ਕਿਤਾਬ ਦੀ ਥਾਂ ਸ਼ਰਾਬ, ਪਦਾਰਥ ਤੇ ਪਹਿਰਾਵਾ ਕਿਉਂ?

ਪ੍ਰੋ. ਕੁਲਵੰਤ ਸਿੰਘ ਔਜਲਾ

ਪੁਸਤਕ ਅਜੋਕੇ ਬੰਦੇ ਦਾ ਸ਼ੌਕ ਸੰਵੇਦਨਾ ਤੇ ਸ਼ੈਦਾਅ ਨਹੀਂ ਰਹੀ। ਬਾਜ਼ਾਰ ਦੀ ਬਹੁਭਾਂਤੀ ਤੇ ਬਲਸ਼ਾਲੀ ਚਾਹਤ ਤੇ ਚੜ੍ਹਤ ਨੇ ਹਰ ਪ੍ਰਾਣੀ ਨੂੰ ਹਲਕਾਅ ਦਿੱਤਾ ਹੈ। ਅੰਦਰੂਨੀ ਖਿੱਚ, ਖੋਹ ਤੇ ਖੋਜ ਤੋਂ ਬੇਦਿਲ ਹੋਇਆ ਆਦਮੀ ਘਰਾਂ, ਹੱਟੀਆਂ, ਦਵਾਖਾਨਿਆਂ ਤੇ ਧਰਮ ਅਸਥਾਨਾਂ ਨੂੰ ਇਮਾਰਤੀ ਜਲੌਅ ਤੇ ਜਸ਼ਨ ਦਾ ਦਰਸ਼ਨੀ ਰੂਪ ਦੇਣ ਵਿੱਚ ਲੀਨ ਹੋ ਗਿਆ ਹੈ। ਪੁਸਤਕਘਰ ਵਿਰਲੇ ਤੇ ਵੀਰਾਨ ਹੋ ਜਾਣ ਦਾ ਸੰਤਾਪ ਹੰਢਾ ਰਹੇ ਹਨ। ਅਕਾਦਮਿਕ ਅਫ਼ਸਰਸ਼ਾਹੀ ਪੁਸਤਕ ਨਾਲੋਂ ਪੁਸਤਕ ਗਿਆਨ ਤੇ ਗਿਣਤੀਆਂ ਨੂੰ ਤਰਜੀਹ ਦੇਣ ਦਾ ਕਾਰਪੋਰੇਟ ਕਰਮ ਨਿਭਾਅ ਰਹੀ ਹੈ। ਕੈਦਿਆਂ ਤੇ ਕਿਤਾਬਾਂ ਨੂੰ ਪਿਆਰ ਕਰਨ ਦੀ ਰਵਾਇਤ ਨੂੰ ਪੌਂਡਾਂ, ਪਦਾਰਥਾਂ ਤੇ ਪਹੁੰਚਾਂ ਦੀ ਹੈਰਾਨੀਜਨਕ ਹੋੜ ਨੇ ਬੇਜਾਨ ਬਣਾ ਦਿੱਤਾ ਹੈ। ਵੱਡੇ ਵੱਡੇ ਘਰਾਂ ਵਿੱਚ ਸੌਣ ਕਮਰਿਆਂ ਨਾਲ ਜੁੜਵੇਂ ਗੁਸਲਖਾਨੇ ਤਾਂ ਬਣ ਗਏ, ਪਰ ਪੁਸਤਕਾਂ ਲਈ ਕੋਈ ਥਾਂ ਨਹੀਂ। ਪੰਜ ਸਿਤਾਰਾ ਰਸੋਈਆਂ, ਆਲੀਸ਼ਾਨ ਫਰਨੀਚਰ ਤੇ ਆਵਾਜਾਈ ਸਹੂਲਤਾਂ ਦੇ ਸ਼ਰੀਕੇਬਾਜ਼ ਦੰਗਲ ਤੇ ਦਹਿਸ਼ਤ ਨੇ ਪੁਸਤਕ ਨੂੰ ਆਸ਼ਰਮੀ ਵਸਤੂ ਘੋਸ਼ਿਤ ਕਰ ਦਿੱਤਾ ਹੈ। ਪੈਲੇਸਾਂ ਦੇ ਬਾਹਰ ਖੜ੍ਹੀਆਂ ਕਾਰਾਂ ਦਾ ਜੋਬਨ ਤੇ ਜਲੌਅ ਦੇਖ ਕੇ ਸਾਊ ਬੰਦਾ ਦਹਿਲ ਜਾਂਦਾ ਹੈ। ਪੈਲੇਸਾਂ ਦੀ ਅੰਦਰੂਨੀ ਝਲਕ ਤੇ ਝਾਤੀ ਕਿਰਸਾਨੀ ਖ਼ੁਦਕੁਸ਼ੀਆਂ ਦੀ ਚਿੰਤਾ ਤੇ ਮਾਂ-ਬੋਲੀ ਪ੍ਰਤੀ ਦਿਖਾਏ ਜਾ ਰਹੇ ਹੇਜ ਨੂੰ ਸ਼ਰਮਿੰਦਾ ਕਰਦੀ ਪ੍ਰਤੀਤ ਹੁੰਦੀ ਹੈ।

