ਸਿੱਖ ਹਿੱਤਾਂ ਦੀ ਰਾਖੀ ਕੌਣ ਕਰੇ?

-ਕਿਰਪਾਲ ਸਿੰਘ ‘ਚੰਦਨ’

ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖ ਹਿੱਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਸਮਝਿਆ ਜਾਂਦਾ ਰਿਹਾ ਹੈ। ਇਹ ਫ਼ਰਜ਼ ਇਸ ਪਾਰਟੀ ਨੇ, ਆਪਣੇ ਜਨਮ (1920) ਤੋਂ ਲੈ ਕੇ 1960 ਵਿਆਂ ਤੱਕ ਬਾਖੂਬੀ ਨਿਭਾਇਆ। ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਖੇਤਰਾਂ ਵਿਚ ਅਗਵਾਈ ਦਿੱਤੀ। ਪਹਿਲਾਂ ਗੁਰਦੁਆਰਾ ਸੁਧਾਰ ਲਹਿਰ, ਸਿੱਖਾਂ ਵਿਚ ਧਰਮ-ਭਾਵਨਾ ਭਰਨ ਲਈ ਵੱਡੀ ਪੱਧਰ ‘ਤੇ ਅੰਮ੍ਰਿਤ ਸੰਚਾਰ ਸਮਾਗਮ, ਦੇਸ਼ ਦੀ ਵੰਡ ਰੋਕਣ ਲਈ ਹਰ ਸੰਭਵ ਯਤਨ ਕਰਨਾ, ਆਸ ਪੂਰੀ ਹੁੰਦੀ ਨਾ ਵੇਖ ਕੇ ਸੰਨ 1944-45 ਵਿਚ ਖ਼ੁਦ- ਮੁਖ਼ਤਿਆਰ ਸਿੱਖ ਸਟੇਟ ਦੀ ਮੰਗ, ਦੇਸ਼ ਵੰਡ ਸਮੇਂ ਕੁਰਬਾਨੀਆਂ, ਸਿੱਖ-ਹਿੱਤਾਂ ਦੀ ਖ਼ਾਤਰ ਪੰਜਾਬੀ ਸੂਬੇ ਦੀ ਮੰਗ, ਪੰਜਾਬੀ ਭਾਸ਼ਾ ਲਈ ਜੱਦੋ ਜਹਿਦ, ਸਿੱਖਾਂ ਦੀ ਵੱਖਰੀ ਪਛਾਣ/ ਅੱਡਰੀ ਹਸਤੀ ਲਈ ਯਤਨ, ਪਛੜੀਆਂ ਜਾਤੀਆਂ ਦੇ ਹੱਕਾਂ ਲਈ ਸੰਘਰਸ਼, ਗੁਰਦਵਾਰਿਆਂ ਦੀ ਪਵਿੱਤਰਤਾ ਲਈ ਯਤਨ …ਆਦਿਕ ਕਿੰਨੇ ਵੀ ਕਾਰਜ ਹਨ, ਜਿਨਾਂ ਲਈ ਅਕਾਲੀ ਦਲ ਦੀ ਅਗਵਾਈ ਵਿਚ ਹਜ਼ਾਰਾਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਜੇਲ-ਯਾਤਰਾ ਕੀਤੀ, ਸ਼ਹੀਦ ਹੋਏ, ਜ਼ਮੀਨਾਂ- ਜਾਇਦਾਦਾਂ ਕੁਰਕ ਕਰਵਾਈਆਂ। ਸੈਂਕੜੇ ਗੁਰਸਿੱਖ ਪੁਲਿਸ ਦੀਆਂ ਡਾਂਗਾਂ ਨਾਲ ਹਮੇਸ਼ਾ ਲਈ ਨਕਾਰਾ ਹੋ ਗਏ।

