ਦਿਮਾਗ਼ ਦਾ ਦਿਮਾਗ਼

ਡਾ: ਗੋਬਿੰਦਰ ਸਿੰਘ ਸਮਰਾਓ
408-634-2310

‘ਪੰਜਾਬ ਨਿਊਜ਼’ ਦੇ 7-13 ਮਾਰਚ ਦੇ ਅੰਕ ਵਿਚ ਵਿਚ ਡਾ: ਗੁਰਬਖਸ਼ ਸਿੰਘ ਭੰਡਾਲ ਦਾ ਮਨੁੱਖੀ ਦਿਮਾਗ਼ ਬਾਰੇ ਲੇਖ ਦਾਸਤਾਨ-ਏ-ਦਿਮਾਗ ਬਹੁਤ ਚੰਗਾ ਲੱਗਿਆ।ਉਨ੍ਹਾਂ ਦਾ ਫੋਨ ਨੰਬਰ ਛਪਿਆ ਵੇਖ ਕੇ ਮੈਨੂੰ ਉਨ੍ਹਾਂ ਨੂੰ ਇਸ ਲੇਖ ਦੀ ਵਧਾਈ ਦੇਣ ਦੀ ਸੁੱਝੀ। ਨਾਲ ਮੈਂ ਉਨ੍ਹਾਂ ਨਾਲ ਦੋ ਗੱਲਾਂ ਸਾਂਝੀਆਂ ਕਰਕੇ ਮਨੁੱਖੀ ਦਿਮਾਗ਼ ਦੀ ਮਹਿਮਾ ਵੀ ਥੋੜ੍ਹੀ ਹੋਰ ਵਧਾਉਣਾ ਚਾਹੁੰਦਾ ਸਾਂ। ਮਨੁੱਖੀ ਦਿਮਾਗ਼ ਭਾਵੇਂ ਮਨੁੱਖ ਦੇ ਸਿਰ ਵਿਚ ਲੱਗਿਆ ਮਾਸ ਦਾ ਇੱਕ ਛੋਟਾ ਜਿਹਾ ਟੋਟਾ ਹੈ ਪਰ ਇਹ ਸੰਸਾਰ ਵਿਚ ਹੁਣ ਤੀਕਰ ਦਾ ਸਭ ਤੋਂ ਵੱਧ ਵਿਕਸਿਤ ਪਦਾਰਥ ਹੈ। ਇਹ ਇੰਨਾ ਕਿਰਿਆਸ਼ੀਲ ਹੈ ਕਿ ਸਮੇਂ ਦੀ ਚਾਲ ਤੋਂ ਉਲਟ ਵੀ ਚੱਲ ਸਕਦਾ ਹੈ ਜਾਂ ਚਲਣ ਦਾ ਝਾਉਲਾ ਪਾ ਸਕਦਾ ਹੈ। ਦੂਜੀ ਗੱਲ ਇਹ ਕਿ ਇਹ ਅੰਦਰ ਖਾਤੇ ਮਨੁੱਖ ਦੇ ਸਰੀਰ ਦਾ ਨਿਯੰਤਰਨ ਕਰਦਾ ਹੈ। ਇਸ ਦੀਆਂ ਅਣਗਿਣਤ ਅੰਦਰੂਨੀ ਤੈਹਾਂ ਹਨ ਜੋ ਦਿਮਾਗ਼ ਲਈ ਵੀ ਦਿਮਾਗ਼ ਦਾ ਕੰਮ ਕਰਦੀਆਂ ਹਨ। ਇਸ ਵਿਚ ਵਿਕਾਰ ਆਉਣ ਨਾਲ ਮਨੁੱਖ ਦੀ ਸਿਹਤ ਵਿਚ ਵੀ ਵਿਕਾਰ ਆ ਜਾਂਦੇ ਹਨ। ਦੁਨੀਆਂ ਵਿਚ ਮਨੁੱਖੀ ਸਰੀਰ ਨੂੰ ਬਿਮਾਰੀ ਤੋਂ ਮੁਕਤ ਕਰਨ ਦਾ ਸਭ ਤੋਂ ਵਿਗਿਆਨਕ ਤਰੀਕਾ ਇਹ ਹੈ ਕਿ ਉਸ ਦੇ ਦਿਮਾਗ਼ ਵਿਚ ਚਲਦੇ ਵਿਕਾਰਾਂ ਨੂੰ ਠੀਕ ਕੀਤਾ ਜਾਵੇ। ਇਸ ਤਰ੍ਹਾਂ ਮਨੁੱਖ ਸਰੀਰਕ ਤੇ ਮਾਨਸਿਕ ਦੋਵੇਂ ਤੌਰ ਤੇ ਅਰੋਗ ਹੋ ਜਾਂਦਾ ਹੈ। ਹੋਮਿਓਪੈਥੀ ਪਿਛਲੇ ਦੋ ਸੌ ਸਾਲਾਂ ਤੋਂ ਇਵੇਂ ਹੀ ਕਰਦੀ ਆ ਰਹੀ ਹੈ। ਇਹ ਸਭ ਸੋਚ ਕੇ ਮੈਂ ਭੰਡਾਲ ਸਾਹਿਬ ਨੂੰ ਫੋਨ ਕੀਤਾ ਪਰ ਉਨ੍ਹਾਂ ਦਾ ਕੋਈ ਜਵਾਬ ਨਾ ਆਇਆ। ਖ਼ੈਰ ਮੈਂ ਰਹਿਣ ਦਿੱਤਾ ਤੇ ਰਾਤ ਨੂੰ ਇਸ ਅਖ਼ਬਾਰ ਵਿਚੋਂ ਪ੍ਰੋ: ਨਰਿੰਦਰ ਸਿੰਘ ਕਪੂਰ ਦਾ ਯੂਨੀਵਰਸਿਟੀਆਂ ਬਾਰੇ ਲੇਖ ਪੜ੍ਹ ਕੇ ਸੌਂ ਗਿਆ।

