ਰਾਸ਼ਟਰਮੰਡਲ ਖੇਡਾਂ ਦਾ ਸ਼ਾਨਦਾਰ ਆਗਾਜ਼; ਸਿੰਧੂ ਬਣੀ ਝੰਡਾਬਰਦਾਰ

ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਦੀ ਫਾਈਲ ਫੋਟੋ

ਗੋਲਡ ਕੋਸਟ : ਆਸਟਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿੱਚ ਉਦਘਾਟਨ ਸਮਾਰੋਹ ਦੇ ਨਾਲ ਹੀ 21ਵੀਆਂ ਰਾਸ਼ਟਰਮੰਡਲ ਖੇਡਾਂ ਅੱਜ ਸ਼ੁਰੂ ਹੋ ਗਈਆਂ ਹਨ। 11 ਦਿਨ ਤੱਕ ਚੱਲਣ ਵਾਲੇ ਖੇਡ ਕੁੰਭ ਵਿੱਚ 71 ਦੇਸ਼ਾਂ ਦੇ 4500 ਅਥਲੀਟ 23 ਖੇਡਾਂ ਵਿੱਚ 275 ਤਗ਼ਮਿਆਂ ਲਈ ਜੱਦੋ-ਜਹਿਦ ਕਰਨਗੇ। ਬਰਤਾਨੀਆ ਦੇ ਪ੍ਰਿੰਸ ਚਾਰਲਸ ਨੇ ਬਰਤਾਨੀਆਂ ਦੀ ਮਹਾਰਾਣੀ ਵੱਲੋਂ ਇਨ੍ਹਾਂ ਖੇਡਾਂ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ। ਰਾਸ਼ਟਰਮੰਡਲ ਖੇਡਾਂ ਦੀ ਬੈਟਨ (ਮਸ਼ਾਲ) ਸਟੇਡੀਅਮ ਵਿੱਚ ਪਹੁੰਚਣ ਮਗਰੋਂ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਦਾ ਮਾਰਚ ਪਾਸਟ ਸ਼ੁਰੂ ਹੋਇਆ। ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਦੀ ਅਗਵਾਈ ਵਿੱਚ ਜਿਵੇਂ ਹੀ ਭਾਰਤੀ ਦਲ ਮਾਰਚ ਪਾਸਟ ਵਿੱਚ ਮੰਚ ਦੇ ਸਾਹਮਣਿਓਂ ਲੰਘਿਆ, ਤਾੜੀਆਂ ਦੀ ਤੜ-ਤੜਾਹਟ ਤੇਜ਼ ਹੋ ਗਈ। ਪੀਵੀ ਸਿੰਧੂ ਦੇ ਨਾਲ-ਨਾਲ ਭਾਰਤ ਦੇ ਕੁੱਝ ਪੈਰਾ ਅਥਲੀਟ ਵ੍ਹੀਲਚੇਅਰਜ਼ ’ਤੇ ਬੈਠੇ ਦਲ ਵਿੱਚ ਸਭ ਤੋਂ ਅੱਗੇ ਚੱਲ ਰਹੇ ਸਨ ਅਤੇ ਦਰਸ਼ਕਾਂ ਦੀਆਂ ਸ਼ੁੱਭ ਇੱਛਾਵਾਂ ਕਬੂਲ ਰਹੇ ਸਨ। ਭਾਰਤ ਦੇ ਪੁਰਸ਼ ਅਤੇ ਮਹਿਲਾ ਖਿਡਾਰੀ ਪਹਿਲੀ ਵਾਰ ਇੱਕੋ ਜਿਹੀ ਵਰਦੀ (ਟ੍ਰਾਊਜਰਜ਼ ਅਤੇ ਬਲੇਜਰਜ਼) ਵਿੱਚ ਸਨ। ਇਸ ਤੋਂ ਪਹਿਲਾਂ ਤਕ ਭਾਰਤੀ ਮਹਿਲਾ ਖਿਡਾਰੀ ਅਜਿਹੇ ਉਦਘਾਟਨ ਸਮਾਰੋਹ ਮੌਕੇ ਸਾੜੀ ਅਤੇ ਬਲੇਜ਼ਰ ਵਿੱਚ ਉਤਰਦੇ ਸਨ, ਜਦਕਿ ਪੁਰਸ਼ ਖਿਡਾਰੀ ਬਲੇਜ਼ਰਜ਼ ਨਾਲ ਪਗੜੀ ਬੰਨ੍ਹੀ ਰੱਖਦੇ ਸਨ, ਪਰ ਇਸ ਵਾਰ ਭਾਰਤੀ ਦਲ ਅਲੱਗ ਨਜ਼ਰ ਆ ਰਿਹਾ ਸੀ। ਭਾਰਤ ਨੇ 220 ਮੈਂਬਰੀ ਦਲ ਭੇਜਿਆ ਹੈ। ਵੀਰਵਾਰ ਨੂੰ ਪਹਿਲੇ ਦਿਨ ਹੋਣ ਵਾਲੇ ਵੇਟਲਿਫਟਿੰਗ ਮੁਕਾਬਲੇ ਵਿੱਚ ਭਾਰਤ ਵੱਲੋਂ ਵਿਸ਼ਵ ਚੈਂਪੀਅਨ ਵੇਟਲਿਫਟਰ ਮੀਰਾਬਾਈ ਚਾਨੂ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਹੈ। ਮੁੱਕੇਬਾਜ਼ੀ ਵਿੱਚ ਮਨੋਜ ਕੁਮਾਰ (91 ਕਿਲੋ) ਹੀ ਰਿੰਗ ਵਿੱਚ ਉਤਰੇਗਾ। ਭਾਰਤੀ ਬੈਡਮਿੰਟਨ ਟੀਮ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਇੱਕ ਹੈ। ਗਲਾਸਗੋ ਰਾਸ਼ਟਰਮੰਡਲ ਖੇਡਾਂ ਦੌਰਾਨ ਬੈਡਮਿੰਟਨ ਵਿੱਚ ਭਾਰਤ ਨੇ ਇੱਕ ਸੋਨੇ, ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਜਿੱਤੇ ਸਨ। ਭਾਰਤ ਨੇ ਹੁਣ ਤੱਕ ਕੁੱਲ 155 ਸੋਨੇ, 155 ਚਾਂਦੀ ਤੇ 128 ਕਾਂਸੀ ਦੇ ਤਗ਼ਮਿਆਂ ਸਣੇ ਕੁੱਲ 438 ਤਮਗੇ ਜਿੱਤੇ ਹਨ, ਜੋ ਤਗ਼ਮਾ ਸੂਚੀ ਵਿੱਚ ਚੌਥੇ ਸਥਾਨ ਹੈ। 2010 ਦੌਰਾਨ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ, ਜੋ ਰਾਜਧਾਨੀ ਦਿੱਲੀ ਵਿੱਚ ਹੋਈਆਂ ਸਨ। ਇੱਥੇ 38 ਸੋਨੇ, 27 ਚਾਂਦੀ ਤੇ 36 ਕਾਂਸੀ ਤਗ਼ਮਿਆਂ ਸਣੇ ਕੁੱਲ 101 ਤਗ਼ਮੇ ਜਿੱਤ ਕੇ ਭਾਰਤ ਪਹਿਲੀ ਵਾਰ ਦੂਜੇ ਸਥਾਨ ’ਤੇ ਰਿਹਾ ਸੀ।

Comments

comments

Share This Post

RedditYahooBloggerMyspace