ਮਾਸਟਰ ਤਾਰਾ ਸਿੰਘ ਦੀ ਮੌਤ ਤੋਂ ਬਾਅਦ ਤਾਂ ਅਕਾਲੀ ਦਲ ਨੇ ਆਪਣੇ ਹੀ ਸਿਧਾਂਤ ਤਿਆਗਣੇ ਸ਼ੁਰੂ ਕਰ ਦਿੱਤੇ ਅਤੇ ਹੌਲੀ ਹੌਲੀ ਪਿਛਾਂਹ ਹਟਦਾ ਹੋਇਆ, ਨਿਰੋਲ ‘ਪੰਜਾਬੀ ਪਾਰਟੀ’ ਦਾ ਰੂਪ ਵਟਾ ਗਿਆ। ਗ਼ੈਰ-ਸਿੱਖਾਂ ਨਾਲ ਸਾਂਝ ਹੀ ਨਾ ਪਾਈ, ਸਗੋਂ ਉਨਾਂ ਨੂੰ ਪਾਰਟੀ ‘ਤੇ ਸਿਖਰਲੇ ਅਹੁਦਿਆਂ ‘ਤੇ ਬਿਠਾ ਦਿੱਤਾ। ਵੋਟਾਂ ਦੀ ਖ਼ਾਤਰ (ਕੁਰਸੀ ਦੀ ਖ਼ਾਤਰ) ਗ਼ੈਰ-ਸਿੱਖ ਧਾਰਮਿਕ ਅਸਥਾਨਾਂ ‘ਤੇ ਪਾਰਟੀ ਦੇ ਮੁਖੀ ਤੇ ਹੋਰਨਾਂ ਦਾ ਜਾਣਾ, ਮੂਰਤੀਆਂ ਨੂੰ ਮੱਥੇ ਟੇਕਣੇ, ਤਿਲਕ ਲਗਵਾਉਣੇ ਜਗਰਾਤਿਆਂ ਵਿਚ ਹਾਜ਼ਰੀਆਂ ਲਗਾਉਣੀਆਂ ਆਦਿਕ ਗੁਰਮਤਿ ਵਿਰੋਧੀ ਕਾਰਜ ਕੀਤੇ ਗਏ।

ਨਵੰਬਰ 1966 ਵਿਚ ਪੰਜਾਬੀ ਸੂਬਾ ਬਣਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਚੰਡੀਗੜ ਦਾ ਮਸਲਾ, ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬ ਤੋਂ ਬਾਹਰ ਰਹਿ ਗਏ ਪੰਜਾਬੀ ਭਾਸ਼ੀ ਇਲਾਕਿਆਂ ਦਾ ਮਸਲਾ ਅਤੇ ਆਪੂੰ ਮਿਥੇ ਰਾਜਸੀ ਨਿਸ਼ਾਨੇ ”ਅਨੰਦਪੁਰ ਸਾਹਿਬ ਦਾ ਮਤਾ” ਆਦਿ ਨੂੰ ਪੂਰੀ ਤਰਾਂ ਵਿਸਾਰ ਦਿੱਤਾ ਗਿਆ ਹੈ। ਸਗੋਂ ਪਾਠ- ਪੁਸਤਕਾਂ ਵਿਚ ਗ਼ਲਤ ਜਾਣਕਾਰੀ, ਕਕਾਰਾਂ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਗੁਰਦੁਆਰਾ ਗਿਆਨ ਗੋਦੜੀ ਅਤੇ ਗੁਰਦੁਆਰਾ ਗੁਰ ਡਾਂਗਮਾਰ ਦਾ ਮਸਲਾ ਆਦਿ ਨਵੇਂ ਮਸਲੇ ਪੈਦਾ ਹੋ ਗਏ ਹਨ। ਸਿੱਖ ਪ੍ਰਚਾਰਕਾਂ ਉੱਤੇ ਜਾਨ-ਲੇਵਾ ਹਮਲੇ ਹੋਏ। ਅਕਾਲੀ ਸਰਕਾਰ ਦੋਸ਼ੀਆਂ ਨੂੰ ਸਜ਼ਾ ਦੇਣ ਵਿਚ ਪੂਰੀ ਤਰਾਂ ਨਾਕਾਮ ਹੋਈ। ਆਪਣੇ ਆਪ ਨੂੰ ‘ਮਹਾਨ ਸਿੱਖ’, ‘ਪੰਜਾਬ ਦੇ ਸ਼ਕਤੀਸ਼ਾਲੀ ਲੀਡਰ’ ਅਖਵਾਉਣ ਵਾਲੇ ਸਿਰਸੇ ਵਾਲੇ (ਬਲਾਤਕਾਰੀ) ਸਾਧ ਦੇ ਚਰਨਾਂ ਵਿਚ ਜਾ ਕੇ ਬੈਠਣ ਵਿਚ ਮਾਣ ਮਹਿਸੂਸ ਕਰਦੇ ਰਹੇ ਹਨ। ਅਜਿਹੇ ਲੀਡਰਾਂ ਤੋਂ ਯੋਗ ਅਗਵਾਈ ਦੀ ਆਸ ਰੱਖਣੀ ਮੂਰਖਤਾ ਹੀ ਕਹੀ ਜਾ ਸਕਦੀ ਹੈ।

