ਸਿੱਖ ਧਰਮ ‘ਚ ਬੀਬੀਆਂ ਦੇ ਵਡਮੁੱਲੇ ਯੋਗਦਾਨ ਸੰਬੰਧੀ ਗੁਰਦੁਆਰਾ ਸਾਹਿਬ ਮਿਲਪੀਟਸ ਵਿਖੇ ਸਮਾਗਮ

ਮਿਲਪੀਟਸ (ਰਾਜ ਗੋਗਨਾ) :  ਸਿੱਖ ਧਰਮ ਅਤੇ ਇਤਿਹਾਸ ਵਿੱਚ ਬੀਬੀਆਂ ਦੇ ਯੋਗਦਾਨ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸਿੰਘ ਸਭਾ ਬੇ ਏਰੀਆ ਮਿਲਪੀਟਸ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ ਜਿਸ ਵਿੱਚ ਗੁਰੂ ਘਰ ਪਹੁੰਚੇ ਬੁਲਾਰਿਆਂ ਨੇ ਆਪਣੇ-ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕੀਤੇ । ਗੁਰੂ ਘਰ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਦੀ ਅਰੰਭਤਾ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਪਿਛਲੇ ਹਫਤੇ ਤੋਂ ਲਗਾਤਰ ਚੱਲ ਰਹੀ ਲੜੀਵਾਰ ਕਥਾ ਦੀ ਆਰੰਭਤਾ ਕਰਦਿਆਂ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਸਭਰਾ ਨੇ ਗੁਰਬਾਣੀ ਦੇ ਗੁੱਝੇ ਭੇਦ ਸੰਗਤਾਂ ਨਾਲ ਸਾਂਝੇ ਕੀਤੇ।

ਸਮੂਹ ਸੰਗਤਾਂ ਨੇ ਗੁਰੂ ਪਿਆਰ ਵਿੱਚ ਭਿੱਜ ਕੇ ਕਥਾ ਸਰਵਣ ਕੀਤੀ। ਵਿਸ਼ੇਸ਼ ਸੱਦੇ ‘ਤੇ ਪਹੁੰਚੇ ਸਿੱਖਾਂ ਦੇ ਕੌਮੀ ਬੁਲਾਰੇ ਡਾ. ਅਮਰਜੀਤ ਸਿੰਘ ਨਿਊਯਾਰਕ ਵਾਲਿਆਂ ਨੇ ਵਿਸਥਾਰ ਨਾਲ ਬੀਬੀਆਂ ਦੇ ਵਡਮੁੱਲੇ ਯੋਗਦਾਨ ਦੇ ਇਤਿਹਾਸਿਕ ਅਤੇ ਧਾਰਮਿਕ ਪੱਖ ਸੰਗਤਾਂ ਸਾਹਮਣੇ ਰੱਖੇ । ਉਨ੍ਹਾਂ ਪੁਰਾਤਨ ਬੀਬੀਆਂ ਦੇ ਧਾਰਮਿਕ ਪੱਖ ਨੂੰ ਸਾਹਮਣੇ ਰੱਖਦਿਆਂ ਕਿਹਾ ਕਿ ਕਿਸ ਤਰ੍ਹਾਂ ਬੇਬੇ ਨਾਨਕੀ, ਬੀਬੀ ਭਾਨੀ ਅਤੇ ਮਾਤਾ ਗੁਜਰੀ ਨੇ ਸਮਾਂ ਪੈਣ ‘ਤੇ ਗੁਰੂ ਕਾਲ ਵਿੱਚ ਆਪਣਾ ਬਣਦਾ ਫਰਜ਼ ਪੂਰਾ ਕੀਤਾ। ਮਾਤਾ ਗੁਜਰੀ ਦੇ ਪਾਏ ਪੂਰਨਿਆਂ ਨੂੰ ਅਸੀਂ ਕਿਸ ਤਰ੍ਹਾਂ ਭੁਲਾ ਸਕਦੇ ਹਾਂ। ਮਾਈ ਭਾਗ ਕੌਰ ਦਾ ਇਤਿਹਾਸ ਅੱਜ ਵੀ ਅਸੀਂ ਆਪਣੇ ਬੱਚਿਆਂ ਨਾਲ ਸਾਂਝਾ ਕਰਦੇ ਹਾਂ। ਉਨ੍ਹਾਂ ਨੇ ਅਜੋਕੇ ਸਮੇਂ ਵਿੱਚ ਅੱਜ ਦੀਆਂ ਮਾਤਾਵਾਂ, ਭੈਣਾਂ ਅਤੇ ਬੱਚੀਆਂ ਨੂੰ ਇਨ੍ਹਾਂ ਮਹਾਨ ਬੀਬੀਆਂ ਤੋਂ ਸੇਧ ਲੈਣ ਦੀ ਅਪੀਲ ਕੀਤੀ । ਉਨ੍ਹਾਂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ ਅਤੇ ਹੋਰ ਜੁਝਾਰੂ ਸਿੰਘਾਂ ਦੀਆਂ ਮਾਤਾਵਾਂ ਨੂੰ ਸਿੱਜਦਾ ਕੀਤਾ । ਭਾਈ ਮੇਘ ਸਿੰਘ ਧਰਮੀ ਫੌਜੀ ਨੇ ਵੀ ਸਾਲ 1984 ਦੀਆਂ ਉਨ੍ਹਾਂ ਯਾਦਾਂ ਨੂੰ ਤਾਜ਼ਾ ਕੀਤਾ, ਜਿਸ ਵਿੱਚ ਸਿੱਖ ਫੌਜੀਆਂ ਨੇ ਭਾਰਤੀ ਫੌਜ ਦੀ ਮੁਖ਼ਾਲਫ਼ਤ ਕਰਕੇ ਆਪਣਾ ਸਭ ਕੁੱਝ ਤਿਆਗ ਦਿੱਤਾ ਸੀ।

ਗੁਰੂ ਘਰ ਦੇ ਮੁਖ ਸੇਵਾਦਾਰ ਭਾਈ ਜਸਵੰਤ ਸਿੰਘ ਹੋਠੀ ਨੇ ਇਸ ਵਿਸ਼ੇਸ਼ ਮੌਕੇ ਦੇ ਸਮੂਹ ਸੰਗਤਾਂ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੁੜਨ ਦੀ ਅਪੀਲ ਕੀਤੀ ਤੇ ਗੁਰਬਾਣੀ ਦੀ ਰੌਸ਼ਨੀ ਵਿੱਚ ਜੀਵਨ ਯਾਪਨ ਕਰਨ ਦਾ ਸੱਦਾ ਦਿੱਤਾ । ਅਖੀਰ ਵਿੱਚ ਆਏ ਹੋਏ ਬੁਲਾਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤੇ ।

Comments

comments

Share This Post

RedditYahooBloggerMyspace