ਪੰਜਾਬ ਦੀ ਰਾਜਨੀਤੀ ਦਾ ਇੱਕ ਅੰਦਾਜ਼ਾ

ਡਾ. ਸੇਵਕ ਸਿੰਘ
ਪਿਛਲੇ ਦਹਾਕੇ ਵਿੱਚ ਜਦੋਂ ਸਭ ਤੋਂ ਸਾਊ ਭਾਰਤੀ ਸਿੱਖ ਨੇ ਰਾਜਸੀ ਢਾਂਚੇ ਦੇ ਨੁਮਾਇੰਦੇ ਵਜੋਂ ਸਿੱਖ ਕਤਲੇਆਮ ਦੀ ‘ਜੇ’ ਅਤੇ ‘ਪਰ’ ਲਾ ਲਾ ਕੇ ਰਾਜਨੀਤਕ ਮੁਆਫ਼ੀ ਮੰਗੀ ਤਾਂ ਉਹੀ ਦੌਰ ਸਾਹਮਣੇ ਆਇਆ ਜੋ 84 ਵੇਲੇ ਸ਼ੁਰੂ ਹੋਇਆ ਸੀ। ਉਸ ਦੌਰ ਵਿੱਚ ਕੁਝ ਅਫ਼ਸਰਾਂ ਨੇ ਆਪਣੇ ਅਹੁਦੇ ਛੱਡੇ ਸਨ। ਉਨ੍ਹਾਂ ਵਿਚੋਂ ਦੋ ਵਾਰ ਅਸਤੀਫ਼ਾ ਦੇਣ ਵਾਲਾ, ਦੂਜੀ ਵਾਰ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਹੈ। ਹੁਣ ਇੱਕ ਵੱਖਰੀ ਕਿਸਮ ਦੇ ਅਸਤੀਫ਼ੇ ਮੁਆਫ਼ੀ ਦੀ ਚਰਚਾ ਹੈ ਜਿਸ ਨਾਲ ਰਾਜਨੀਤੀ ਦਾ ਨਵਾਂ ਗੇੜ ਸ਼ੁਰੂ ਹੁੰਦਾ ਜਾਪਦਾ ਹੈ। ਮਾਨੋ ਦਿੱਲੀ ਰਾਜੀਵ ਗਾਂਧੀ ਦੇ ਪੂਰਨ ਬਹੁਮਤ ਵਾਲੇ ਵੇਲੇ ਵਾਂਗ ਪੰਜਾਬ ਲਈ ਆਪਣੇ ਘੋੜੇ ਫਿਰ ਤੋਂ ਸ਼ਿੰਗਾਰ ਰਹੀ ਹੈ। ਨਵੇਂ ਚਿਹਰਿਆਂ ਜਾਂ ਪੁਰਾਣਿਆਂ-ਅਧੋਰਾਣਿਆਂ ਨੂੰ ਨਵੇਂ ਨਾਂ ਹੇਠ ਪੇਸ਼ ਕਰਨ ਦੀ ਕਸਰਤ ਪਹਿਲਾਂ ਵੀ ਕਈ ਵਾਰ ਕਈ ਰੂਪਾਂ ਵਿੱਚ ਹੋਈ ਹੈ, ਹਰ ਵਾਰ ਅਸਤੀਫ਼ੇ ਹੁੰਦੇ ਰਹੇ ਹਨ।

ਭਾਰਤੀ ਰਾਜਨੀਤੀ ਦੇ ਨਵੇਂ ਰਾਜਸੀ ਦਲ ਦਾ ਭਵਿੱਖ ਮੁਆਫੀਨਾਮੇ ਕਰਕੇ ਪੰਜਾਬ ਵਿਚ ਫਿਰ ਤੋਂ ਪਰਾਲੀ ਦੇ ਧੂੰਏਂ ਵਾਂਗ ਚਰਚਾ ਵਿੱਚ ਹੈ। ਬਿਜਲ ਸੱਥ ਤੋਂ ਲੈ ਕੇ ਭਾਰਤ ਦੇ ਵੱਡੇ ਅਖ਼ਬਾਰਾਂ ਤੱਕ ਸਭ ਨੇ ਇਸ ਮੁਆਫੀਨਾਮੇ ਬਾਰੇ ਭਾਂਤ ਸੁਭਾਂਤੀ ਚਰਚਾ, ਆਪਣੇ ਆਪਣੇ ਹਿਸਾਬੇ ਕੀਤੀ ਹੈ।

ਪੰਜਾਬ ਵਿੱਚ ਮੁਆਫ਼ੀ ਦਾ ਇਹ ਧੂੰਆਂ ਝੋਨੇ ਵਾਂਗ ਬੇਲੋੜੇ ਪਰ ਵਿਕਣਯੋਗ ਰਾਜਸੀ ਪ੍ਰਸੰਗ ਅਤੇ ਕੇਂਦਰੀ ਹਕੂਮਤ ਦੇ ਖ਼ਰੀਦਣ ਵਾਲੇ ਪ੍ਰਸੰਗ ਤੋਂ ਬਿਨਾ ਸਮਝ ਨਹੀਂ ਆ ਸਕਦਾ।

ਪੰਜਾਬੀ ਸੂਬਾ ਬਣਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਪੰਜਾਬ ਦਾ ਸਭ ਤੋਂ ਵੱਡਾ, ਪੁਰਾਣਾ ਅਤੇ ਅਸਲੀ ਕਹਾਉਣ ਵਾਲਾ ਅਕਾਲੀ ਦਲ ਨਾ ਸੱਤਾਧਾਰੀ ਧਿਰ ਹੈ ਅਤੇ ਨਾ ਹੀ ਵਿਰੋਧੀ ਧਿਰ। ਸੱਤਾ ਦੀ ਸੱਥ ਵਿੱਚ ਤੀਜੀ ਜਾਂ ਆਖ਼ਰੀ ਥਾਂ ਉਨ੍ਹਾਂ ਨੂੰ ਨਾ ਹੀ ਹਾਜ਼ਮ ਆਈ ਅਤੇ ਨਾ ਹੀ ਸਮਝ ਆ ਰਹੀ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਅਤੇ ਆਪਣੀ ਚੁੱਪ ਲਈ ਮਸ਼ਹੂਰ ਅਕਾਲੀ ਨੇਤਾ ਨੇ ਵੀ ਅਸਤੀਫ਼ਿਆਂ ਵਾਲੀ ਫੁੱਟ ਬਾਰੇ, ਖ਼ੁਸ਼ੀ ਦੇ ਬੋਲ ਬੋਲੇ ਹਨ। ਉਨ੍ਹਾਂ ਨੇ ਦੂਹਰੀ ਖ਼ੁਸ਼ੀ ਮਨਾਈ ਹੈ ਮੁਆਫ਼ੀ ਮੰਗਾਉਣ ਦੀ ਵੀ ਅਤੇ ਮੁਆਫ਼ੀ ਮੰਗਣ ਵਾਲਿਆਂ ਦੇ ਘਰ ਕਲੇਸ਼ ਪੈਣ ਦੀ ਵੀ। ਰਾਜਨੀਤੀ ਵਿੱਚ ਇਹੋ ਜਿਹੇ ਸਮੇਂ ਨਾਜ਼ੁਕ ਮੌਕੇ ਹੁੰਦੇ ਹਨ ਜਦੋਂ ਕਿਸੇ ਤੀਜੇ ਦੇ ਨੁਕਸਾਨ ਹੋਣ ਉੱਤੇ ਆਪਣੇ ਆਪ ਨੂੰ ਸਭ ਤੋਂ ਵੱਡੇ ਸਮਝਣ ਵਾਲੇ, ਲੋਕਾਂ ਵਿੱਚ ਖ਼ੁਸ਼ੀ ਜ਼ਾਹਿਰ ਕਰਦੇ ਹਨ। ਅਜਿਹੀ ਖ਼ੁਸ਼ੀ ਰਾਜਨੀਤਿਕ ਕੱਚਪੁਣਾ ਹੁੰਦੀ ਹੈ ਭਾਵੇਂ ਤਜਰਬੇ ਦੀ ਉਮਰ ਕਿੰਨੀ ਵੱਡੀ ਹੋਵੇ।

ਮੁਆਫ਼ੀ ਅਸਲ ਵਿੱਚ ਓਦੋਂ ਹੀ ਮੁਆਫ਼ੀ ਹੁੰਦੀ ਹੈ ਜਦੋਂ ਮੰਗਣ ਵਾਲਾ ਸਕੂਨ ਮਹਿਸੂਸ ਕਰੇ। ਇਹ ਮੁਆਫ਼ੀ ਨਿਰੋਲ ਨੈਤਿਕ/ਧਾਰਮਿਕ ਮਾਹੌਲ ਵਿੱਚ ਮੰਗੀ ਜਾਂਦੀ ਹੈ ਜਿੱਥੇ ਲੋਕ ਆਪਣੀ ਅੰਤਰ ਆਵਾਜ਼ ਦੇ ਸਹਾਰੇ ਚੱਲਣ ਕਰਕੇ ਕਿਸੇ ਦੇ ਅਚੇਤ ਨੁਕਸਾਨ ਹੋਣ ਤੇ ਨਿਵ ਜਾਂਦੇ ਹਨ, ਜਿਸਨੂੰ ਪਛਤਾਵੇ ਵਜੋਂ ਬੋਝ ਤੋਂ ਮੁਕਤ ਹੋਣਾ ਮੰਨਿਆ ਜਾਂਦਾ ਹੈ। ਮਿਸਾਲ ਵਜੋਂ ਪੱਛਮੀ ਮੁਲਕਾਂ ਵਿੱਚ ਨਿੱਕੀ ਨਿੱਕੀ ਗੱਲ ਲਈ ‘ਸੌਰੀ’ ਕਹਿਣਾ ਬਹੁਤੇ ਲੋਕਾਂ ਦੇ ਅਚੇਤ ਵਿੱਚ ਹੀ ਵਸਿਆ ਹੁੰਦਾ ਹੈ। ਜਿੱਥੇ ਪਹਿਲਾ ਰਾਹ ਆਪ ਝੁਕ ਜਾਣ ਦਾ ਹੈ ਓਥੇ ਮੁਆਫ਼ੀ ਦਾ ਦੂਜਾ ਰਾਹ ਜ਼ੋਰ ਨਾਲ ਝੁਕਾਉਣ ਦਾ ਹੁੰਦਾ ਹੈ। ਕਿਸੇ ਨੂੰ ਅਣਚਾਹੇ ਤਰੀਕੇ ਨਾਲ ਮੁਆਫ਼ੀ ਮੰਗਣ ਲਈ ਤਿਆਰ ਕਰਨ ਨੂੰ ਬਦਮਾਸ਼ੀ ਵੀ ਕਹਿੰਦੇ ਹਨ ਅਤੇ ਰਾਜਨੀਤੀ ਵੀ। ਕਿਸੇ ਬਦਮਾਸ਼ ਦੀ ਧੌਂਸ ਓਨਾ ਚਿਰ ਨਹੀਂ ਜੰਮਦੀ ਜਿੰਨਾ ਚਿਰ ਲੋਕ ਨੂੰ ਉਸ ਨੂੰ ਬਦਮਾਸ਼ ਕਹਿੰਦੇ ਰਹਿੰਦੇ ਹਨ। ਜਦੋਂ ਉਹਦੇ ਜ਼ੋਰ ਦਾ ਡਰ ਪੱਕ ਜਾਂਦਾ ਹੈ ਤਾਂ ਉਹ ਸਤਿਕਾਰ ਦਾ ਪਾਤਰ ਬਣ ਜਾਂਦਾ ਹੈ ਤਾਂ ਹੀ ਉਹ ਅਸਲ ਬਦਮਾਸ਼ ਹੁੰਦਾ ਹੈ। ਮੁਆਫ਼ੀ ਮੰਗਾਉਣਾ ਧੌਂਸ ਜੰਮਾਉਣ ਦਾ ਇੱਕ ਅਹਿਮ ਹਿੱਸਾ ਹੁੰਦਾ ਹੈ। ਜੇ ਲੋਕ ਕਿਸੇ ਬਦਮਾਸ਼ ਸਾਹਵੇਂ ਛੋਟੀ ਜਿੰਨੀ ਕੁਤਾਹੀ ਦੀ ਲੰਮੇ ਪੈ ਕੇ ਮੁਆਫ਼ੀ ਨਹੀਂ ਮੰਗਦੇ ਤਾਂ ਉਹਦੀ ਬਦਮਾਸ਼ੀ ਦੀ ਤੂਤੀ ਨਹੀਂ ਬੋਲਦੀ।