ਅਗਲੀ ਸਵੇਰ ਚਾਰ ਵਜੇ ਅਚਾਨਕ ਮੇਰੀ ਜਾਗ ਖੁੱਲ੍ਹ ਗਈ। ਜਾਗਣ ਤੋਂ ਪਹਿਲਾਂ ਮੈਨੂੰ ਇੱਕ ਅਨੰਦਦਾਇਕ ਸੁਪਨਾ ਆ ਰਿਹਾ ਸੀ। ਇਸ ਸੁਪਨੇ ਵਿਚ ਮੈਨੂੰ ਇੱਕ ਨਵਾਂ ਚੁਨੌਤੀ ਭਰਿਆ ਕੰਮ ਮਿਲਿਆ ਸੀ ਜਿਸ ਵਿਚ ਮੇਰੇ ਚਰਿੱਤਰ ਤੇ ਇਮਾਨਦਾਰੀ ਦੀ ਪਰਖ ਹੋਣੀ ਸੀ। ਮੈਂ ਬੜੇ ਉਤਸ਼ਾਹ ਵਿਚ ਸਾਂ ਤੇ ਆਪਣੇ ਕੰਮ ਵਿਚ ਪੁਰਾ ਉੱਤਰਨ ਲਈ ਪ੍ਰਯਤਨਸ਼ੀਲ ਸਾਂ। ਇਸ ਲਈ ਜਾਗਣ ਵੇਲੇ ਮੇਰਾ ਦਿਲ ਵੀ ਤੇਜ਼ ਤੇਜ਼ ਧੜਕ ਰਿਹਾ ਸੀ। ਸੁਪਨਾ ਕੁਝ ਇਵੇਂ ਸੀ।ਯੂਨੀਵਰਸਿਟੀ ਵੱਲੋਂ ਮੈਨੂੰ ਸਪਾਟ ਇਵੈਲੂਏਸ਼ਨ ਲਈ ਸੱਦਿਆ ਹੋਇਆ ਸੀ। ਮੈਂ ਕਾਹਲੀ ਨਾਲ ਡਿਪਾਰਟਮੈਂਟ ਵਿਚ ਦਾਖਲ ਹੋਇਆ। ਵਿਭਾਗ ਮੁਖੀ ਨੂੰ ਮਿਲਿਆ ਜੋ ਕਿ ਮੇਰਾ ਪੁਰਾਣਾ ਮਾਨਯੋਗ ਅਧਿਆਪਕ ਵੀ ਸੀ। ਉਸ ਨੇ ਪਰਚਿਆਂ ਦੇ ਢੇਰ ਵਲ ਇਸ਼ਾਰਾ ਕਰ ਕੇ ਮੈਨੂੰ ਕਿਹਾ,”ਇਹਨਾਂ ਪਰਚਿਆਂ ਨੂੰ ਮਾਰਕ ਕਰਨ ਲਈ ਤੈਨੂੰ ਵਿਸ਼ੇਸ਼ ਤੌਰ ਤੇ ਸੱਦਿਆ ਹੈ। ਪਰ ਯਾਦ ਰਹੇ, ਇਹਨਾਂ ਵਿਚ ਇੱਕ ਪਰਚਾ ਮੇਰੀ ਲੜਕੀ ਦਾ ਵੀ ਹੈ। ਕਿਸੇ ਹੋਰ ਨੂੰ ਸੱਦਦਾ ਤਾਂ ਲੋਕਾਂ ਨੇ ਰੌਲਾ ਪਾਉਣਾ ਸੀ ਕਿ ਹੇਰਾ ਫੇਰੀ ਨਾਲ ਧੀ ਦੇ ਨੰਬਰ ਲਗਵਾ ਲਏ ਹਨ। ਦੁਨੀਆਂ ਵਿਚ ਹਰ ਕੋਈ ਬੇਈਮਾਨ ਤੇ ਭ੍ਰਿਸ਼ਟਾਚਾਰੀ ਹੈ। ਜਿਸ ਨੂੰ ਨਹੀਂ ਛੇੜਿਆ ਉਹੀ ਭਲਾ ਹੈ। ਕਿਸੇ ਤੇ ਵੀ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ। ਸਾਰਿਆਂ ਦੀਆਂ ਨਜ਼ਰਾਂ ਵਿਚ ਇੱਕ ਤੂੰ ਹੀ ਹੈਂ ਜਿਸ ਤੇ ਕੋਈ ਉਂਗਲ ਨਹੀਂ ਉਠਾ ਸਕਦਾ।” ਗੁਰੂ ਜੀ ਤੋਂ ਪ੍ਰਸੰਸਾ ਸੁਣ ਕੇ ਮੈਂ ਖ਼ੁਸ਼ ਹੋਇਆ ਪਰ ਸਵਾਲ ਕੀਤਾ, ”ਸਰ, ਜੇ ਤੁਸੀਂ ਨਿਰਪੱਖ ਮਾਰਕਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਫਿਰ ਮੈਨੂੰ ਇਹ ਕਿਉਂ ਦੱਸਦੇ ਹੋ ਕਿ ਇਹਨਾਂ ਵਿਚ ਇੱਕ ਪਰਚਾ ਤੁਹਾਡੀ ਲੜਕੀ ਦਾ ਵੀ ਹੈ?” ਉਨ੍ਹਾਂ ਕਿਹਾ,”ਇਸ ਲਈ ਕਿ ਤੂੰ ਪਰਚਿਆਂ ਨੂੰ ਪੜ੍ਹ ਕੇ ਨੰਬਰ ਲਾਵੇਂ।” ਮੈਨੂੰ ਧਿਆਨ ਆਇਆ ਕਿ ਕਈ ਲੋਕ ਬਿਨਾਂ ਪੜ੍ਹੇ ਹੀ ਪਰਚੇ ਦੇਖ ਦੇਂਦੇ ਸਨ। ਮੈਂ ਪਰਚਿਆਂ ਦਾ ਬੰਡਲ ਚੁੱਕ ਕੇ ਬਾਹਰ ਲਾਅਨ ਵਿਚ ਲੈ ਗਿਆ। ਉੱਥੇ ਉਨ੍ਹਾਂ ਨੂੰ ਇੱਕ ਵੀਹ ਤੀਹ ਫੁੱਟ ਲੰਮੇ ਮੇਜ਼ ਤੇ ਇੱਕ ਲਾਇਨ ਵਿਚ ਲਗਾ ਦਿੱਤਾ। ਫਿਰ ਮੇਜ਼ ਦੁਆਲੇ ਘੁੰਮ ਕੇ ਸਭ ਦਾ ਪਹਿਲਾ ਪਹਿਲਾ ਸਫ਼ਾ ਪੜ੍ਹਨ ਲੱਗਿਆ। ਸੁਪਨੇ ਦੀ ਗੱਲ ਹੈ, ਉਂਜ ਮੈਂ ਕਦੇ ਇੱਦਾਂ ਪੇਪਰ ਮਾਰਕ ਨਹੀਂ ਕਰਦਾ।

ਮੈਂ ਇਹ ਕੰਮ ਸ਼ੁਰੂ ਕੀਤਾ ਹੀ ਸੀ ਕਿ ਦੂਰੋਂ ਵਿਦਿਆਰਥੀਆਂ ਦਾ ਇੱਕ ਗਰੁੱਪ ਆਪਣੇ ਵਲ ਆਉਂਦਾ ਵੇਖਿਆ। ਮੈਨੂੰ ਪਤਾ ਸੀ ਕਿ ਇੱਦਾਂ ਦੀਆਂ ਕਈ ਭੀੜਾਂ ਪ੍ਰੋਫੈਸਰਾਂ ਨੂੰ ਮਿਲ ਮਿਲਾ ਕੇ ਨੰਬਰ ਲਵਾਉਣ ਲਈ ਘੁੰਮਦੀਆਂ ਹਨ। ਲੋਹੜੀ ਵਾਲੇ ਦਿਨ ਲੋਹੜੀ ਮੰਗਦੇ ਜਵਾਕਾਂ ਵਾਂਗ ਇਹ ਵਿਦਿਆਰਥੀ ਨੰਬਰਾਂ ਦੀ ਲੋਹੜੀ ਮੰਗਦੇ ਫਿਰ ਰਹੇ ਸਨ। ਨੇੜੇ ਆ ਕੇ ਜਦੋਂ ਉਨ੍ਹਾਂ ਨੇ ਮੈਨੂੰ ”ਗੁੱਡ ਮਾਰਨਿੰਗ” ਕਿਹਾ ਤਾਂ ਮੈਂ ਉਨ੍ਹਾਂ ਨੂੰ ਦੂਰ ਹੀ ਰੁਕਣ ਦਾ ਇਸ਼ਾਰਾ ਕੀਤਾ। ਮੈਂ ਕਿਹਾ,”ਕਾਕਾ ਇੱਧਰ ਮੈਂ ਪਰਚੇ ਦੇਖ ਰਿਹਾ ਹਾਂ। ਮੈਨੂੰ ਪਤਾ ਹੈ ਕਿ ਤੁਹਾਡੇ ਦਿਲ ਵਿਚ ਕੀ ਹੈ? ਮੈਂ ਉੱਧਰ ਆ ਕੇ ਤੁਹਾਨੂੰ ਮਿਲਦਾ ਹਾਂ।” ਉਨ੍ਹਾਂ ਨੇ ਕਿਹਾ, ”ਨਹੀਂ ਸਰ, ਅਸੀਂ ਉਸ ਕੰਮ ਨਹੀਂ ਆਏ ਜੋ ਤੁਸੀਂ ਸਮਝਦੇ ਹੋ। ਅਸੀਂ ਤਾਂ ਇਹ ਬੇਨਤੀ ਕਰਨ ਆਏ ਹਾਂ ਕਿ ਸਾਡੇ ਨਾਲ ਹਰ ਸਾਲ ਬੇਇਨਸਾਫ਼ੀ ਹੁੰਦੀ ਹੈ। ਇਸ ਵਾਰ ਨਾ ਹੋਵੇ।” ਮੈਂ ਉਨ੍ਹਾਂ ਨੂੰ ਦੂਰੋਂ ਹੀ ਕਿਹਾ, ”ਮੈਨੂੰ ਪਤਾ ਹੈ ਤੁਹਾਡੇ ਮਨ ਵਿਚ ਕੀ ਹੈ। ਮੈਂ ਉੱਥੇ ਆ ਕੇ ਗੱਲ ਕਰਦਾ ਹਾਂ।” ਉਹ ਰੁਕ ਗਏ।

ਉਨ੍ਹਾਂ ਕੋਲ ਜਾ ਕੇ ਮੈਂ ਕਿਹਾ, ”ਸੁਣੋ! ਪਿਛਲੇ ਸਾਲ ਮੈਂ ਇੱਥੇ ਹੀ ਖੜ੍ਹਾ ਸਾਂ। ਜਿਸ ਤਰ੍ਹਾਂ ਤੁਸੀਂ ਆਏ ਹੋ ਇਸੇ ਤਰ੍ਹਾਂ ਇੱਕ ਨੀਲੇ ਰੰਗ ਦੇ ਸੂਟ ਵਾਲੀ ਕੁੜੀ ਆਈ। ਮੈਨੂੰ ਕਹਿਣ ਲੱਗੀ, ”ਮੈਂ ਸਮਰਾਓ ਸਰ ਨੂੰ ਮਿਲਣਾ ਹੈ।” ਮੈਂ ਉਸ ਨੂੰ ਜਾਣਦਾ ਸਾਂ ਪਰ ਉਹ ਮੈਨੂੰ ਨਹੀਂ ਸੀ ਜਾਣਦੀ। ਮੈਂ ਉਸ ਨੂੰ ਕਿਹਾ, ”ਉਨ੍ਹਾਂ ਦਾ ਤਾਂ ਪਤਾ ਨਹੀਂ ਕਿੱਥੇ ਹਨ। ਸਮੱਸਿਆ ਦੱਸ ਮੈਂ ਉਨ੍ਹਾਂ ਤੀਕਰ ਪਹੁੰਚਾ ਦਿਆਂਗਾ।” ਉਸ ਨੇ ਕਿਹਾ, ”ਸਮੱਸਿਆ ਤਾਂ ਕੋਈ ਨਹੀਂ ਸਰ ਬਸ ਮਿਲਣਾ ਹੀ ਸੀ।” ਮੈਂ ਕਿਹਾ, ”ਮੈਨੂੰ ਪਤਾ ਹੈ ਤੂੰ ਕੀ ਕਹਿਣਾ ਚਾਹੁੰਦੀ ਹੈਂ। ਮੈਂ ਫਿਰ ਵੀ ਉਨ੍ਹਾਂ ਨੂੰ ਦੱਸ ਦਿਆਂਗਾ।”

