ਭੌਰਾ ਦੀ ਕਿਤਾਬ ‘ਵਿਚੋ ਵਿਚ ਦੀ’ ਜਲੰਧਰ ਵਿਖੇ ਰਿਲੀਜ਼

ਜਲੰਧਰ : ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਪੰਜਾਬ ਦਿਆਂ ਸਾਹਿਤਕ ਹਲਕਿਆਂ ਵਿਚ ਅੰਤਰਰਾਸ਼ਟਰੀ ਪੱਧਰ ਤੇ ਸਰਗਰਮੀ ਨਾਲ ਵਿਚਰ ਰਹੇ ਪੱਤਰਕਾਰ ਤੇ ਲੇਖਕ ਐੱਸ.ਅਸ਼ੋਕ.ਭੌਰਾ ਵਲੋਂ ਪੰਜਾਬ ਦੇ ਸੰਗੀਤਕ ਇਤਿਹਾਸ ਨੂੰ ਪੇਸ਼ ਕਰਦੀ ਕਰੀਬ 450 ਸਫਿਆਂ ਦੀ ਦਸਤਾਵੇਜ਼ੀ ਪੁਸਤਕ ‘ਵਿਚੋ ਵਿਚ ਦੀ’ ਪ੍ਰੈੱਸ ਕਲੱਬ ਜਲੰਧਰ ਵਿਚ ਲੋਕ ਅਰਪਿਤ ਕੀਤੀ ਗਈ। ਇਸ ਸਮਾਗਮ ਵਿਚ ਸੀਨੀਅਰ ਪੱਤਰਕਾਰ ਅਤੇ ਅਜੀਤ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ, ਹਾਸਰਸ ਕਲਾਕਾਰ ਗੁਰਪ੍ਰੀਤ ਘੁੱਗੀ, ਉੱਘੇ ਲੋਕ ਗਾਇਕ ਸਰਦੂਲ ਸਿਕੰਦਰ, ਗਾਇਕਾ ਰਣਜੀਤ ਕੌਰ, ਸੰਗੀਤਕ ਉਦਯੋਗ ਨਾਲ ਜੁੜੇ ਰਹੇ ਜਰਨੈਲ ਘੁਮਾਣ, ਜਾਗਰ੍ਰਿਤੀ ਮੰਚ ਦੇ ਸਕੱਤਰ ਦੀਪਕ ਬਾਲੀ ਅਤੇ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਏ। ਇਸ ਪੁਸਤਕ ਦੀ ਘੁੰਡ ਚੁਕਾਈ ਕਰਦਿਆਂ ਸ੍ਰੀ ਸਤਨਾਮ ਮਾਣਕ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬੀ ਇਤਿਹਾਸ ਤਾਂ ਬਣਾ ਲੈਂਦੇ ਹਨ ਪਰ ਸੰਭਾਲਣਾ ਨਹੀਂ ਜਾਣਦੇ, ਐੱਸ.ਅਸ਼ੋਕ.ਭੌਰਾ ਨੇ ਇਸ ਪੁਸਤਕ ‘ਵਿਚੋ ਵਿਚ ਦੀ’ ਜ਼ਰੀਏ ਪੰਜਾਬ ਦੇ ਸੰਗੀਤਕ ਇਤਿਹਾਸ ਨੂੰ ਸੰਭਾਲਣ ਦਾ ਵਡਮੁੱਲਾ ਯੋਗਦਾਨ ਪਾਇਆ ਹੈ। ਉਹ ਗਾਇਕਾਂ ‘ਚ ਤਿੰਨ ਦਹਾਕੇ ਪੂਰੀ ਸਰਗਰਮੀ ਨਾਲ ਵਿਚਰੇ ਹਨ ਅਤੇ ਇਹਨਾਂ ਯਾਦਾਂ ਨੂੰ ਇਸ ਪੁਸਤਕ ਵਿਚ ਸਰਲ ਸ਼ਬਦਾਵਲੀ ‘ਚ ਪੇਸ਼ ਕਰਨ ਦਾ ਸਫਲ ਯਤਨ ਕੀਤਾ ਹੈ। ਉਨਾਂ ਐੱਸ.ਅਸ਼ੋਕ.ਭੌਰਾ ਨੂੰ ਵਧਾਈ ਦਿੰਦਿਆਂ ਇਸ ਪੁਸਤਕ ਦੀ ਆਮਦ ‘ਤੇ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।

ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕ ਕਨਵੀਨਰ ਅਤੇ ਉੱਘੇ ਹਾਸਰਸ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਸ਼੍ਰੀ ਭੌਰਾ ਦਾ ਲਿਖਣ ਦਾ ਅੰਦਾਜ਼ ਬਾਕਮਾਲ ਹੈ ਤੇ ਉਹ ਸਧਾਰਨ ਘਟਨਾਵਾਂ ਨੂੰ ਵੀ ਕਲਾਤਮਕ ਨਜ਼ਰੀਏ ਨਾਲ ਪੇਸ਼ ਕਰਨ ਦਾ ਵੱਡਾ ਹੁਨਰ ਰੱਖਦੇ ਹਨ। ‘ਵਿਚੋ ਵਿਚ ਦੀ’ ਪੁਸਤਕ ਦੋ ਸੌ ਸਾਲ ਬਾਅਦ ਵੀ ਪੰਜਾਬ ਦੇ ਇਕ ਸੰਗੀਤਕ ਯੁੱਗ ਦੀ ਬਾਤ ਪਾਉਂਦੀ ਰਹੇਗੀ। ਇਹ ਪੁਸਤਕ ਪੰਜਾਬ ਦੇ ਅਮੀਰ ਗਾਇਕੀ ਜੋਬਨ ਦਾ ਇਕ ਤਰਾਂ ਨਾਲ ਸਿਰਨਾਵਾਂ ਹੈ। ਲੋਕ ਗਾਇਕ ਸਰਦੂਲ ਸਿਕੰਦਰ ਨੇ ਕਿਹਾ ਕਿ ਉਨਾਂ ਨਾਲ ਅਸ਼ੋਕ ਭੌਰਾ ਦੀ ਜੀਵਨ ਭਰ ਭਰਾਵਾਂ ਵਰਗੀ ਸਾਂਝ ਰਹੀ ਹੈ ਤੇ ਉਹ ਗਾਇਕਾਂ ਨੂੰ ਬਹੁਤ ਕਰੀਬ ਤੋਂ ਜਾਣਦੇ ਹੀ ਨਹੀਂ, ਉਹਨਾਂ ਦਾ ਸੁਭਾਅ, ਰਹਿਣ ਸਹਿਣ ਅਤੇ ਪਰਦੇ ਪਿਛਲੀਆਂ ਗੱਲਾਂ ਨੂੰ ਵੀ ਸੰਭਾਲੀ ਬੈਠੇ ਹਨ।

