਲ ਜਾਏਗਾ।

Comments

comments

Share This Post

RedditYahooBloggerMyspace