ਸਿੱਖਾਂ ਦੇ ਕੁਝ ਹੋਰ ਗਰੁੱਪ ਵੀ ਹਨ ਜਿਹੜੇ ਆਪਣਾ ਨਿਸ਼ਾਨਾ ‘ਕੌਮੀ ਘਰ ਦੀ ਸਥਾਪਨਾ’ ਦੱਸਦੇ ਹਨ, ਪਰ ਇਹ ਆਪਸ ਵਿਚ ਹੀ ਖਹਿੰਦੇ ਰਹਿੰਦੇ ਹਨ। ਇਹ ਆਪਣੇ ਨਾਲ ਕੁਝ ਹਜ਼ਾਰ ਲੋਕ ਵੀ ਜੋੜ ਨਹੀਂ ਸਕੇ। ਬਸ, ਅਖ਼ਬਾਰੀ ਬਿਆਨ ਦਾਗ਼ਦੇ ਰਹਿੰਦੇ ਹਨ ਜਾਂ ਫਿਰ ਰਵਾਇਤੀ ਲੀਡਰਾਂ ਨੂੰ ਨਿੰਦਦੇ ਰਹਿੰਦੇ ਹਨ, ਜਿਨਾਂ ਦੇ ਮੁਕਾਬਲੇ ਇਨਾਂ ਦੀ ਪ੍ਰਾਪਤੀ ਸਿਫ਼ਰ ਤੋਂ ਵੱਧ ਨਹੀਂ।

ਧਾਰਮਿਕ ਪਿੜ ਵਿਚ ਵੀ, ਸਰਬ-ਉੱਚ ਪਦਵੀਆਂ ‘ਤੇ ਬਿਰਾਜੇ ਵਿਅਕਤੀਆਂ ਦਾ ਰੋਲ ਵੀ ਨਾਂਹ ਪੱਖੀ ਹੈ। ਪੁਰਾਣੇ ਵਿਵਾਦ ਖ਼ਤਮ ਨਹੀਂ ਹੋਏ, ਨਿਤ ਨਵੇਂ ਮਸਲੇ ਪੈਦਾ ਹੋ ਰਹੇ ਹਨ।

ਸਿੱਖ ਰਹਿਤ ਮਰਯਾਦਾ ‘ਤੇ ਹਮਲੇ ਹੋ ਰਹੇ ਹਨ, ਇਸ ਨੂੰ ਅਧੂਰਾ ਜਾਂ ਕੱਚਾ ਖਰੜਾ ਆਖਿਆ ਜਾ ਰਿਹਾ ਹੈ। ਸਿਤਮ ਦੀ ਗੱਲ ਤਾਂ ਇਹ ਹੈ ਕਿ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਚ ਪੰਥਕ ਰਹਿਤ ਮਰਯਾਦਾ ਵਿਰੋਧੀ ਸੰਸਥਾਵਾਂ ਦਾ ਪੂਰਾ-ਪੂਰਾ ਪ੍ਰਭਾਵ ਹੈ, ਜੋ ਰਹਿਤ ਮਰਯਾਦਾ ਨੂੰ ਬਦਲਣ ਲਈ ਤਤਪਰ ਹਨ। ਉੱਚ ਪਦਵੀਆਂ ‘ਤੇ ਬੈਠੀਆਂ ਧਾਰਮਿਕ ਸ਼ਖ਼ਸੀਅਤਾਂ ਪੂਰੀ ਤਰਾਂ ਮੌਨ ਹਨ। ਉਨਾਂ ਦੇ ਆਪਣੇ ਕਾਰਨਾਮੇ ਵੀ ਨਿਰਾਲੇ ਹਨ। ਕੋਈ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਆਖ ਰਿਹਾ ਹੈ, ਕੋਈ ਵਿਆਹਾਂ ਵਿਚ ਭੰਗੜਾ ਪਾਉਂਦਾ ਰਿਹਾ ਹੈ, ਹੁਣ ਇਕ ਸਿੰਘ ਸਾਹਿਬ ਨੇ ਪਤਿਤ ਵਿਅਕਤੀ ਦਾ (ਅਖ਼ਬਾਰੀ ਰਿਪੋਰਟ ਅਨੁਸਾਰ) ਅਨੰਦ ਕਾਰਜ (? ) ਕਰਾਇਆ ਹੈ। ਅਕਾਲੀ ਬਾਬਾ ਫੂਲਾ ਸਿੰਘ ਦੇ ਸਥਾਨ ‘ਤੇ ਬੈਠੇ ਹੋਏ ਇਹ ਇੰਨੇ ‘ਬਹਾਦਰ’ ਬਣ ਗਏ ਹਨ ਕਿ ਪੰਜਾਬ ਭਰ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਸਮੇਂ ਇਨਾਂ ਨੇ ਬੇਅਦਬੀ ਦੀਆਂ ਘਟਨਾਵਾਂ ਵਾਲੇ ਥਾਵਾਂ ‘ਤੇ ਜਾਣ ਦੀ ਹਿੰਮਤ ਨਹੀਂ ਕੀਤੀ ਭਾਵੇਂ ਕਿ ਹੋਰਨਾਂ ਸੰਸਥਾਵਾਂ ਵਾਲੇ ਤੇ ਆਮ ਸਿੱਖ ਹਰ ਥਾਂ ਡਟ ਕੇ ਵਿਰੋਧ ਕਰਦੇ ਰਹੇ ਂ ਸ਼ਹੀਦੀਆਂ ਦਿੱਤੀਆਂ, ਸਰੀਰ ‘ਤੇ ਸੱਟਾਂ ਖਾਧੀਆਂ ਤੇ ਜੇਲਾਂ ਵਿਚ ਡੱਕ ਦਿੱਤੇ ਗਏ। ਇਨਾਂ ਨੇ ਹੀ ਖ਼ਾਲਸਾ ਪੰਥ ਦੀ ਨਿਆਰੀ ਹੋਂਦ ਨੂੰ ਪ੍ਰਗਟਾਉਣ ਵਾਲੇ ‘ਨਾਨਕਸ਼ਾਹੀ ਕੈਲੰਡਰ’ ਦਾ ਭੋਗ ਪਾਇਆ। ਹੁਣ ਜਦ ਲੋਕ ਇਨਾਂ ਤੋਂ ਬਾਗ਼ੀ ਹੋ ਰਹੇ ਹਨ ਤਾਂ ਇਹ ਤਰਲੋਮੱਛੀ ਹੋ ਰਹੇ ਹਨ।

