ਬ੍ਰਹਿਮੰਡ ਦੀ ਰਚਨਾ

ਭਾਈ ਹਰਸਿਮਰਤ ਸਿੰਘ

ਬ੍ਰਹਿਮੰਡ ਦੀ ਰਚਨਾ ਕਿਵੇਂ ਹੋਈ ਸੀ? ਇਹ ਵਿਸ਼ਾਲ ਮਾਦਾ ਪਦਾਰਥ ਕਿਵੇਂ ਹੋਂਦ ਵਿੱਚ ਆਇਆ ਸੀ? ਇਸ ਪਿੱਛੇ ਕਿਹੜੀ ਊਰਜਾ ਕਿਵੇਂ ਕੰਮ ਕਰਦੀ ਆ ਰਹੀ ਹੈ? ਵਿਸ਼ਾਲ ਅਸਤਿਤਵ ਵਿੱਚ ਮਾਨਵ ਜਾਤੀ ਅਤੇ ਸਗਲ ਜੀਵ ਜੰਤ ਦੀ ਹੋਂਦ ਦੇ ਕੀ ਅਰਥ ਅਤੇ ਮਕਸਦ ਹਨ? ਇਨ੍ਹਾਂ ਅਤੇ ਹੋਰ ਪ੍ਰਸ਼ਨਾਂ ਦੇ ਜਵਾਬ ਲੱਭਣ ਦੇ ਯਤਨ ਵਿਸ਼ਵ ਧਰਮ, ਫ਼ਿਲਾਸਫ਼ੀ ਅਤੇ ਵਿਗਿਆਨ ਲਗਾਤਾਰ ਕਰਦੇ ਆ ਰਹੇ ਹਨ। ਬਿੱਗ ਬੈਂਗ ਥਿਊਰੀ, ਕਣ-ਥਿਊਰੀਆਂ, ਸਮੇਂ ਤੇ ਪੁਲਾੜ ਦੀਆਂ ਵਿਸ਼ਾਲ ਵਿਆਖਿਆਵਾਂ, ਐਟਮ ਅਤੇ ਸਬ-ਐਟੋਮਿਕ ਅਣੂ, ਬਲੈਕ ਹੋਲਜ਼ (ਸਿਆਹ ਸੁਰਾਖਾਂ) ਦੀ ਹੋਂਦ ਅਤੇ ਵਿਹਾਰ, ਪੁਲਾੜ ਵਿੱਚ ਤੇਜ਼ ਗਤੀ ਨਾਲ ਜਾਣ ਵਾਲੇ ਸਪੇਸਸ਼ਿਪ, ਬਿਜਲਈ ਚੁੰਬਕੀ ਤਰੰਗਾਂ ਦੇ ਬ੍ਰਹਿਮੰਡ ਨੂੰ ਜਾਨਣ ਅਤੇ ਸੰਚਾਰ ਵਿਵਸਥਾ ਦੀ ਵਰਤੋਂ ਵਿਧੀਆਂ ਅਤੇ ਤਾਕਤਵਰ ਕੰਪਿਊਟਰਾਂ ਨਾਲ ਮਾਨਵ ਜਾਤੀ ਨੂੰ ਜੋੜਨ ਆਦਿ ਖੇਤਰਾਂ ਵਿੱਚ ਕੀਤੀਆਂ ਗਈਆਂ ਅਹਿਮ ਖੋਜਾਂ ਤੇ ਪ੍ਰਾਪਤੀਆਂ ਦਾ ਸਿਹਰਾ ਮੁੱਖ ਤੌਰ ‘ਤੇ ਭੌਤਿਕ ਵਿਗਿਆਨ ਨੂੰ ਦਿੱਤਾ ਜਾਂਦਾ ਹੈ।

