ਹੈਰੀ ਸਿੱਧੂ ਤੇ ਪਰਿਵਾਰ ਨੂੰ ਡੂੰਘਾ ਸਦਮਾ : ਸੜਕ ਹਾਦਸੇ ‘ਚ ਮਾਤਾ-ਪਿਤਾ ਦਾ ਦਿਹਾਂਤ
ਵਿਆਹ ਸਮਾਗਮ ਤੋਂ ਵਾਪਸ ਪਰਤਦੇ ਸਮੇਂ ਪੰਜਾਬ ਦੇ ਜ਼ੀਰਾ ਨਜ਼ਦੀਕ ਕਾਰ ਹੋਈ ਹਾਦਸੇ ਦਾ ਸ਼ਿਕਾਰ
ਮਿਲਪੀਟਸ : ਅਮਰੀਕਾ ਸਥਿਤ ਉੱਘੇ ਪੰਜਾਬੀ ਕਾਰੋਬਾਰੀ ਸ: ਹੈਰੀ ਸਿੱਧੂ ਦੇ ਪਿਤਾ ਸ: ਅਮਰਜੀਤ ਸਿੰਘ ਅਤੇ ਮਾਤਾ ਬੀਬੀ ਅੰਗਰੇਜ਼ ਕੌਰ ਬੀਤੀ 24 ਮਾਰਚ ਨੂੰ ਪੰਜਾਬ ਦੇ ਜ਼ੀਰਾ ਨਜ਼ਦੀਕ ਵਾਪਰੇ ਇੱਕ ਸੜਕ ਹਾਦਸੇ ਵਿੱਚ ਅਕਾਲ ਚਲਾਣਾ ਕਰ ਗਏ।ਦੋਵੇਂ ਬੀਤੀ 4 ਦਸੰਬਰ ਨੂੰ ਹੀ ਅਮਰੀਕਾ ਤੋਂ ਪੰਜਾਬ ਆਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਕਾਰ ਉਦੋਂ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਉਹ ਇੱਕ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਸਨ।ਇਸ ਹਾਦਸੇ ਨੇ ਸਿੱਧੂ ਪਰਿਵਾਰ ਨੂੰ ਬਹੁਤ ਗਹਿਰਾ ਸਦਮਾ ਪਹੁੰਚਾਇਆ ਹੈ।
4 ਮਾਰਚ 1949 ਨੂੰ ਜਨਮੇ ਸ: ਅਮਰਜੀਤ ਸਿੰਘ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਿੱਧਵਾਂ ਖ਼ੁਰਦ ਨਾਲ ਸਬੰਧਤ ਸਨ ਅਤੇ ਬੀਬੀ ਅੰਗਰੇਜ਼ ਕੌਰ ਦੇ ਪੇਕੇ ਪਿੰਡ ਮੁਲਾਂਪਰ ਕਲਾਂ ਸਨ। ਸ: ਹੈਰੀ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਨੇ ਆਪਣੇ ਬੱਚਿਆਂ ਹੈਰੀ ਸਿੱਧੂ ਤੇ ਸਵ: ਜਸਪ੍ਰੀਤ ਸਿੱਧੂ ਦੇ ਉੱਜਲ ਭਵਿੱਖ ਲਈ ਅਤੇ ਮਿਆਰੀ ਸਿੱਖਿਆ ਦੇਣ ਲਈ ਸਾਡੇ ਪਿਤਾ ਜੀ ਨਾਲ ਮਿਲ ਕੇ ਸਖ਼ਤ ਮਿਹਨਤ ਕੀਤੀ। ਸ. ਅਮਰਜੀਤ ਸਿੰਘ ਸਿੱਧੂ ਨੇ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਈਆਂ। ਅਮਰੀਕਾ ਦੀ ਨਾਗਰਿਕਤਾ ਪ੍ਰਾਪਤ,, ਸ: ਸਿੱਧੂ ਦੇ ਮਾਪਿਆਂ ਨੇ ਆਪਣੀ ਰਿਟਾਇਰਮੈਂਟ ਦਾ ਸਮਾਂ ਪੰਜਾਬ ਅਤੇ ਅਮਰੀਕਾ ਵਿੱਚ ਬਿਤਾਇਆ।