ਚੋਣ ਰਾਜਨੀਤੀ ਵਿੱਚ ਗੱਠਜੋੜ ਕਰਨ, ਪਾਸਾ ਬਦਲਣ ਅਤੇ ਧੋਖੇ ਦਾ ਮੁੱਲ ਵਧੇਰੇ ਹੁੰਦਾ ਹੈ। ਚਾਲੂ ਰਾਜਨੀਤੀ ਵਿੱਚ ਕਿਸੇ ਦੀ ਭੰਡੀ ਕਰਨ ਜਾਂ ਨੁਕਸਾਨ ਕਰਨ ਮਗਰੋਂ ਮੁਆਫ਼ੀ ਮੰਗਣੀ ਉਸੇ ਦੀ ਦੂਹਰੀ ਬੇਇੱਜ਼ਤੀ ਕਰਨ ਦੀ ਕਲਾ ਗਿਣੀ ਜਾਂਦੀ ਹੈ। ਇਹ ਮੁਆਫ਼ੀ ਦਾ ਤੀਜਾ ਰਾਹ ਹੁੰਦਾ ਹੈ, ਜਿੱਥੇ ਕਿਸੇ ਭਵਿੱਖਮੁਖੀ ਨਫ਼ੇ ਨੁਕਸਾਨ ਨੂੰ ਰੱਖ ਕੇ ਕਿਸੇ ਨਾਲ ਦੋਸਤੀ ਦੁਸ਼ਮਣੀ ਕੀਤੀ ਜਾਂਦੀ ਹੈ।

ਅੱਜਕੱਲ੍ਹ ਚਰਚਿਤ ਮੁਆਫ਼ੀ ਨੂੰ ਪੰਜਾਬ ਦੇ ਬਹੁਤੇ ਲੋਕ ਗੀਦੀਪੁਣਾ, ਮੌਕਾਪ੍ਰਸਤੀ ਜਾਂ ਬੇਸਮਝੀ ਮੰਨ ਰਹੇ ਹਨ। ਇਹ ਰਾਜਨੀਤੀ ਬਾਰੇ ਭਾਵੁਕ ਪ੍ਰਗਟਾਵਾ ਹੈ ਕਿਉਂਕਿ ਉਹ ਇਸ ਗੱਲ ਨੂੰ ਅਣਖ ਨਾਲ ਜੋੜ ਰਹੇ ਹਨ। ਅਣਖ ਦਾ ਸਵਾਲ ਕਿਸੇ ਸਭਿਆਚਾਰਕ ਜਾਂ ਧਾਰਮਿਕ ਘੇਰੇ ਵਿਚਲੇ ਪੱਕੇ ਯਕੀਨ ਨਾਲ ਜੁੜਿਆ ਹੁੰਦਾ ਹੈ, ਜਿਹਨੂੰ ਉਲ਼ੰਘਣਾ ਸੰਭਵ ਨਹੀਂ ਹੁੰਦਾ ਪਰ ਉਹਦੇ ਲਈ ਮਰਨਾ ਮਾਰਨਾ ਸੰਭਵ ਹੁੰਦਾ ਹੈ। ਅਣਖੀ ਬੰਦੇ ਆਪ ਤਾਂ ਕੀ ਦੂਜੇ ਤੋਂ ਵੀ ਮੁਆਫ਼ੀ ਮੰਗਾ ਕੇ ਰਾਜ਼ੀ ਨਹੀਂ ਹੁੰਦੇ। ਅਣਖ ਦਾ ਸਬੰਧ ਸਦਾ ਹੀ ਉਨ੍ਹਾਂ ਮਾਨਤਾਵਾਂ ਨਾਲ ਹੁੰਦਾ ਹੈ ਜਿਹੜੀਆਂ ਕਾਨੂੰਨ ਤੋਂ ਉੱਪਰ ਹੁੰਦੀਆਂ ਹਨ। ਚੋਣ ਰਾਜਨੀਤੀ ਹਮੇਸ਼ਾਂ ਹੀ ਕਾਨੂੰਨ ਨੂੰ ਪੱਕੇ ਕਰਨ ਜਾਂ ਉਹਦੀ ਮਾਨਤਾ ਵਿਖਾਉਣ ਵਿੱਚ ਹੁੰਦੀ ਹੈ। ਇਸ ਕਰਕੇ ਮੌਜੂਦਾ ਮੁਆਫ਼ੀ ਪ੍ਰਸੰਗ ਦੇ ਦੋਵੇਂ ਬੰਦੇ ਹੀ ਅਣਖ ਦੇ ਘੇਰੇ ਤੋਂ ਬਾਹਰ ਹਨ। ਵਿਖਾਵੇ ਮਾਤਰ ਅਜਾਦੀ ਵਾਲੇ ਮੁਲਕਾਂ ਵਿਚ ਅਣਖ ਵਰਗੀ ਮਾਨਤਾ ਰਾਜਸੀ ਲੋਕਾਂ ਲਈ ਹਾਸੇ ਠੱਠੇ ਦੀ ਸ਼ੈਅ ਹੁੰਦੀ ਹੈ। ਮੁਆਫ਼ੀ ਮੰਗਣੀ ਜਾਂ ਦੇਣੀ ਧਾਰਮਿਕ/ਸਭਿਆਚਾਰਕ ਪ੍ਰਸੰਗ ਵਿਚ ਇੱਕ ਵੱਡਾ ਕਰਮ ਹੈ ਪਰ ਨਸ਼ੇ, ਬਦਮਾਸ਼ੀ ਅਤੇ ਭ੍ਰਿਸ਼ਟਾਚਾਰ ਵਰਗਿਆਂ ਮਾਮਲਿਆਂ ਵਿਚ ਲਿੱਬੜੇ ਜਾਂ ਉਨ੍ਹਾਂ ਉੱਤੇ ਰਾਜਨੀਤੀ ਕਰਨ ਵਾਲੇ ਲੋਕਾਂ ਲਈ ਇਹ ਗੱਲ ਦੂਜੇ ਤੀਜੇ ਦਰਜੇ ਦਾ (ਨੀਤੀ ਜਾਂ ਧੌਂਸ ਦਾ) ਰਾਹ ਹੀ ਹੋ ਸਕਦੀ ਹੈ।

ਅਸਤੀਫ਼ੇ ਅਤੇ ਮੁਆਫ਼ੀ ਆਪੋ ਵਿੱਚ ਜੁੜੇ ਤਾਂ ਸਭ ਨੂੰ ਦਿਸਦੇ ਹਨ ਪਰ ਇਹ ਪੰਜਾਬ ਦੀ ਆਉਣ ਵਾਲੀ ਰਾਜਨੀਤੀ ਨਾਲ ਕਿੰਨਾ ਕੁ ਜੁੜੇ ਹਨ ਇਹ ਨੂੰ ਸਮਝਣਾ ਹਰੇਕ ਦੀ ਆਪਣੀ ਸਮਝ ਤੇ ਨਿਰਭਰ ਕਰਦਾ ਹੈ। ਅਸਲ ਵਿੱਚ ਤਾਂ ਆਉਣ ਵਾਲੇ ਸਮੇਂ ਤੇ ਨਿਰਭਰ ਕਰਦਾ ਹੈ ਪਰ ਇਹਨਾਂ ਗੱਲਾਂ ਨਾਲ ਕਈ ਕੁਝ ਅਜਿਹਾ ਜੁੜਿਆ ਹੈ ਜਿਸ ਬਾਰੇ ਅੰਦਾਜ਼ੇ ਲਾਏ ਜਾ ਸਕਦੇ ਹਨ ਅਤੇ ਲਾਉਣੇ ਵੀ ਚਾਹੀਦੇ ਹਨ। ਕੁਝ ਬੇਲੋੜੀਆਂ ਜਾਂ ਆਮ ਜਿਹੀਆਂ ਖ਼ਬਰਾਂ ਨੂੰ ਜੋੜ ਕੇ ਕੋਈ ਵੱਡੀ ਸਾਜ਼ਿਸ਼ ਮੰਨ ਲੈਣਾ ਆਮ ਰੁਝਾਨ ਹੈ ਪਰ ਇਹਨੂੰ ਬਿਮਾਰੀ ਮੰਨ ਕੇ ਹੀ ਲੋਕ ਕਈ ਵਾਰ ਬਹੁਤ ਅਹਿਮ ਜਾਂ ਵੱਡੀਆਂ ਗੱਲਾਂ ਨੂੰ ਵੀ ਵੇਖਣ ਤੋਂ ਵੀ ਰਹਿ ਜਾਂਦੇ ਹਨ। ਵਕਤੋਂ ਖੁੰਝਣ ਕਾਰਨ ਕਈ ਵਾਰ ਚਿਰਾਂ ਮਗਰੋਂ ਕੋਈ ਖੋਜ ਵਜੋਂ ਪੇਸ਼ ਕਰਦਾ ਹੈ ਕਿ ਇਹ, ਫਲਾਣੀ ਵੱਡੀ ਘਟਨਾ ਤੋਂ ਪਹਿਲਾਂ ਦੇ ਨਿਸ਼ਾਨ ਸਨ।