ਜਿਨ੍ਹਾਂ ਵਿਗਿਆਨੀਆਂ ਨੇ ਇਸ ਖੇਤਰ ਵਿੱਚ ਆਪਣੇ ਆਪ ਨੂੰ ਸਮਰਪਿਤ ਕੀਤਾ, ਉਨ੍ਹਾਂ ਵਿੱਚ 1942 ਵਿੱਚ ਕੈਂਬ੍ਰਿਜ ਵਿਖੇ ਜਨਮੇ ਸਟੀਫ਼ਨ ਹਾਕਿੰਗ ਦਾ ਨਾਂ ਵਿਸ਼ੇਸ਼ ਪਛਾਣ ਰੱਖਦਾ ਹੈ। ਸਟੀਫ਼ਨ ਹਾਕਿੰਗ ਨੇ ਬ੍ਰਹਿਮੰਡ ਅਤੇ ਭੌਤਿਕ ਵਿਗਿਆਨ ਨਾਲ ਸਬੰਧਿਤ ਕਈ ਪਹਿਲੂਆਂ ਬਾਰੇ ਪਿਛਲੀ ਸਦੀ ਦੌਰਾਨ ਅਤੇ ਵਰਤਮਾਨ ਤਕ ਹੋਈਆਂ ਖੋਜਾਂ ਨੂੰ ਆਪਣੇ ਵਿਚਾਰਾਂ ਦਾ ਆਧਾਰ ਬਣਾਇਆ। ਉਸ ਨੇ ਇਸ ਸਮੁੱਚੇ ਵਜੂਦ ਵਿੱਚ ਮਨੁੱਖ ਦੀ ਹੋਂਦ ਬਾਰੇ ਕਈ ਨਵੇਂ ਪ੍ਰਸ਼ਨ ਖੜ੍ਹੇ ਕੀਤੇ ਅਤੇ ਉਨ੍ਹਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਇੱਕ ਵਿਚਾਰ ਸਪੱਸ਼ਟ ਹੈ ਕਿ ਉਸ ਨੇ ਸਾਪੇਖਤਾ ਸਿਧਾਂਤ, ਕੁਆਂਟਮ ਮਕੈਨਿਕਸ, ਬਿੱਗ ਬੈਂਗ ਦੀ ਇਕਮਾਤਰਤਾ, ਸਮੇਂ ਦੀਆਂ ਵਿਆਖਿਆਵਾਂ ਤੋਂ ਅੱਗੇ ਜਾ ਕੇ ਬ੍ਰਹਿਮੰਡ ਦੀ ਬਣਤਰ ਅਤੇ ਇਸ ਦੇ ਵਿਹਾਰਾਂ ਬਾਰੇ ਜੋ ਵਿਚਾਰ ਦਿੱਤੇ ਹਨ, ਉਹ ਨਿਸ਼ਚੇ ਹੀ ਇੱਕੀਵੀਂ ਸਦੀ ਵਿੱਚ ਇਸ ਸਬੰਧੀ ਕੀਤੀ ਜਾਣ ਵਾਲੀ ਨਵੀਂ ਖੋਜ ਦੇ ਆਧਾਰ ਬਣ ਸਕਦੇ ਹਨ।

