ਕੰਨੀ ਸੁਣਿਅਾ, ਅੱਖੀ ਵੇਖਿਆ ਹਾਸਾ ਠੱਠਾ

ਡਾ. ਹਰਸ਼ਿੰਦਰ ਕੌਰ

ਬੈਂਕ ‘ਚ ਮੈਂ ਆਪਣੇ ਪਤੀ ਨਾਲ ਖੜੀ ਸੀ ਜਦੋਂ ਇਕ ਕਰਮਚਾਰਣ ਉੱਥੇ ਲੱਗੇ ਇਕ ਚਪੜਾਸੀ ਨੂੰ ਕਿਸੇ ਗ਼ਲਤੀ ਕਾਰਨ ਝਿੜਕਣ ਲੱਗ ਪਈ। ਉਹ ਬੋਲੀ, ‘ਸਾਲੇ ਬਾਊਂਸਡ ਚੈੱਕ! ਤੂੰ ਤਾਂ ਧਰਤੀ ਉੱਤੇ ਲਾਇਆਬਿਲਟੀ ਐਂ, ਪੈਦਾਇਸ਼ੀ ਕਦੇ ਨਾ ਮੁੜਨ ਵਾਲਾ ਉਧਾਰ, ਕਦੇ ਨਾ ਵਧਣ ਵਾਲੀ ਵਿਆਜ ਦਰ! ਡਿਸਓਨਰਡ ਬਿੱਲ ਨਾ ਹੋਵੇ ਤਾਂ! ਜੇ ਦੁਬਾਰਾ ਇਹ ਗ਼ਲਤੀ ਕੀਤੀ ਤਾਂ ਏਨਾ ਮਾਰੂੰਗੀ ਕਿ ਤੇਰੇ ਸਰੀਰ ਅੰਦਰ ਬੈਲੇਂਸ ਨਹੀਂ ਬਚਣਾ।’ ਮੇਰੇ ਖ਼ਿਆਲ ਵਿਚ ਬੈਂਕ ਵਿਚ ਖੜਾ ਇਕ ਵੀ ਬੰਦਾ ਅਜਿਹਾ ਨਹੀਂ ਸੀ ਜਿਹੜਾ ਢਿੱਡ ਫੜ ਕੇ ਹੱਸਿਆ ਨਾ ਹੋਵੇ!

ਮੈਨੂੰ ਉੱਥੇ ਖੜੇ ਇਕ ਬੰਦੇ ਨੇ ਜੋ ਮੇਰੇ ਲਿਖੇ ਲੇਖ ਪੜਦਾ ਰਿਹਾ ਸੀ, ਕਿਹਾ, ‘ਡਾਕਟਰ ਸਾਹਿਬਾ, ਇਕ ਲੇਖ ਤਾਂ ਅਜਿਹੀਆਂ ਮਜ਼ੇਦਾਰ ਗੱਲਾਂ ਬਾਰੇ ਲਿਖਣਾ ਜ਼ਰੂਰੀ ਹੈ ਤਾਂ ਜੋ ਕਿਸੇ ਉਦਾਸੀ ਦੇ ਮਾਹੌਲ ਵਿਚ ਜਦੋਂ ਉਸ ਨੂੰ ਪੜਿਆ ਜਾਵੇ ਤਾਂ ਢਿੱਡ ਫੜ ਕੇ ਹੱਸਣਾ ਪੈ ਜਾਵੇ। ਸਾਰੀ ਉਦਾਸੀ ਕਾਫੂਰ ਹੋ ਜਾਵੇ!’ ਮੈਨੂੰ ਵੀ ਗੱਲ ਜਚੀ ਕਿ ਕਈ ਅਜਿਹੇ ਮੌਕੇ ਜ਼ਿੰਦਗੀ ਵਿਚ ਆਉਂਦੇ ਰਹਿੰਦੇ ਹਨ ਜਦੋਂ ਕਿਸੇ ਵੱਲੋਂ ਕਹੀ ਗੱਲ ਨਾਲ ਸਾਰਿਆਂ ਦਾ ਹਾਸਾ ਬਦੋਬਦੀ ਨਿਕਲ ਜਾਂਦਾ ਹੈ। ਅਜਿਹੇ ਕਿੱਸਿਆਂ ਨੂੰ ਗੁੰਦ ਲਿਆ ਜਾਵੇ ਤਾਂ ਕਦੇ ਵੀ ਖੁੱਲ ਕੇ ਹੱਸਿਆ ਜਾ ਸਕਦਾ ਹੈ।