ਸ: ਸਿੱਧੂ ਇੱਕ ਸਫਲ ਕਿਸਾਨ ਅਤੇ ਕਾਰੋਬਾਰੀ ਵੀ ਸਨ। ਸਿੱਧੂ ਐਗਰੋ ਕੈਮੀਕਲ ਦੇ ਨਾਂ ਹੇਠ ਉਨ੍ਹਾਂ ਨੇ ਮਿਆਰੀ ਬੀਜ਼ਾਂ ਦਾ ਉਤਪਾਦਨ ਕੀਤਾ। ਸ: ਸਿੱਧੂ ਨੌਜਵਾਨ ਕਿਸਾਨਾਂ ਦੇ ਰਾਹ ਦਿਸੇਰਾ ਸਨ। ਜਲੰਧਰ ਦੂਰਦਰਸ਼ਨ ਦੇ ਚਰਚਿਤ ਪ੍ਰੋਗਰਾਮ ‘ਮੇਰਾ ਪਿੰਡਾ ਮੇਰੇ ਖੇਤ’ ਵਿੱਚ ਉਨ੍ਹਾਂ ਦਾ ਉੱਘਾ ਯੋਗਦਾਨ ਰਿਹਾ। ਉਨ੍ਹਾਂ ਦੀਆਂ ਬਹੁਤ ਸਾਰੀਆਂ ਰੇਡੀਉ ਇੰਟਰਿਵਊ ਪ੍ਰਸਾਰਿਤ ਹੋਈਆ ਤੇ ਵੱਖ-ਵੱਖ ਅਖ਼ਬਾਰਾਂ ‘ਚ ਉਨ੍ਹਾਂ ਦੇ ਲੇਖ ਵੀ ਛਪਦੇ ਰਹੇ ਹਨ। ਸ. ਹੈਰੀ ਸਿੱਧੂ ਨੇ ਦੱਸਿਆ ਕ ਉਨ੍ਹਾਂ ਦੇ ਪਿਤਾ ਜੀ ਦੇ ਬਚਪਨ ਵਿੱਚ ਹੀ ਉਨ੍ਹਾਂ ਦੇ ਪਿਤਾ ਸ. ਰਾਮ ਸਿੰਘ ਸਿੱਧੂ ਦਾ ਦਿਹਾਂਤ ਹੋ ਗਿਆ ਸੀ। ਆਪਣੇ ਪਿਤਾ ਜੀ ਬਾਰੇ ਹੋਰ ਦੱਸਦਿਆਂ ਸ: ਹੈਰੀ ਸਿੱਧੂ ਨੇ ਕਿਹਾ ਕਿ ਤਿੰਨ ਭੈਣਾਂ ਦੇ ਭਰਾ ਉਹ ਸੈਲਫ ਮੇਡ ਇਨਸਾਨ ਸਨ। ਉਹ ਆਪਣੇ ਪਿੱਛੇ ਭੈਣ ਪੁਸ਼ਪਿੰਦਰ ਸੇਖੋਂ, ਪੁੱਤਰ ਹੈਰੀ ਸਿੱਧੂ, ਨੂੰਹ ਰਾਜਬਿੰਦਰ ਸਿੱਧੂ, ਪੋਤਾ-ਪੋਤੀ ਹਰਸਿਮਰਨ ਸਿੱਧੂ ਤੇ ਗੁਰਸ਼ਰਨ ਸਿੱਧੂ ਛੱਡ ਗਏ ਹਨ।
ਅਦਾਰਾ ‘ਪੰਜਾਬ ਨਿਊਜ਼’ ਇਸ ਦੁੱਖ ਦੀ ਘੜੀ ਵਿੱਚ ਸਿੱਧੂ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਾ ਹੈ ਤੇ ਅਰਦਾਸ ਕਰਦਾ ਹੈ ਕਿ ਅਕਾਲ ਪੁਰਖ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣ ਤੇ ਸਿੱਧੂ ਪਰਿਵਾਰ ਨੂੰ ਇਸ ਅਸਹਿ ਦੁੱਖ ਦੀ ਘੜੀ ‘ਚ ਆਤਮਿਕ ਬਲ ਬਖ਼ਸ਼ਣ।