ਕੋਲੈਸਟਰੋਲ ਦੀ ਕਹਾਣੀ ਅਤੇ ਇਸ ਦਾ ਕੱਚ-ਸੱਚ

ਡਾ. ਦਰਸ਼ਨ ਖੇੜੀ

ਆਈਜ਼ਨਹਾਵਰ (ਸਾਬਕਾ ਅਮਰੀਕੀ ਰਾਸ਼ਟਰਪਤੀ) ਨੂੰ 23 ਸਤੰਬਰ 1955 ਨੂੰ ਦਿਲ ਦਾ ਪਹਿਲਾ ਦੌਰਾ ਪਿਆ। ਉਨ੍ਹਾਂ ਦਾ ਕੋਲੈਸਟਰੋਲ 165 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ (ਐੱਮਜੀ/ਡੀਐੱਲ) ਨਿਕਲਿਆ ਜਿਹੜਾ ਆਮ ਪੱਧਰ ‘ਤੇ ਹੀ ਸੀ। ਸਰੀਰਕ ਵਜ਼ਨ ਵੀ ਬਿਲਕੁਲ ਸਹੀ, 78 ਕਿਲੋਗਰਾਮ ਸੀ। ਦਿਲ ਦੇ ਰੋਗਾਂ ਦੇ ਮਾਹਿਰ ਡਾ. ਪਾਲ ਡੁਡਲੇ ਵ੍ਹਾਈਟ ਨੇ ਉਨ੍ਹਾਂ ਨੂੰ ਬੇਹੱਦ ਘੱਟ ਕੁਦਰਤੀ ਫੈਟ ਵਾਲਾ ਖਾਣਾ ਖਾਣ ਦੀ ਨਸੀਹਤ ਦਿੱਤੀ ਜਿਸ ਨੂੰ ਰਾਸ਼ਟਰਪਤੀ ਨੇ ਗੰਭੀਰਤਾ ਨਾਲ ਲਾਗੂ ਕੀਤਾ। ਉਹ ਕਦੇ ਕਦਾਈਂ ਇੱਕ-ਅੱਧ ਆਂਡਾ ਖਾਂਦੇ ਸਨ। ਸਿਗਰਟ ਉਨ੍ਹਾਂ 1949 ਵਿੱਚ ਹੀ ਛੱਡ ਦਿੱਤੀ ਸੀ। ਇੰਨੇ ਸਖ਼ਤ ਪਰਹੇਜ਼ ਅਤੇ ਸੰਜਮ ਦੇ ਬਾਵਜੂਦ 1958 ਤਕ ਉਨ੍ਹਾਂ ਦਾ ਭਾਰ 80 ਕਿਲੋਗਰਾਮ ਹੋ ਗਿਆ। ਪ੍ਰੇਸ਼ਾਨ ਹੋਏ ਰਾਸ਼ਟਰਪਤੀ ਨੇ ਹੋਰ ਵੀ ਥੋੜ੍ਹਾ ਖਾਣਾ ਸ਼ੁਰੂ ਕਰ ਦਿੱਤਾ। ਮੱਖਣ ਮੀਟ ਆਦਿ ਬਿਲਕੁੱਲ ਛੱਡ ਦਿੱਤਾ। ਇੰਨੇ ਓਹੜ-ਪੋਹੜ ਦੇ ਬਾਵਜੂਦ ਸੇਵਾਮੁਕਤੀ ਵਾਲੇ ਦਿਨ (19 ਜਨਵਰੀ 1961) ਕੋਲੈਸਟਰੋਲ 259 ਐੱਮਜੀ/ਡੀਐੱਲ ਤਕ ਪਹੁੰਚ ਗਿਆ ਸੀ ਅਤੇ ਉਹ 1969 ਵਿੱਚ ਦਿਲ ਦੀ ਬਿਮਾਰੀ ਨਾਲ ਚੱਲ ਵਸੇ। ‘ਖੁਰਾਕ-ਦਿਲ ਮਨੌਤ’ ਵਾਲੇ ਡਾਕਟਰ ਇਸ ਵਿਰੋਧਾਭਾਸ ਦੀ ਅੱਜ ਤਕ ਸਹੀ ਵਿਆਖਿਆ ਨਹੀਂ ਕਰ ਸਕੇ।