ਬ੍ਰਹਿਮੰਡ, ਸਮਾਂ ਅਤੇ ਪੁਲਾੜ, ਕਣ ਥਿਊਰੀ, ਨਿਯਮਾਂ ਦਾ ਰਾਜ ਅਤੇ ਹੋਰ ਕਈ ਦ੍ਰਿਸ਼ਟੀਕੋਣਾਂ ਤੋਂ ਦਿੱਤੇ ਗਏ ਕਈ ਗੰਭੀਰ ਵਿਚਾਰਾਂ ਤੋਂ ਬਾਅਦ ਸਟੀਫ਼ਨ ਹਾਕਿੰਗ ਇਨ੍ਹਾਂ ਪ੍ਰਸ਼ਨਾਂ ਦੇ ਠੋਸ ਉੱਤਰ ਲੱਭਣ ਦੀ ਤੀਬਰ ਇੱਛਾ ਰੱਖਦਾ ਸੀ। ਉਹ ਇਹ ਵੀ ਜਾਣਦਾ ਸੀ ਕਿ ਸਿਰਫ਼ ਵਿਗਿਆਨ ਇਨ੍ਹਾਂ ਪ੍ਰਸ਼ਨਾਂ ਦੇ ਜਵਾਬ ਨਹੀਂ ਦੇ ਸਕਦਾ। ਇਸ ਸਬੰਧੀ ਫ਼ਿਲਾਸਫ਼ੀ ਦੀ ਲੋੜ ਅਤੇ ਖੋਜ ਵਿਧੀਆਂ ਹਮੇਸ਼ਾਂ ਪ੍ਰਸੰਗਿਕ ਬਣੇ ਰਹਿਣਗੇ। ਉਹ ਪਿਛਲੇ ਆਲਮੀ ਦਾਰਸ਼ਨਿਕਾਂ ਅਤੇ ਧਾਰਮਿਕ ਆਗੂਆਂ ਵੱਲੋਂ ਇਸ ਸਬੰਧੀ ਪਿੱਛੇ ਹਟ ਜਾਣ ਅਤੇ ਵਿਗਿਆਨ ਵੱਲੋਂ ਉਠਾਏ ਪ੍ਰਸ਼ਨਾਂ ਦੇ ਜਵਾਬ ਨਾ ਦੇਣ ਲਈ ਉਨ੍ਹਾਂ ਨੂੰ ਨਿਹੋਰਾ ਵੀ ਮਾਰਦਾ ਸੀ। ਸਟੀਫ਼ਨ ਹਾਕਿੰਗ ਇਸ ਵਿਚਾਰ ਤੋਂ ਭਲੀਭਾਂਤ ਸੁਚੇਤ ਸੀ ਕਿ ਵਿਗਿਆਨ ਇਹ ਤਾਂ ਦੱਸ ਸਕਦਾ ਹੈ ਕਿ ਇਹ ਬ੍ਰਹਿਮੰਡ ਕੀ ਹੈ, ਪਰ ਅਸਤਿਤਵ ਦੀ ਹੋਂਦ ਕਿਉਂ ਹੋਈ ਅਤੇ ਇਸ ਦੇ ਮਕਸਦ ਕੀ ਸਨ (ਹਨ), ਬਾਰੇ ਤਾਂ ਫ਼ਿਲਾਸਫ਼ੀ ਬਿਹਤਰ ਢੰਗ ਨਾਲ ਦੱਸ ਸਕਦੀ ਹੈ। ਇਸੇ ਲਈ ਸਟੀਫ਼ਨ ਹਾਕਿੰਗ ਇਹ ਮੰਨਦਾ ਸੀ ਕਿ ਵਿਗਿਆਨ ਅਤੇ ਫ਼ਿਲਾਸਫ਼ੀ ਨੂੰ ਮਿਲ ਕੇ ਇਸ ਸਬੰਧੀ ਕੰਮ ਕਰਨ ਦੀ ਲੋੜ ਹੈ। ਜੇਕਰ ਵਿਸ਼ਵ ਵਿਗਿਆਨੀਆਂ ਅਤੇ ਦਾਰਸ਼ਨਿਕਾਂ ਵਿਚਕਾਰ ਅਜਿਹੀ ਇਕਸੁਰਤਾ ਪੈਦਾ ਹੋ ਜਾਂਦੀ ਤਾਂ ਸ਼ਾਇਦ ਹਾਕਿੰਗ ਨੂੰ ਇਹ ਲਿਖਣ ਦੀ ਲੋੜ ਨਾ ਪੈਂਦੀ ਅਤੇ ਸ਼ਾਇਦ ਆਪਣੇ ਸਿਧਾਂਤਾਂ ਤੇ ਖੋਜਾਂ ਦੀ ਸੁਰ ਬਦਲਣੀ ਪੈਂਦੀ।
ਜ਼ਾਹਿਰ ਹੈ ਕਿ ਜਦੋਂ ਸਟੀਫ਼ਨ ਹਾਕਿੰਗ ਵਰਗਾ ਵਿਸ਼ਵ ਪ੍ਰਸਿੱਧੀ ਨੂੰ ਪ੍ਰਾਪਤ ਵਿਗਿਆਨੀ ਫ਼ਿਲਾਸਫ਼ੀ ਅਤੇ ਵਿਸ਼ਵ ਦਾਰਸ਼ਨਿਕਾਂ ਨੂੰ ਇਸ ਸੰਦਰਭ ਵਿੱਚ ਪਿੱਛੇ ਰਹਿ ਜਾਣ ਦਾ ਵਿਚਾਰ ਦਿੰਦਾ ਹੈ ਤਾਂ ਉਸ ਦੇ ਧਿਆਨ ਵਿੱਚ ਪੱਛਮੀ ਬੌਧਿਕ ਪਰੰਪਰਾ ਨਾਲ ਜੁੜੇ ਵਿਦਵਾਨ ਹੀ ਹਾਵੀ ਸਨ। ਪੱਛਮ ਵਿੱਚੋਂ ਨਿਕਲ ਕੇ ਜੇਕਰ ਉਸ ਨੇ ਪੂਰਬੀ ਚਿੰਤਨ ਦੇ ਸਿਖ਼ਰ, ਸਿੱਖ ਧਰਮ ਫ਼ਲਸਫ਼ੇ ਦੀਆਂ ਇਸ ਸਬੰਧੀ ਦਰਸਾਈਆਂ ਗਈਆਂ ਗੰਭੀਰ ਦਿਸ਼ਾਵਾਂ ਨੂੰ ਸਮੁੱਚੇ ਰੂਪ ਵਿੱਚ ਫਰੋਲਿਆ ਹੁੰਦਾ ਤਾਂ ਉਸ ਦੇ ਵਿਚਾਰ ਸ਼ਾਇਦ ਹੋਰ ਹੋਣੇ ਸਨ। ਇਸ ਸਭ ਦੇ ਬਾਵਜੂਦ ਫਿਰ ਸਟੀਫ਼ਨ ਹਾਕਿੰਗ ਨੇ ਜਿਨ੍ਹਾਂ ਵੀ ਵਿਚਾਰਾਂ ਨੂੰ ਆਪਣੀ ਖੋਜ ਦਾ ਵਿਸ਼ਾ ਬਣਾਇਆ, ਉਹ ਸਿੱਖ ਫ਼ਿਲਾਸਫ਼ੀ ਵਿੱਚ ਆਏ ਇਸ ਸਬੰਧੀ ਵਿਚਾਰਾਂ ਦਾ ਵਿਸਥਾਰ ਹੀ ਹਨ।