ਹੁਣ ਮੇਰੇ ਛੋਟੇ ਬੇਟੇ ਦੀ ਗੱਲ ਨੂੰ ਹੀ ਲਵੋ। ਇਕ ਵਿਆਹ ਵਿਚ ਸਾਡੇ ਸਾਹਮਣੇ ਹੀ ਕੁੜੀ ਵਾਲਿਆਂ ਨੇ ਦਾਜ ਵਿਚ ਉਸ ਨੂੰ ਵਾਸ਼ਿੰਗ ਮਸ਼ੀਨ ਦਿੱਤੀ ਸੀ। ਜਦੋਂ ਉਹ ਉਸ ਕੱਪੜੇ ਧੋਣ ਵਾਲੀ ਮਸ਼ੀਨ ਨੂੰ ਵੈਨ ਵਿਚ ਲੱਦ ਰਹੇ ਸਨ ਤਾਂ ਮੇਰੇ ਬੇਟੇ ਨੇ ਪੁੱਛਿਆ ਕਿ ਇਹ ਵਾਸ਼ਿੰਗ ਮਸ਼ੀਨ ਕਿੱਥੇ ਲਿਜਾ ਰਹੇ ਹਨ? ਮੈਂ ਦੱਸਿਆ ਕਿ ਇਹ ਕੁੜੀ ਵਾਲਿਆਂ ਨੇ ਉਸ ਦੇ ਸਹੁਰਿਆਂ ਨੂੰ ਕੁੜੀ ਦੇ ਨਾਲ ਹੀ ਭੇਜੀ ਹੈ। ਰਤਾ ਕੁ ਸੋਚਣ ਤੋਂ ਬਾਅਦ ਮੇਰੇ ਬੇਟੇ ਨੇ ਉੱਚੀ ਸਾਰੀ ਪੁੱਛਿਆ, ‘ਇਹ ਕੁੜੀ ਕਦੇ ਨਹਾਉਂਦੀ ਨਹੀਂ ਸੀ? ਉਸ ਦੇ ਮੰਮੀ-ਪਾਪਾ ਨੂੰ ਇਸ ਨੂੰ ਸਾਫ਼ ਕਰਨ ਲਈ ਵਾਸ਼ਿੰਗ ਮਸ਼ੀਨ ਦੇਣੀ ਪਈ? ਦੂਜੇ ਘਰ ਵਿਚ ਕੌਣ ਰਗੜ ਕੇ ਇਸ ਨੂੰ ਧੋਵੇਗਾ? ਜੇ ਰੋਜ਼ ਨਹਾਉਂਦੀ ਹੁੰਦੀ ਤਾਂ ਇਹਦੇ ਮਾਪਿਆਂ ਨੂੰ ਏਨਾ ਖ਼ਰਚਾ ਨਾ ਕਰਨਾ ਪੈਂਦਾ।’

ਸਾਡੇ ਚੁਫ਼ੇਰੇ ਖੜੇ ਵਿਆਹ ਵਿਚ ਸ਼ਾਮਲ ਹੋਣ ਆਏ ਬੰਦੇ ਏਨੇ ਖਿੜਖਿੜਾ ਕੇ ਹੱਸੇ ਕਿ ਇਕ ਬੰਦੇ ਦੇ ਤਾਂ, ਜਿਹੜਾ ਕੋਕਾ ਕੋਲਾ ਪੀ ਰਿਹਾ ਸੀ, ਨੱਕ ਥਾਈਂ ਸਾਰਾ ਠੰਢਾ ਬਾਹਰ ਨਿਕਲ ਆਇਆ!

ਹੁਣ ਇਕ ਹੋਰ ਮਜ਼ੇਦਾਰ ਕਿੱਸਾ ਸੁਣੋ। ਚੰਡੀਗੜ ਬੱਸ ਸਟੈਂਡ ਉੱਤੇ ਅਸੀਂ ਬੱਸ ਵਿਚ ਬੈਠੇ ਸੀ ਤਾਂ ਸਾਡੀ ਅਗਲੀ ਸੀਟ ਉੱਤੇ ਇਕ ਬਜ਼ੁਰਗ ਜੋੜੀ ਬਹਿ ਗਈ। ਬਜ਼ੁਰਗ ਬੀਬੀ ਬਹਿੰਦੇ ਸਾਰ ਹੀ ਕੁੱਝ ਨਾ ਕੁੱਝ ਬੋਲਣ ਲੱਗ ਪਈ ਸੀ। ਉਸ ਕਿਹਾ, ”ਬੋਲਣ ਵਾਲੀ ਮਸ਼ੀਨ ਕੱਢੋ ਜਲਦੀ।”

ਉਸ ਦਾ ਘਰ ਵਾਲਾ ਸ਼ਾਇਦ ਕੁ ੱਝ ਉੱਚਾ ਸੁਣਦਾ ਸੀ। ਉਸ ਨੂੰ ਸੁਣਿਆ ਨਹੀਂ ਤਾਂ ਉਹ ਬੀਬੀ ਉੱਚੀ ਸਾਰੀ ਫੇਰ ਚੀਕੀ।

ਉਹ ਬਜ਼ੁਰਗ ਬੋਲ ਪਏ, ”ਹੌਲੀ ਬੋਲ। ਸਾਰੀ ਬੱਸ ਨੂੰ ਕਿਉਂ ਸੁਣਾਉਂਦੀ ਏਂ? ਕਿੰਨੀ ਵਾਰ ਕਿਹੈ ਮੋਬਾਈਲ ਫ਼ੋਨ ਕਿਹਾ ਕਰ। ਬੋਲਣ ਵਾਲੀ ਮਸ਼ੀਨ ਨਹੀਂ।” ਬਜ਼ੁਰਗ ਨੇ ਆਪਣੀ ਜੇਬ ਫਰੋਲ ਕੇ ਮੋਬਾਈਲ ਫ਼ੋਨ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਬੀਬੀ ਫੇਰ ਉੱਚੀ ਸਾਰੀ ਬੋਲ ਪਈ, ”ਛੇਤੀ ਕਰੋ। ਪਟਿਆਲੇ ਪਹੁੰਚਣ ਤਕ ਜੇਬਾਂ ਈ ਫਰੋਲੀ ਜਾਓਗੇ?” ”ਖੜ ਜਾ, ਏਨੀ ਕਾਹਲ ਮਚਾਉਂਦੀ ਐਂ ਜਿਵੇਂ ਹੁਣੇ ਕਿਸੇ ਨਾਲ ਭੱਜਣ ਨੂੰ ਤਿਆਰ ਖੜੀ ਹੋਵੇਂ। ਤੈਨੂੰ ਤਾਂ ਡਰਦਾ ਯਮਰਾਜ ਵੀ ਲੈਣ ਨਹੀਂ ਆਉਂਦਾ। ਰੱਬ ਵੀ ਮੇਰੇ ਪੱਲੇ ਸੁਟ ਕੇ ਵਾਪਸ ਲਿਜਾਉਣਾ ਭੁੱਲ ਗਿਐ।”