1955 ਵਿੱਚ ਅਮਰੀਕੀ ਸ਼ਹਿਰ ਬੋਸਟਨ ਨੇੜੇ ਫਰਮਿੰਘਮ ਵਿੱਚ ਅਧਖੜ੍ਹ ਉਮਰ ਦੇ ਪੰਜ ਹਜ਼ਾਰ ਮਨੁੱਖਾਂ ਉੱਪਰ ਅਧਿਐਨ ਕੀਤਾ ਗਿਆ। ਤੀਹ ਸਾਲ ਤਕ ਚੱਲਣ ਵਾਲੇ ਇਸ ਅਧਿਐਨ ਦੇ ਕੁਝ ਬਹੁਤੇ ਕਾਹਲੇ ਖੋਜਕਾਰਾਂ ਨੇ ਛੇ ਸਾਲ ਬਾਅਦ ਹੀ 1961 ਵਿੱਚ ਸਿੱਟਾ ਕੱਢ ਮਾਰਿਆ ਕਿ ਕੋਲੈਸਟਰੋਲ ਦਿਲ ਦੇ ਰੋਗਾਂ ਦੇ ਪੂਰਵ ਅਨੁਮਾਨ ਲਈ ਭਰੋਸੇਯੋਗ ਸੂਚਕ ਹੈ। ਫਰਮਿੰਘਮ ਦੇ ਮੈਡੀਕਲ ਨਿਰਦੇਸ਼ਕ ਵਿਲੀਅਮ ਕਾਨਲ ਨੇ ਇਹ ਐਲਾਨ ਵੀ ਕਰ ਦਿੱਤਾ ਕਿ ‘ਦਿਲ ਦੇ ਰੋਗਾਂ ਅਤੇ ਕੋਲੈਸਟਰੋਲ ਦਾ ਨੇੜਲਾ ਸਬੰਧ ਹੈ’ ਪਰ ਇਸੇ ਅਧਿਐਨ ਦੀ ਤੀਹ ਸਾਲ ਦੀ ਲਗਾਤਾਰਤਾ ਤੋਂ 1987 ਵਿੱਚ ਸਾਹਮਣੇ ਆਏ ਵੱਧ ਭਰੋਸੇਯੋਗ ਅੰਕੜਿਆਂ ਤੋਂ ਉਲਟਾ ਸਬੰਧ ਸਥਾਪਤ ਹੁੰਦਾ ਸਾਹਮਣੇ ਆਇਆ। ਅਧਿਐਨ ਦੌਰਾਨ ਦਿਲ ਦੇ ਦੌਰੇ ਤੋਂ ਪੀੜਤ ਅੱਧੇ ਲੋਕਾਂ ਦਾ ਕੋਲੈਸਟਰੋਲ ਪੱਧਰ ਸਗੋਂ ਆਮ (220 ਐੱਮਜੀ/ਡੀਐੱਲ) ਨਾਲੋਂ ਘੱਟ ਸੀ ਅਤੇ 48 ਤੋਂ 57 ਸਾਲ ਦੇ 183-222 ਐੱਮਜੀ/ਡੀਐੱਲ ਕੋਲੈਸਟਰੋਲ ਵਾਲੇ ਆਦਮੀਆਂ ਵਿੱਚ ਦਿਲ ਦੇ ਦੌਰੇ ਨਾਲ ਮੌਤ ਹੋਣ ਦਾ ਖ਼ਤਰਾ 222-261 ਐੱਮਜੀ/ਡੀਐੱਲ ਕੋਲੈਸਟਰੋਲ ਵਾਲੇ ਆਦਮੀਆਂ ਨਾਲੋਂ ਜ਼ਿਆਦਾ ਸੀ। ਸੋ, ਕੋਲੈਸਟਰੋਲ ਦਿਲ ਦੇ ਰੋਗਾਂ ਦਾ ਵਿਸ਼ਵਾਸਯੋਗ ਸੂਚਕ ਸਿੱਧ ਨਹੀਂ ਹੋ ਸਕਿਆ।