ਭਾਰਤ ਵਰਗੇ ਰਾਜਸੀ ਢਾਂਚੇ ਵਿੱਚ ਜਦੋਂ ਕੋਈ ਆਗੂ ਤਜਰਬੇ ਜਾਂ ਹਾਲਾਤ ਵਿਚਲਾ ਸੱਚ ਕਹਿੰਦਾ ਹੈ ਤਾਂ ਇਹ ਬਿਆਨਣਾ ਉਹਦੀ ਅੰਦਰਲੀ ਉਥੱਲ ਪੁਥਲ ਜਾਂ ਬਾਹਰਲੇ ਅਣਦਿਸਦੇ ਦਬਾਅ ਜਾਂ ਭਵਿੱਖਮੁਖੀ ਪੈਂਤੜੇਬਾਜ਼ੀ ਵੀ ਸਕਦੀ ਹੈ। ਕੁਝ ਦਿਨ ਪਹਿਲਾਂ ਪੰਜਾਬ ਦੇ ਖ਼ਜ਼ਾਨਾ ਮੰਤਰੀ ਨੇ ਪੰਜਾਬ ਦੇ ਮਾਲੀ ਹਾਲਾਤ ਬਾਰੇ ਫਿਰ ਓਹੋ ਸੱਚਾ ਬਿਆਨ ਦਿੱਤਾ ਜੋ ਅਕਾਲੀ ਦਲ ਦੀ ਸਰਕਾਰ ਵਿਚ ਖ਼ਜ਼ਾਨਾ ਮੰਤਰੀ ਹੁੰਦਿਆਂ ਦਿੱਤਾ ਸੀ। ਇਹ ਬਿਆਨ ਓਦੋਂ ਤਾਂ ਆਪਣੇ ਖ਼ਾਨਦਾਨੀ ਧੜੇ ਨੂੰ ਛੱਡਣ ਲਈ ਸੀ ਪਰ ਹੁਣ ਇਹ ਬਿਆਨ ਕਾਹਦੇ ਲਈ ਏ? ਖ਼ਜ਼ਾਨਾ ਮੰਤਰੀ ਜੀ ਇੱਕ ਵਾਰ ਸੁੱਧ ਭਾਰਤੀ ਲੀਹਾਂ ਉੱਤੇ ਪੰਜਾਬ ਦੀ ਰਾਜਨੀਤੀ ਨੂੰ ਬਦਲਣ ਦੀ ਜ਼ੋਰ ਅਜ਼ਮਾਈ ਕਰ ਚੁੱਕੇ ਹਨ। ਕੀ ਇਹ ਬਿਆਨ ਫਿਰ ਤੋਂ ਅਗਲੇ ਬਦਲ ਲਈ ਜ਼ਮੀਨ ਤਿਆਰ ਕਰ ਰਿਹਾ ਹੈ ਜਾਂ ਸਿਰਫ਼ ਤਤਕਾਲੀ ਦਬਾਅ ਹੀ ਏ?

ਹਰਿਆਣੇ ਦੇ ਮੌਜੂਦਾ ਮੁੱਖ ਮੰਤਰੀ, ਜੋ ਭਗਵੇ ਸੰਘ ਦੀ ਸੇਵਾ ਵਜੋਂ ਗੱਦੀ ਬੈਠੇ ਹਨ ਉਨ੍ਹਾਂ ਨੇ ਵਿਵਾਦੀ ਨਹਿਰ ਲਈ ਸੌ ਕਰੋੜ ਰਾਖਵੇਂ ਰੱਖਣ ਦਾ ਬਿਆਨ ਦਿੱਤਾ। ਉਨ੍ਹਾਂ ਨੇ ਐੱਸ. ਵਾਈ. ਐਲ਼. ਦਾ ਅਰਥ ‘ਸੱਤਾ ਯੂੰ ਲੂੰਗਾ’ ਕਿਉਂ ਕੀਤੇ ਹਨ? ਕੀ ਉਹ ਵੀ ਪੰਜਾਬ ਵਿੱਚ ਪਾਣੀ ਦਾ ਸਿਹਰਾ ਆਪਣੇ ਨਾਂ ਬੰਨ੍ਹਣ ਵਾਲੀ ਕਿਸੇ ਨਵੀਂ ਧਿਰ ਲਈ ਜ਼ਮੀਨ ਤਿਆਰੀ ਵਿੱਚ ਸਹਾਇਤਾ ਕਰ ਰਹੇ ਹਨ ਜਾਂ ਪੁਰਾਣੇ ਮੁਰਦਿਆਂ ਵਿਚ ਜਾਨ ਫੂਕਣ ਦੀ ਜ਼ੋਰ ਅਜ਼ਮਾਈ ਹੈ। ਏਦਾਂ ਦੇ ਟੁਟਵੇਂ ਟੁਟਵੇਂ ਬਿਆਨ ਕਈ ਵਾਰ ਰਾਜਨੀਤੀ ਦੇ ਧੁਰ ਅੰਦਰ ਉੱਬਲਦੇ ਲਾਵੇ ਦੇ ਚਿਣਗ ਹੁੰਦੇ ਹਨ ਜੋ ਬੰਨ੍ਹੇ ਹੋਏ ਘੇਰੇ ਤੋਂ ਬਾਹਰ ਜਾ ਡਿਗਦੇ ਹਨ। ਹਾਲਾਤ ਉੱਤੇ ਨਿਗ੍ਹਾ ਰੱਖਣੀ ਇਸ ਲਈ ਜ਼ਰੂਰੀ ਹੁੰਦੀ ਹੈ ਕਿਉਂਕਿ ਰਾਜਨੀਤੀ ਦਾ ਚਰਖਾ ਸਮੇਂ ਦੇ ਗੇੜ ਵਾਂਗ ਪੂਣੀ ਕੱਤਦਾ ਹੀ ਰਹਿੰਦਾ ਹੈ ਇੱਥੇ ਕੋਈ ਛੁੱਟੀ ਜਾਂ ਛੋਟ ਨਹੀਂ ਹੁੰਦੀ।

ਛੋਟੇ ਛੋਟੇ ਧਰਨਿਆਂ ਜਾਂ ਮੁੱਦਿਆਂ ਨਾਲ ਪੰਜਾਬ ਜਾਂ ਪੰਥ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਕਈ ਬੰਦੇ ਜਾਂ ਧੜੇ ਹਨ। ਇਹ ਲੋਕ ਪੰਜਾਬ ਵਿੱਚ ਪੁਰਾਣੇ ਦਲ ਦੀ ਡਿਗਦੀ ਸਾਖ ਨੂੰ ਵੇਖ ਕੇ ਆਪਣੀ ਸਮਰੱਥਾ ਨਾਲੋਂ ਮੌਕਾ ਲੱਗਣ ਦੀ ਮਾਨਤਾ ਤੇ ਵਧੇਰੇ ਯਕੀਨ ਕਰ ਰਹੇ ਹਨ। ਇਹਨਾਂ ਚ ਬਹੁਤੇ ਅਗਲਾ ਬਦਲ ਬਣਨ ਲਈ ਕੇਂਦਰ ਸਾਹਮਣੇ ਜਾਂ ਕੇਂਦਰ ਦੇ ਦਲਾਲ ਜਾਪਦੇ ਕਿਸੇ ਬੰਦੇ ਸਾਹਮਣੇ ਵੀ, ਸਿਰ ਭਾਰ ਹੋਣ ਲਈ ਤਿਆਰ ਹਨ। ਇਹਨਾਂ ਨੂੰ ਰਾਜਨੀਤੀ ਦੇ ਜੰਗਲ ਵਿੱਚ ਕਿਸੇ ਪੱਤੇ ਦੇ ਖੜਕਣ ਨਾਲ ਇੱਕ ਪਲ ਡਰ ਆਉਂਦਾ ਹੈ ਅਤੇ ਦੂਜੇ ਪਲ ਹੀ ਆਸਾਂ ਨੂੰ ਬੂਰ ਪੈਂਦਾ ਜਾਪਦਾ ਹੈ। ਇਸ ਕਰਕੇ ਚਾਹੇ ਵਿਧਾਨ ਸਭਾ ਦੀ ਅਗੇਤੀ ਤਿਆਰੀ ਵਾਲੇ ਹੋਣ, ਚਾਹੇ ਗੁਰਦੁਆਰਾ ਚੋਣਾਂ ਦੀ ਚਿਰੋਕੀ ਉਡੀਕ ਵਾਲੇ ਹੋਣ ਜਾਂ ਪੁਰਾਣੇ ਲਾੜਿਆਂ ਦੇ ਨਵੇਂ ਸਰਬਾਲੇ ਬਣਨ ਵਾਲੇ ਹੋਣ, ਇੱਕ ਵਾਰ ਖ਼ੁਸ਼ੀ ਸਭ ਨੂੰ ਹੋਈ ਹੈ ਭਾਵੇਂ ਕਿਸੇ ਨੂੰ ਮੁਆਫ਼ੀ ਤੋਂ ਅਤੇ ਕਿਸੇ ਨੂੰ ਅਸਤੀਫ਼ਿਆਂ ਤੋਂ ਹੋਈ ਹੈ।