ਪੁਸਤਕ ਦੀ ਥਾਂ ਪਿਆਲਾ ਤੇ ਪਹਿਰਾਵਾ ਅਜੋਕੇ ਪੰਜਾਬ ਦੀ ਪਹਿਲੀ ਪਸੰਦ ਬਣ ਗਏ ਹਨ। ਵੇਦਾਂ, ਉਪਨਿਸ਼ਦਾਂ, ਗਰੰਥਾਂ ਤੇ ਪੁਸਤਕਾਂ ਦੀ ਸਿੱਖਿਆ ਤੇ ਸੇਧ ਸਿਰਫ਼ ਕਾਗ਼ਜ਼ੀ ਕਾਰਨਾਮਿਆਂ ਦਾ ਇਸ਼ਤਿਹਾਰੀ ਏਜੰਡਾ ਬਣ ਗਈ ਹੈ। ਰਚਨਾ, ਰਚਨਾਤਮਿਕਤਾ ਤੇ ਰਚਨਹਾਰਿਆਂ ਪ੍ਰਤੀ ਸਾਡੀ ਪਹੁੰਚ ਨੇ ਸਮਾਜ ਨੂੰ ਅੱਤਤਾਈ ਵਰਤਾਰੇ ਵੱਲ ਧਕੇਲ ਦਿੱਤਾ ਹੈ। ਖ਼ੁਦਕੁਸ਼ੀ ਤੇ ਗੈਂਗਵਾਦ ਅਜਿਹੀ ਅਮਾਨਵੀ ਪਹੁੰਚ ਤੇ ਪਕੜ ਦਾ ਪ੍ਰਤੀਫਲ ਹਨ। ਪੁਸਤਕਾਂ ਜਿਊਣਾ ਤੇ ਯੁੱਧ ਕਰਨਾ ਸਿਖਾਉਂਦੀਆਂ ਹਨ। ਪੁਸਤਕਾਂ ਬੰਦੇ ਨੂੰ ਸੱਚਾ, ਸਚਿਆਰਾ ਤੇ ਸੁਹਜਭਾਵੀ ਹੋਣ ਦਾ ਸੰਦੇਸ਼ ਦਿੰਦੀਆਂ ਹਨ। ਪੁਸਤਕ ਬਿਨਾਂ ਪੁਸ਼ਾਕ ਤੇ ਪਾਤਸ਼ਾਹੀਆਂ ਕਿਸੇ ਕੰਮ ਨਹੀਂ। ਪੁਸਤਕ ਦਿਲ ਦੇ ਅਨੁਭਵੀ ਵਿਵੇਕ ਦੀ ਰਚਨਾਤਮਿਕ ਆਵੇਸ਼ਕਾਰੀ ਹੈ। ਇਹ ਰਹਿਨੁਮਾਈ ਦਾ ਪੈਗ਼ਾਮ ਹੁੰਦੀਆਂ ਹਨ।

ਡੇਰਿਆਂ, ਕਬਰਾਂ ਤੇ ਹਸਪਤਾਲਾਂ ਕੋਲੋਂ ਸਿਹਤਮੰਦੀ ਤੇ ਸਦਬੁੱਧੀ ਦੀਆਂ ਖ਼ੈਰਾਤਾਂ ਲੱਭਣ ਜਾਂ ਖਰੀਦਣ ਵਾਲੇ ਪੰਜਾਬੀਆਂ ਨੂੰ ਪੁਸਤਕਾਂ ਨਾਲ ਦਿਲੀ ਸਾਂਝ ਤੇ ਸਨੇਹ ਪਾਉਣਾ ਚਾਹੀਦਾ ਹੈ। ਬੱਚਿਆਂ ਨੂੰ ਪਲਾਟਾਂ, ਪੌਂਡਾਂ ਤੇ ਕਾਰਾਂ ਦੀ ਥਾਂ ਪੁਸਤਕਾਂ ਪੜ੍ਹਨ ਦੀ ਪ੍ਰੇਰਨਾ ਦਿਓ। ਪੁਸਤਕਾਂ ਪੜ੍ਹ ਪੜ੍ਹ ਕੇ ਬੱਚੇ ਆਪਣੇ ਆਪ ਸਭ ਕਾਸੇ ਦੀ ਸੋਝੀ ਤੇ ਸਮਝਦਾਰੀ ਪ੍ਰਾਪਤ ਕਰ ਲੈਣਗੇ। ਪੁਸਤਕਾਂ ਇਨਸਾਨ ਤੇ ਇਨਸਾਨੀਅਤ ਦੀ ਮਾਨਵੀ ਕੁੱਖ ਹਨ। ਇਹ ਕੱਚੇ ਕੋਠਿਆਂ ‘ਚੋਂ ਪੱਕੇ ਇਨਸਾਨ ਪੈਦਾ ਕਰਦੀਆਂ ਹਨ। ਇਹ ਮਨੁੱਖ ਨੂੰ ਗੈਂਗਸਟਰ ਨਹੀਂ ਸਗੋਂ ਗੁਣੀ ਤੇ ਗਿਆਨਵੰਤ ਬਣਾਉਂਦੀਆਂ ਹਨ। ਇਹ ਕਿਰਤ ਤੇ ਕਮਾਈ ਦੀ ਅਜ਼ਮਤ ਤੇ ਅਸਲੀਅਤ ਨੂੰ ਪਛਾਣਨ ਤੇ ਪਕੜਨ ਦਾ ਰਸਤਾ ਤੇ ਰੂਹ ਸਮਝਾਉਂਦੀਆਂ ਹਨ। ਮਹਾਨ ਪੁਸਤਕਾਂ ਫ਼ਕੀਰਾਂ ਤੇ ਫੱਕਰਾਂ ਦੀਆਂ ਪਾਕ ਆਂਦਰਾਂ ਵਿੱਚੋਂ ਮਾਨਵੀ ਪ੍ਰਗੀਤ ਬਣ ਕੇ ਉਤਪੰਨ ਹੁੰਦੀਆਂ ਹਨ। ਮਹਾਨ ਰਚਨਾਕਾਰ ਪੁਸਤਕਾਂ ਨੂੰ ਸਦੀਵੀ ਧੜਕਣਾਂ ਦਾ ਜਿਉਂਦਾ ਜਾਗਦਾ ਇਤਿਹਾਸ ਬਣਾ ਦਿੰਦੇ ਹਨ। ਪੁਸਤਕਾਂ ਮਾਨਵੀ ਗੁਣਾਂ ਦੀ ਪਹਿਲੀ ਪ੍ਰਾਣਵੰਤ ਪਾਠਸ਼ਾਲਾ ਹਨ। ਕੁਝ ਪੁਸਤਕਾਂ ਮਾਵਾਂ, ਧੀਆਂ ਤੇ ਭੈਣਾਂ ਵਰਗੀਆਂ ਹੁੰਦੀਆਂ ਜਿਨ੍ਹਾਂ ਕੋਲ ਵਿਆਖਿਆ ਨਹੀਂ, ਵਿਵੇਕ ਹੁੰਦਾ ਹੈ।