ਫਰਮਿੰਘਮ ਅਧਿਐਨ ਦੇ ਸਹਿਯੋਗੀ ਨਿਰਦੇਸ਼ਕ ਜਾਰਜ ਮਾਨ ਵੱਲੋਂ 1000 ਲੋਕਾਂ ਦੀ ਖੁਰਾਕ ਸਬੰਧੀ ਦੋ ਸਾਲ ਲਗਾਤਾਰ ਇਕੱਠੇ ਕੀਤੇ ਅੰਕੜੇ ਵੀ ਇਹੋ ਦਰਸਾਉਂਦੇ ਹਨ ਕਿ ਸੰਤ੍ਰਿਪਤ (ਸੈਚੂਰੇਟਡ) ਫੈਟ ਦਾ ਹਿਰਦੇ ਰੋਗਾਂ ਨਾਲ ਕੋਈ ਸਿੱਧਮ ਸਿੱਧਾ ਸਬੰਧ ਨਹੀਂ। ਉਨ੍ਹਾਂ ਦਾ ਇਹ ਅਧਿਐਨ ਨੈਸ਼ਨਲ ਇੰਸਟੀਚਿਊਟਸ ਆਫ਼ ਹੈਲਥ ਦੇ ਭੋਰੇ ਵਿੱਚ ਦਸ ਸਾਲ ਪਿਆ ਰਿਹਾ। ਉਨ੍ਹਾਂ ਦੇ ਹੀ ਸ਼ਬਦਾਂ ਵਿੱਚ- ”ਹਾਰਟ ਮਾਫੀਆ ਨੇ ਸੰਤ੍ਰਿਪਤ ਫੈਟ ਵਾਲੇ ਇਸ ਕੱਟੜ ਸਿਧਾਂਤ ਦੀ ਪੂਰੀ ਹਮਾਇਤ ਕੀਤੀ ਅਤੇ ਖੋਜ ਲਈ ਆਏ ਪੈਸੇ ‘ਤੇ ਆਪਣਾ ਕਬਜ਼ਾ ਜਮਾਈ ਰੱਖਿਆ। ਇਸ ਖੋਜ ਦਾ ਪੱਖ ਵਿਗਿਆਨਕ ਨਾਲੋਂ ਸਿਆਸੀ ਵਧੇਰੇ ਸੀ।” ਸੰਤ੍ਰਿਪਤ ਫੈਟ ਨਾਲ ਦਿਲ ਦੇ ਰੋਗਾਂ ਦਾ ਸਬੰਧ ਜੋੜਨ ਨੂੰ ਉਹ ‘ਕੁਰਾਹੇ ਪਈ ਪੂਰਵ ਧਾਰਨਾ’ ਕਹਿੰਦਾ ਸੀ ਅਤੇ ਇਹ ਵੀ ਕਿ ‘ਇਸ ਮਸਲੇ ‘ਤੇ ਖੋਜ ਕਰਦਿਆਂ ਖੋਜਕਾਰਾਂ ਦੀ ਪੂਰੀ ਪੀੜ੍ਹੀ ਇਸ ਦੇ ਧੁੰਦੂਕਾਰੇ ਦੀ ਬਲੀ ਚੜ੍ਹ ਗਈ ਹੈ।’