ਇਸ ਪੁਸਤਕ ਵਿਚ ਸਮੁੱਚੀ ਗਾਇਕੀ ਦਾ ਇਕ ਤਰਾਂ ਨਾਲ ਜੀਵਨ ਬਿਓਰਾ ਪੰਜਾਬੀ ਗਾਇਕੀ ਦਾ ਸੁਨਿਹਰੀ ਇਤਿਹਾਸ ਗਿਣਿਆ ਜਾਵੇਗਾ। ਲੋਕ ਗਾਇਕਾ ਰਣਜੀਤ ਕੌਰ ਨੇ ਅਸ਼ੋਕ ਭੌਰਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਵੇਂ ਅਸੀਂ ਘਰਾਂ ‘ਚ ਜਾਇਦਾਦ ਦੀਆਂ ਰਜਿਸਟਰੀਆਂ ਸੰਭਾਲ ਕੇ ਰੱਖਦੇ ਹਾਂ ਉਵੇਂ ਹੀ ਇਸ ਪੁਸਤਕ ਨੂੰ ਸੰਭਾਲਿਆ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬੀ ਗਾਇਕੀ ਦੇ ਅਮੀਰ ਸਮੇਂ ਦੀ ‘ਵਿਚੋ ਵਿਚ ਦੀ’ ਸਭ ਤੋਂ ਮਹੱਤਵਪੂਰਨ ਪੁਸਤਕ ਹੋਵੇਗੀ। ਕਰੀਬ ਚਾਰ ਦਹਾਕਿਆਂ ਤੋਂ ਹੀ ਸੰਗੀਤ ਉਦਯੋਗ ਨਾਲ ਜੁੜੇ ਰਹੇ ਜਰਨੈਲ ਘੁਮਾਣ ਨੇ ਸ਼੍ਰੀ ਭੌਰਾ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਜਿਸ ਵੀ ਕਲਾਕਾਰ ਲਈ ਲਿਖ ਦਿੰਦੇ ਸਨ ਸਮਝੋ ਫਿਰ ਉਸ ਦੀ ਬੱਲੇ ਬੱਲੇ ਹੀ ਹੁੰਦੀ ਸੀ ਇਸੇ ਕਰਕੇ ਉਸਨੂੰ ਸ਼ਬਦਾਂ ਦਾ ਜਾਦੂਗਰ ਵੀ ਕਿਹਾ ਜਾਂਦਾ ਹੈ। ਪ੍ਰੈੱਸ ਕਲੱਬ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ ਨੇ ਇਸ ਪੁਸਤਕ ਨੂੰ ਸ਼ੁੱਭ ਸ਼ਗਨ ਦੱਸਦਿਆਂ ਪੰਜਾਬੀ ਸੰਗੀਤ ਇਤਿਹਾਸ ਦੀ ਇਕ ਮਹੱਤਵਪੂਰਨ ਵੰਨਗੀ ‘ਵਿਚੋ ਵਿਚ ਦੀ’ ਪੁਸਤਕ ਨੂੰ ਕਿਹਾ। ਇਹ ਪੁਸਤਕ ਰੌਚਕ ਵੀ ਹੈ, ਸੰਵੇਦਨਸ਼ੀਲ ਵੀ ਅਤੇ ਗਾਇਕਾਂ ਦੇ ਆਮ ਅੱਖ ਤੋਂ ਪਰੇ ਹੋ ਕੇ ਵਿਚਰੇ ਜੀਵਨ ਦਾ ਨਜ਼ਰੀਆ ਵੀ ਹੈ। ਉਨਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਲੈਕਟ੍ਰਾਨਿਕ ਮੀਡੀਏ ਜ਼ਰੀਏ ਜਲੰਧਰ ਦੂਰਦਰਸ਼ਨ ਤੋਂ ਪਹਿਲੀ ਵਾਰ ਅਸ਼ੋਕ ਭੌਰਾ ਨੂੰ ਪੇਸ਼ ਕਰਨ ਦਾ ਉਹਨਾਂ ਨੇ ਹੀ ਸਫਲ ਯਤਨ ਕੀਤਾ ਸੀ।