ਥੋੜ੍ਹੇ ਸਮੇਂ ਬਾਦ ਮੈਂ ਡਿਪਾਰਟਮੈਂਟ ਆਪਣੇ ਕਮਰੇ ਵਿਚ ਬੈਠਾ ਸਾਂ। ਉਹ ਆ ਗਈ ਤੇ ਝੇਂਪ ਕੇ ਬੋਲੀ, ”ਸੌਰੀ ਸਰ। ਮੈਨੂੰ ਪਤਾ ਨਹੀਂ ਸੀ ਤੁਸੀਂ ਹੀ ਸਮਰਾਓ ਸਰ ਹੋ।” ਮੈਂ ਉਸ ਨੂੰ ਬੈਠਣ ਦਾ ਇਸ਼ਾਰਾ ਕਰ ਕੇ ਪੁੱਛਿਆ, ”ਮੈਨੂੰ ਪਤਾ ਤਾਂ ਹੈ ਪਰ ਤੂੰ ਹੀ ਦੱਸ ਕੀ ਸਮੱਸਿਆ ਹੈ?” ਇੰਨੀਆਂ ਗੱਲਾਂ ਬਾਤਾਂ ਤੋਂ ਬਾਦ ਲੜਕੀ ਦਾ ਝਾਕਾ ਖੁੱਲ੍ਹ ਗਿਆ ਸੀ। ਨਿਸੰਗ ਹੋ ਕੇ ਬੋਲੀ, ”ਸਰ ਮੈਂ ਨਾਲ ਦੇ ਸ਼ਹਿਰ ਵਿਚ ਖ਼ਾਲਸਾ ਕਾਲਜ ਦੀ ਵਿਦਿਆਰਥਣ ਹਾਂ। ਐਮ ਏ ਪਾਰਟ ਟੂ ਦਾ ਪੇਪਰ ਦਿੱਤਾ ਹੈ। ਮੇਰਾ ਪਰਚਾ ਤੁਹਾਡੇ ਕੋਲ ਮਾਰਕ ਕਰਨ ਲਈ ਆਇਆ ਹੈ।” ਫਿਰ ਥੋੜ੍ਹਾ ਰੁਕ ਕੇ ਬੋਲੀ, ”ਸਰ, ਘਰ ਦੀਆਂ ਕਈ ਜਿੰਮੇਵਾਰੀਆਂ ਕਰ ਕੇ ਤਿਆਰੀ ਨਹੀਂ ਕਰ ਸਕੀ। ਤਿੰਨ ਸਵਾਲ ਗ਼ਲਤ ਕਰ ਦਿੱਤੇ, ਦੂਜੇ ਦੋ ਵੀ ਪੂਰੇ ਨਹੀਂ ਹੋਏ। ਪਾਸ ਕਰ ਦਿਓ ਸਰ। ਘਰੋਂ ਬੜਾ ਪ੍ਰੈਸ਼ਰ ਹੈ।”

ਉਸ ਦੀ ਗੱਲ ਸੁਣ ਕੇ ਚਲਦੇ ਸੁਪਨੇ ਵਿਚ ਹੀ ਮੈਨੂੰ ਉਹ ਵਕਤ ਯਾਦ ਆਇਆ ਜਦੋਂ ਸੈਨ ਹੋਜ਼ੇ ਸਟੇਟ ਵਿਚ ਮੇਰੀ ਕੌੰਸਲਰ ਜੈਨ ਗ੍ਰੈਡੀਅਨ ਨੇ ਮੈਨੂੰ ਸੱਦ ਕੇ ਆਖਿਆ ਸੀ, ”ਟੈਸਟ ਬਹੁਤ ਔਖਾ ਹੈ। ਇੰਡੀਆ ਜਾ ਰਿਹਾ ਹੈਂ ਜਾਹ, ਪਰ ਸਮਾਂ ਖ਼ਰਾਬ ਨਾ ਕਰੀਂ। ਹੋ ਸਕੇ ਤਾਂ ਜਹਾਜ਼ ਵਿਚ ਵੀ ਕਿਤਾਬ ਪੜ੍ਹਦਾ ਰਹੀਂ।” ਮੈਂ ਉਸ ਨੂੰ ਮੌਕੇ ਤੇ ਹੀ ਡੀਂਗ ਮਾਰ ਕੇ ਕਿਹਾ ਸੀ, ”ਮਿਸ ਗ੍ਰੈਡੀਅਨ, ਜੇ ਇੰਨਾ ਹੀ ਔਖਾ ਹੈ ਫਿਰ ਤਾਂ ਕਿਤਾਬ ਛੂਹਾਂਗਾ ਵੀ ਨਹੀਂ। ਬਿਨਾਂ ਪੜ੍ਹੇ ਪਾਸ ਹੋ ਕੇ ਦਿਖਾਵਾਂਗਾ” ਪਰ ਪੇਸ਼ਾਨੀ ਉਦੋਂ ਹੋਈ ਜਦੋਂ ਪੈਸਿਫਿਕ ਯੂਨੀਵਰਸਿਟੀ ਸਟਾਕਟਨ ਦੇ ਹਾਲ ਵਿਚ ਬੈਠਾ ਮੈਂ ਅਤਿ-ਉਤਸਾਹਿਤ ਅਵਸਥਾ ਵਿਚ ਅੱਧੇ ਤੋਂ ਵੀ ਵੱਧ ਸਮਾਂ ਅੰਗਰੇਜ਼ੀ ਦੇ ਸਫਿਆਂ ਤੇ ਹਿਸਾਬ ਦੇ ਸਵਾਲ ਕਰੀ ਗਿਆ। ਜਦੋਂ ਪਤਾ ਲੱਗਿਆ ਉਦੋਂ ਨਾਂ ਸਮਾਂ ਬਚਿਆ ਨਾ ਸਫੇ। ਪੰਦਰਾਂ ਮਿੰਟ ਬੇਉਮੀਦੀ ਵਿਚ ਗਰਦਨ ਟੇਢੀ ਕਰ ਕੇ ਬੈਠਾ ਰਿਹਾ। ਫੇਲ ਹੋਣ ਦੇ ਡਰ ਨਾਲੋਂ ਡੀਂਗ ਮਾਰਨ ਦਾ ਦੁਖ ਵਧੇਰੇ ਸਤਾ ਰਿਹਾ ਸੀ। ਮਿਜ਼ਾਜ ਠੰਢਾ ਹੋਣ ਤੇ ਰਹਿੰਦੇ ਵਿਸ਼ਿਆਂ ਦਾ ਕੰਮ ਮੁੜ ਕੇ ਅਰੰਭ ਕੀਤਾ। ਖ਼ੈਰ ਜਿੰਨਾ ਕੀਤਾ ਉੱਨੇ ਨਾਲ ਹੀ ਪਾਸ ਹੋ ਗਿਆ ਤੇ ਡੀਂਗ ਦੀ ਇੱਜ਼ਤ ਰਹਿ ਗਈ। ਉੱਥੋਂ ਪਤਾ ਲੱਗਿਆ ਕਿ ”ਪ੍ਰੈਸ਼ਰ” ਕਿੰਨੀ ਡਰਾਉਣੀ ਚੀਜ਼ ਹੁੰਦੀ ਹੈ। ਘਬਰਾ ਕੇ ਮੇਰੀ ਜਾਗ ਖੁੱਲ੍ਹ ਗਈ।