ਫਰਮਿੰਘਮ ਅਧਿਐਨ ਦੇ ਨਿਰਦੇਸ਼ਕਾਂ ਵਿੱਚੋਂ ਇੱਕ ਵਿਲੀਅਮ ਕਾਸਟੇਲੀ ਨੇ ਆਖ਼ਰਿ 1992 ਵਿੱਚ ਡਾਕਟਰਾਂ ਵਿੱਚ ਘੱਟ ਮਕਬੂਲ ਮੈਡੀਕਲ ਰਸਾਲੇ ‘ਦਿ ਆਰਕਾਈਵਜ਼ ਆਫ ਇੰਟਰਨਲ ਮੈਡੀਸਨ’ ਦੇ ਇੱਕ ਸੰਪਾਦਕੀ ਵਿੱਚ ਫਰਮਿੰਘਮ ਅਧਿਐਨ ਤੋਂ ਸਾਹਮਣੇ ਆਏ ਸਿੱਟਿਆਂ ਨੂੰ ਸਵੀਕਾਰਿਆ: ”ਜਿੰਨਾ ਜ਼ਿਆਦਾ ਕਿਸੇ ਨੇ ਸੰਤ੍ਰਿਪਤ ਫੈਟ ਖਾਧਾ, ਓਨਾ ਹੀ ਉਹਦਾ ਕੋਲੈਸਟਰੋਲ ਘੱਟ ਨਿਕਲਿਆ”; ਮਤਲਬ ਇਹ ਕਿ ਇਨ੍ਹਾਂ ਦੋਵਾਂ ਦਾ ਆਪਸ ਵਿੱਚ ਕੋਈ ਸਿੱਧਾ ਸਬੰਧ ਨਹੀਂ। ਅਮਰੀਕਾ ਦੇ ਨੈਸ਼ਨਲ ਹਾਰਟ, ਲੰਗ ਤੇ ਬਲੱਡ ਇੰਸਟੀਚਿਊਟ ਨੇ 1970ਵਿਆਂ ਵਿੱਚ ਸੰਤ੍ਰਿਪਤ ਫੈਟ ਖਾਣ ਦਾ ਦਿਲ ਦੇ ਰੋਗਾਂ ਨਾਲ ਸਬੰਧ ਜਾਣਨ ਲਈ ‘ਮਲਟੀਪਲ ਰਿਸਕ ਫੈਕਟਰ ਇੰਟਰਵੈਨਸ਼ਨ ਟਰਾਇਲ’ ਸ਼ੁਰੂ ਕੀਤਾ। ਇਸ ਵਿੱਚ 362,000 ਅਧਖੜ੍ਹ ਉਮਰ ਦੇ ਮਰਦਾਂ ਦਾ ਕੋਲੈਸਟਰੋਲ ਚੈੱਕ ਕੀਤਾ ਗਿਆ ਜਿਨ੍ਹਾਂ ਵਿੱਚੋਂ ਵਧੇ ਹੋਏ ਕੋਲੈਸਟਰੋਲ ਵਾਲੇ 12,866 ਵਿਅਕਤੀਆਂ ਨੂੰ ਦੋ ਗਰੁੱਪਾਂ ਵਿੱਚ ਵੰਡ ਕੇ 7 ਸਾਲਾ ਲੰਮੀ ਅਜ਼ਮਾਇਸ਼ ਕੀਤੀ ਗਈ। ਕੰਟਰੋਲ ਗਰੁੱਪ ਨੂੰ ਆਪਣੀ ਮਰਜ਼ੀ ਨਾਲ ਖਾਣ-ਪੀਣ ਦੀ ਖੁੱਲ੍ਹ ਦਿੱਤੀ ਗਈ ਜਦੋਂਕਿ ਦੂਸਰੇ ਗਰੁੱਪ ਨੂੰ ਘੱਟ ਫੈਟ ਤੇ ਘੱਟ ਕੋਲੈਸਟਰੋਲ ਭਾਵ ਮੀਟ, ਅੰਡੇ, ਦੁੱਧ, ਸਿਗਰਟਨੋਸ਼ੀ ਆਦਿ ਤੋਂ ਪਰਹੇਜ਼ ਕਰਨ ਲਈ ਕਿਹਾ ਗਿਆ। ਸੱਤ ਸਾਲ ਬਾਅਦ 1982 ਵਿੱਚ ਜਦੋਂ ਇਸ ਦੇ ਆਸ ਨਾਲੋਂ ਉਲਟ ਨਤੀਜੇ ਸਾਹਮਣੇ ਆਏ ਤਾਂ ਅਮਰੀਕੀ ਅਖ਼ਬਾਰ ‘ਵਾਲਸਟਰੀਟ ਜਰਨਲ’ ਦੀ ਸੁਰਖ਼ੀ ਸੀ: ਦਿਲ ਦੇ ਦੌਰੇ- ਜਾਂਚ ਮੂਧੇ ਮੂੰਹ। ਪਿੱਛੋਂ 1997 ਵਿੱਚ ਜਾ ਕੇ ਇਸ ਦੇ ਅਜ਼ਮਾਇਸ਼ਕਾਰਾਂ ਨੇ ਇਹ ਵੀ ਰਿਪੋਰਟ ਕੀਤਾ ਕਿ ਕੰਟਰੋਲ ਗਰੁੱਪ ਭਾਵ ਖੁੱਲ੍ਹਾ ਖਾਣ ਵਾਲੇ ਵਿਅਕਤੀਆਂ ਦੇ ਮੁਕਾਬਲੇ ਪਰਹੇਜ਼ਗਾਰਾਂ ਦੀਆਂ ਫੇਫੜਿਆਂ ਦੇ ਕੈਂਸਰ ਨਾਲ ਵੀ ਵੱਧ ਮੌਤਾਂ ਹੋਈਆਂ।

ਅਮਰੀਕਾ ਦੀ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਦੇ ਲਿਪਿਡ ਮਾਹਰ ਰੌਬਰਟ ਨੌਪ ਨੇ 1990ਵਿਆਂ ਦੇ ਅਖੀਰ ਵਿੱਚ ਜਹਾਜ਼ਰਾਨੀ ਖੇਤਰ ਦੀ ਕੰਪਨੀ ਬੋਇੰਗ ਦੀਆਂ 700 ਮਹਿਲਾ ਮੁਲਾਜ਼ਮਾਂ ‘ਤੇ ਅਜ਼ਮਾਇਸ਼ ਕੀਤੀ। ਇਨ੍ਹਾਂ ਨੂੰ ਇੱਕ ਸਾਲ ਲਈ ਰੋਜ਼ਾਨਾ ਲੋੜ ਦੀਆਂ ਕੁੱਲ ਕੈਲੋਰੀਆਂ ਦਾ ਮਹਿਜ਼ 30 ਫ਼ੀਸਦੀ ਹਿੱਸਾ ਫੈਟ ਤੋਂ ਪ੍ਰਾਪਤ ਕਰਨ ਲਈ ਕਿਹਾ ਗਿਆ ਜਿਸ ਵਿੱਚ ਸੰਤ੍ਰਿਪਤ ਫੈਟ ਸਮੁੱਚੀ ਫੈਟ ਦਾ 7 ਫ਼ੀਸਦ ਹੀ ਹੋਵੇ। ਸਾਲ ਬਾਅਦ ਜਦੋਂ ਉਨ੍ਹਾਂ ਦੇ ਖ਼ੂਨ ਵਿਚਲੇ ਮਾੜੇ ਕੋਲੈਸਟਰੋਲ ਦੀ ਪੜਤਾਲ ਕੀਤੀ ਗਈ ਤਾਂ ਇਸ ਵਿੱਚ ਗਿਰਾਵਟ ਨੋਟ ਕੀਤੀ ਗਈ ਜੋ ਸਿਧਾਂਤਕ ਤੌਰ ‘ਤੇ ਚੰਗੀ ਗੱਲ ਸੀ, ਪਰ ਨਾਲ ਹੀ ਇਨ੍ਹਾਂ ਮਹਿਲਾਵਾਂ ਦੇ ਖ਼ੂਨ ਵਿੱਚ ਚੰਗੇ ਕੋਲੈਸਟਰੋਲ ਦੀ ਮਾਤਰਾ ਵੀ 7 ਤੋਂ 17 