ਬਜ਼ੁਰਗ ਫ਼ੋਨ ਲੱਭਦੇ ਹੋਏ ਬੋਲੇ। ਏਨੇ ਨੂੰ ਬੀਬੀ ਫੇਰ ਉੱਚੀ ਸਾਰੀ ਬੋਲੀ, ”ਜੇਬ ਵਿਚ ਮਸ਼ੀਨ ਪਾਈ ਵੀ ਸੀ ਕਿ ਉੱਥੇ ਈ ਸੁੱਟ ਆਏ ਓ? ਮੇਰੇ ਕਰਕੇ ਈ ਹਾਲੇ ਘਰ ਚੱਲਦਾ ਪਿਐ। ਨਹੀਂ ਤਾਂ ਪੂਰੇ ਘਰ ਦਾ ਸਾਮਾਨ ਹੁਣ ਤਾਈਂ ਇੱਧਰ ਉੱਧਰ ਭੁੱਲ ਕੇ ਸੁੱਟ ਆਏ ਹੁੰਦੇ। ” ਉਹ ਬਜ਼ੁਰਗ ਰਤਾ ਖਿੱਝ ਕੇ ਬੋਲੇ, ”ਤੇਰੇ ਪਿਓ ਨੇ ਤਾਂ ਹੁਣ ਤਕ ਨਰਕ ਸਵਰਗ ਦੇ ਦਰਵਾਜ਼ੇ ਖਿੜਕੀਆਂ ਵੀ ਵੇਚ ਦਿੱਤੇ ਹੋਣੇ ਨੇ, ਜਮਾਂਦਰੂ ਚੋਰਾਂ ਦੇ ਘਰੋਂ ਆਈ ਤੇ ਮੈਨੂੰ ਮੱਤਾਂ ਦਿੰਦੀ ਐ। ਮੈਨੂੰ ਪਤੈ ਤੇਰੇ ਕਬਾੜੀਏ ਭਰਾਵਾਂ ਨੇ ਕਿੰਨੀਆਂ ਕਾਰਾਂ ਜੀਪਾਂ ਦੇ ਅੰਜਰ ਪੰਜਰ ਢਿੱਲੇ ਕਰ ਕੇ ਵੇਚੇ ਨੇ। ਇਕ ਇਹੀ ਕਬਾੜ ਨਹੀਂ ਵਿਕਿਆ ਜਿਹੜਾ ਮੇਰੇ ਪੱਲੇ ਪੈ ਗਿਆ।” ਬਜ਼ੁਰਗ ਬੀਬੀ ਨੂੰ ਤਾਂ ਜਿਵੇਂ ਸੱਤੀਂ ਕਪੜੀਂ ਅੱਗ ਲੱਗ ਗਈ। ਉਹ ਉੱਚੀ ਸਾਰੀ ਚੀਕੀ,”ਇਹ ਮੈਂ ਈ ਸੀ ਜਿਸ ਨੇ ਨਿਭਾ ਲਈ, ਵਰਨਾ ਤੁਹਾਡੇ ਘਰ ਵਿਚ ਤਾਂ ਕਾਕਰੋਚਾਂ ਨੂੰ ਵੀ ਤੜਕਾ ਲਾ ਕੇ ਖਾ ਜਾਣ ਵਾਲੇ ਨੇ। ”

ਮੇਰਾ ਤਾਂ ਹਾਲ ਇਹ ਸੀ ਕਿ ਸੀਟ ਉੱਤੇ ਬੈਠਣਾ ਔਖਾ ਹੋ ਗਿਆ ਸੀ। ਹੱਸ-ਹੱਸ ਕੇ ਢਿੱਡ ਵਿਚ ਕੜਵੱਲ ਪੈ ਗਏ ਸਨ। ਆਸ ਪਾਸ ਬੈਠੀਆਂ ਸਵਾਰੀਆਂ ਵੀ ਹੱਸ-ਹੱਸ ਦੂਹਰੀਆਂ ਹੋ ਰਹੀਆਂ ਸਨ, ਪਰ ਉਹ ਆਪੋ ਵਿਚ ਮਸਤ ਗੁੱਥਮ ਗੁੱਥਾ ਹੋ ਰਹੇ ਸਨ। ਜਦੋਂ ਹਾਲੇ ਵੀ ਉਨਾਂ ਨੂੰ ਮੋਬਾਈਲ ਫ਼ੋਨ ਨਾ ਲੱਭਿਆ ਤਾਂ ਬਜ਼ੁਰਗ ਬੀਬੀ ਚਿੜ ਕੇ ਬੋਲੀ,”ਸਾਰੀ ਜ਼ਿੰਦਗੀ ਲੰਘ ਗਈ ਪਰ ਇਹ ਨਾ ਸੁਧਰਿਆ। ਛਛੂੰਦਰ ਨਾ ਹੋਵੇ ਤਾਂ। ਸ਼ੈਦੁੱਲੇ ਦਾ ਚੂਹਾ। ਮੈਂ ਤਾਂ ਸਾਰੀ ਜ਼ਿੰਦਗੀ ਗਾਲ ਲਈ।”