ਪਰ ਪਾਠਕ ਗਣੋ, ਮੈਂ ਨਹੀਂ ਸੀ ਚਾਹੁੰਦਾ ਕਿ ਇੰਨਾ ਦਿਲਚਸਪ ਸੁਪਨਾ ਟੁੱਟ ਜਾਵੇ। ਮੈਂ ਦੇਖਣਾ ਚਾਹੁੰਦਾ ਸਾਂ ਕਿ ਮੈਂ ਲੜਕੀ ਨੂੰ ਕੀ ਜਵਾਬ ਦਿੱਤਾ। ਉਧੱਰ ਮੇਰੇ ਸਾਹਮਣੇ ਵਿਦਿਆਰਥੀ ਖੜ੍ਹੇ ਸਨ ਜਿਨ੍ਹਾਂ ਨੂੰ ਮੈਂ ਸੰਬੋਧਨ ਕਰ ਰਿਹਾ ਸਾਂ। ਮੈਂ ਉਨ੍ਹਾਂ ਦਾ ਪ੍ਰਤੀਕਰਮ ਵੀ ਜਾਣਨਾ ਸੀ। ਮੈਂ ਮਨ ਦੀ ਨਜ਼ਰ ਦੁੜਾ ਕੇ ਦੇਖਿਆ ਕਿ ਜੇ ਇਸ ਦੇ ਅਗਲੇ ਭਾਗ ਦੀ ਕਿਤੋਂ ਉੱਘ ਸੁੱਘ ਮਿਲਦੀ ਹੋਵੇ। ਪਰ ਅਜਿਹਾ ਕੁਝ ਵੀ ਨਜ਼ਰ ਨਾ ਆਇਆ। ਮੈਨੂੰ ਡਰ ਲੱਗਣ ਲੱਗਿਆ ਕਿ ਜੇ ਇਹ ਸੁਪਨਾ ਇੱਥੇ ਹੀ ਟੁੱਟ ਗਿਆ ਤਾਂ ਸਾਰਾ ਸਵਾਦ ਕਿਰਕਿਰਾ ਹੋ ਜਾਵੇਗਾ। ਮੈਂ ਉਵੇਂ ਹੀ ਦਬਕ ਕੇ ਪੈ ਗਿਆ ਘਟਨਾਵਾਂ ਦੀ ਤੰਦ ਜੋੜਨ ਲੱਗਿਆ। ਮੈਂ ਅਨੁਭਵ ਕੀਤਾ ਕਿ ਹੌਲੀ ਹੌਲੀ ਇੱਕ ਇੱਕ ਕਰਕੇ ਸੁਪਨੇ ਦੀਆਂ ਕੜੀਆਂ ਟਪਕਣ ਲੱਗੀਆਂ ਹਨ। ਜਿਵੇਂ ਕੋਈ ਕੰਨ ਵਿਚ ਦੱਸ ਰਿਹਾ ਹੋਵੇ, ਇੱਕ ਇੱਕ ਸ਼ਬਦ ਕਰ ਕੇ ਦਿਮਾਗ਼ੋਂ ਕਹਾਣੀ ਨਿਕਲਦੀ ਰਹੀ ਤੇ ਮੈਂ ਉਸ ਨੂੰ ਲਿਖਦਾ ਰਿਹਾ। ਕਈ ਸ਼ਬਦ ਤਾਂ ਲਿਖਣ ਵੇਲੇ ਗ਼ਲਤ ਹੀ ਹੋ ਗਏ ਤੇ ਬਾਦ ਵਿਚ ਦਰੁਸਤ ਕਰਨੇ ਪਏ। ਮਦਦ ਦੀ ਥਾਂ ਮੁੱਦਤ ਲਿਖਿਆ ਗਿਆ, ਫਿਰ ਠੀਕ ਕੀਤਾ। ਇਹ ਸਭ ਇਵੇਂ ਕੁਝ ਹੋ ਰਿਹਾ ਸੀ ਜਿਵੇਂ ਇੱਕ ਟੈਲੀਗਰਾਫਿਸਟ ਤਾਰ ਸਾਉਂਡਰ ਦੀ ਟਿਕ ਟਿਕ ਸੁਣ ਕੇ ਅੱਖਰਾਂ ਵਿਚ ਉੱਲਥਾ ਕਰਕੇ ਲਿਖਦਾ ਹੈ। ਮੈਨੂੰ ਟੈਲੀਗ੍ਰਾਫ਼ੀ ਦਾ ਹੁਨਰ ਆਉਂਦਾ ਹੈ ਸ਼ਾਇਦ ਇਸ ਕਰ ਕੇ ਹੀ ਇਹ ਭਾਵ ਨਾਲ ਜੁੜ ਗਿਆ ਹੋਵੇ। ਅਰਧ-ਚੇਤਨ ਅਵਸਥਾ ਵਿਚ ਮੈਂ ਨਾਲ ਨਾਲ ਚੈੱਕ ਵੀ ਕਰਦਾ ਜਾ ਰਿਹਾ ਸੀ ਕਿ ਕਿਤੇ ਇਹ ਕੋਈ ਘੜੀ ਘੜਾਈ ਕਹਾਣੀ ਤਾਂ ਨਹੀਂ। ਪਰ ਨਹੀਂ ਜਦੋਂ ਰੁਕ ਜਾਂਦਾ ਸਾਂ ਤਾਂ ਅੱਖਰ ਆਉਣੇ ਬੰਦ ਹੋ ਜਾਂਦੇ ਸਨ। ਕਦੇ ਕਦੇ ਮੈਂ ਡਰਦਾ ਕਿ ਕਿਤੇ ਕੋਈ ਆ ਕੇ ਜਗਾ ਹੀ ਨਾ ਦੇਵੇ ਜਾਂ ਅਲਾਰਮ ਹੀ ਨਾ ਵੱਜ ਜਾਵੇ। ਪਰ ਕੋਈ ਵਿਘਨ ਨਾ ਪਿਆ ਤੇ ਸਾਰੀ ਕਹਾਣੀ ਲਿਖੀ ਗਈ। ਇੱਕਤਰਤ ਵਿਦਿਆਰਥੀਆਂ ਨੂੰ ਮੈਂ ਇਹ ਕਹਾਣੀ ਇਉਂ ਸੁਣਾਈ:

ਲੜਕੀ ਨੇ ਕਿਹਾ, ”ਸਰ ਮੈਨੂੰ ਫੇਲ ਨਾ ਕਰਿਓ ਨਹੀਂ ਮੈਂ ਕਿਤੋਂ ਦੀ ਨਾ ਰਹਾਂਗੀ। ਜੇ ਹੋ ਸਕੇ ਨੰਬਰ ਵੀ ਠੀਕ ਠੀਕ ਦੇ ਦਿਓ।” ਮੈਨੂੰ ਲੜਕੀ ਨਾਲ ਹਮਦਰਦੀ ਹੋਈ ਪਰ ਮੈਂ ਸੋਚਿਆ ਕਿ ਉਸ ਦੀ ਸਮੱਸਿਆ ਹੈ ਤੇ ਇਸ ਦਾ ਇਲਾਜ਼ ਵੀ ਉਸ ਕੋਲ ਹੀ ਸੀ। ਮੇਰੇ ਕੋਲ ਆ ਕੇ ਤਾਂ ਉਸ ਨੇ ਉਲਟ ਕੰਮ ਕੀਤਾ ਹੈ। ਮੇਰਾ ਕੰਮ ਪਰਚਾ ਮੁਲਾਂਕਣ ਦਾ ਹੈ ਪਰਚਾ ਕਰਨ ਵਾਲੇ ਦੀਆਂ ਮਜ਼ਬੂਰੀਆਂ ਦੇ ਮੁਲਾਂਕਣ ਦਾ ਨਹੀਂ। ਮੇਰੀ ਕਲਮ ਮੇਰੀ ਆਪਣੀ ਨਹੀਂ। ਇਹ ਕਲਮ ਇੱਕ ਅਸੂਲ, ਇੱਕ ਤਰਕ ਤੇ ਇੱਕ ਵਿਵਸਥਾ ਦੀ ਕਲਮ ਹੈ। ਇਹ ਸਮਾਜ ਦੀ, ਇਨਸਾਫ਼ ਦੀ ਤੇ ਕੁਦਰਤ ਦੀ ਕਲਮ ਹੈ ਜਿਸ ਦੇ ਤੋਲ ਤੇ ਪੂਰੀ ਕਾਇਨਾਤ ਟਿਕੀ ਹੈ। ਹੱਥ ਮੇਰਾ ਹੋਵੇ ਜਾ ਕਿਸੇ ਹੋਰ ਦਾ, ਉਸ ਸੇਧ ਵਿਚ ਹੀ ਚੱਲਣਾ ਚਾਹੀਦਾ ਹੈ ਜੋ ਪਿੱਛੋਂ ਆ ਰਹੀ ਹੈ। ਮੈਂ ਜਿੰਨਾ ਇਸ ਸੰਸਾਰ ਨਾਲ ਜੁੜਿਆ ਹਾਂ ਉਨ੍ਹਾਂ ਹੀ ਉਸ ਸੰਸਾਰ ਨਾਲ ਵੀ ਜੁੜਿਆ ਹੋਇਆ ਹਾਂ ਜਿਸ ਨੇ ਮੈਨੂੰ ਸੰਭਾਲਿਆ ਹੋਇਆ ਹੈ। ਮੈਨੂੰ ਪਤਾ ਸੀ ਮੈਂ ਕੀ ਕਰਨਾ ਹੈ ਪਰ ਕੁਝ ਬੋਲ ਕੇ ਮੈਂ ਉਸ ਦਾ ਦਿਲ ਨਹੀਂ ਸੀ ਤੋੜਨਾ ਚਾਹੁੰਦਾ।”