ਫ਼ੀਸਦੀ ਘੱਟ ਹੋ ਗਈ। ਜਦੋਂ ਇਨ੍ਹਾਂ ਔਰਤਾਂ ਵਿੱਚ ਹੋਣ ਵਾਲੇ ਦਿਲ ਦੇ ਰੋਗਾਂ ਦੇ ਖ਼ਤਰੇ ਨੂੰ ਪੜਚੋਲਿਆ ਗਿਆ ਤਾਂ ਇਹ ਖ਼ਤਰਾ ਘਟੇ ਹੋਏ ਚੰਗੇ ਕੋਲੈਸਟਰੋਲ ਦੇ ਸਮਸੁਰ ਲਗਭਗ ਓਨਾ ਹੀ (6 ਤੋਂ 15 ਫ਼ੀਸਦ) ਵੱਧ ਨਿਕਲਿਆ। ਨਤੀਜਾ ਫਿਰ ਇਹੋ ਨਿਕਲਿਆ ਕਿ ਸੰਤ੍ਰਿਪਤ ਫੈਟ ਤੋਂ ਪਰਹੇਜ਼ ਜੇ ਮਾੜੇ ਕੋਲੈਸਟਰੋਲ ਨੂੰ ਘਟਾਉਂਦਾ ਹੈ ਤਾਂ ਓਨਾ ਹੀ ਇਹ ਚੰਗੇ ਕੋਲੈਸਟਰੋਲ ਨੂੰ ਵੀ ਘਟਾ ਦਿੰਦਾ ਹੈ; ਭਾਵ ਹਿਸਾਬ ਬਰਾਬਰ।

ਇਹੋ ਜਿਹੇ ਨਤੀਜੇ ਇਸੇ ਕੰਪਨੀ ਦੇ 444 ਪੁਰਸ਼ ਮੁਲਾਜ਼ਮਾਂ ਉੱਪਰ ਕੀਤੇ ਤਜਰਬੇ ਤੋਂ ਸਾਹਮਣੇ ਆਏ; ਭਾਵ ਘੱਟ ਫੈਟ ਖਾਣ ਨਾਲ ਮਾੜਾ ਕੋਲੈਸਟਰੋਲ ਘਟਣ ਦੇ ਨਾਲ ਨਾਲ ਚੰਗਾ ਕੋਲੈਸਟਰੋਲ ਵੀ ਘੱਟ ਹੋ ਗਿਆ ਤੇ ਨਾਲ ਹੀ ਖ਼ੂਨ ਵਿਚਲੀ ਚਿਕਨਾਹਟ ਦੀ ਮਾਤਰਾ, ਭਾਵ ਟਰਾਈਗਲਿਸਰਾਈਡ ਦਾ ਪੱਧਰ ਵਧ ਗਿਆ। ਯਾਦ ਰਹੇ ਕਿ ਇਹ ਟਰਾਈਗਲਿਸਰਾਈਡ ਹੀ ਪੁਆੜੇ ਦੀ ਅਸਲ ਜੜ੍ਹ ਹਨ। ਘੱਟ ਫੈਟ ਖਾਣ ਨਾਲ ਟਰਾਈਗਲਿਸਰਾਈਡ ਦਾ ਪੱਧਰ ਇਸ ਕਰਕੇ ਵਧਦਾ ਹੈ ਕਿਉਂਕਿ ਫੈਟ ਤੋਂ ਪਰਹੇਜ਼ ਕਰਨ ਵਾਲਾ ਵਿਅਕਤੀ ਸੁਤੇ ਸਿੱਧ ਹੀ ਕਾਰਬੋਹਾਈਡਰੇਟ ਵੱਧ ਖਾਣੇ ਸ਼ੁਰੂ ਕਰ ਦਿੰਦਾ ਹੈ ਜੋ ਗੁਲੂਕੋਜ਼ ਵਿੱਚ ਵਿਖੰਡਨ ਤੋਂ ਬਾਅਦ ਬਲੱਡ ਸ਼ੂਗਰ ਵਧਾ ਕੇ ਇਨਸੂਲਿਨ ਨੂੰ ਸੱਦਾ ਦਿੰਦੇ ਹਨ। ਇਨਸੂਲਿਨ ਫਿਰ ਖ਼ੂਨ ਵਿੱਚ ਵਧੇ ਹੋਏ ਗੁਲੂਕੋਜ਼ ਦਾ ਟਰਾਈਗਲਿਸਰਾਈਡ ਬਣਾ ਬਣਾ ਕੇ ਫੈਟ ਸੈੱਲਾਂ ਦੀ ਗਿਣਤੀ ਅਤੇ ਆਕਾਰ ਵਧਾਉਂਦਾ ਰਹਿੰਦਾ ਹੈ।