ਬਜ਼ੁਰਗ ਨੂੰ ਖ਼ੌਰੇ ਅੱਧ ਪਚੱਧ ਹੀ ਸੁਣਿਆ ਪਰ ਉਹ ਵੀ ਲਗਾਤਾਰ ਚਿਕ ਚਿਕ ਸੁਣ ਕੇ ਅੱਕ ਚੁੱਕੇ ਸਨ। ਸੋ ਹੱਥ ਜੋੜ ਕੇ ਸਿਰ ਅਸਮਾਨ ਵੱਲ ਉਤਾਂਹ ਚੁੱਕ ਕੇ ਬੋਲੇ, ”ਹੇ ਰੱਬਾ ਕਿਹੋ ਕਿਹੋ ਜਿਹੀਆਂ ਚੀਜ਼ਾਂ ਘੜਦਾ ਰਹਿੰਦਾ ਹੈਂ। ਸਾਰੇ ਬਚੇ ਖੁਚੇ ਟੁੱਟੇ ਪੇਚ, ਚਿੱਬ ਖੱੜਬੇ ਟੀਨ, ਡੱਬੇ ਇੱਕੋ ਥਾਂ ਜੜ ਦਿੱਤੇ। ਸਾਰਾ ਦਿਨ ਖੜਕਨੋਂ ਹੀ ਨਹੀਂ ਹਟਦੇ।”

ਕੁੱਝ ਨਾ ਪੁੱਛੋ ਪਟਿਆਲੇ ਤਾਈਂ ਪਹੁੰਚਣ ਤਕ ਮੇਰਾ ਹਾਲ ਕੀ ਹੋਇਆ। ਅਗਲੇ ਦੋ ਦਿਨ ਤਕ ਢਿੱਡ ਪੀੜ ਹੀ ਨਾ ਹਟੀ ਤੇ ਅੱਜ ਤਾਈਂ ਉਹ ਸੀਨ ਯਾਦ ਕਰ ਕੇ ਆਪ ਮੁਹਾਰੇ ਹਾਸਾ ਨਿਕਲ ਜਾਂਦਾ ਹੈ।

ਇਕ ਗੱਲ ਵਤਨੋਂ ਪਾਰ ਦੀ ਵੀ ਸੁਣੋ। ਮੈਂ ਕਿਸੇ ਵੀਰ ਅਤੇ ਉਨਾਂ ਦੇ ਟੱਬਰ ਨਾਲ ਉਨਾਂ ਦੀ ਕਾਰ ਵਿਚ ਬੈਠ ਕੇ ਕਿਤੇ ਚੱਲੀ ਤਾਂ ਉਨਾਂ ਕਿਹਾ ਕਿ ਭੈਣਜੀ ਕੁੱਝ ਮਿੰਟਾਂ ਲਈ ਸੀਟ ਬੈਲਟ ਨਾ ਲਾਇਓ। ਵੇਖਿਓ ਕੀ ਤਮਾਸ਼ਾ ਹੁੰਦਾ ਹੈ! ਮੈਂ ਗਲ ਮੰਨ ਲਈ। ਕਾਰ ਵਿਚ ਕੰਪਿਊਟਰ ਵਿਚ ਪੰਜਾਬੀ ਵਿਚ ਕੁੱਝ ਸਤਰਾਂ ਭਰੀਆਂ ਹੋਈਆਂ ਸਨ।

ਵੀਹ ਕੁ ਸਕਿੰਟ ਬਾਅਦ ਹੀ ਮਿੱਠੀ ਜਿਹੀ ਅਵਾਜ਼ ਆਈ, ”ਪੇਟੀ ਬੰਨ ਲਓ ਪਿਆਰਿਓ। ” ਮੈਂ ਬੰਨਣ ਲੱਗੀ ਤਾਂ ਉਸ ਵੀਰ ਨੇ ਰੋਕ ਦਿੱਤਾ ਕਿ ਹਾਲੇ ਹੋਰ ਵੀ ਸੁਣੋ। ਵੀਹ ਸਕਿੰਟ ਬਾਅਦ ਫੇਰ ਆਵਾਜ਼ ਆਈ, ” ਪਿਆਰਿਓ ਪੇਟੀ ਤਾਂ ਬੰਨੋ। ” ਮੈਨੂੰ ਉਨਾਂ ਹਾਲੇ ਵੀ ਸੀਟ ਬੈਲਟ ਨਾ ਬੰਨਣ ਦਿੱਤੀ। ਪੰਦਰਾਂ ਸਕਿੰਟ ਬਾਅਦ ਫੇਰ ਆਵਾਜ਼ ਆਈ, ”ਸੁਣਦਾ ਨਈਂ? ਬੈਲਟ ਛੇਤੀ ਬੰਨ। ”