ਪੰਜਾਬ ਦੇ ਮਾਹੌਲ ਦਾ ਉਹ ਪ੍ਰਸੰਗ ਵੀ ਵੇਖਣਾ ਬਣਦਾ ਹੈ ਜੋ ਮੌਜੂਦਾ ਸਰਕਾਰ ਦੇ ਬਦਮਾਸ਼ਾਂ ਨੂੰ ਮਾਰਨ ਵਾਲੇ ਨਵੇਂ ਕਾਨੂੰਨ ਨਾਲ ਜੁੜਿਆ ਹੈ। ਇਹ ਸਭ ਨੂੰ ਪਤਾ ਹੈ ਕਿ ਮੁਆਫ਼ੀ ਮੰਗਣ ਦਾ ਪ੍ਰਸੰਗ ਵੀ ਨਸ਼ੇ ਅਤੇ ਬਦਮਾਸ਼ੀ ਨਾਲ ਜੁੜਿਆ ਹੋਇਆ ਹੈ। ਕਾਨੂੰਨ, ਰਾਜਨੀਤੀ ਅਤੇ ਸਮਾਜਕ ਮਾਨਤਾ ਵਿੱਚ ਬਦਮਾਸ਼ ਦੇ ਅਰਥ ਵੱਖ ਵੱਖ ਹੁੰਦੇ ਹਨ। ਜੇ ਕਾਨੂੰਨੀ ਪੱਖ ਵੇਖੀਏ ਤਾਂ ਫਰਵਰੀ 2018 ਵਿੱਚ ਯੂ.ਪੀ. ਪੁਲਸ ਦਾ 48 ਘੰਟਿਆਂ ਵਿਚ ਹੀ ਬਦਮਾਸ਼ਾਂ ਨਾਲ 15 ਥਾਈਂ ਮੁਕਾਬਲਾ ਹੋਇਆ ਅਤੇ ਸਿਰਫ਼ ਇੱਕ ਬਦਮਾਸ਼ ਮਾਰਿਆ ਗਿਆ ਕਿਉਂਕਿ ਉਨ੍ਹਾਂ ਦੀ ਪਹਿਲ ਫੜਣ ਦੀ ਹੈ ਇਸ ਲਈ ਉਨ੍ਹਾਂ ਨੇ 24 ਬੰਦੇ ਫੜ ਲਏ। ਯੂ.ਪੀ. ਪੁਲਸ ਨੇ ਪਿਛਲੇ 10 ਮਹੀਨਿਆਂ ਵਿੱਚ 1100 ਤੋਂ ਵੱਧ ਮੁਕਾਬਲੇ ਕੀਤੇ ਅਤੇ ਕੁੱਲ 34 ਬੰਦੇ ਮਾਰੇ ਅਤੇ ਢਾਈ ਸੌ ਜ਼ਖਮੀ ਹੋਏ। ਪੁਲਸ ਮੁਕਾਬਲਿਆਂ ਰਾਹੀਂ 2700 ਤੋਂ ਵੱਧ ਬਦਮਾਸ਼ ਫੜੇ ਗਏ ਇਹਨਾਂ ਵਿਚੋਂ 1800 ਤੋਂ ਵੱਧ ਇਨਾਮੀ ਭਗੌੜੇ ਸਨ। ਯਾਦ ਰਹੇ ਕਿ ਭਾਰਤ ਵਿੱਚ ਸਭ ਤੋਂ ਵਧੇਰੇ ਕਤਲ ਅਤੇ ਨਾਜਾਇਜ਼ ਹਥਿਆਰ ਉਤਰ ਪ੍ਰਦੇਸ਼ ਨਾਲ ਹੀ ਜੁੜੇ ਹੋਏ ਹਨ ਪੰਜਾਬ ਨਾਲ ਨਹੀਂ। ਏਨੇ ਸਭ ਕੁਝ ਦੇ ਬਾਵਜੂਦ ਯੂ.ਪੀ. ਦੀ ਸਰਕਾਰ ਨੇ ਬਦਮਾਸ਼ਾਂ ਨਾਲ ਨਜਿੱਠਣ ਦੇ ਨਾਂ ਹੇਠ ਕੋਈ ਵੱਖਰਾ ਕਾਨੂੰਨ ਨਹੀਂ ਬਣਾਇਆ ਕਿਉਂਕਿ ਹਾਲੇ ਤੱਕ ਬਦਮਾਸ਼ੀ ਉਨ੍ਹਾਂ ਲਈ ਕਾਨੂੰਨੀ ਮਸਲਾ ਹੀ ਹੈ। ਪੰਜਾਬ ਸਰਕਾਰ ਮਹਾਰਾਸ਼ਟਰ ਦੀ ਤਰਜ਼ ਤੇ ਬਦਮਾਸ਼ਾਂ ਨੂੰ ਮਾਰਨ ਲਈ ਖ਼ਾਸ ਕਾਨੂੰਨ ਬਣਾ ਰਹੀ ਹੈ। ਮਹਾਰਾਸ਼ਟਰ ਦੇ ਬਦਨਾਮ ਕਾਨੂੰਨ ਦੀ ਵਜ੍ਹਾ ਬੰਬਈ ਦਾ ਦੁਨੀਆ ਵਿੱਚ ਮਸ਼ਹੂਰ ਅਪਰਾਧ ਜਗਤ ਸੀ ਜਿਸ ਕਰਕੇ ਉਨ੍ਹਾਂ ਦੀ ਕੋਈ ਦਲੀਲ ਬਣਦੀ ਸੀ ਭਾਵੇਂ ਮੰਨਣਯੋਗ ਨਾ ਹੀ ਸਹੀ।

ਪੰਜਾਬ ਵਿੱਚ ਖ਼ਾਸ ਕਾਨੂੰਨ ਲਈ ਕਿਹੜੀ ਵਜ੍ਹਾ ਹੈ ਸਿਵਾਏ ਰਾਜਨੀਤੀ ਦੇ? ਆਖ਼ਰ ਪੰਜਾਬ ਦਾ ਪੁਲਸ ਮਹਿਕਮਾ, ਬਦਮਾਸ਼ੀ ਰੋਕੂ ਕਾਨੂੰਨ ਦੇ ਨਾਂ ਹੇਠ 7000 ਬੰਦੇ ਜਾਸੂਸੀ ਅਤੇ ਛਾਣਬੀਣ ਲਈ, ਸਰਕਾਰੀ ਨੇਮਾਂ ਵਿਚ ਢਿੱਲ ਵਰਤ ਕੇ ਕਿਉਂ ਭਰਤੀ ਕਰਨਾ ਚਾਹੁੰਦਾ ਹੈ? ਕੀ ਸੱਚਮੁੱਚ ਪੰਜਾਬ ਦੇ ਹਾਲਤ ਏਨੇ ਮਾੜੇ ਹਨ? ਪੰਜਾਬ ਪੁਲਸ ਯੂ.ਪੀ. ਅਤੇ ਮਹਾਰਾਸ਼ਟਰ ਦੇ ਮੁਕਾਬਲੇ ਹਰ ਮੁਕਾਬਲੇ ਵਿਚ ਔਸਤਨ ਇੱਕ ਤੋਂ ਵੱਧ ਬਦਮਾਸ਼ਾਂ ਨੂੰ ਮਾਰ ਰਹੀ ਹੈ। ਕੀ ਇਹ ਸਿਰਫ਼ ਇਤਫ਼ਾਕ ਹੈ ਕਿ ਮੁਕਾਬਲੇ ਵਿੱਚ ਫੜੇ ਜਾਣ ਨਾਲੋਂ ਮਾਰੇ ਜਾਣ ਦੇ ਹਿਸਾਬ ਨਾਲ ਪੰਜਾਬ ਪੁਲਸ ਭਾਰਤ ਦੇ ਸਾਰੇ ਰਾਜਾਂ ਦੀ ਪੁਲਸ ਤੋਂ ਉੱਪਰ ਹੈ? ਹਾਲਾਂਕਿ ਖ਼ਬਰਾਂ ਅਨੁਸਾਰ ਪਿਛਲੇ ਸਾਲਾਂ ਵਿੱਚ ਭਾਰਤ ਵਿੱਚ ਹੋਏ ਕੁੱਲ ਝੂਠੇ ਪੁਲਸ ਮੁਕਾਬਲਿਆਂ ਵਿਚੋਂ 40 ਫ਼ੀਸਦੀ ਤੋਂ ਵੱਧ ਯੂ.ਪੀ. ਵਿੱਚ ਹੋਏ ਹਨ।

ਪੰਜਾਬ ਦੀ ਸਰਕਾਰ ਜਿਸ ਤਰੀਕੇ ਨਾਲ ਬਦਮਾਸ਼ਾਂ ਦਾ ਮਸਲਾ ਉਭਾਰ ਰਹੀ ਹੈ ਉਹ ਖ਼ਤਰੇ ਨੂੰ ਖ਼ਤਮ ਕਰਨ ਨਾਲੋਂ ਉਸ ਨੂੰ ਵੱਡਾ ਅਤੇ ਪੱਕਾ ਕਰਨ ਦਾ ਰਾਹ ਪੱਧਰਾ ਕਰ ਰਹੀ ਹੈ।ਨਸ਼ੇ ਅਤੇ ਭ੍ਰਿਸ਼ਟਾਚਾਰ ਬਿਨਾ ਬਦਮਾਸ਼ੀ ਦੇ ਕੋਈ ਮਾਅਨੇ ਨਹੀਂ ਹਨ। ਨਸ਼ੇ ਦੇ ਚੱਲਣ ਲਈ ਬਦਮਾਸ਼ਾਂ ਅਤੇ ਨੇਤਾਵਾਂ ਦਾ ਗੱਠਜੋੜ ਜ਼ਰੂਰੀ ਹੁੰਦਾ ਹੈ। ਜੇ ਇਹ ਮੁੱਦੇ ਹੀ ਪੰਜਾਬ ਦੀ ਰਾਜਨੀਤੀ ਦੇ ਅਸਲੀ ਮੁੱਦੇ ਬਣਨਗੇ ਤਾਂ ਹੀ ਪੰਜਾਬ ਵਿਚ ਨਵੇਂ ਰਾਜਸੀ ਦਲ ਦੀ ਪੈਰ ਧਰਨ ਦੀ ਥਾਂ ਬਣੇਗੀ।

ਦਿੱਲੀ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਇੱਕ ਬਦਨਾਮ ਅਕਾਲੀ ਤੋਂ ਮੁਆਫ਼ੀ ਮੰਗ ਕੇ ਇਸ ਗੱਲ ਤੇ ਦੂਹਰੀ ਮੋਹਰ ਲਾਈ ਹੈ ਕਿ ਬਦਮਾਸ਼ੀ ਦਾ ਸਵਾਲ ਪੰਜਾਬ ਵਿੱਚ ਨਵਾਂ ਮਸਲਾ ਬਣ ਰਿਹਾ ਹੈ। ਨਵੇਂ ਰਾਜਸੀ ਮੁੱਦੇ ਬਣਨ ਨਾਲ ਪੰਜਾਬ ਦੀਆਂ ਅਸਲ ਮੁਸ਼ਕਲਾਂ ਹੋਰ ਵਿਸਰ ਜਾਣਗੀਆਂ। ਜੋ ਪੰਜਾਬ ਦੀਆਂ ਮੁਸ਼ਕਲਾਂ ਹਨ ਉਨ੍ਹਾਂ ਦਾ ਅੱਜ ਕੇਂਦਰੀ ਜਾਂ ਸੂਬਾ ਰਾਜਨੀਤੀ ਵਿੱਚ ਕਿੰਨਾ ਮੁੱਲ ਹੈ? ਕੀ ਉਹ ਮੁਸ਼ਕਲਾਂ ਪੁਲਸ ਨੂੰ ਪਹਿਲਾਂ ਵਾਂਗ ਕਾਨੂੰਨੀ ਖੁੱਲ ਮਿਲਣ ਨਾਲ ਠੀਕ ਹੋ ਜਾਣਗੀਆਂ ਜਾਂ ਕੀ ਇਹ ਮੁਸ਼ਕਲਾਂ ਭੀੜਾਂ ਸਾਹਮਣੇ ਕੀਤੀਆਂ ਤਕਰੀਰਾਂ ਰਾਹੀਂ ਦੂਜਿਆਂ ਨੂੰ ਦੋਸ਼ੀ ਕਹਿਣ ਨਾਲ ਠੀਕ ਹੋ ਜਾਣਗੀਆਂ ਜਾਂ ਨੇਤਾਵਾਂ ਦੇ ਇੱਕ ਦੂਜੇ ਤੋਂ ਮੁਆਫ਼ੀ ਮੰਗਣ ਮੰਗਾਉਣ ਨਾਲ ਠੀਕ ਹੋ ਜਾਣਗੀਆਂ? ਮੁਆਫ਼ੀ ਅਤੇ ਅਸਤੀਫ਼ੇ ਅਸਲ ਮੁਸ਼ਕਲਾਂ ਨੂੰ ਲਾਂਭੇ ਕਰਕੇ ਨਵੀਆਂ ਮੁਸ਼ਕਲਾਂ ਪੇਸ਼ ਕਰਨ ਦਾ ਰਾਹ ਵੀ ਹਨ ਤਾਂਕਿ ਮੁੜ ਦਲ ਬਣਨ ਅਤੇ ਉਨ੍ਹਾਂ ਵੱਲੋਂ ਨਵੇਂ ਹੱਲ ਦੱਸੇ ਜਾ ਸਕਣ।