ਮੈਡੀਕਲ ਵਿਗਿਆਨ ਵਿੱਚ ਹੁੰਦੇ ਅਜਿਹੇ ਸਰਵੇਖਣਾਂ, ਅਜ਼ਮਾਇਸ਼ਾਂ, ਅਧਿਐਨਾਂ ਆਦਿ ਤੋਂ ਕੱਢੇ ਸਿੱਟਿਆਂ ਨੂੰ ਮੁੜ ਘੋਖਣ ਅਤੇ ਇੱਕਮਤ ਹੋਣ ਲਈ 1990ਵਿਆਂ ਦੇ ਅੱਧ ਵਿੱਚ ਮੈਡੀਕਲ ਵਿਗਿਆਨ ਦੇ ਸਿਰਕੱਢ ਵਿਅਕਤੀਆਂ ਦੀ ਕੌਮਾਂਤਰੀ ਪੱਧਰ ਦੀ ਆਜ਼ਾਦ ਸੰਸਥਾ ਬਣਾਈ ਗਈ ਜਿਸ ਦਾ ਨਾਮ ਕੋਚਰੇਨ ਗੱਠਜੋੜ ਰੱਖਿਆ ਗਿਆ। ਇਸ ਸੰਸਥਾ ਨੇ 2001 ਵਿੱਚ ਘੱਟ ਫੈਟ ਖਾਣ ਨਾਲ ਦਿਲ ਦੇ ਰੋਗਾਂ ਦਾ ਸਬੰਧ ਜਾਣਨ ਲਈ 1950 ਤੋਂ ਲੈ ਕੇ ਉਦੋਂ ਤਕ ਹੋਏ 27 ਮੁੱਖ ਅਧਿਐਨਾਂ ਨੂੰ ਮੁੜ ਤੋਂ ਘੋਖਣ ਦਾ ਬੀੜਾ ਚੁੱਕਿਆ। ਇਸ ਮਹਾਂ ਅਧਿਐਨ ਉਪਰੰਤ ਸਾਹਮਣੇ ਆਏ ਸਿੱਟੇ ਬਹੁਤ ਦਿਲਚਸਪ ਸਨ। ਕੋਚਰੇਨੀਆਂ ਨੇ ਲਿਖਿਆ ਹੈ, ”ਹਜ਼ਾਰਾਂ ਲੋਕਾਂ ਉੱਪਰ ਦਹਾਕਿਆਂ ਬੱਧੀ ਕੀਤੇ ਗਏ ਅਧਿਐਨਾਂ ਤੋਂ ਬਾਅਦ ਵੀ ਜ਼ਿਆਦਾ ਫੈਟ ਖਾਣ ਨਾਲ ਦਿਲ ਦੇ ਰੋਗਾਂ ਦਾ ਸਬੰਧ ਜੋੜਨ ਵਾਲਾ ਸਬੂਤ ਸੀਮਤ ਅਤੇ ਅਸਪਸ਼ਟ ਹੈ।”

