ਯੂਨੀਵਰਸਿਟੀ ਆਫ਼ ਮੈਨੀਟੋਬਾ ਵਿੱਚ ਬੱਚਿਆਂ ਦੇ ਭਾਸ਼ਨ ਮੁਕਾਬਲੇ

ਵਿਨੀਪੈੱਗ : ਇੱਥੇ ਬੁੱਲ੍ਹਾ ਆਰਟਸ ਇੰਟਰਨੈਸ਼ਨਲ ਵੱਲੋਂ ਯੂਨੀਵਰਸਿਟੀ ਆਫ਼ ਮੈਨੀਟੋਬਾ ਦੇ ਆਡੀਟੋਰੀਅਮ ਵਿੱਚ ਬੱਚਿਆਂ ਦੇ ਭਾਸ਼ਨ ਮੁਕਾਬਲੇ ‘ਬੋਲ ਬਾਈ ਬੋਲ’ ਸਿਰਲੇਖ ਹੇਠ ਕਰਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ 5 ਤੋਂ 15 ਸਾਲ ਤੱਕ ਦੇ 28 ਬੱਚਿਆਂ ਨੇ ਤਿੰਨ ਵੱਖ-ਵੱਖ ਵਰਗਾਂ ਵਿੱਚ ਹਿੱਸਾ ਲਿਆ। ਸੰਸਥਾ ਦੇ ਡਾਇਰੈਕਟਰ ਪ੍ਰੋ. ਦਿਲਜੀਤ ਬਰਾੜ ਨੇ ਦੱਸਿਆ ਕਿ ਇਹ ਮੁਕਾਬਲਾ ਮਨੁੱਖੀ ਹੋਂਦ ਤੇ ਵਾਤਾਵਰਨ ਲਈ ਖ਼ਤਰਾ ਪੈਦਾ ਕਰ ਰਹੀਆਂ ਅਲਾਮਤਾਂ ਬਾਬਤ ਸੀ ਤੇ ਬੱਚਿਆਂ ਵਿੱਚ ਸਵੈ-ਭਰੋਸਾ ਪੈਦਾ ਕਰਨ ਵਿੱਚ ਸਫ਼ਲ ਰਿਹਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਬੱਚਿਆਂ ਨੂੰ ਸੰਵੇਦਨਸ਼ੀਲ ਮੁੱਦਿਆਂ ’ਤੇ ਸੋਚ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ ਤੇ ਉਨ੍ਹਾਂ ਦੀਆਂ ਰਚਨਾਤਮਕ ਰੁਚੀਆਂ ਨੂੰ ਵੀ ਪਰਖ਼ਿਆ ਗਿਆ। ਇਸ ਮੌਕੇ ਬੱਚਿਆਂ ਨੇ ਕੰਪਿਊਟਰ ਸਲਾਈਡਾਂ ਨਾਲ ਜੱਜਾਂ ਤੇ ਦਰਸ਼ਕਾਂ ਦੇ ਸੁਆਲਾਂ ਦੇ ਜਵਾਬ ਦਿੱਤੇ। ਇਨ੍ਹਾਂ ਮੁਕਾਬਲਿਆਂ ਦੌਰਾਨ ਪਹਿਲੀ ਵੰਨਗੀ ਵਿੱਚ ਅੰਡਰ ਅੱਠ ’ਚ ਯੁਵਰਾਜ ਕੰਗ ਨੇ ਪਹਿਲਾ, ਜੈ ਸਿੰਘ ਨੇ ਦੂਜਾ ਤੇ ਕਰਮਨ ਚਹਿਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਜੀ ਸ਼੍ਰੇਣੀ ਵਿੱਚ 8 ਸਾਲ ਤੋਂ 12 ਸਾਲ ਤੱਕ ਦੇ ਬੱਚਿਆਂ ਵਿੱਚ ਮੁਸਕਾਨ ਬਰਾੜ ਨੇ ਪਹਿਲਾ, ਸਰੀਨਾ ਬਰਾੜ ਨੇ ਦੂਜਾ ’ਤੇ ਗੁਰਫ਼ਤਿਹ ਬਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 12 ਸਾਲ ਤੋਂ ਉੱਪਰ ਦੀ ਸ਼੍ਰੇਣੀ ਵਿੱਚ ਮਹਿਤਾਬ ਬਰਾੜ ਨੇ ਬਾਜ਼ੀ ਮਾਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਰਛਵੀਰ ਧਾਲੀਵਾਲ ਦੂਜੇ ਤੇ ਸਹਿਗੀਤ ਥਿੰਦ ਤੀਜੇ ਸਥਾਨ ’ਤੇ ਰਹੇ। ਇਸ ਮੌਕੇ ਜੱਜਾਂ ਦੀ ਭੂਮਿਕਾ ਇੰਦਰਜੀਤ ਸਿੰਘ, ਜੈਸਮੀਨ ਬਰਾੜ ਤੇ ਕੈਟੀ ਸੰਧੂ ਨੇ ਬਾਖੂਬੀ ਨਿਭਾਈ। ਇਸ ਮੌਕੇ ਡੈਰਿਕ ਡੈਬੀ ਸਕੂਲ ਟਰੱਸਟੀ, ਸਿੰਡੀ ਬਰਾੜ, ਜਗਦੀਪ ਤੂਰ, ਡਾ. ਨਿਰਮਲ ਹਰੀ ਤੇ ਗੁਰਮਿੰਦਰ ਚਹਿਲ ਹਾਜ਼ਰ ਸਨ।

Comments

comments

Share This Post

RedditYahooBloggerMyspace