ਸਾਨੂੰ ਬ੍ਰਹਿਮੰਡ ਦੀ ਰਚਨਾ ਬਾਰੇ ਸਟੀਫ਼ਨ ਹਾਕਿੰਗ ਦੇ ਵਿਚਾਰਾਂ ਦੇ ਮੂਲ ਆਧਾਰਾਂ ਨੂੰ ਵੇਖਣਾ ਹੋਵੇਗਾ। ਇਹ ਵਿਗਿਆਨੀ ਆਪਣੇ ਵਿਚਾਰਾਂ ਨੂੰ ਘੁਮਾ-ਫਿਰਾ ਕੇ ਬ੍ਰਹਿਮੰਡ ਦੀ ਬਿੱਗ ਬੈਂਗ ਤੋਂ ਹੋਈ ਸ਼ੁਰੂਆਤ ਉੱਤੇ ਹੀ ਕੇਂਦਰਿਤ ਕਰਦਾ ਹੈ। ਸ਼ਾਇਦ ਉਸ ਦੇ ਮਨ ਉੱਤੇ ਇਸਾਈ ਚਰਚ ਦੇ ਡਰ ਦਾ ਪ੍ਰਭਾਵ ਬਣਿਆ ਹੋਇਆ ਸੀ। ਆਪਣੀ ਪੁਸਤਕ ‘ਏ ਬ੍ਰੀਫ ਹਿਸਟਰੀ ਆਫ ਟਾਈਮ’ ਦੇ ਪੰਨਾ ਨੰਬਰ 122 ਉੱਤੇ ਉਹ 1981 ਵਿੱਚ ਹੋਰ ਵਿਗਿਆਨੀਆਂ ਸਮੇਤ ਉਸ ਦੀ ਪੋਪ ਨਾਲ ਹੋਈ ਮਿਲਣੀ ਦਾ ਜ਼ਿਕਰ ਕਰਦਾ ਹੈ। ਪੋਪ ਨੇ ਵਿਗਿਆਨੀਆਂ ਨੂੰ ਤਾੜਨਾ ਭਰੇ ਲਹਿਜੇ ਵਿੱਚ ਕਿਹਾ ਸੀ ਕਿ ਵਿਗਿਆਨੀ ਬਿੱਗ ਬੈਂਗ ਤੋਂ ਪਹਿਲਾਂ ਦੀ ਖੋਜ ਨਾ ਕਰਨ ਕਿਉਂਕਿ ਉਹ ਬ੍ਰਹਿਮੰਡ ਸਿਰਜਕ ਪਰਮਾਤਮਾ ਦਾ ਕਾਰਜ ਖੇਤਰ ਹੈ। ਪੋਪ ਦਾ ਇਹ ਵਿਚਾਰ ਸੱਚਮੁੱਚ ਹੈਰਾਨ ਕਰਨ ਵਾਲਾ ਹੈ। ਜਦੋਂ ਅਸੀਂ ਇਸ ਧਰਤੀ ਉੱਤੇ ਉਪਜੀ ਬਨਸਪਤੀ ਅਤੇ ਮਾਨਵ ਸਮੇਤ ਹਰ ਪ੍ਰਕਾਰ ਦੇ ਜੀਵਾਂ ਦੇ ਕੁਦਰਤ ਦੇ ਨਿਯਮਾਂ ਅਨੁਸਾਰ ਜਨਮ ਲੈਣ ਤੋਂ ਪਹਿਲਾਂ ਉਨ੍ਹਾਂ ਦੇ ਸਾਬਤ ਬੀਜ ਬਣਨ ਦੀ ਤਹਿ ਤਕ ਜਾ ਸਕਦੇ ਹਾਂ ਤਾਂ ਇਸ ਗਤੀਮਾਨ ਬ੍ਰਹਿਮੰਡ ਦੀ ਯਾਤਰਾ ਸ਼ੁਰੂ ਹੋਣ ਦੇ ਉਸ ਬਿੰਦੂ ਤਕ ਕਿਉਂ ਨਹੀਂ ਜਾ ਸਕਦੇ? ਬਿੱਗ ਬੈਂਗ ਦੀ ਮਹਾਂ-ਘਟਨਾ ਤਾਂ ਇਸ ਗਤੀਮਾਨ ਬ੍ਰਹਿਮੰਡ ਦੇ ਸਮੇਂ ਅਤੇ ਸਪੇਸ ਵਿੱਚ ਉਤਰਨ ਨਾਲ ਸਬੰਧ ਰੱਖਣ ਵਾਲਾ ਇੱਕ ਪੜਾਅ ਸੀ। ਬ੍ਰਹਿਮੰਡ ਦੀ ਸਿਰਜਣਾ ਇੱਕ ਜੀਵ ਦੇ ਗਤੀਮਾਨ ਜੀਵਨ ਯੁੱਗ ਵਾਂਗ ਹੈ। ਇਸ ਲਈ ਇਸ ਦਾ ਇੱਕ ਜੀਵ ਵਾਂਗ ਅਧਿਐਨ ਕਰਨਾ ਤਾਂ ਇਸ ਦੇ ਅੰਦਰ ਹੀ ਪਿਆ ਹੈ।