ਉਪਰੋਕਤ ਤੋਂ ਹਟ ਕੇ ਜੇ ਸੋਚੀਏ ਤਾਂ ਹੋਰ ਕੋਈ ਵੀ ਪਾਰਟੀ ਸਿੱਖ ਹਿੱਤਾਂ ਦੀ ਰਾਖੀ ਲਈ ਸੰਜੀਦਾ ਨਹੀਂ ਹੈ। ਨਾ ਪਹਿਲਾਂ ਰਹੀ ਹੈ ਤੇ ਨਾ ਹੀ ਭਵਿੱਖ ਵਿਚ ਰਹਿਣ ਦੀ ਆਸ ਹੈ। ਸਭ ‘ਸੈਕੂਲਰ ਪਾਰਟੀਆਂ’ ਨੂੰ ਆਪਣੇ ਵੋਟ-ਬੈਂਕ ਦੀ ਚਿੰਤਾ ਹੈ। ਇਸ ਲਈ ਉਹ ਕਿਸੇ ਵੀ ਵਰਗ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੀਆਂ। ਤਾਜ਼ਾ ਮਿਸਾਲ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦੀ ਹੈ।

ਇਨਾਂ ਹਾਲਾਤ ਵਿਚ ਸਿੱਖ ਮਸਲਿਆਂ ਨੂੰ ਹੱਲ ਕਰਨ/ਕਰਾਉਣ ਦੀ ਜ਼ਿੰਮੇਵਾਰੀ ਆਮ ਸਿੱਖਾਂ ‘ਤੇ ਆ ਪਈ ਹੈ। ਪੜੇ-ਲਿਖੇ ਤੇ ਸਿੱਖ ਪੰਥ ਦੇ ਵਰਤਮਾਨ ਅਤੇ ਭਵਿੱਖ ਬਾਰੇ ਚਿੰਤਤ ਸਿੱਖਾਂ ਨੂੰ ਸਿਰ ਜੋੜ ਕੇ, ਬੈਠ ਕੇ ਕੋਈ ਹੱਲ ਲੱਭ ਕੇ ਅਗਵਾਈ ਦੇਣ ਦੀ ਲੋੜ ਹੈ। ਤਨ, ਮਨ, ਧਨ ਵਾਰਨ ਵਾਲੇ ਸੇਵਕਾਂ ਦੀ ਲੋੜ ਹੈ। ਕੇਵਲ ਗੱਲਾਂ-ਬਾਤਾਂ, ਲੈਕਚਰਾਂ, ਸੋਸ਼ਲ ਮੀਡੀਏ ਦੀ ਵਰਤੋਂ ਨਾਲ ਕੁਝ ਪ੍ਰਾਪਤੀ ਨਹੀਂ ਹੋਣੀ। ‘ਪੰਥ ਜੀਵੇ, ਮੈਂ ਮਰਾਂ’ ਦੀ ਸੋਚ ਵਾਲੇ ਸਿਰੜੀ ਸਿੱਖ ਹੀ ਕੌਮ ਦਾ ਕੁਝ ਸੰਵਾਰ ਸਕਦੇ ਹਨ। ੲ

Comments

comments

Share This Post

RedditYahooBloggerMyspace