ਜ਼ਰੂਰੀ ਰੁਝੇਵਿਆਂ ਕਾਰਨ ਸਮਾਗਮ ਤੋਂ ਕੁਝ ਸਮਾਂ ਪਹਿਲਾਂ ਹਾਜ਼ਰੀ ਲੁਆ ਕੇ ਗਏ ਗਾਇਕ ਮੁਹੰਮਦ ਸਦੀਕ ਨੇ ਅਸ਼ੋਕ ਭੌਰਾ ਦੀ ਇਸ ਪੁਸਤਕ ਪ੍ਰਤੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜਿਵੇਂ ਅਸੀਂ ਖੇਤਾਂ ਦੇ ਵਿਚੋ ਵਿਚ ਦੀ ਜਾਂ ਬਜ਼ਾਰਾਂ ਦੇ ਵਿਚੋ ਵਿਚ ਦੀ ਗੁਜ਼ਰਦੇ ਹੋਏ ਆਸ ਪਾਸ ਦੇ ਸਭ ਹਾਲਾਤ ਆਪਣੇ ਅੰਦਰ ਸਮੋ ਲੈਂਦੇ ਹਾਂ ਉਸੇ ਤਰਾਂ ਐੱਸ ਅਸ਼ੋਕ ਭੌਰਾ ਨੇ ਪੰਜਾਬੀ ਗਾਇਕਾਂ ਦੇ ਬਹੁਤ ਨੇੜੇ ਹੋ ਕੇ ਵਿਚੋ ਵਿਚ ਦੀ ਵਿਚਰਦਿਆਂ ਇਸ ਪੁਸਤਕ ਵਡਮੁੱਲੀ ਜਾਕਣਾਰੀ ਨੂੰ ਕਲਮਬੱਧ ਕਰ ਦਿੱਤਾ ਹੈ। ਉਨਾਂ ਕਿਹਾ ਕਿ ਮੈਂ ਕਹਿ ਸਕਦਾ ਹਾਂ ਕਿ ਇਕ ਪੱਤਰਕਾਰ ਵਜੋਂ ਹੀ ਨਹੀਂ ਸਗੋਂ ਪੰਜਾਬੀ ਗਾਇਕੀ ਦੇ ਇਸ ਅੰਗ ਵਾਂਗ ਉਹ ਗਾਇਕਾਂ ਦੇ ਨਾਲ ਨਾਲ ਤੁਰੇ ਰਹੇ ਹਨ।