ਸਟੀਫ਼ਨ ਹਾਕਿੰਗ ਨੇ ਆਇੰਸਟਾਈਨ ਦੇ 1915 ਵਿੱਚ ਸਾਹਮਣੇ ਆਏ ਸਾਪੇਖਤਾ ਦੇ ਵਿਆਪਕ ਸਿਧਾਂਤ ਨੂੰ ਇੰਨ-ਬਿੰਨ ਮੰਨ ਕੇ ਬਿੱਗ ਬੈਂਗ ਤੋਂ ਪਾਰਲੇ ਪਾਸੇ ਦੇ ਵਰਤਾਰੇ ਨੂੰ ਉੱਕਾ ਹੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਅਨੁਸਾਰ ਚੂੰਕਿ ਇਹ ਥਿਊਰੀ ਪੁਲਾੜ ਅਤੇ ਸਮੇਂ ਵਿੱਚ ਸਮੁੱਚੇ ਤੌਰ ‘ਤੇ ਪੂਰਨ ਨਹੀਂ ਹੈ, ਇਸ ਲਈ ਬ੍ਰਹਿਮੰਡ ਦੀ ਬੀਜ ਰੂਪ ਤੋਂ ਬਿੱਗ ਬੈਂਗ ਤਕ ਦੀ ਸਿਰਜਣਾ ਵਿਗਿਆਨ ਦੇ ਭੌਤਿਕਤਾ ਨਿਯਮਾਂ ਦੇ ਘੇਰੇ ਤੋਂ ਹੀ ਬਾਹਰ ਹੈ। ਉਹ ਪੁਲਾੜ ਅਤੇ ਸਮੇਂ ਨੂੰ ਗਤੀਸ਼ੀਲ ਹੋਂਦ ਵਾਂਗ ਮੰਨਦਾ ਹੈ।