ਆਵਾਜ਼ ਤਲਖ਼ ਸੀ। ਸੋ ਮੈਂ ਝਟ ਸੀਟ ਬੈਲਟ ਨੂੰ ਹੱਥ ਪਾਇਆ ਪਰ ਮੈਨੂੰ ਹਾਲੇ ਵੀ ਰੋਕ ਦਿੱਤਾ ਗਿਆ। ਇਸ ਵਾਰ ਸਿਰਫ਼ ਦਸ ਸਕਿੰਟ ਬਾਅਦ ਹੀ ਟੇਪ ਵਿੱਚੋਂ ਆਵਾਜ਼ ਆਈ, ” ਬੈਲਟ ਬੰਨਣੀ ਐ ਕਿ ਮਾਰਾਂ ਘਸੁੰਨ? ਬੋਲਾ ਨਾ ਹੋਵੇ ਤਾਂ! ਜਦ ਤਕ ਪੁਲਿਸ ਬੈਂਤ ਨਾ ਮਾਰੇ ਜਾਂ ਟਿਕਟ ਨਾ ਮਿਲੇ ਓਦੋਂ ਤਕ ਸਮਝ ਨਹੀਂ ਆਉਂਦੀ?” ਇਸ ਤੋਂ ਬਾਅਦ ਟੇਪ ‘ਚ ਲਗਾਤਾਰ ਟੀਂ-ਟੀਂ ਦੀਆਂ ਕੰਨ ਪਾੜਵੀਆਂ ਆਵਾਜ਼ਾਂ ਭਰੀਆਂ ਪਈਆਂ ਸਨ।

ਇਕ ਸੱਜਣ ਨੇ ਤਾਂ ਪੰਜਾਬ ਅੰਦਰ ਹੀ ਆਪਣੇ ਮੋਬਾਈਲ ਫ਼ੋਨ ਉੱਤੇ ਕੋਈ ਮਧੁਰ ਸੰਗੀਤ ਦ ਥਾਂ ਆਪਣੀ ਆਵਾਜ਼ ਭਰੀ ਹੋਈ ਹੈ। ਜਦੋਂ ਫ਼ੋਨ ਮਿਲਾਓ ਤਾਂ ਘੰਟੀ ਦੀ ਥਾਂ ਇਹ ਬੋਲ ਸੁਣਾਈ ਦਿੰਦੇ ਹਨ, ”ਫੇਰ ਸਿਰ ਖਾਣ ਲੱਗੇ ਓ। ਹੁਣੇ ਤਾਂ ਮੈਂ ਥੱਕ ਕੇ ਬੈਠਿਆ ਸੀ। ਰਤਾ ਕੁ ਹੋਲਡ ਕਰੀ ਰੱਖੋ। ਓਹੋ ਹੁਣ ਜਦ ਫ਼ੋਨ ਕਰ ਈ ਲਿਆ ਹੈ ਤਾਂ ਹੋਲਡ ਕਰ ਲਵੋ। ਏਨੀ ਛੇਤੀ ਕੀ ਐ। ਗੋਡੇ ਤਾਂ ਸਿੱਧੇ ਕਰ ਲਵਾਂ। ਆਉਂਦਾ ਪਿਆਂ, ਰਤਾ ਸਬਰ ਕਰੋ। ਬਈ ਹੱਦ ਈ ਕਰੀ ਜਾਂਦੇ ਓ। ਚੰਗਾ ਫੇਰ ਨਹੀਂ ਸਬਰ ਕਰ ਸਕਦੇ ਤਾਂ ਬੰਦ ਕਰ ਦਿਓ। ਫੇਰ ਠਹਿਰ ਕੇ ਕਰ ਲਿਓ। ”

ਇਕ ਪਾਰਟੀ ਵਿਚ ਸਾਨੂੰ ਇਕ ਟੱਬਰ ਲਾਗੇ ਬੈਠਣ ਦਾ ਮੌਕਾ ਮਿਲਿਆ ਤਾਂ ਉਹ ਜੋੜੀ ਹੁਣੇ ਜਿਹੇ ਹੀ ਵਿਆਹੀ ਜਾਪਦੀ ਸੀ। ਪਤਾ ਨਹੀਂ ਉਨਾਂ ਵਿਚ ਕਿਸ ਗੱਲ ਦੀ ਨਰਾਜ਼ਗੀ ਹੋਈ ਕਿ ਬੰਦਾ ਆਪਣੀ ਔਰਤ ਨਾਲ ਖਿੱਝ ਕੇ ਬੋਲਿਆ, ” ਸ਼ੁਕਰ ਹੈ ਅੱਜ ਬਾਹਰ ਖਾਣਾ ਖਾਣ ਆ ਗਏ ਹਾਂ, ਨਹੀਂ ਤਾਂ ਤੇਰੇ ਹੱਥ ਦੀ ਬਣੀ ਪਾਥੀ ਵਰਗੀ ਸਬਜ਼ੀ ਖਾਣੀ ਪੈਣੀ ਸੀ।”

ਅੱਗੋਂ ਔਰਤ ਵੀ ਭਰੀ ਪੀਤੀ ਬੈਠੀ ਸੀ। ਝੱਟ ਬੋਲ ਪਈ, ”ਕਦੇ ਲਿੱਦ ਵਰਗੇ ਸੁਆਦ ਦੀ ਗੱਲ ਕਰਦੈਂ ਤੇ ਕਦੇ ਪਾਥੀ ਵਰਗੀ। ਰੱਬ ਜਾਣੇ ਤੇਰੀ ਮਾਂ ਕੀ ਕੁੱਝ ਬਣਾ ਕੇ ਤੈਨੂੰ ਖੁਆਉਂਦੀ ਰਹੀ ਹੈ ਤੇ ਕਿਹੋ ਜਿਹੀਆਂ ਚੀਜ਼ਾਂ ਖਾ-ਖਾ ਕੇ ਤੂੰ ਵੱਡਾ ਹੋਇਐਂ। ”