ਆਪਣੇ ਆਪ ਨੂੰ ਮਹਾਤਮਾ ਗਾਂਧੀ ਸਮਝਣ ਵਾਲੇ ਬੰਦੇ ਦਾ ਮੁਆਫ਼ੀ ਮੰਗਣਾ ਡਰ ਜਾਂ ਅਕੇਵੇਂ ਵਾਲੀ ਗੱਲ ਨਹੀਂ ਹੈ। ਭਾਰਤੀ ਰਾਜਨੀਤੀ ਦੇ ਪਿੱਛੇ ਵੱਲ ਵੇਖਣਾ ਚਾਹੀਦਾ ਹੈ ਕਿ ਕਿਹੜੇ ਬੰਦਿਆਂ ਨੇ ਕਿਸ ਵੇਲੇ ਕਿਸ ਤੋਂ ਮੁਆਫ਼ੀ ਮੰਗੀ। ਅਸਲ ਵਿੱਚ ਵੱਡੇ ਅਫਸਰਸ਼ਾਹਾਂ ਅਤੇ ਰਾਜਨੀਤਕਾਂ ਦੇ ਅਸਤੀਫ਼ੇ ਜਾਂ ਮੁਆਫੀਨਾਮੇ ਕਦੇ ਗੁੱਸੇ, ਡਰ ਜਾਂ ਮਨ ਕਰੇ ਦੇ ਅਨੁਸਾਰ ਨਹੀਂ ਹੁੰਦੇ ਸਗੋਂ ਇਹ ਡੂੰਘੀ ਰਾਜਨੀਤੀ ਹੁੰਦੇ ਹਨ। ਇਹ ਗੱਲ ਵੱਖਰੀ ਹੈ ਕਿ ਇਹ ਨੀਤੀ ਕਈ ਵਾਰ ਪੂਰਨ ਰੂਪ ਵਿੱਚ ਸਿਰੇ ਨਹੀਂ ਚੜ੍ਹਦੀ। ਜਿਵੇਂ ਮੁੱਖ ਮੰਤਰੀ, ਪ੍ਰਧਾਨ ਮੰਤਰੀ ਜਾਂ ਕਿਸੇ ਹੋਰ ਵੱਡੇ ਅਹੁਦੇ ਲਈ ਰੁਤਬਿਆਂ ਤੋਂ ਅਸਤੀਫ਼ਾ ਦੇ ਛੱਡਣਾ ਹਰ ਵਾਰ ਸਫਲ ਨਹੀਂ ਹੁੰਦਾ ਉਵੇਂ ਮੁਆਫ਼ੀ ਦੀ ਚਾਲ ਵੀ ਹਰ ਵਾਰ ਸਫਲ ਨਹੀਂ ਹੁੰਦੀ।

ਪੰਜਾਬ ਦੇ ਲੋਕ ਰਾਜਨੀਤੀਕ ਬੰਦਿਆਂ ਨੂੰ ਆਪਣੇ ਦਲ ਜਾਂ ਬਿਆਨ ਬਦਲਦੇ ਵੇਖ ਕੇ ਅਕਸਰ ਉਨ੍ਹਾਂ ਨੂੰ ਘਟੀਆ ਆਖਦੇ ਹਨ। ਇਹ ਭਾਵਨਾ ਉਨ੍ਹਾਂ ਦੀ ਰਾਜਨੀਤੀਕ ਸਮਝ ਨਹੀਂ ਹੁੰਦੀ ਸਗੋਂ ਆਪਣੇ ਮਨ ਅੰਦਰ ਸੱਚ ਜਾਣੀ ਕਿਸੇ ਮਾਨਤਾ ਦੇ ਟੁੱਟਣ ਦਾ ਆਪਣੇ ਆਪ ਨਾਲ ਗ਼ੁੱਸਾ ਹੁੰਦਾ ਹੈ। ਆਗੂ ਲਈ ਆਪਣਾ ਅਸਰ ਛੱਡਣਾ ਜ਼ਰੂਰੀ ਹੁੰਦਾ ਹੈ ਇਹ ਚਾਹੇ ਚੰਗਾ ਹੋਵੇ ਚਾਹੇ ਮਾੜਾ। ਇਹ ਗੱਲ ਹਰ ਆਗੂ ਜਾਣਦਾ ਹੁੰਦਾ ਏ ਕਿ ਲੋਕਾਂ ਦਾ ਚੇਤਾ ਬੜਾ ਕਮਜ਼ੋਰ ਹੁੰਦਾ ਹੈ ਅਤੇ ਉਨ੍ਹਾਂ ਦੀ ਰਾਇ ਬੜੀ ਭਾਵਕ ਕਿਸਮ ਦੀ ਹੁੰਦੀ ਹੈ। ਲੋਕ ਅਕਸਰ ਛੇਤੀ ਭੁੱਲਦੇ ਅਤੇ ਬਦਲਦੇ ਹਨ। ਜੇ ਲੋਕ ਭੁੱਲਦੇ ਅਤੇ ਬਦਲਦੇ ਨਾ ਹੋਣ ਤਾਂ ਕਿਸੇ ਆਗੂ ਦੀ ਹਿੰਮਤ ਨਹੀਂ ਹੋ ਸਕਦੀ ਕਿ ਉਹ ਗੱਲ ਗੱਲ ਤੇ ਮਹਾਤਮਾ ਗਾਂਧੀ ਵਾਂਗ ਬਦਲਦਾ ਰਹੇ। ਭਾਰਤੀ ਰਾਜਨੀਤੀ ਦੀ ਮੁੱਖਧਾਰਾ ਦੇ ਮੋਢੀ ਮਹਾਤਮਾ ਜੀ ਵਰਗਾ ਹੋਰ ਕੋਈ ਨਹੀਂ ਹੋ ਸਕਦਾ। ਉਨ੍ਹਾਂ ਨੇ ਸੈਂਕੜੇ ਹਜ਼ਾਰਾਂ ਗੱਲਾਂ ਤੇ ਆਪਣੀ ਰਾਇ ਪਰਗਟ ਕੀਤੀ ਅਤੇ ਅਣਗਿਣਤ ਵਾਰ ਉਹ ਆਪਣੀ ਗੱਲ ਤੋਂ ਬਦਲੇ। ਲੋਕਾਂ ਦੇ ਪੁੱਛਣ ਤੇ ਉਨ੍ਹਾਂ ਦਾ ਬੜਾ ਸਿੱਧਾ ਜਵਾਬ ਹੁੰਦਾ ਸੀ ਕਿ ਜਿਸ ਗੱਲ ਬਾਰੇ ਵੀ ਮੈਂ ਆਖ਼ਰੀ ਵਾਰ ਜੋ ਕੁਝ ਕਿਹਾ ਹੈ ਉਹਨੂੰ ਹੀ ਸਹੀ ਮੰਨੋ। ਅੱਜ ਭਾਰਤ ਵਿੱਚ ਬਹੁਤੇ ਨੇਤਾ ਇਸੇ ਚੱਲਣ ਦੇ ਹਨ ਕਿ ਉਨ੍ਹਾਂ ਦੀ ਆਖ਼ਰੀ ਵਾਰ ਕਹੀ ਗੱਲ ਨੂੰ ਹੀ ਮੰਨੋ ਜੇ ਉਹ ਕੱਲ੍ਹ ਨੂੰ ਫਿਰ ਬਦਲ ਜਾਣ ਤਾਂ ਕੱਲ੍ਹ ਵਾਲੀ ਗੱਲ ਹੀ ਸੱਚ ਹੋਏਗੀ। ਇਸ ਕਰਕੇ ਰਾਜਨੀਤੀ ਵਿੱਚ ਮੁਆਫ਼ੀ ਮੰਗਣਾ ਵੀ ਰਾਇ ਬਦਲਣ ਵਾਂਗ ਹੀ ਹੈ।

ਪੰਜਾਬ ਦੇ ਮਾਮਲੇ ਵਿੱਚ ਭਾਰਤੀ ਹਾਕਮ ਹੁਣ ਏਨੀ ਗੱਲ ਦਾ ਵੀ ਜ਼ਿਕਰ ਨਹੀਂ ਚਾਹੁੰਦੇ ਕਿ ਕਿਸੇ ਰਾਜਸੀ ਦਲ ਨੇ ਐਮਰਜੈਂਸੀ ਵੇਲੇ ਕੇਂਦਰੀ ਹਕੂਮਤ ਦਾ ਵਿਰੋਧ ਕੀਤਾ ਸੀ। ਉਹ ਵੱਖਰੀ ਪਛਾਣ ਦੇ ਹਰ ਮੁੱਦੇ ਨੂੰ ਖਿੱਚ ਕੇ ਦੇਸ਼ ਵਿਰੋਧੀ ਪਾਲ਼ੇ ਵਿਚ ਖੜ੍ਹਾ ਕਰਨ ਲੱਗੇ ਹੋਏ ਹਨ। ਨੋਟਬੰਦੀ ਦੇ ਕਾਰਨ ਅਤੇ ਅਸਰ ਜੋ ਮਰਜ਼ੀ ਰਹੇ ਹੋਣ ਪਰ ਕੇਂਦਰ ਸਰਕਾਰ ਨੇ ਉਹ ਕਰ ਲਿਆ ਹੈ ਜੋ ਐਮਰਜੈਂਸੀ ਵੇਲੇ ਵੀ ਨਹੀਂ ਹੋਇਆ ਸੀ। ਉਨ੍ਹਾਂ ਨੇ ਰੁਪਈਆਂ ਉੱਤੇ ਦੇਵਨਾਗਰੀ ਅੱਖਰ ਛਾਪ ਲਏ ਹਨ, ਪੰਜਾਬੀ ਦੇ ਕਿਸੇ ਮੁੱਦਈ ਨੇ ਭੋਰਾ ਵਿਰੋਧ ਨਹੀਂ ਕੀਤਾ।

ਜੋ ਕੇਂਦਰੀ ਪੱਧਰ ਤੇ ਚੱਲ ਰਿਹਾ ਹੈ ਜੇ ਉਹੀ ਖੇਤਰੀ ਪੱਧਰ ਤੇ ਚੱਲੇ ਤਾਂ ਹਾਲਾਤ ਕਿੰਨੇ ਵੀ ਮਾੜੇ ਹੋਣ ਪਰ ਰਾਜਸੀ ਢਾਂਚਾ ਤਰੱਕੀ ਹੀ ਕਰਦਾ ਹੈ। ਮਿਸਾਲ ਵਜੋਂ ਜੇ ਲੋਕ ਸਭਾ ਵਿੱਚ ਬੈਠਣ ਵਾਲੇ ਬਦਮਾਸ਼ੀ ਅਤੇ ਭ੍ਰਿਸ਼ਟਾਚਾਰ ਲਈ ਬਦਨਾਮ ਹਨ ਅਤੇ ਜੇ ਇਹੋ ਮੁੱਦਾ ਪੰਜਾਬ ਵਿੱਚ ਭਾਰੂ ਹੈ