ਮੰਚ ਸੰਚਾਲਨ ਕਰਦਿਆਂ ਪੰਜਾਬ ਜਾਗਰ੍ਰਿਤੀ ਮੰਚ ਦੇ ਸਕੱਤਰ ਦੀਪਕ ਬਾਲੀ ਨੇ ਅਸ਼ੋਕ ਭੌਰਾ ਨਾਲ ਆਪਣੀਆਂ ਯਾਦਾਂ ਦਾ ਚਿੱਠਾ ਸੁਣਾਉਂਦਿਆਂ ਕਿਹਾ ਕਿ ਮੈਂ ਉਨਾਂ ਨੂੰ ਤੀਹ ਸਾਲ ਤੋਂ ਲਗਾਤਾਰ ਪੜਦਾ ਆ ਰਿਹਾ ਹਾਂ, ਉਹ ਪੰਜਾਬੀ ਗਾਇਕਾਂ ਲਈ ਦਿਲ ਦੀ ਧੜਕਣ ਵਾਂਗ ਰਹੇ ਹਨ। ਜਗਬਾਣੀ ਦੇ ਸਾਹਿਤ ਸੰਪਾਦਕ ਕੁਲਦੀਪ ਸਿੰਘ ਬੇਦੀ ਨੇ ਕਿਹਾ ਕਿ ਅਸ਼ੌਕ ਭੌਰਾ ਨੂੰ ਲਿਖਣਾ ਹੀ ਨਹੀਂ ਆਉਂਦਾ ਸਗੋਂ ਆਪਣੇ ਲਿਖੇ ਹੋਏ ਸਾਹਿਤਕ ਇਤਿਹਾਸ ਨੂੰ ਸੰਭਾਲਣਾ ਵੀ ਆਉਂਦਾ ਹੈ। ਇਹ ਪੁਸਤਕ ਪੰਜਾਬ ਦੇ ਅਮੀਰ ਪੰਜਾਬੀ ਗਾਇਕੀ ਜੀਵਨ ਦੀ ਅਮੀਰ ਸ਼ੈਲੀ ਮੰਨੀ ਜਾਵੇਗੀ। ਇਸ ਮੌਕੇ ਤੇ ਗਾਇਕ ਰਸ਼ਪਾਲ ਰਸੀਲਾ ਤੇ ਮੋਹਣੀ ਰਸੀਲਾ, ਸ਼੍ਰੋਮਣੀ ਗੀਤਕਾਰ ਅਮਰੀਕ ਸਿੰਘ ਤਲਵੰਡੀ, ਹਰਮੀਤ ਅਟਵਾਲ, ਇੰਗਲੈਂਡ ਤੋਂ ਗਾਇਕਾ ਸੋਨਾ ਵਾਲੀਆ, ਸਹਾਇਤਾ ਦੇ ਡਾ. ਰਜਿੰਦਰ ਸਿੰਘ, ਗੁਰਮੀਤ ਸਿੰਘ ਵਾਰਿਸ, ਮਨਦੀਪ ਕੌਰ ਪੰਨੂ, ਸੰਗਤ ਰਾਮ, ਨਰਾਇਣ ਸਿੰਘ, ਕੁਲਵੰਤ ਸਿੰਘ ਹੀਰਾ, ਕੁਲਵੰਤ ਸਿੰਘ ਬਾਲਮ, ਮੋਹਣ ਸਿੰਘ ਸਹਿਗਲ, ਆਤਮ ਪ੍ਰਕਾਸ਼ ਬਬਲੂ, ਪ੍ਰੈੱਸ ਕਲੱਬ ਜਲੰਧਰ ਦੇ ਸਾਬਕਾ ਪ੍ਰਧਾਨ ਮੇਜਰ ਸਿੰਘ ਅਤੇ ਐੱਸ.ਅਸ਼ੋਕ.ਭੌਰਾ ਦੇ ਲਿਖਤਾਂ ਦੇ ਉਪਾਸ਼ਕ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਪ੍ਰੋਗਰਾਮ ਦੇ ਆਖਰ ਵਿਚ ਐੱਸ.ਅਸ਼ੋਕ.ਭੌਰਾ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਗਾਇਕਾਂ ਨੂੰ ਉਨਾਂ ਤੱਕ ਹੀ ਨਹੀਂ ਉਨਾਂ ਦੇ ਪਰਿਵਾਰਾਂ ਤੱਕ, ਰਿਸ਼ਤੇਦਾਰੀਆਂ ਤੱਕ ਜਾਣਦਾ ਹਾਂ, ਢਾਡੀਆਂ, ਕਵੀਸ਼ਰਾਂ, ਸੰਗੀਤਕਾਰਾਂ, ਗੀਤਕਾਰਾਂ, ਸਾਜ਼ਿੰਦਿਆਂ ਨੂੰ ਚੰਗੀ ਤਰਾਂ ਜਾਣਦਾ ਹਾਂ ਅਤੇ ਐੱਚ.ਐੱਮ.ਵੀ ਸਮੇਤ ਰਿਕਾਰਡਿੰਗ ਕੰਪਨੀਆਂ ਦੀ ਰਿਕਾਰਡਿੰਗ ਸ਼ੈਲੀ ਅਤੇ ਗਾਇਕੀ ਦੇ ਇਸ ਸਮੇਂ ਵਿਚ ਵਾਪਰੀਆਂ ਆਮ ਅੱਖ ਤੋਂ ਦੂਰ ਘਟਨਾਵਾਂ ਨੂੰ ਅੱਖੀਂ ਦੇਖਿਆ ਹੈ ਅਤੇ ਇਸ ਪੁਸਤਕ ਵਿਚ ਇੰਨ-ਬਿੰਨ ਇਹਨਾਂ ਦੀ ਪੇਸ਼ਕਾਰੀ ਨੂੰ ਸੁਰਬੱਧ ਕਰਨ ਦੀ ਨਿਮਾਣੀ ਕੋਸ਼ਿਸ਼ ਕੀਤੀ ਹੈ।

ਇਸ ਮੌਕੇ ਤੇ ਲੋਪੋਕੇ ਭਰਾਵਾਂ ਲਖਵੀਰ ਤੇ ਰਜਿੰਦਰ ਨੇ ਐੱਸ.ਅਸ਼ੋਕ.ਭੌਰਾ ਦੀ ਰਚਨਾ ‘ਬੰਦਿਆ ਜੇ ਬੰਦਾ ਬਣਨਾ ਈ, ਕੰਮ ਬੰਦਿਆਂ ਵਾਲੇ ਕਰਿਆ ਕਰ’ ਗਾ ਕੇ ਇਸ ਸਮੁੱਚੇ ਸਮਾਗਮ ਨੂੰ ਸੰਗੀਤਕ ਰੂਹ ਦਿੱਤੀ।

Comments

comments

Share This Post

RedditYahooBloggerMyspace