ਇਹ ਸੁਣਦੇ ਹੀ ਮੇਰੀ ਬੇਟੀ ਏਨੀ ਜ਼ੋਰ ਦੀ ਹੱਸੀ ਕਿ ਉਸਦੇ ਹੱਥ ਵਿਚ ਫੜੀ ਪਲੇਟ ਵਿਚਲੀ ਸਬਜ਼ੀ ਮੇਰੇ ਸੂਟ ਉੱਤੇ ਰੁੜ ਗਈ। ਸਾਨੂੰ ਪਾਰਟੀ ਵਿੱਚੇ ਹੀ ਛੱਡ ਕੇ ਵਾਪਸ ਆਉਣਾ ਪਿਆ। ਖ਼ੈਰ, ਗੱਲਾਂ ਤਾਂ ਏਨੀਆਂ ਨੇ ਕਿ ਕੋਈ ਅੰਤ ਨਹੀਂ ਅਤੇ ਖਿੜਖਿੜਾ ਕੇ ਹਸਾ ਦੇਣ ਵਾਲੀਆਂ ਗੱਲਾਂ ਦੀ ਲੋੜ ਵੀ ਬਹੁਤ ਹੈ ਕਿਉਂਕਿ ਅੱਜਕੱਲ ਦੀ ਤਣਾਓ ਭਰੀ ਜ਼ਿੰਦਗੀ ਵਿਚ ਇਨਾਂ ਪਲਾਂ ਦੀ ਅਹਿਮੀਅਤ ਬਹੁਤ ਵਧ ਚੁੱਕੀ ਹੈ। ਮਨੋਵਿਗਿਆਨਿਕ ਪੱਖੋਂ ਵੀ ਇਹ ਸਹੀ ਸਾਬਤ ਹੋ ਚੁੱਕਿਆ ਹੈ ਕਿ ਦਿਨ ਵਿਚ ਇਕ ਵਾਰ ਤਾਂ ਜ਼ਰੂਰ ਖਿੜਖਿੜਾ ਕੇ ਹੱਸਣਾ ਚਾਹੀਦਾ ਹੈ। ੱਚਿਆਂ ਦੇ ਦਿਨੋ ਦਿਨ ਵਧਦੇ ਕੋਰਸ ਅਤੇ ਉਨਾਂ ਦੇ ਦਿਮਾਗ਼ ਉੱਤੇ ਪੈਂਦੇ ਪੜਾਈ ਦੇ ਬੋਝ ਹੌਲੀ-ਹੌਲੀ ਉਨਾਂ ਦਾ ਹਾਸਾ ਖ਼ਤਮ ਕਰਦੇ ਜਾ ਰਹੇ ਹਨ। ਇਸੇ ਲਈ ਉਹ ਹਰ ਸਮੇਂ ਰੱਟੂ ਤੋਤੇ ਵਾਂਗ ਬਿਨਾਂ ਸਮਝੇ ਸਭ ਪੜੀ ਜਾ ਰਹੇ ਹਨ ਤੇ ਟਿਊਸ਼ਨਾਂ ਉਨਾਂ ਦੀ ਮੱਤ ਮਾਰ ਕੇ ਰੱਖ ਛੱਡਦੀਆਂ ਹਨ।

ਅਜਿਹੇ ਮੌਕੇ ਦਿਮਾਗ਼ ਨੂੰ ਨਵੇਂ ਸਿਰਿਓਂ ਰਵਾਂ ਕਰਨ ਲਈ ਅਤੇ ਤਰੋਤਾਜ਼ਾ ਰੱਖਣ ਲਈ ਹੱਸਣਾ ਬਹੁਤ ਜ਼ਰੂਰੀ ਹੈ। ਇਸ ਤਰਾਂ ਕਰਨ ਨਾਲ ਵਾਧੂ ਤਣਾਓ ਦਿਮਾਗ਼ ਵਿੱਚੋਂ ਛੰਡਿਆ ਜਾਂਦਾ ਹੈ ਤੇ ਬੱਚਾ ਹੋਰ ਪੜ ਕੇ ਨਵੀਆਂ ਚੀਜ਼ਾਂ ਨੂੰ ਦਿਮਾਗ਼ ਅੰਦਰ ਸਮੋਣ ਲਈ ਤਿਆਰ ਹੋ ਜਾਂਦਾ ਹੈ। ਬੱਚੇ ਨਾਲ ਨਿੱਕੇ ਮੋਟੇ ਹਾਸੇ ਠੱਠੇ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਘਰ ਵਿਚਲਾ ਮਾਹੌਲ ਦੋਸਤਾਨੇ ਵਾਲਾ ਹੋ ਜਾਏ।