ਤਾਂ ਇਹਦੇ ਨਾਲ ਪੰਜਾਬ ਦੀ ਵੱਖਰੀ ਪਛਾਣ ਬੇਮਾਅਨਾ ਹੁੰਦੀ ਹੈ। ਇਸ ਤਰ੍ਹਾਂ ਦੀ ਰਾਜਨੀਤੀ ਨਾਲ ਕੇਂਦਰੀ ਢਾਂਚਾ ਅਸਲ ਵਿੱਚ ਮਜ਼ਬੂਤ ਹੁੰਦਾ ਹੈ ਬੰਦੇ ਜਾਂ ਰਾਜਸੀ ਦਲ ਜਿੰਨੇ ਮਰਜ਼ੀ ਬਦਨਾਮ ਹੋਈ ਜਾਣ। ਜਦੋਂ ਕੋਈ ਵੱਖਰੀ ਪਛਾਣ ਰੱਖਣ ਵਾਲਾ ਰਾਜਸੀ ਦਲ ਵਿਕਾਸ, ਨਸ਼ੇ, ਬਦਮਾਸ਼ੀ ਜਾਂ ਭ੍ਰਿਸ਼ਟਾਚਾਰ ਦੇ ਮੁੱਦੇ ਦੀ ਰਾਜਨੀਤੀ ਕਰਦਾ ਹੈ ਤਾਂ ਉਹ ਆਪਣੀ ਵੱਖਰਤਾ ਦੀ ਜੜ੍ਹ ਆਪ ਹੀ ਪੁੱਟ ਰਿਹਾ ਹੁੰਦਾ ਹੈ। ਮੌਜੂਦਾ ਪੰਜਾਬ ਸਰਕਾਰ ਦੀਆਂ ਚਾਲਾਂ ਪਹਿਲੀਆਂ ਸਰਕਾਰਾਂ ਨਾਲੋਂ ਵੱਖਰੀਆਂ ਨਹੀਂ ਹਨ। ਇੱਕ ਦਲ ਵੱਲੋਂ ਦੂਜੇ ਦੀ ਨਿੰਦਿਆ ਨੇਤਾਵਾਂ ਜਾਂ ਉਨ੍ਹਾਂ ਦੇ ਕੁਝ ਪੱਕੇ ਹਿਮਾਇਤੀਆਂ ਦੀ ਮਨਪਸੰਦ ਖੇਡ ਹੋ ਸਕਦੀ ਹੈ। ਹੁਣ ਧੁਰ ਅਨਪੜ੍ਹਾਂ ਤੱਕ ਲੋਕ ਇਹ ਗੱਲ ਜਾਣ ਗਏ ਹਨ ਕਿ ਇਹਨਾਂ ਨੇਤਾਵਾਂ ਦਾ ਆਪਸੀ ਵਿਰੋਧ ਵਿਖਾਵੇ ਦਾ ਹੈ ਉਹ ਪੰਜਾਬ ਦੀ ਹਾਲਤ ਨੂੰ ਮਾੜਾ ਕਰਨ ਲਈ ਇੱਕ ਦੂਜੇ ਤੋਂ ਵੱਖਰੇ ਨਹੀਂ ਹਨ। ਪੰਜਾਬ ਦੇ ਮੌਜੂਦਾ ਹਾਲਾਤ ਦੀ ਜੜ੍ਹ ਇਸ ਗੱਲ ਵਿੱਚ ਪਈ ਹੈ ਕਿ ਰਾਜਸੀ ਦਲਾਂ ਦੇ ਮੁੱਦੇ ਕੇਂਦਰੀ ਹਕੂਮਤ ਦੀ ਸੇਧ ਅਨੁਸਾਰ ਬਦਲਦੇ ਜਾ ਰਹੇ ਹਨ।

ਕਿਸੇ ਵੇਲੇ ਅੰਗਰੇਜ਼ਾਂ ਨੇ ਸੜਕਾਂ, ਪਟੜੀਆਂ ਅਤੇ ਤਾਰਾਂ ਦੇ ਜਾਲ ਵਿਛਾ ਕੇ ਤਰੱਕੀ ਦੇ ਨਾਂ ਹੇਠ ਲੋਕਾਂ ਨੂੰ ਏਨਾ ਹੈਰਾਨ ਕਰ ਦਿੱਤਾ ਕਿ ਆਮ ਲੋਕ ਆਪਣੀ ਪਛਾਣ ਜਾਂ ਅਜਾਦੀ ਦਾ ਮਾਮਲਾ ਭੁੱਲ ਗਏ ਸਨ। ਹੁਣ ਪਿਛਲੀਆਂ ਚਾਰ ਕੇਂਦਰੀ ਸਰਕਾਰਾਂ ਨੇ ਸੜਕਾਂ ਨੂੰ ਚੌੜੀਆਂ ਲੰਮੀਆਂ ਕਰਨ ਅਤੇ ਅੰਗਰੇਜ਼ਾਂ ਵਾਂਗ ਤਾਰਾਂ ਵਿਛਾ ਕੇ ਤਰੱਕੀ ਕਰ ਦਿੱਤੀ ਹੈ। ਪੰਜਾਬ ਦੀਆਂ ਪਿਛਲੀਆਂ ਦੋ ਸਰਕਾਰਾਂ ਲਗਾਤਾਰ ਸੜਕਾਂ ਅਤੇ ਪੁੱਲਾਂ ਨੂੰ ਵਪਾਰੀਆਂ ਕੋਲ ਵੇਚ ਕੇ ਵੀ, ਤਰੱਕੀ ਦੀਆਂ ਤੀਆਂ ਮਨਾਉਂਦੀਆਂ ਰਹੀਆਂ ਹਨ। ਅੰਗਰੇਜ਼ਾਂ ਵੇਲੇ ਸੈਂਕੜੇ ਰਿਆਸਤਾਂ ਦਾ ਇੱਕ ਰਾਜ ਬਣਿਆ ਸੀ ਉਹ ਰਾਜ ਹੁਣ ਇੱਕ ਦੇਸ਼ ਬਣ ਰਿਹਾ ਹੈ। ਜੇ ਖੇਤਰੀ ਅਤੇ ਕੇਂਦਰੀ ਪੱਧਰ ਉੱਤੇ ਬੁਨਿਆਦੀ ਫ਼ਰਕਾਂ ਦੇ ਬਾਵਜੂਦ ਰਾਜਸੀ ਮੁੱਦੇ ਸਾਂਝੇ ਹੀ ਹੋਣ ਤਾਂ ਕੇਂਦਰੀ ਤਰੱਕੀ ਖੇਤਰੀ ਰੂਪ ਵਿੱਚ ਤਬਾਹੀ ਹੀ ਹੁੰਦੀ ਹੈ।