”ਇਸ ਲਈ ਮੈਂ ਉਸ ਨੂੰ ਟਾਲਦਿਆਂ ਕਿਹਾ, ”ਬੀਬਾ ਜੀ, ਪਰਚੇ ਤਾਂ ਮੈਂ ਦੇਖ ਕੇ ਭੇਜ ਵੀ ਦਿੱਤੇ।” ਉਸ ਨੇ ਤਰਲਾ ਪਾ ਕੇ ਕਿਹਾ, ” ਸਰ, ਦੱਸ ਤਾਂ ਦਿਓ ਮੈਂ ਪਾਸ ਹਾਂ ਕਿ ਨਹੀਂ। ਰਿਕਾਰਡ ਤਾਂ ਤੁਹਾਡੇ ਕੋਲ ਹੀ ਹੋਵੇਗਾ। ਮੇਰਾ ਨਾਂ ਸਰਵਜੀਤ ਕੌਰ ਹੈ।” ਮੈਂ ਕਿਹਾ ਕਿ ਰਿਕਾਰਡ ਵੀ ਦੇਖਣਾ ਪਵੇਗਾ, ਕਿਤੇ ਨਾਲ ਹੀ ਨਾ ਭੇਜ ਦਿੱਤਾ ਹੋਵੇ। ਪਰ ਇਸ ਗੱਲ ਦਾ ਕੀ ਸਬੂਤ ਹੈ ਕਿ ਸਰਵਜੀਤ ਕੌਰ ਤੇਰਾ ਹੀ ਨਾਂ ਹੈ?” ਉਸ ਨੇ ਝੱਟ ਬਾਂਹ ਨੰਗੀ ਕਰ ਕੇ ਦਿਖਾਉਂਦਿਆਂ ਕਿਹਾ, ”ਸਰ ਦੇਖੋ! ਮੇਰਾ ਨਾਂ ਮੇਰੀ ਬਾਂਹ ਤੇ ਉੱਕਰਿਆ ਹੋਇਆ ਹੈ।” ਮੈਂ ਸੁਪਨੇ ਵਿਚ ਹੀ ਆਪਣੇ ਆਪ ਨੂੰ ਕਿਹਾ,”ਚੰਗੀ ਤਰ੍ਹਾਂ ਪੜ੍ਹ ਲੈ, ਸਰਬਜੀਤ ਹੈ ਜਾਂ ਸਰਵਜੀਤ।” ਫਿਰ ਨਾਲ ਹੀ ਖ਼ਿਆਲ ਆਇਆ ਕਿ ਇੱਕੋ ਗੱਲ ਹੈ। ਕਈ ਲੋਕ ਜੋ ਪਹਿਲਾਂ ਆਪਣੇ ਆਪ ਨੂੰ ਸਰਬਜੀਤ ਲਿਖਿਆ ਕਰਦੇ ਸਨ ਹੁਣ ਸਰਵਜੀਤ ਲਿਖਣ ਲੱਗ ਪਏ ਹਨ। ਨਾਲ ਮੈਨੂੰ ਇਹ ਵੀ ਯਾਦ ਆਇਆ ਕਿ ਅਜੇ ਕੱਲ੍ਹ ਹੀ ਮੈਂ ਅਖ਼ਬਾਰ ਵਿਚ ਸੈਕਰਾਮੈਂਟੋ ਦੇ ਇੱਕ ਸਿੰਘ ਸਾਹਿਬ ਦਾ ਨਾਂ ਸਰਵਜੀਤ ਸਿੰਘ ਲਿਖਿਆ ਪੜ੍ਹਿਆ ਸੀ। ਪਰ ਦਿਮਾਗ਼ ਨੂੰ ਇਹ ਖ਼ਿਆਲ ਨਹੀਂ ਆਇਆ ਕਿ ਇਮਤਿਹਾਨੀ ਪੇਪਰਾਂ ਵਿਚ ਨਾਂ ਨਹੀਂ ਰੋਲ ਨੰਬਰ ਵਰਤੇ ਜਾਂਦੇ ਹਨ!

ਖ਼ੈਰ ਅੰਦਰ ਜਾ ਕੇ ਮੈਂ ਉਸ ਦਾ ਪਰਚਾ ਕੱਢਿਆ ਜੋ ਹਾਲੇ ਬਿਨਾ ਮੁਲਾਂਕਣ ਕੀਤੇ ਹੀ ਪਿਆ ਸੀ। ਮੈਂ ਪਰਚਾ ਪੜ੍ਹਿਆ। ਤਿੰਨ ਸਵਾਲ ਗੈਰ-ਸਬੰਧਤ ਤੇ ਦੋ ਬਿਲਕੁਲ ਅਧੂਰੇ। ਉਸੇ ਵੇਲੇ ਨੰਬਰ ਲਾਏ, ਸੌਆਂ ਵਿਚੋਂ ਛੇ ਤੇ ਪਰਚਾ ਵਾਪਸ ਰੱਖ ਕੇ ਮੈਂ ਬਾਹਰ ਆ ਗਿਆ। ਮੈਂ ਉਸ ਕੋਲ ਝੂਠ ਮਾਰ ਕੇ ਕਿਹਾ, ”ਇਹਨਾਂ ਪਰਚਿਆਂ ਦਾ ਤਾਂ ਰਿਕਾਰਡ ਵੀ ਭੇਜ ਦਿੱਤਾ ਹੈ। ਰਿਜ਼ਲਟ ਦੀ ਉਡੀਕ ਕਰਨੀ ਪਵੇਗੀ। ਪਾਸ ਹੋ ਗਈ ਤਾਂ ਠੀਕ ਹੈ ਨਹੀਂ ਤਾਂ ਚੰਗੀ ਤਿਆਰੀ ਕਰਕੇ ਅਗਲੇ ਸਾਲ ਫਿਰ ਤੋਂ ਇਮਤਿਹਾਨ ਦੇ ਦੇਈਂ। ਉਹ ਉੱਠ ਕੇ ਚਲੀ ਗਈ।”

ਇਹ ਘਟਨਾ ਵਿਦਿਆਰਥੀਆਂ ਨੂੰ ਸੁਣਾ ਕੇ ਮੈਂ ਪੁੱਛਿਆ, ”ਆਈ ਸਮਝ?” ਉਹ ਬੋਲੇ, ”ਹਾਂ ਜੀ। ਪਰ ਉਹ ਨੀਲੇ ਸੂਟ ਵਾਲੀ ਦੂਜੇ ਸ਼ਹਿਰ ਦੇ ਅਧਿਆਪਕ ਦੀ ਕੁੜੀ ਸੀ ਇਸ ਵਾਰ ਤਾਂ ਇੱਥੋਂ ਦੇ ਅਧਿਆਪਕ ਦੀ ਹੀ ਲੜਕੀ ਹੈ। ਸਾਨੂੰ ਡਰ ਹੈ ਕਿ…..” ਮੈਂ ਉਨ੍ਹਾਂ ਨੂੰ ਟੋਕਦਿਆਂ ਕਿਹਾ, ”ਫਿਰ ਕੀ ਹੋਇਆ, ਪੇਪਰ ਮਾਰਕਰ ਤਾਂ ਓਹੀ ਐ। ਨਿਸ਼ਚਿੰਤ ਹੋ ਕੇ ਘਰ ਜਾਓ।” ਇੰਨੇ ਨੂੰ ਕਿਸੇ ਦੇ ਫੋਨ ਦੀ ਘੰਟੀ ਵਜੀ ਤੇ ਉਹ ਸਾਰੇ ਆਪਣਾ ਆਪਣਾ ਫੋਨ ਚੈੱਕ ਕਰਨ ਲੱਗੇ। ਦਰ ਅਸਲ ਇਹ ਮੇਰੇ ਹੀ ਫੋਨ ਦਾ ਅਲਾਰਮ ਸੀ ਜੋ ਸਵੇਰੇ ਦੇ ਪੰਜ ਵਜਾ ਰਿਹਾ ਸੀ।
ਮੈਨੂੰ ਸੁਪਨਾ ਸੰਪੰਨ ਹੋਣ ਦੀ ਬੜੀ ਖ਼ੁਸ਼ੀ ਹੋਈ। ਜਿਸ ਤਰਾਂ ਇਸ ਦੀ ਅਧੂਰੀ ਕਹਾਣੀ ਕਣ ਕਣ ਕਰ ਕੇ ਪੂਰੀ ਹੋਈ, ਉਹ ਮੇਰੇ ਲਈ ਵੀ ਅਚੰਭੇ ਦੀ ਗੱਲ ਹੈ। ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਸੀ ਵਾਪਰਿਆ। ਜੇ ਮੈਂ ਇਹ ਗੱਲ ਲਿਖ ਕੇ ਭੰਡਾਲ ਸਾਹਿਬ ਨੂੰ ਭੇਜਾਂ ਤਾਂ ਉਹ ਹੈਰਾਨ ਹੋਣਗੇ ਤੇ ਸੋਚਣਗੇ ਕਿ ਮਨੁੱਖੀ ਦਿਮਾਗ਼ ਸੱਚੀ ਮੁੱਚੀ ਕਿੰਨੀ ਅਦਭੁਤ ਚੀਜ਼ ਹੈ ਜੋ ਟੁੱਟੇ ਸੁਪਨਿਆਂ ਨੂੰ ਵੀ ਬਾਖ਼ੂਬੀ ਜੋੜ ਦਿੰਦਾ ਹੈ। ਪਰ ਜੇ ਉਨ੍ਹਾਂ ਨੂੰ ਇਸ ਪਿੱਛੇ ਛੁਪੀ ਇੱਕ ਹੋਰ ਸੱਚੀ ਘਟਨਾ ਦਾ ਪਤਾ ਚਲੇ ਤਾਂ ਮਨੁੱਖੀ ਖੋਪੜੀ ਵਿਚ ਪਏ ਇਸ ਅਖਰੋਟੀ-ਸ਼ਕਲ ਦੇ ਭੂਰੇ ਮਾਸ ਲੋਥੜੇ ਦੀ ਸੰਕਲਨ ਸਮਰੱਥਾ ਬਾਰੇ ਉਨ੍ਹਾਂ ਦੀ ਹੈਰਾਨੀ ਦੀ ਉੱਕਾ ਹੀ ਕੋਈ ਹੱਦ ਨਾ ਰਹੇ। ਉਸ ਘਟਨਾ ਦੀ ਕਹਾਣੀ ਇਸ ਤਰ੍ਹਾਂ ਹੈ:

ਤਕਰੀਬਨ ਪੱਚੀ ਸਾਲ ਪਹਿਲਾਂ ਮੇਰੇ ਕੋਲ ਪੰਜਾਬ ਦੀ ਇੱਕ ਉੱਘੀ ਯੂਨੀਵਰਸਿਟੀ ਤੋਂ ਐਮ ਏ ਭਾਗ ਦੂਜਾ ਦੇ ਪਰਚੇ ਮੁਲਾਂਕਣ ਲਈ ਆਏ। ਬੰਡਲ ਹਾਲੇ ਖੋਲ੍ਹੇ ਵੀ ਨਹੀਂ ਸਨ ਕਿ ਸਾਡੀ ਹੀ ਯੂਨੀਵਰਸਿਟੀ ਦਾ ਇੱਕ ਮੰਨਿਆਂ ਪ੍ਰਮੰਨਿਆਂ ਪ੍ਰੋਫੈਸਰ ਮੇਰੇ ਘਰ ਆਇਆ। ਇੱਧਰ ਉੱਧਰ ਦੀਆਂ ਗੱਲਾਂ ਕਰ ਕੇ ਕਹਿਣ ਲੱਗਿਆ ਤੁਹਾਡੇ ਕੋਲ ਫਲਾਂ ਯੂਨੀਵਰਸਿਟੀ ਦੇ ਪਰਚੇ ਆਏ ਹਨ। ਉਹ ਮਿੱਤਰ ਪਿਆਰਿਆਂ ਰਾਹੀਂ ਮੂੰਹ-ਲਗਦਾ ਬੰਦਾ ਸੀ ਤੇ ਯੂਨੀਵਰਸਿਟੀ ਦੇ ਪ੍ਰਬੰਧਕੀ ਢਾਂਚੇ ਨਾਲ ਵੀ ਕਾਫ਼ੀ ਘੁਲਿਆ ਮਿਲਿਆ ਸੀ। ਮੈਂ ਸੋਚਿਆ ਇਹ ਕੱਚੀ ਜਾਣਕਾਰੀ ਨਾਲ ਤਾਂ ਆਇਆ ਨਹੀਂ ਇਸ ਲਈ ਇਸ ਕੋਲ ਝੂਠ ਬੋਲ ਕੇ ਕੋਈ ਫ਼ਾਇਦਾ ਨਹੀਂ। ਮੈਂ ਕਿਹਾ,”ਹਾਂ ਜੀ ਆਏ ਹਨ, ਕੱਲ੍ਹ ਈ ਆਏ ਨੇ। ਦੱਸੋ?” ਕਹਿਣ ਲੱਗਿਆ, ”ਉਨ੍ਹਾਂ ਵਿਚ ਇੱਕ ਪਰਚਾ ਮੇਰੀ ਸਟੂਡੈਂਟ ਦਾ ਹੈ। ਬਹੁਤ ਇੰਟੈਲੀਜੈਂਟ ਕੁੜੀ ਹੈ। ਹਮੇਸ਼ਾ ਫ਼ਸਟ ਆਉਂਦੀ ਹੈ। ਪਾਰਟ ਵਨ ਵਿਚ ਵੀ ਫ਼ਸਟ ਸੀ। ਉਸ ਦੀ ਹੈਲਪ ਕਰਨੀ ਹੈ।” ਮੈਂ ਕਿਹਾ,”ਕੋਈ ਗੱਲ ਨਹੀਂ ਰੋਲ ਨੰਬਰ ਲਿਖ ਕੇ ਦੇ ਜਾਓ।” ਕਹਿਣ ਲੱਗਿਆ, ”ਰੋਲ ਨੰਬਰ ਕੀ ਲਿਖਣਾ, ਆਹ ਪਰਚਾ ਕੱਢੋ ਹੁਣੇ ਨੰਬਰ ਲਾ ਦਿੰਦੇ ਹਾਂ।”

ਮੈਨੂੰ ਲੱਗਿਆ ਕਿ ਜੇ ਮੇਰੇ ਪਰਚੇ ਡਰਾਇੰਗ ਰੂਮ ਵਿਚ ਹੀ ਪਏ ਹੁੰਦੇ ਤਾਂ ਉਸ ਵਿਦਵਾਨ ਨੇ ਆਪਣੀ ਵਿਦਿਆਰਥਣ ਦਾ ਪਰਚਾ ਕੱਢ ਕੇ ਆਪੇ ਨੰਬਰ ਲਾ ਲੈਣੇ ਸਨ। ਪਰ ਪਰਚੇ ਮੈਂ ਹਮੇਸ਼ਾ ਆਪਣੇ ਬੈਡ-ਰੂਮ ਵਿਚ ਰੱਖਦਾ ਸਾਂ ਇਸ ਲਈ ਉਸ ਦੀ ਨਜ਼ਰੋਂ ਦੂਰ ਸਨ। ਮੈਂ ਬਹਾਨਾ ਲਗਾਉਂਦਿਆਂ ਕਿਹਾ,” ਨਹੀਂ, ਨਹੀਂ। ਪਰਚਾ ਜਿਸ ਥਾਂ ਤੇ ਹੈ ਉੱਥੇ ਹੀ ਰਹਿਣ ਦਿਓ, ਆਲ਼ੇ ਦੁਆਲੇ ਦੇ ਪਰਚਿਆਂ ਦਾ ਮਿਆਰ ਵੀ ਤਾਂ ਦੇਖਣਾ ਪੈਂਦਾ ਹੈ।” ਉਹ ਬੋਲਿਆ, ”ਦੂਜਿਆਂ ਦਾ ਮਿਆਰ ਕੀ ਦੇਖਣਾ? ਆਪਾਂ ਤਾਂ ਉਸ ਨੂੰ ਹੌਸਲਾ ਅਫਜਾਈ ਲਈ ਫ਼ਸਟ ਕਲਾਸ ਦੇ ਨਾਲ ਨਾਲ ਕਲਾਸ ਵਿਚੋਂ ਫ਼ਸਟ ਵੀ ਕੱਢਣਾ ਹੈ।” ਮੇਰੇ ਅੰਦਰ ਕਈ ਵਲਵਲੇ ਮੰਡਰਾਏ। ਇੱਕ ਵਾਰ ਤਾਂ ਮਨ ਵਿਚ ਆਇਆ ਕਿ ਜੇ ਇਸ ਨੂੰ ਕੋਈ ਫ਼ਰਕ ਨਹੀਂ ਪੈਂਦਾ ਤਾਂ ਮੈਂ ਕਿਹੜਾ ਇਮਾਨਦਾਰੀ ਦਾ ਠੇਕਾ ਲੈ ਰੱਖਿਆ ਹੈ। ਜੋ ਕਹਿੰਦਾ ਹੈ ਕਰ ਕੇ ਖ਼ੁਸ਼ ਕਰੋ, ਕਦੇ ਇਸ ਤੋਂ ਵੀ ਕੋਈ ਕੰਮ ਲੈ ਲਵਾਂਗੇ। ਪਰ ਖ਼ਿਆਲ ਆਇਆ ਕਿ ਇਹ ਤਾਂ ਕੰਮ ਕਰਵਾ ਕੇ ਚਲਾ ਜਾਵੇਗਾ, ਮੁੜ ਮੇਰੇ ਵਲ ਵੇਖੇਗਾ ਵੀ ਨਹੀਂ। ਮੇਰਾ ਅਸੂਲ ਤਾਂ ਮੇਰਾ ਆਪਣਾ ਹੈ। ਹਮੇਸ਼ਾ ਮੇਰੇ ਨਾਲ ਰਹੇਗਾ ਤੇ ਹਮੇਸ਼ਾ ਮੇਰੀ ਸੋਚ ਨੂੰ ਬਲ ਬਖ਼ਸ਼ੇਗਾ। ਮੇਰੇ ਮਨ ਦੀ ਸ਼ੁੱਧਤਾ ਨੇ ਮੈਨੂੰ ਸ੍ਰਿਸ਼ਟੀ ਦੇ ਸੱਚ ਨਾਲ ਜੋੜਿਆ ਹੋਇਆ ਹੈ ਜਿਸ ਤੋਂ ਭਟਕ ਕੇ ਮੈਂ ਬੇਸੁਰਾ ਹੋ ਜਾਵਾਂਗਾ। ਇਸ ਤਰ੍ਹਾਂ ਦੇ ਤਾਂ ਦੱਸ ਚਲੇ ਫਿਰਦੇ ਹਨ, ਮੇਰਾ ਕੀ ਲੈਣਾ ਦੇਣਾ। ਜੇ ਇਹ ਬੇਸ਼ਰਮ ਹੋ ਸਕਦਾ ਹੈ ਤਾਂ ਕੀ ਮੈਂ ਨਿਡਰ ਨਹੀਂ ਹੋ ਸਕਦਾ?