ਕੰਨੀ ਸੁਣੀਆਂ ਕਈ ਗੱਲਾਂ ਤਾਂ ਪਿਘਲੇ ਸ਼ੀਸ਼ੇ ਵਾਂਗ ਅੰਦਰ ਵੜਦੀਆਂ ਹਨ ਤੇ ਕਈ ਅਜਿਹੀਆਂ ਗੱਲਾਂ ਦਿਲਾਂ ਨੂੰ ਜ਼ਖ਼ਮੀ ਵੀ ਕਰ ਛੱਡਦੀਆਂ ਹਨ। ਇਸੇ ਹੀ ਤਰਾਂ ਕੰਨ ਭਰਨ ਨਾਲ ਵੀ ਹੱਸਦੇ ਵੱਸਦੇ ਟੱਬਰਾਂ ਵਿਚ ਹਮੇਸ਼ਾ ਲਈ ਪਾੜ ਪੈ ਜਾਂਦੀ ਹੈ। ਇਹ ਤਾਂ ਆਪੋ ਆਪਣੀ ਸਿਆਣਪ ਅਤੇ ਦੁਨੀਆਦਾਰੀ ਨਿਭਾਉਣ ਉੱਤੇ ਨਿਰਭਰ ਹੈ ਕਿ ਕੋਈ ਕਿਸੇ ਵੱਲੋਂ ਕੰਨ ਭਰੇ ਜਾਣ ਉੱਤੇ ਕੀ ਨਿਰਣਾ ਲੈਂਦਾ ਹੈ ਅਤੇ ਉਸਨੇ ਆਪਣੀ ਜ਼ਿੰਦਗੀ ਵਿਚ ਖ਼ੁਸ਼ੀ ਭਰਨੀ ਹੈ ਕਿ ਵੰਡ ਪਾ ਕੇ ਵੈਰ ਕਮਾਉਣਾ ਹੈ।

ਅੰਤ ਵਿਚ ਨੈੱਟ ਉੱਤੇ ਚਾੜੇ ਗਏ ਇਕ ਬੱਚਿਆਂ ਦੇ ਚੁਟਕੁਲੇ ਬਾਰੇ ਮੈਂ ਜ਼ਰੂਰ ਜ਼ਿਕਰ ਕਰਾਂਗੀ ਕਿ ਬੱਚੇ ਕਿਵੇਂ ਮਾਪਿਆਂ ਦੀ ਜਾਤ ਦੀ ਖਿੱਲੀ ਉਡਾਉਂਦੇ ਹਨ।

ਪੰਜ ਬੱਚੇ ਸਕੂਲ ਦੀ ਅੱਧੀ ਛੁੱਟੀ ਵੇਲੇ ਆਪੋ ਵਿਚ ਗੱਲਾਂ ਕਰ ਰਹੇ ਸਨ ਕਿ ਇਕ ਬੱਚੇ ਨੇ ਸਵਾਲ ਕੀਤਾ ਕਿ ਮਾਸਟਰ ਜੀ ਨੇ ਦੱਸਿਆ ਹੈ ਕਿ ਐਡਮ ਅਤੇ ਈਵ ਰਾਹੀਂ ਮਨੁੱਖ ਜਾਤੀ ਸ਼ੁਰੂ ਹੋਈ ਸੀ। ਫੇਰ ਭਲਾ ਅਸੀਂ ਸਾਰੇ ਕਿਉਂ ਵੱਖੋ ਵੱਖ ਹਾਂ? ਕੋਈ ਚਤੁਰਵੇਦੀ, ਕੋਈ ਗੁਪਤਾ, ਕੋਈ ਸ਼ਰਮਾ?

ਕਾਫ਼ੀ ਚਿਰ ਸੋਚ ਕੇ ਇਕ ਮੁੰਡਾ ਬੋਲਿਆ, ”ਅਸੀਂ ਸਿੰਗਲੇ ਹੁੰਦੇ ਹਾਂ। ਮੇਰੇ ਵਿਚਾਰ ਵਿਚ ਸਾਡੇ ਵੱਡੇ ਵਡੇਰਿਆਂ ਵਿਚ ਹਮੇਸ਼ਾ ਇਕੋ ਮੁੰਡਾ ਪੈਦਾ ਹੁੰਦਾ ਹੋਵੇਗਾ ਤਾਂ ਹੀ ਅਸੀਂ ‘ਸਿੰਗਲਾ ਜੀ’ ਬਣ ਗਏ।’ ਦੂਜਾ ਝੱਟ ਬੋਲਿਆ, ”ਬਸ ਇਹੋ ਗੱਲ ਹੋਣੀ ਐ। ਸਾਡੇ ਵੱਡੇ ਵਡੇਰਿਆਂ ਵਿਚ ਜੌੜੇ ਪੈਦਾ ਹੁੰਦੇ ਹੋਣਗੇ ਤਾਂ ਅਸੀਂ ‘ਦੂਬੇਜੀ’ ਬਣ ਗਏ।” ਤੀਜਾ ਪਿੱਛੇ ਕਿਉਂ ਰਹਿੰਦਾ, ਫੱਟ ਕਹਿਣ ਲੱਗਾ, ”ਸਾਡੇ ਘਰਾਂ ਵਿਚ ਤਿੰਨ ਪੈਦਾ ਹੁੰਦੇ ਹੋਣਗੇ, ਤਾਂ ਹੀ ਅਸੀਂ ‘ਤ੍ਰਿਵੇਦੀ ਜੀ’ ਕਹਾਏ ਜਾਣ ਲੱਗ ਪਏ, ਏਸੇ ਤਰਾਂ ‘ਚਤੁਰਵੇਦੀ ਜੀ’ ਹੁਰਾਂ ਘਰ ਚਾਰ ਜੰਮਦੇ ਹੋਣਗੇ ਤੇ ‘ਪਾਂਡੇ ਜੀ’ ਘਰ ਪੰਜ।”

”ਪਰ ਸਾਡੀ ਜ਼ਾਤ ‘ਮਿਸ਼ਰਾ ਜੀ’ ਹੈ, ਸਾਡਾ ਕੀ ਹੁੰਦਾ ਹੋਵੇਗਾ” ਇਕ ਬੱਚਾ ਘਬਰਾ ਕੇ ਬੋਲ ਪਿਆ!