ਨਸ਼ੇ, ਭ੍ਰਿਸ਼ਟਾਚਾਰ ਅਤੇ ਬਦਮਾਸ਼ੀ ਕੌਮਾਂਤਰੀ ਮੁੱਦੇ ਹਨ। ਸਾਰੀਆਂ ਸਰਕਾਰਾਂ ਇਹਨਾਂ ਨੂੰ ਜਿਉਂਦਾ ਰੱਖਦੀਆਂ ਹਨ ਤਾਂਕਿ ਲੋਕਾਂ ਦੇ ਅਸਲ ਮਸਲੇ ਇਹਨਾਂ ਰਾਹੀਂ ਪੈਦਾ ਕੀਤੇ ਖ਼ੌਫ਼ ਹੇਠ ਲੁਕੇ ਰਹਿਣ। ਮੀਡੀਏ ਲਈ ਤਾਜਾਂ ਖ਼ਬਰਾਂ ਦਾ ਚਾਰਾ ਵੀ ਏਥੋਂ ਹੀ ਪੈਦਾ ਹੁੰਦਾ ਹੈ। ਰਾਖੀ ਅਤੇ ਚੌਕਸੀ ਮਹਿਕਮਿਆਂ ਲਈ ਕਾਨੂੰਨੀ ਖੁੱਲ੍ਹਾਂ ਅਤੇ ਖੁੱਲ੍ਹੇ ਪੈਸੇ ਵੀ ਏਸੇ ਤਿਕੜਮ ਵਿਚੋਂ ਮਿਲਦੇ ਹਨ। ਰਾਜਨੀਤਕਾਂ ਲਈ ਦੂਸ਼ਣਬਾਜੀ ਅਤੇ ਦੂਜਿਆਂ ਨੂੰ ਵੱਸ ਕਰਨ ਦੇ ਸੌਖੇ ਰਾਹ ਵੀ ਨਸ਼ੇ, ਬਦਮਾਸ਼ੀ ਅਤੇ ਭ੍ਰਿਸ਼ਟਾਚਾਰ ਵਿਚੋਂ ਹੀ ਨਿਕਲਦੇ ਹਨ। ਜੇ ਪੰਜਾਬ ਵਿੱਚ ਇਹਨਾਂ ਮੁੱਦਿਆਂ ਨੂੰ ਮੁੱਖ ਰਾਜਸੀ ਮੁੱਦੇ ਬਣਾਉਣ ਦਾ ਚੱਲਣ ਸ਼ੁਰੂ ਹੁੰਦਾ ਹੈ ਤਾਂ ਪੰਥਕ ਰਾਜਨੀਤੀ ਦਾ ਨਾਮਧਰੀਕ ਖਾਤਾ ਵੀ ਬੰਦ ਹੋਏਗਾ ਅਤੇ ਛੇਤੀ ਹੀ ਪੰਜਾਬੀ ਰਾਜਨੀਤੀ ਦਾ ਖ਼ਾਤਮਾ ਵੀ ਹੋਏਗੀ ਅਤੇ ਨਿਰੋਲ ਕੇਂਦਰੀ ਮੁੱਦਿਆਂ ਦੀ ਰਾਜਨੀਤੀ ਰਹਿ ਜਾਏਗੀ। ਇਸ ਹਿਸਾਬ ਨਾਲ ਪੰਜਾਬ ਵਿੱਚ ਨਵੇਂ ਰਾਜਸੀ ਦਲ ਦੀ ਹੋਂਦ ਬਣੇਗੀ ਜੋ ਸੁਭਾਅ ਪੱਖੋਂ ਅਪੰਥਕ ਅਤੇ ਅਪੰਜਾਬੀ ਹੋਏਗਾ ਉਹਦਾ ਕਾਰਜ ਖੇਤਰ ਭਾਵੇਂ ਪੰਜਾਬ ਹੀ ਹੋਊ। ਕੇਜਰੀਵਾਲ ਦਾ ਮੁਆਫ਼ੀ ਮੰਗਣਾ ਇਹ ਸੰਕੇਤ ਵੀ ਹੋ ਸਕਦਾ ਹੈ ਕਿ ਉਹਦੀ ਜਥੇਬੰਦੀ ਪੰਜਾਬ ਵਿੱਚ ਰਾਜਸੀ ਧਿਰ ਬਣਨ ਨਾਲੋਂ ਕਿਸੇ ਨਵੀਂ ਧਿਰ ਲਈ ਥਾਂ ਪੈਦਾ ਕਰਨ ਲਈ ਰਾਜ਼ੀ ਹੈ। ਮੱਧ ਭਾਰਤ ਦੀ ਰਾਜਨੀਤੀ ਭਾਰਤੀ ਮੁੱਖਧਾਰਾ ਦੀ ਰਾਜਨੀਤੀ ਹੈ। ਇਸ ਕਰਕੇ ਉਹਦੇ ਨਾਲ ਨਿਭਣ ਲੱਗਿਆਂ ਵੱਖਰੀ ਪਛਾਣ ਦੀ ਰਾਜਨੀਤੀ ਵਾਲੇ ਖਿੱਤਿਆਂ ਵਿਚ ਸੱਤਾ ਨਹੀਂ ਮਾਣੀ ਜਾ ਸਕਦੀ। ਕੇਂਦਰ ਸਰਕਾਰ ਨੂੰ ਵੀ ਇਹਨਾਂ ਖਿੱਤਿਆਂ ਵਿਚ ਵੱਖਰੀ ਪਛਾਣ ਵਾਲੇ ਦਲ ਹੀ ਸੂਤ ਬੈਠਦੇ ਹਨ ਪਰ ਉਹ ਏਨੇ ਪੱਕੇ ਨਹੀਂ ਚਾਹੀਦੇ ਕਿ ਆਪਣੀ ਪਛਾਣ ਲਈ ਭਾਰਤੀ ਢਾਂਚੇ ਨੂੰ ਬਦਲਣ ਜਾਂ ਤੋੜਣ ਦਾ ਸੁਪਨਾ ਲੈਣ। ਇਸ ਕਰਕੇ ਕੇਂਦਰੀ ਹਕੂਮਤ ਪਿਛਲੇ ਦਹਾਕੇ ਤੋਂ ਵੱਖਰੀ ਪਛਾਣ ਲਈ ਲੜਣ ਵਾਲੇ ਸੂਬਿਆਂ ਵਿਚ ਆਪਣੀ ਮਰਜ਼ੀ ਦੇ ਨਵੇਂ ਦਲ ਘੜਣ ਦੀ ਕਸਰਤ ਕਰ ਰਹੀ ਹੈ। ਇਸ ਕਰਕੇ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਖ਼ਤਮ ਜਾਂ ਕਮਜ਼ੋਰ ਹੋਣ ਉੱਤੇ ਖੁਸ਼ ਹੋਣ ਵਾਲਿਆਂ ਨੂੰ ਜਾਨਣਾ ਚਾਹੀਦਾ ਹੈ ਕਿ ਪੰਜਾਬ ਪਾਰਟੀ ਜਾਂ ਆਮ ਆਦਮੀ ਪਾਰਟੀ ਦਾ ਟੁੱਟਣਾ, ਪੰਜਾਬ ਦੇ ਲੋਕਾਂ ਦੀ ਬਦਲਾਅ ਦੀ ਆਸ ਦਾ ਟੁੱਟਣਾ ਨਹੀਂ ਹੈ ਅਤੇ ਨਾ ਹੀ ਕੇਂਦਰ ਦੀ ਪੰਜਾਬ ਦੇ ਨਵੇਂ ਆਗੂ ਥਾਪਣ ਦੀ ਕੋਸ਼ਿਸ਼ ਦਾ ਰੁਕਣਾ ਹੈ। ਪੰਜਾਬ ਦੇ ਲੋਕ ਕਿਸ ਤਰ੍ਹਾਂ ਦਾ ਬਦਲਾਅ ਚਾਹੁੰਦੇ ਹਨ ਇਹਦੀ ਪ੍ਰਵਾਹ ਨਾ ਪੁਰਾਣਿਆਂ ਨੇ ਕੀਤੀ ਹੈ ਅਤੇ ਨਾ ਹੀ ਨਵਿਆਂ ਤੋਂ ਸੰਭਾਵਨਾ ਹੈ। ਸਮਝਣ ਵਾਲਾ ਫ਼ਰਕ ਇਹ ਹੈ ਕਿ ਲੋਕ ਸਿਰਫ਼ ਬਦਲਾਅ ਭਾਲਦੇ ਹਨ ਅਤੇ ਕੇਂਦਰ ਆਪਣੀ ਮਰਜ਼ੀ ਦਾ ਬਦਲਾਅ ਭਾਲਦਾ ਹੈ। ਇਸ ਕਰਕੇ ਲੋਕਾਂ ਤੋਂ ਵਧੇਰੇ ਇੱਛਾ ਕੇਂਦਰ ਸਰਕਾਰ ਦੀ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਬਦਲਾਅ ਆਵੇ। ਵੱਖਰੀ ਪਛਾਣ ਵਾਲਿਆਂ ਨੂੰ ਉਨ੍ਹਾਂ ਦੇ ਘਰ ਪੈਦਾ ਹੋਣ ਵਾਲੇ ਹੀ ਮਾਰਨ, ਬਦਨਾਮ ਕਰਨ ਜਾਂ ਛੱਡ ਜਾਣ, ਕੇਂਦਰ ਲਈ ਸਭ ਤੋਂ ਵਧੀਆ ਹੱਲ ਇਹੋ ਹੈ।

ਕਿਸੇ ਮੁਲਕ ਵਿੱਚ ਬਦਮਾਸ਼ਾਂ ਦਾ ਜ਼ੋਰ ਹੋਣਾ, ਵੱਖਰਤਾਵਾਂ ਦਾ ਵਿਰੋਧ ਝੱਲਣ ਵਾਲੀਆਂ ਹਕੂਮਤਾਂ ਲਈ ਬਹੁਤ ਲਾਹੇਵੰਦ ਹੁੰਦਾ ਹੈ। ਜਿਹੜੇ ਲੋਕ ਵੀ ਕਦੇ ਕਿਸੇ ਸਰਕਾਰ ਖ਼ਿਲਾਫ਼ ਲੜੇ ਹਨ ਓਥੇ ਬਦਮਾਸ਼ਾਂ ਦਾ ਪੈਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਕਿਸੇ ਹਕੂਮਤ ਲਈ ਬਾਗ਼ੀਆਂ ਦੀ ਅਗਲੀ ਪੀੜ੍ਹੀ ਨੂੰ ਬਦਮਾਸ਼ੀ ਵਿਚ ਬਦਲਣ ਤੋਂ ਬਿਹਤਰ ਕੋਈ ਰਾਹ ਨਹੀਂ ਹੁੰਦਾ। ਯਾਦ ਰਹੇ ਕਿ ਪੰਜਾਬ ਨੂੰ ਬਦਮਾਸ਼ੀ ਵੱਲ ਧੱਕਣ ਦਾ ਪਹਿਲਾ ਸਰਕਾਰੀ ਪੜਾਅ ਖਾੜਕੂ ਲਹਿਰ ਦੇ ਡਿੱਗਣ ਨਾਲ ਹੀ ਸ਼ੁਰੂ ਹੋ ਗਿਆ ਸੀ। ਪੰਜਾਬ ਵਿੱਚ ਨਸ਼ੇ ਅਤੇ ਲੱਚਰ ਗਾਇਕੀ ਦਾ ਚੱਲਣ ਉਸ ਵੇਲੇ ਪੁਲਸ ਜਤਨਾਂ ਨਾਲ ਸ਼ੁਰੂ ਹੋਇਆ ਸੀ। ਪੰਜਾਬ ਦੇ ਹਰ ਮਾੜੇ ਮੋਟੇ ਗਾਇਕ ਨੂੰ ਏ.ਐੱਸ.ਆਈ. ਬਣਾ ਦਿੱਤਾ ਗਿਆ ਸੀ। ਪੰਜਾਬ ਦੇ ਕਈ ਦਰਜਨਾਂ ਗਾਇਕਾਂ ਨੂੰ ਧੌਂਸ ਨਾਲ ਪੁਲਸ ਦਾ ਅਹੁਦਾ ਦਿੱਤਾ ਗਿਆ। ਧੱਕੇ ਨਾਲ ਅਖਾੜੇ ਲਾਏ ਲਵਾਏ ਗਏ ਸਨ। ਅੱਜ ਜੋ ਨਸ਼ੇ ਅਤੇ ਬਦਮਾਸ਼ੀ ਦਾ ਮੁੱਦਾ ਉੱਭਰਿਆ ਹੈ ਇਹ ਉਹਦਾ ਹੀ ਫਲ਼ ਹੈ। ਜਿਵੇਂ ਪੰਜਾਬ ਦੇ ਹੱਕ ਲਈ ਲੜਣ ਵਾਲੇ ਲੋਕ ਅਤਿਵਾਦੀਆਂ ਵਜੋਂ ਭੰਡੇ ਅਤੇ ਮਾਰੇ ਗਏ, ਉਵੇਂ ਪੰਜਾਬ ਦੀ ਅਗਲੀ ਪੀੜ੍ਹੀ ਨਸ਼ੇੜੀਆਂ ਅਤੇ ਬਦਮਾਸ਼ਾਂ ਦੇ ਰੂਪ ਵਿੱਚ ਮਾਰੀ ਜਾ ਰਹੀ ਹੈ।ਪੰਜਾਬ ਤੋਂ ਬਾਹਰ ਵੀ ਪੰਜਾਬੀ ਲੋਕ ਨਸ਼ੇ ਅਤੇ ਬਦਮਾਸ਼ੀ ਦੀ ਜੰਗ ਵਿੱਚ ਮਰ ਰਹੇ ਹਨ ਇਹ ਸਿਰਫ਼ ਇਤਫ਼ਾਕ ਨਹੀਂ ਹੈ। ਡਾ. ਗੁਰਭਗਤ ਸਿੰਘ ਦੇ ਦੱਸਣ ਅਨੁਸਾਰ ਖਾੜਕੂ ਲਹਿਰ ਦੇ ਖ਼ਾਤਮੇ ਦੇ ਐਲਾਨ ਤੋਂ ਬਾਅਦ ਬੇਅੰਤ ਸਿੰਘ ਦੇ ਜਿਊਂਦਿਆਂ ਪਟਿਆਲੇ ਦੇ ਪੁਲਸ ਅਫ਼ਸਰ ਨੇ ਉਨ੍ਹਾਂ ਨੂੰ ਸੱਦ ਕੇ ਕਿਹਾ ਸੀ ‘ਹੁਣ ਬੰਦੇ ਨਸ਼ੇ ਨਾਲ ਮਰਨਗੇ, ਤੁਸੀਂ ਕਰ ਲਓ ਜੋ ਹੁੰਦਾ ਏ’।