ਇਹ ਸੋਚ ਕੇ ਮੇਰੇ ਮਨ ਨੂੰ ਬਹੁਤ ਸਕੂਨ ਮਿਲਿਆ। ਮੈਂ ਖੁੱਲ ਕੇ ਮੁਸਕਰਾਇਆ ਤੇ ਬੋਲਿਆ,”ਕੋਈ ਨਾ ਜੀ, ਬੰਡਲ ਖੋਲ੍ਹ ਕੇ ਉੱਤਰ-ਕਾਪੀਆਂ ਦਾ ਲਿਸਟਾਂ ਨਾਲ ਮਿਲਾਨ ਤਾਂ ਕਰ ਲੈਣ ਦਿਓ। ਫਿਰ ਜਿਸ ਤਰ੍ਹਾਂ ਕਹੋਗੇ ਕਰ ਲਵਾਂਗੇ।” ਮੇਰਾ ਬਹਾਨਾ ਚੱਲ ਗਿਆ ਤੇ ਉਹ ਰੋਲ ਨੰਬਰ ਦੇ ਕੇ ਕੁਝ ਦਿਨਾਂ ਬਾਦ ਆਉਣ ਦੀ ਗੱਲ ਕਹਿ ਕੇ ਚਲਾ ਗਿਆ।

ਉਸ ਦੇ ਜਾਣ ਪਿੱਛੋਂ ਮੈਂ ਫਟਾ ਫੱਟ ਉਸ ਦੇ ਦਿੱਤੇ ਰੋਲ ਨੰਬਰ ਦਾ ਪਰਚ ਕੱਢ ਕੇ ਵੇਖਿਆ। ਕੁੜੀ ਦੀ ਲਿਖਾਈ ਬੜੀ ਸੁੰਦਰ ਸੀ ਤੇ ਸਫੇ ਵੀ ਆਮ ਨਾਲੋਂ ਵਧ ਭਰੇ ਹੋਏ ਸਨ। ਮੈਂ ਸੋਚਿਆ ਸ਼ਾਇਦ ਫ਼ਸਟ ਆ ਹੀ ਜਾਵੇ ਮੈਂ ਐਵੇਂ ਹੀ ਮਨ ਤੇ ਬੋਝ ਪਾਇਆ। ਥੋੜ੍ਹਾ ਹੋਰ ਨਰਮ ਹੁੰਦਿਆਂ ਮੈਂ ਮਨ ਸਮਝਾਇਆ ਕਿ ਜੇ ਫ਼ਸਟ ਆਉਂਦੀ ਹੈ ਆ ਜਾਵੇ, ਸ਼ਿਫਾਰਸ਼-ਕਰਤਾ ਦੀ ਸਜ਼ਾ ਵਿਦਿਆਰਥੀ ਨੂੰ ਥੋੜ੍ਹਾ ਦੇਣੀ ਹੈ। ਮੈਂ ਪਰਚਾ ਪੜ੍ਹਨਾ ਸ਼ੁਰੂ ਕੀਤਾ। ਲੜਕੀ ਨੇ ਇੱਕ ਇੱਕ ਵਾਕ ਤਿੰਨ ਤਿੰਨ ਵਾਰ ਦੁਹਰਾ ਕੇ ਲਿਖਿਆ ਹੋਇਆ ਸੀ। ਮੈਂ ਇੱਕ ਇੱਕ ਸਫ਼ਾ ਕਰ ਕੇ ਸਾਰਾ ਪਰਚਾ ਪੜ੍ਹਿਆ ਹਰ ਥਾਂ ਇੱਕ ਵਾਕ ਤਿੰਨ ਵਾਰ ਹੀ ਲਿਖਿਆ ਮਿਲਿਆ। ਇੱਥੋਂ ਤੀਕਰ ਕਿ ਅੰਗਰੇਜ਼ੀ ਵਿਚ ਲਿਖੀਆਂ ਟੂਕਾਂ ਵੀ ਤਿੰਨ ਤਿੰਨ ਵਾਰ ਲਿਖੀਆਂ ਸਨ। ਸ਼ਾਇਦ ਉਸ ਨੂੰ ਕਿਸੇ ਨੇ ਇਹ ਗੁਰ ਪੱਕਾ ਕਰਵਾ ਕੇ ਪ੍ਰੀਖਿਆ ਹਾਲ ਭੇਜਿਆ ਹੋਵੇ। ਲਿਖਿਆ ਸਭ ਠੀਕ ਸੀ ਪਰ ਬਣਦਾ ਸੀ ਬੜਾ ਹੀ ਸੰਖੇਪ। ਮੈਂ ਕੁਝ ਚਿਰ ਲਈ ਸ਼ਸ਼ੋਪੰਜ ਵਿਚ ਪੈ ਗਿਆ ਕਿ ਕੀ ਕੀਤਾ ਜਾਵੇ॥ ਫਿਰ ਇੱਕ ਹੱਲ ਲੱਭਿਆ। ਮੈਂ ਉਸ ਨੂੰ ਉਸ ਦੇ ਭਰੇ ਸਫਿਆਂ ਮੁਤਾਬਕ ਹਰ ਸਵਾਲ ਦੇ ਵੀਹ ਵਿਚੋਂ ਪੰਦਰਾਂ ਅਰਥਾਤ ਪੰਝਤਰ ਪ੍ਰਤੀਸ਼ਤ ਨੰਬਰ ਦੇ ਕੇ ਤਿੰਨ ਨਾਲ ਤਕਸੀਮ ਕਰਦਾ ਗਿਆ। ਪੰਜ ਸਵਾਲਾਂ ਦੇ ਕੁਲ ਪੰਝੀ ਅੰਕ ਬਣੇ। ਇਹਨਾਂ ਵਿਚ ਸੁੰਦਰ ਲਿਖਾਈ ਦੇ ਦਸ ਅੰਕ ਜੋੜ ਕੇ ਮੈਂ ਉਸ ਨੂੰ ਪੈਂਤੀ ਨੰਬਰਾਂ ਨਾਲ ਪਾਸ ਕਰ ਦਿੱਤਾ। ਪ੍ਰੋਫੈਸਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਸਭ ਪਰਚਿਆਂ ਦਾ ਮੁਲਾਂਕਣ ਕਰ ਕੇ ਬੰਡਲ ਵਾਪਸ ਭੇਜ ਦਿੱਤਾ।

ਕੁਝ ਦਿਨਾਂ ਬਾਦ ਉਹ ਆਇਆ ਤੇ ਪੁੱਛਣ ਲੱਗਿਆ,”ਕੀ ਬਣਾਇਆ?” ਮੈਂ ਕਿਹਾ, ”ਬੱਚਾ ਜਿੰਨੇ ਦਾ ਹੱਕਦਾਰ ਸੀ ਉਸ ਤੋਂ ਵੀ ਕਿਤੇ ਜ਼ਿਆਦਾ ਦੇ ਦਿੱਤੇ। ਪੇਪਰ ਵੀ ਭੇਜ ਦਿੱਤੇ।” ਪੁੱਛਣ ਲੱਗਿਆ,”ਫ਼ਸਟ ਆਈ? ਕਿੰਨੇ ਨੰਬਰ ਨੇ?” ਮੈਂ ਕਿਹਾ, ”ਸ਼ਾਇਦ ਫ਼ਸਟ ਹੀ ਹੈ।” ਉਹ ਕਾਹਲੀ ਨਾਲ ਬੋਲਿਆ, ”ਕਾਉਂਟਰਫਾਇਲ ਦਿਖਾਓ।” ਮੈਂ ਅੰਦਰ ਜਾ ਕੇ ਫਟਾ ਫਟ ਲੜਕੀ ਦੇ ਅੱਸੀ ਨੰਬਰਾਂ ਵਾਲੀ ਇੱਕ ਨਕਲੀ ਕਾਉਂਟਰਫਾਇਲ ਬਣਾਈ ਤੇ ਲਿਆ ਕੇ ਉਸ ਦੇ ਸਾਹਮਣੇ ਰੱਖ ਦਿੱਤੀ। ਉਹ ਤਸੱਲੀ ਪ੍ਰਗਟ ਕਰਦਿਆਂ ਧੰਨਵਾਦ ਕਹਿ ਕੇ ਚਲਾ ਗਿਆ। ਮੈਨੂੰ ਖ਼ੁਸ਼ੀ ਹੋ ਰਹੀ ਸੀ ਕਿ ਉਸ ਦੀ ਬੇਸ਼ਰਮੀ ਦਾ ਜਵਾਬ ਮੈਂ ਪੂਰੀ ਬੇਸ਼ਰਮੀ ਨਾਲ ਦਿੱਤਾ ਸੀ।