ਪੰਜਾਬ ਨੇ ਜ਼ਹਿਰਾਂ ਬੀਜ ਬੀਜ ਕੇ ਪਾਣੀਆਂ, ਪ੍ਰਾਣੀਆਂ ਤੇ ਪੰਖੇਰੂਆਂ ਨੂੰ ਸਾਹਸੱਤਹੀਣ ਕਰ ਦਿੱਤਾ ਅਤੇ ਪੈਸਾ, ਪਦਾਰਥ ਤੇ ਪੌਂਡ ਉਗਾ ਉਗਾ ਕੇ ਪੁਸਤਕਾਂ ਨੂੰ ਬੇਗਾਨਾ ਤੇ ਬੇਵੱਸ ਬਣਾ ਦਿੱਤਾ ਹੈ। ਮੰਡੀ ਪੈਦਾਵਾਰ ਦੇ ਸਿੱਟੇ ਵਜੋਂ ਰਸਹੀਣ ਤੇ ਰੁੱਖੀਆਂ ਪੁਸਤਕਾਂ ਦਾ ਹੜ੍ਹ ਆ ਗਿਆ ਹੈ। ਪ੍ਰਕਾਸ਼ਕਾਂ ਦਾ ਕਿੱਤਾ ਲਾਹੇਵੰਦਾ ਹੋ ਗਿਆ, ਪਰ ਪੁਸਤਕਾਂ ਕਿਸਾਨ ਵਾਂਗ ਕਰਜ਼ਈ ਹੋ ਗਈਆਂ ਹਨ। ਮਿਆਰੀ ਤੇ ਮੁੱਲਵਾਨ ਪੁਸਤਕ ਕਦੇ ਕਦੇ ਛਪਦੀ ਹੈ। ਪ੍ਰਤਿਭਾ ਤੇ ਪੁਸਤਕ ਨੂੰ ਜ਼ਿੰਦਾ ਰੱਖਣ ਤੇ ਜਗਾਉਣ ਦੀ ਸੋਝੀ, ਸੰਵੇਦਨਾ ਤੇ ਸਾਹਸ ਹੁਣ ਪੰਜਾਬੀਆਂ ਕੋਲ ਬਚੇ ਨਹੀਂ।

ਪੁਸਤਕ ਰੋਟੀ ਤੇ ਰੁਜ਼ਗਾਰ ਲਈ ਵਸੀਲਾ ਤੇ ਵਿਸਥਾਰ ਬਣਦੀਆਂ ਹਨ। ਰੋਟੀ ਤੇ ਰੁਜ਼ਗਾਰ ਮਿਲਣ ਉਪਰੰਤ ਪੁਸਤਕਾਂ ਨੂੰ ਭੁੱਲ ਜਾਣ ਜਿੱਡੀ ਕੁਤਾਹੀ ਤੇ ਕੁਕਰਮ ਹੋਰ ਕੋਈ ਨਹੀਂ। ਕੁਰਸੀਆਂ ‘ਤੇ ਬੈਠੇ ਕੁਰਾਹੀਏ ਤੇ ਕਸਾਈ ਲੋਕਾਂ ਕਾਰਨ ਪੜ੍ਹਨ-ਲਿਖਣ ਦੀ ਮਰਿਆਦਾ ਤੇ ਮਾਣ ਨੀਵਾਂ ਹੋ ਜਾਂਦਾ ਹੈ। ਪੁਸਤਕਾਂ ਨੂੰ ਸੁੰਘੋ। ਪੁਸਤਕਾਂ ਦੀ ਆਵਾਜ਼ ਸੁਣੋ। ਪੁਸਤਕਾਂ ਜਿਹਾ ਦੋਸਤ ਹੋਰ ਕੋਈ ਨਹੀਂ। ਕੁਝ ਪੁਸਤਕਾਂ ਵਾਰ ਵਾਰ ਪੜ੍ਹਨ ਵਾਲੀਆਂ ਹੁੰਦੀਆਂ ਹਨ। ਕੁਝ ਪੁਸਤਕਾਂ ਕਦੇ ਕਦੇ ਪੜ੍ਹਨ ਵਾਲੀਆਂ ਹੁੰਦੀਆਂ ਹਨ। ਪੁਸਤਕ ਪੜ੍ਹਦੇ ਪੜ੍ਹਦੇ ਸੌਂ ਜਾਵੋ। ਕਮਾਲ ਦੀ ਨੀਂਦ ਆਏਗੀ। ਪੁਸਤਕ ਪੜ੍ਹਨ ਵਾਲਿਆਂ ਨੂੰ ਖ਼ੁਆਬਾਂ ਤੇ ਖਿਆਲਾਂ ਦੀ ਭੁੱਖ ਲੱਗਦੀ ਹੈ। ਇਹ ਰੁੱਖਾਂ, ਰਹਿਮਤਾਂ ਤੇ ਰੂਹਾਂ ਨੂੰ ਪਿਆਰ ਕਰਨਾ ਸਿਖਾਉਂਦੀਆਂ ਹਨ। ਇਨ੍ਹਾਂ ਨਾਲ ਸਦੀਵੀ ਮੋਹ ਜ਼ਿੰਦਗੀ ਨੂੰ ਗੁਲਜ਼ਾਰ ਬਣਾ ਦਿੰਦਾ ਹੈ।

Comments

comments

Share This Post

RedditYahooBloggerMyspace