ਆਮ ਆਦਮੀ ਪਾਰਟੀ ਦੇ ਉਭਾਰ ਨੇ ਪੰਜਾਬ ਵਿੱਚ ਕੇਂਦਰੀ ਹਕੂਮਤ ਦਾ ਇੱਕ ਵੱਡਾ ਕੰਮ ਕਰ ਦਿੱਤਾ ਹੈ ਕਿ ਸਿਰੇ ਦੇ ਕਾਮਰੇਡਾਂ ਤੋਂ ਲੈ ਕੇ ਖਾਲਸਤਾਨ ਬਣਾਉਣ ਵਾਲਿਆਂ ਤੱਕ ਨੂੰ ਚੋਣ ਰਾਜਨੀਤੀ ਦੀ ਇੱਕੋ ਟੋਪੀ ਪਾ ਦਿੱਤੀ। ਪੰਜਾਬ ਪਾਰਟੀ ਅਤੇ ਆਮ ਆਦਮੀ ਪਾਰਟੀ ਦੀ ਮੁਸ਼ਕਲ ਇਹ ਸੀ ਕਿ ਇਹਨਾਂ ਦੇ ਆਗੂ ਸਿੱਖ ਨਹੀਂ ਲਗਦੇ ਸਨ। ਇਸ ਕਰਕੇ ਉਹ ਸਿੱਖ ਮਸਲੇ ਦੇ ਹੱਲ ਲਈ ਪੰਜਾਬ ਦੇ ਸਿੱਖਾਂ ਅਤੇ ਦੁਨੀਆ ਦੇ ਲੋਕਾਂ ਸਾਹਮਣੇ ਢੁਕਵੇਂ ਨਹੀਂ ਜਾਪਦੇ ਸਨ। ਪੰਜਾਬ ਦੀ ਰਾਜਨੀਤੀ ਵਿਚੋਂ ਸਿੱਖ ਮਸਲਾ ਖ਼ਤਮ ਕਰਨ ਲਈ ਸਿੱਖ ਸ਼ਕਲ ਵਾਲਾ ਬੰਦਾ ਵਧੇਰੇ ਜ਼ਰੂਰੀ ਹੈ।

ਪਿਉ ਪੁੱਤ ਦੀ ਜੋੜੀ ਇਸ ਤੋਂ ਜ਼ਿਆਦਾ ਸਿੱਖੀ ਤੱਤ ਨਹੀਂ ਮਾਰ ਸਕਦੀ। ਬਾਹਰਲੇ ਸਿੱਖ ਪੰਜਾਬ ਦੀ ਰਾਜਨੀਤੀ ਲਈ ਵਧੇਰੇ ਤਤਪਰ ਹਨ ਇਸ ਕਰਕੇ ਕੇਂਦਰ ਸਰਕਾਰ ਨੂੰ ਅਜਿਹੇ ਬੰਦੇ ਦੀ ਲੋੜ ਹੈ ਜੀਹਦੇ ਨਾਲ ‘ਜੂਝਣ ਵਰਗਾ’ ਕੁਝ ਜੁੜਿਆ ਹੋਵੇ ਤਾਂਕਿ ਉਹ ਬੰਦੇ ਨੂੰ ਲੋਕ ਇੱਕ ਵਾਰ ਆਪ ਹੁਲਾਰਾ ਦੇਣ ਜਿਵੇਂ ਪੰਜਾਬ ਪਾਰਟੀ ਜਾਂ ਆਮ ਆਦਮੀ ਪਾਰਟੀ ਨੂੰ ਦਿੱਤਾ ਸੀ।

ਕੇਂਦਰ, ਪੰਜਾਬ ਦੀ ਰਾਜਨੀਤੀ ਦੇ ਉਨ੍ਹਾਂ ਨਵੇਂ ਖਿਡਾਰੀਆਂ ਨੂੰ ਥਾਪੀ ਦਏਗਾ ਜਿਹੜੇ ਨਸ਼ੇ, ਬਦਮਾਸ਼ੀ ਅਤੇ ਭ੍ਰਿਸ਼ਟਾਚਾਰ ਵਰਗੇ ਨਵੇਂ ਪੰਜਾਬ ਮੁੱਦਿਆਂ ਦੇ ਹੱਲ ਨਾਲ ਤਰੱਕੀ ਦਾ ਦਾਅਵਾ ਕਰਨਗੇ ਅਤੇ ਕਿਸੇ ਵੀ ਪਹਿਲੀ ਮੁਸ਼ਕਲ ਨੂੰ ਹੱਲ ਕੀਤੇ ਬਿਨਾ ਲੋਕਾਂ ਨੂੰ (ਪੰਜਾਬੀ ਬੋਲਦੇ ਇਲਾਕੇ, ਰਾਜਧਾਨੀ, ਬਿਜਲੀ ਪਾਣੀ ਅਤੇ ਚੁਰਾਸੀ ਦੇ ਇਨਸਾਫ਼ ਆਦਿ) ਕੁੱਲ ਮਸਲਿਆਂ ਦਾ ਹੱਲ ਵੇਚਣਗੇ। ਹਿੰਦੀ ਫ਼ਿਲਮ ਰਕਤ ਚਰਿੱਤਰ ਵਿੱਚ ਨੇਤਾ ਪਾਤਰ ਇਹੋ ਬੋਲਦਾ ਹੈ ਕਿ ਗੁੰਡਾਗਰਦੀ ਸਿਰਫ਼ ਸਭ ਤੋਂ ਵੱਡਾ ਗੁੰਡਾ ਹੀ ਖ਼ਤਮ ਕਰ ਸਕਦਾ ਹੈ। ਬਦਮਾਸ਼ੀ, ਨਸ਼ੇ ਜਾਂ ਭ੍ਰਿਸ਼ਟਾਚਾਰ ਵਰਗੇ ਮਾਮਲਿਆਂ ਨੂੰ ਖ਼ਤਮ ਕਰਨ ਦਾ ਦਾਅਵਾ ਵਧੇਰੇ ਬਦਮਾਸ਼ ਜਾਂ ਵਧੇਰੇ ਭ੍ਰਿਸ਼ਟ ਬੰਦੇ ਦਾ ਹੀ ਮਜ਼ਬੂਤ ਹੁੰਦਾ ਹੈ ਕਿਉਂਕਿ ਉਹਦੀ ਇੱਕੋ ਗੱਲ ਲੋਕਾਂ ਨੂੰ ਕਾਟ ਕਰਦੀ ਹੈ ਕਿ ‘ਮੈਨੂੰ ਸਭ ਅੰਦਰਲਾ ਭੇਤ ਪਤੈ, ਮੈਂ ਕਰੂੰ ਸਿੱਧੇ’। ਪੰਜਾਬ ਦੇ ਅਜੋਕੇ ਹਾਲਾਤ ਵਿਚ ਇਹ ਸਿੱਕਾ ਚੱਲਣ ਦੀ ਸੰਭਾਵਨਾ ਪਈ ਹੈ ਕਿਉਂਕਿ ਪੁਰਾਣੇ ਦੋਵਾਂ ਦਲਾਂ ਵੱਲੋਂ ਵਾਰ ਵਾਰ ਵਾਅਦਾ ਖ਼ਿਲਾਫ਼ੀ ਕਰਨ ਕਾਰਨ ਲੋਕਾਂ ਨੂੰ ਹੁਣ ਕੋਈ ਫ਼ਰਕ ਨਹੀਂ ਕਿ ਕਿਹੜਾ ਸੱਤਾ ਵਿੱਚ ਹੈ ਅਤੇ ਕਿਹੜਾ ਸੱਤਾ ਤੋਂ ਬਾਹਰ। ਦੋਵਾਂ ਦਲਾਂ ਦਾ ਲੋਕਾਂ, ਪੰਜਾਬ ਅਤੇ ਕੇਂਦਰ ਨਾਲ ਵਤੀਰੇ ਵਿੱਚ ਕੋਈ ਫ਼ਰਕ ਨਹੀਂ ਰਿਹਾ। ਇਹੋ ਮਾਹੌਲ ਨਵੇਂ ਪਲਟੇ ਨੂੰ ਰਾਸ ਆਏਗਾ ਬੇਸ਼ੱਕ ਉਹ ਹੁਣੇ ਹੋਈ ਬਦਲਾਅ ਦੀ ਕਸਰਤ ਨਾਲੋਂ ਵੀ ਮਾੜਾ ਹੋਵੇ।

ਕੇਜਰੀਵਾਲ ਦੇ ਮੁਆਫ਼ੀ ਮੰਗਣ ਤੋਂ ਬਾਅਦ ਬਿਜਲ ਸੱਥ ਵਿਚ ਲੋਕਾਂ ਵੱਲੋਂ ਟਿੱਚਰ ਅਤੇ ਨਫ਼ਰਤ ਨਾਲ ‘ਲਾਲਾ ਜੀ’ ਕਹਿਣਾ ਆਪਣੇ ਆਪ ਵਿਚ ਇਹ ਗੱਲ ਨੂੰ ਸਹੀ ਸਿੱਧ ਕਰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਗਪੌੜੀ ਜਾਂ ਭੰਡੀ ਨਹੀਂ ਸਗੋਂ ਅਸਲ ਸਰਦਾਰ ਲੱਗਣ ਵਾਲਾ ਆਗੂ ਚਾਹੀਦਾ ਹੈ। ਰੱਦਿਆ ਹੋਇਆ ਕਪਤਾਨ ਗੁਟਕਾ ਅਤੇ ਖੂੰਡਾ ਫੜਕੇ ਲੋਕਾਂ ਦੇ ਮਨ ਨੂੰ ਇਸ ਕਰਕੇ ਭਾਅ ਗਿਆ ਕਿ ਲੋਕ, ਉਹਨੂੰ ਨਹੀਂ ਸਗੋਂ ਉਸ ਤਰ੍ਹਾਂ ਦੇ ਆਗੂ ਨੂੰ ਭਾਲਦੇ ਹਨ ਜਿਹੜਾ ਪੰਜਾਬ ਦੀ ਵਿਰਾਸਤ ਦੇ ਹਿਸਾਬ ਨਾਲ ਬੰਦਾ ਲਗਦਾ ਹੋਵੇ। ਪੰਜਾਬ ਲਈ ਅਗਲਾ ਆਗੂ ਲੋਕਾਂ ਤੋਂ ਪਹਿਲਾਂ ਚੰਡੀਗੜ੍ਹ, ਹਰਿਆਣੇ ਅਤੇ ਕੇਂਦਰ ਦੀ ਹਕੂਮਤ ਨੇ ਭਾਲਣਾ ਸ਼ੁਰੂ ਕੀਤਾ ਹੋਇਆ ਹੈ ਜੋ ਬਦਮਾਸ਼ੀ, ਨਸ਼ੇ ਜਾਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੀ ਝੰਡੀ ਚੁੱਕੇਗਾ। ਹੋ ਸਕਦੈ ਕੋਈ ਮੁਆਫ਼ੀ ਵਾਲਾ ਈ ਫੋਤੇਦਾਰ ਵਾਂਗ ਆਪਣੇ ਸਿਰ ਸਿਹਰਾ ਲਏਗਾ ਕਿ ਉਹਨੇ ਅਗਲੇ ਆਗੂ ਦੀ ਚੋਣ ਕੀਤੀ ਹੈ ਜਾਂ ਫਿਰ ਮਰਹੂਮ ਦਾਰਸ਼ਨਿਕ ਸਾਇਰ ਹਰਿੰਦਰ ਸਿੰਘ ਮਹਿਬੂਬ ਦੇ ਕਹਿਣ ਵਾਂਗ ਪੰਜਾਬ ਦੀ ਧਰਤੀ ਸਿਮਰਨ ਵਿੱਚ ਉਡੀਕ ਰਹੀ ਹੈ। ੲ

Comments

comments

Share This Post

RedditYahooBloggerMyspace