ਅਜਿਹਾ ਨਹੀਂ ਕਿ ਇਨ੍ਹਾਂ ਅੱਧੇ-ਅਧੂਰੇ ਅਧਿਐਨਾਂ ਦੀਆਂ ਅਜਿਹੀਆਂ ਸੀਮਤਾਈਆਂ ਅਤੇ ਉਕਾਈਆਂ ਲੋਕ ਪੱਖੀ ਖੁਰਾਕ ਵਿਗਿਆਨੀਆਂ ਦੇ ਧਿਆਨ ਵਿੱਚ ਨਹੀਂ ਸਨ। 20ਵੀਂ ਸਦੀ ਦੇ ਮਾਣਮੱਤੇ ਵਿਗਿਆਨੀ ਡੇਵਿਡ ਕਰੀਚੇਵਸਕੀ ਅਤੇ ਵੇਂਡਰਬਿਲਟ ਯੂਨੀਵਰਸਿਟੀ ਦੇ ਡਾਕਟਰ ਤੇ ਬਾਇਓਕੈਮਿਸਟਰੀ ਦੇ ਪ੍ਰੋਫ਼ੈਸਰ ਜਾਰਜ ਮਾਨ ਨੇ ਤੱਥਾਂ ਸਹਿਤ ਇਨ੍ਹਾਂ ਉਕਾਈਆਂ ਵੱਲ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਤਾਂ ਨਾ ਸਿਰਫ਼ ਉਨ੍ਹਾਂ ਨੂੰ ਅਣਗੌਲੇ ਤੇ ਅਣਸੁਣੇ ਕਰ ਦਿੱਤਾ ਗਿਆ ਸਗੋਂ ਜਾਰਜ ਮਾਨ ਨੂੰ ਤਾਂ ਇਸ ਵਿਸ਼ੇ ‘ਤੇ ਅਗਲੇ ਖੋਜ ਕਾਰਜਾਂ ਲਈ ਦਿੱਤੀ ਜਾਣ ਵਾਲੀ ਗਰਾਂਟ ਹੀ ਬੰਦ ਕਰ ਦਿੱਤੀ ਗਈ।

ਕਈ ਵਾਰ ਸਹੀ ਹੋਣ ਦੇ ਬਾਵਜੂਦ ਤੁਹਾਡੇ ਤਰਕਾਂ ਨੂੰ ਜਾਣਬੁੱਝ ਕੇ ਅਣਗੌਲਿਆ ਹੀ ਨਹੀਂ ਕੀਤਾ ਜਾਂਦਾ ਸਗੋਂ ਸਾਜ਼ਿਸ਼ੀ ਵਿਹਾਰ ਰਾਹੀਂ ਦਬਾ ਦਿੱਤਾ ਜਾਂਦਾ ਹੈ; ਖਾਸਕਰ ਜਦੋਂ ਵਡੇਰੇ ਨਿੱਜੀ ਤੇ ਆਰਥਿਕ ਹਿੱਤ ਅਤੇ ਹਉਮੈ ਇਨ੍ਹਾਂ ਮਾਮਲਿਆਂ ਨਾਲ ਜੁੜੇ ਹੋਣ। ਵਿਗਿਆਨ ਦਾ ਖੇਤਰ ਵੀ ਅਜਿਹੇ ਵਿਹਾਰ ਤੋਂ ਮੁਕਤ ਨਹੀਂ ਕਿਹਾ ਜਾ ਸਕਦਾ। ਮਿਸਾਲ ਵਜੋਂ ਨਿਰਦੇਸ਼ਕ ਤਪਨ ਸਿਨਹਾ ਦੀ ਦਸਤਾਵੇਜ਼ੀ ਫਿਲਮ ‘ਏਕ ਡਾਕਟਰ ਕੀ ਮੌਤ’ ਦੇਖੀ ਜਾ ਸਕਦੀ ਹੈ। (ਲੇਖਕ ਦੀ ਛਪ ਰਹੀ ਪੁਸਤਕ ‘ਕੀ ਖਾਣਾ ਲੋੜੀਏ’ ਦੇ ਅੰਸ਼)

Comments

comments

Share This Post

RedditYahooBloggerMyspace