ਭਾਵੇਂ ਉਸ ਨੇ ਇਹ ਵਿਚਾਰ ਸਮੇਂ ਦੇ ਪ੍ਰਸੰਗ ‘ਚ ਦਿੱਤੇ ਹਨ ਕਿ ਬ੍ਰਹਿਮੰਡ ਤੋਂ ਪਹਿਲਾਂ ਸਮੇਂ ਦੀ ਕੋਈ ਹੋਂਦ ਹੀ ਨਹੀਂ ਸੀ, ਪਰ ਉਹ ਇਨ੍ਹਾਂ ਵਿਚਾਰਾਂ ਦੇ ਆਧਾਰ ‘ਤੇ ਬ੍ਰਹਿਮੰਡ ਦੀ ਬਿੱਗ ਬੈਂਗ ਜਾਂ ਮਹਾਂ-ਕਵਾਓ ਤਕ ਹੋਈ ਸਿਰਜਣਾ ਬਾਰੇ ਚੁੱਪ ਹੈ। ਇਹੀ ਤਾਂ ਉਹ ਜੀਵ ਵਿਗਿਆਨੀ ਮਾਡਲ ਹੈ ਜਿਸ ਨੂੰ ਅਪਣਾ ਕੇ ਅਸੀਂ ਬ੍ਰਹਿਮੰਡ ਦੀ ਰਚਨਾ ਅਤੇ ਵਿਹਾਰਾਂ ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਹਾਂ। ਮੇਰਾ ਪੱਕਾ ਵਿਚਾਰ ਹੈ ਕਿ ਜੇਕਰ ਅਸੀਂ ਮਨੁੱਖੀ ਦਿਮਾਗ਼ ਦੀਆਂ ਪ੍ਰਵਿਰਤੀਆਂ ਅਤੇ ਕੰਮ ਕਰਨ ਦੇ ਢੰਗਾਂ ਦਾ ਹੀ ਬ੍ਰਹਿਮੰਡ ਦੇ ਪ੍ਰਸੰਗ ਵਿੱਚ ਮੰਥਨ ਕਰ ਲਈਏ ਤਾਂ ਸਰੀਰ ਦੀ ਇਹ ਪ੍ਰਯੋਗਸ਼ਾਲਾ ਹਰ ਮਨੁੱਖ ਦੇ ਅੰਗ-ਸੰਗ ਹਰ ਪਲ ਚੱਲ ਰਹੀ ਹੈ, ਜਿਸ ਨੂੰ ਸਿੱਖ ਫਲਸਫਾ ”ਜੋ ਬ੍ਰਹਿਮੰਡੇ ਸੋਈ ਪਿੰਡੇ” ਦੇ ਰੂਪ ਵਿੱਚ ਬਿਆਨ ਕਰਦਾ ਹੈ। ਕੁਆਂਟਮ ਮਕੈਨਿਕਸ ਦੇ ਸਿਧਾਂਤ ਨਾਲ ਬ੍ਰਹਿਮੰਡ ਦੇ ਕਣਤੰਤਰ ਅਤੇ ਮਾਦਾ ਪਦਾਰਥ ਦੀ ਬਣਤਰ ਅਤੇ ਵਿਹਾਰਾਂ ਨੂੰ ਜ਼ਰੂਰ ਸਮਝਿਆ ਜਾ ਸਕਦਾ ਹੈ। ਹਾਕਿੰਗ ਦੇ ਇਨ੍ਹਾਂ ਵਿਚਾਰਾਂ ਦੇ ਆਧਾਰ ‘ਤੇ ‘ਬ੍ਰਹਿਮੰਡ ਦੀ ਸੰਯੁਕਤ ਥਿਊਰੀ’ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
*ਮੁਖੀ, ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀਜ਼, ਸ੍ਰੀ ਆਨੰਦਪੁਰ ਸਾਹਿਬ।

Comments

comments

Share This Post

RedditYahooBloggerMyspace