ਉਸ ਤੋਂ ਕੁਝ ਸਮੇਂ ਬਾਦ ਉਸ ਨੇ ਮੇਰੇ ਨਾਲ ਦੁਆ ਸਲਾਮ ਬੰਦ ਕਰ ਦਿੱਤੀ। ਅਚਨਚੇਤ ਮਿਲਣ ਤੇ ਵੀ ਮੂੰਹ ਫੇਰ ਕੇ ਲੰਘਣ ਲੱਗਿਆ। ਮੈਂ ਤ੍ਰਿਸਕਾਰ ਦੇ ਇਸ ਸੰਤਾਪ ਲਈ ਪਹਿਲਾ ਹੀ ਤਿਆਰ ਸਾਂ। ਫਿਰ ਉਸ ਨੇ ਇੱਕ ਸਾਂਝੇ ਮਿੱਤਰ ਕੋਲ ਜਾ ਕੇ ਉਲਾਂਭਾ ਦਿੱਤਾ ਕਿ ਮੈਂ ਉਸ ਨਾਲ ਵਿਸ਼ਵਾਸਘਾਤ ਕਰ ਕੇ ਯਾਰ-ਮਾਰੀ ਕੀਤੀ ਹੈ। ਮੈਂ ਉਸ ਮਿੱਤਰ ਨੂੰ ਸਾਰੀ ਗੱਲ ਦੱਸ ਕੇ ਆਪਣੀ ਸਫ਼ਾਈ ਦਿੱਤੀ ਤੇ ਕਿਹਾ ਕਿ ਉਸ ਨੂੰ ਸਮਝਾਵੇ।

ਦੋ ਕੁ ਮਹੀਨੇ ਬਾਦ ਉਹੀ ਪ੍ਰੋਫੈਸਰ ਮੈਨੂੰ ਅਰਨਾ ਬਰਨਾ ਚੌਕ ਮਿਲਿਆ। ਉਸ ਨੇ ਸਕੂਟਰ ਤੋਂ ਉੱਤਰ ਕੇ ਬਿਨਾ ਕੁਝ ਕਹੇ ਸੁਣੇ ਹੱਥ ਮਿਲਾਇਆ ਤੇ ਅਪਣੱਤ ਨਾਲ ਮੇਰੀ ਖ਼ਬਰ ਸਾਰ ਪੁੱਛੀ। ਫਿਰ ਉਸ ਨੇ ਨਾਲ ਦੀ ਰੈਸਟੋਰੈਂਟ ਤੋ ਲਿਆ ਕੇ ਸਨਮਾਨ ਨਾਲ ਕੋਕਾ ਕੋਲਾ ਪਿਲਾਇਆ। ਮੈਨੂੰ ਖ਼ੁਸ਼ੀ ਹੋਈ ਕਿ ਸਾਡੇ ਸਾਂਝੇ ਮਿੱਤਰ ਨੇ ਉਸ ਦੀ ਗਲਤ-ਫਹਿਮੀ ਦੂਰ ਕਰ ਕੇ ਸਾਨੂੰ ਫਿਰ ਨੇੜੇ ਨੇੜੇ ਲਿਆਂਦਾ ਹੈ। ਇਸ ਲਈ ਦੂਜੇ ਦਿਨ ਮੈਂ ਉਸ ਸਾਂਝੇ ਮਿੱਤਰ ਨੂੰ ਧੰਨਵਾਦ-ਸਹਿਤ ਕਿਹਾ, ”ਤੂੰ ਉਸ ਕੋਲ ਮੇਰੀ ਚੰਗੀ ਸਿਫ਼ਾਰਸ਼ ਲਾਈ ਲੱਗਦੀ ਹੈ। ਤੇਰੀ ਮਦਦ ਸਦਕਾ ਉਹ ਹੁਣ ਮੇਰੇ ਲਈ ਆਦਰ ਭਾਵ ਰੱਖਦਾ ਹੈ। ਕੱਲ੍ਹ ਬਾਜ਼ਾਰ ਵਿਚ ਮਿਲਿਆ ਤਾਂ ਠੰਢਾ ਕੋਕ ਵੀ ਪਿਲਾਇਆ।” ਉਸ ਨੇ ਕਿਹਾ, ”ਮੈਂ ਤਾਂ ਤੇਰੀ ਕੋਈ ਸਿਫ਼ਾਰਸ਼ ਨਹੀਂ ਲਾਈ। ਪਰ ਉਸ ਦੀ ਸਟੂਡੈਂਟ ਨੇ ਤੇਰੀ ਮਾਰਕਿੰਗ ਵਾਲੇ ਪਰਚੇ ਦੀ ਰੀ-ਇਵੈਲਿਊਏਸ਼ਨ ਕਰਵਾਈ ਸੀ ਤੇ ਫੇਲ ਹੋ ਗਈ ਹੈ। ਇਹ ਕੋਕ ਉਸ ਨੇ ਤੈਨੂੰ ਨੀ ਤੇਰੀ ਈਮਾਨਦਾਰੀ ਨੂੰ ਪਿਲਾਇਆ ਲਗਦਾ ਐ।” ਹੁਣ ਉਹ ਪ੍ਰੋਫੈਸਰ ਇਸ ਸੰਸਾਰ ਵਿਚ ਨਹੀਂ ਹੈ ਪਰ ਜਦੋਂ ਤੀਕਰ ਜਿਊਂਦਾ ਰਿਹਾ ਮੈਨੂੰ ਦਸ ਗੁਣਾ ਵੱਧ ਸਨਮਾਨ ਭਾਵ ਨਾਲ ਮਿਲਦਾ ਰਿਹਾ। ਕਿੱਥੇ ਭੰਡਾਲ ਸਾਹਿਬ ਦਾ ਦਿਮਾਗ਼ ਵਾਲਾ ਲੇਖ, ਕਿਥੇ ਕਪੂਰ ਸਾਹਿਬ ਦੀ ਯੂਨੀਵਰਸਿਟੀ ਦੀ ਗੱਲ, ਕਿੱਥੇ ਟੈਲੀਗ੍ਰਾਫ਼ੀ ਦੇ ਮਾਰਸ-ਕੋਡ ਦੀ ਗਰ-ਗੱਟ, ਕਿੱਥੇ ਮੇਰੀ ਪਰਚਿਆਂ ਦੇ ਮੁਲਾਂਕਣ ਦੀ ਦਾਸਤਾਨ ਤੇ ਕਿੱਥੇ ਅਤੀਤ ਦੀਆਂ ਦਬੀਆਂ ਭਾਵਨਾਵਾਂ! ਇਹਨਾਂ ਸਭ ਨੂੰ ਇੱਕ ਸੁਪਨੇ ਵਿਚ ਸੰਮਿਲਿਤ ਵੇਖਣ ਤੋਂ ਬਾਦ ਮੈਂ ਇਸ ਸਿੱਟੇ ਤੇ ਪਹੁੰਚਿਆ ਹਾਂ ਕਿ ਮਨੁੱਖੀ ਦਿਮਾਗ਼ ਦੀ ਸਮਰੱਥਾ ਮਨੁੱਖੀ ਸੋਚ ਤੋਂ ਵੀ ਕਿਤੇ ਵੱਧ ਹੈ। ਲਗਦਾ ਹੈ ਇਸ ਦਿਮਾਗ਼ ਦਾ ਵੀ ਅੱਗੇ ਇੱਕ ਹੋਰ ਦਿਮਾਗ਼ ਹੈ ਜੋ ਇਸ ਦਾ ਨਿਯੰਤਰਨ ਕਰਦਾ ਹੈ। ਇਹ ਕਿਸੇ ਸਮੁੰਦਰ ਤੋਂ ਵੀ ਜ਼ਿਆਦਾ ਗਹਿਰਾ ਪ੍ਰਤੀਤ ਹੁੰਦਾ ਹੈ। ਸ਼ਾਇਦ ਭੰਡਾਲ ਸਾਹਿਬ ਵੀ, ਜੇ ਕਿਤੇ ਪੜ੍ਹਦੇ ਸੁਣਦੇ ਹੋਣ, ਮੇਰੇ ਇਸ ਨਿਸ਼ਕਰਸ਼ ਤੋਂ ਲਾਂਭੇ ਨਹੀਂ ਜਾਣਗੇ।

Comments

comments

Share This Post

RedditYahooBloggerMyspace