ਏਨਾ ਸੁਣਦੇ ਹੀ ਅਖ਼ੀਰੀ ਬੱਚਾ ਚੀਕ ਕੇ ਬੋਲਿਆ, ”ਤੇਰਾ ਤਾਂ ਠੀਕ ਐ। ਮੇਰਾ ਹਾਲ ਵੇਖ। ਕੀ ਕੁੱਝ ਲੁਕਾਉਣਾ ਪਿਆ ਹੋਣਾ ਐ ਜਾਂ ਪਤਾ ਨਹੀਂ ਗੁਪਤ ਰੱਖਿਆ ਹੋਵੇਗਾ ਕਿ ਅਸੀਂ ‘ਗੁਪਤਾ ਜੀ’ ਕਹਾਉਣ ਲੱਗ ਪਏ ਹਾਂ।”

ਇਹ ਮਜ਼ਾਕ ਤਾਂ ਸਦਾ ਤੋਂ ਚੱਲਦੇ ਆਏ ਹਨ ਤੇ ਚੱਲਦੇ ਰਹਿਣੇ ਹਨ। ਪਰ ਅਸਲੀ ਗੱਲ ਇਹ ਹੁੰਦੀ ਹੈ ਕਿ ਕੌਣ ਏਨਾ ਦਲੇਰ ਹੈ ਜਿਹੜਾ ਆਪਣਾ ਮਜ਼ਾਕ ਉਡਵਾ ਕੇ ਹਾਸਾ ਬਿਖੇਰ ਦੇਵੇ ਤੇ ਉਸਦੇ ਮੱਥੇ ਉੱਤੇ ਇਕ ਵੀ ਤਿਊੜੀ ਨਾ ਦਿਸੇ। ਅਜਿਹੇ ਬੇਮਿਸਾਲ ਲੋਕ ਵਿਰਲੇ ਹੀ ਹੁੰਦੇ ਹਨ। ਏਸੇ ਲਈ ਸਿਆਣੇ ਕਹਿੰਦੇ ਹਨ ਕਿ ਮਾਫ਼ ਕਰ ਦੇਣ ਵਾਲਾ ਇਨਸਾਨ ਸਜ਼ਾ ਦੇਣ ਵਾਲੇ ਤੋਂ ਹਮੇਸ਼ਾ ਉੱਚਾ ਹੀ ਹੁੰਦਾ ਹੈ। ਮੇਰੀ ਤਾਂ ਇਹੋ ਦੁਆ ਹੈ ਕਿ ਹੱਸਦੇ ਖਿੜਖਿੜਾਉਂਦੇ ਰਹੋ ਕਿਉਂਕਿ ਜ਼ਿੰਦਗੀ ਵਿਚ ਤਾਂ ਏਨੇ ਦੁੱਖ ਹਨ ਕਿ ਸਹਿਣੇ ਔਖੇ ਹਨ। ਏਸੇ ਲਈ ਕੁੱਝ ਕਵੀ ਤਾਂ ਦੁਖ ਵਿੱਚੋਂ ਵੀ ਕੁੱਝ ਅਜਿਹਾ ਕੱਢ ਲੈਂਦੇ ਹਨ –

”ਧੀਆਂ ਨੇ ਸ਼ਗਨ ਸਕੀਮਾਂ ਨੂੰ ਉਡੀਕਦੀਆਂ, ਕੁੱਛੜ ਨਿਆਣੇ ਚੁੱਕ ਕੇ! ”

ਇਹ ਨਾ ਸੋਚ ਲੈਣਾ ਕਿ ਜਿਸ ਉੱਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ ਹੋਣ, ਉਹ ਕਦੇ ਹੱਸ ਨਹੀਂ ਸਕਦਾ ਬਲਕਿ ਕਈ ਲੋਕ ਆਪਣੇ ਹਾਸੇ ਪਿੱਛੇ ਆਪਣਾ ਦਰਦ ਬਾਖ਼ੂਬੀ ਛੁਪਾਉਣਾ ਜਾਣਦੇ ਹਨ।
”ਅੱਜਕੱਲ ਹਰ ਜਣਾ ਜ਼ਿੰਦਗੀ ਕਿਵੇਂ ਜੀਵੀਏ, ਬਾਰੇ ਸਿਖਾਉਂਦਾ ਰਹਿੰਦਾ ਹੈ।

ਹੁਣ ਕੀ ਸਮਝਾਈਏ,
ਕਿ ਇਕ ਸੁਫ਼ਨਾ ਅਧੂਰਾ ਰਹਿ ਗਿਆ ਏ,
ਵਰਨਾ ਸਾਡੇ ਤੋਂ ਵਧੀਆ
ਜੀਣਾ ਕਿਸਨੂੰ ਆਉਂਦਾ ਹੈ!” ੲ

 

Comments

comments

Share This Post

RedditYahooBloggerMyspace