ਅਮਰੀਕਾ ‘ਚ ਚਾਰ ਭਾਰਤੀ ਲਾਪਤਾ, ਪਿਤਾ ਨੇ ਸੁਸ਼ਮਾ ਤੋਂ ਮੰਗੀ ਮਦਦ
ਸੂਰਤ : ਅਮਰੀਕਾ ਦੇ ਕੈਲੇਫੋਰਨੀਆ ‘ਚ ਰਹਿਣ ਵਾਲਾ ਇਕ ਭਾਰਤੀ ਆਪਣੀ ਪਤਨੀ ਤੇ 2 ਬੱਚਿਆਂ ਨਾਲ ਬਾਹਰ ਗਿਆ ਸੀ ਤੇ ਉਦੋਂ ਤੋਂ ਉਹ ਲਾਪਤਾ ਹਨ। ਗੁਜਰਾਤ ‘ਚ ਰਹਿਣ ਵਾਲੇ ਉਸ ਦੇ ਪਿਤਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਉਨ੍ਹਾਂ ਦੀ ਤਲਾਸ਼ ‘ਚ ਮਦਦ ਕਰਨ ਦੀ ਅਪੀਲ ਕੀਤੀ ਹੈ। ਇਕ ਟਵੀਟ ‘ਚ ਸੂਰਤ ‘ਚ ਰਹਿਣ ਵਾਲੇ ਬਾਬੂ ਸੁਬਰਾਮਣਿਅਮ ਥੋਤਾਪਿੱਲੀ ਨੇ ਆਪਣੇ ਬੇਟੇ ਸੰਦੀਪ ਥੋਤਾਪਿੱਲੀ, ਨੁੰਹ ਤੇ ਉਨ੍ਹਾਂ ਦੇ ਬੱਚਿਆਂ ਦੀ ਤਸਵੀਰ ਪੋਸਟ ਕਰ ਸੁਸ਼ਮਾ ਤੋਂ ਮਾਮਲੇ ਨੂੰ ਅਮਰੀਕੀ ਅਧਿਕਾਰੀਆਂ ਸਾਹਮਣੇ ਚੁੱਕਣ ਦੀ ਅਪੀਲ ਕੀਤੀ।
ਸੰਦੀਪ (42), ਉਸ ਦੀ ਪਤਨੀ ਸੌਮਿਆ (38) ਉਨ੍ਹਾਂ ਦਾ ਬੇਟਾ ਸਿਧਾਂਤ (12) ਤੇ ਬੇਟੀ ਸਾਂਚੀ (9) ਵੀਰਵਾਰ ਨੂੰ ਅਮਰੀਕੀ ਸੂਬਾ ਕੈਲੇਫੋਰਨੀਆ ਤੋਂ ਲਾਪਤਾ ਹਨ। ਉਸ ਦਿਨ ਉਹ ਪੋਰਟਲੈਂਡ ਸੈਨ ਜੋਸ ਦੀ ਯਾਤਰਾ ਕਰ ਰਹੇ ਸੀ। ਅਮਰੀਕਾ ‘ਚ ਮੀਡੀਆ ਦੀ ਇਕ ਰਿਪੋਰਟ ਮੁਤਾਬਕ ਅਮਰੀਕਾ ‘ਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਫਾਨ ‘ਤੇ ਚੱਲ ਰਹੀ ਨਦੀ ਉਨ੍ਹਾਂ ਦੀ ਗੱਡੀ ਨੂੰ ਵਹਾ ਕੇ ਲੈ ਗਈ। ਸੰਦੀਪ ਯੂਨੀਅਨ ਬੈਂਕ ‘ਚ ਵਾਈਸ ਪ੍ਰੈਜ਼ਿਡੈਂਟ ਦੇ ਤੌਰ ‘ਤੇ ਕੰਮ ਕਰਦਾ ਸੀ ਤੇ ਆਪਣੇ ਪਰਿਵਾਰ ਨਾਲ ਲਾਸ ਏਂਜਲਸ ‘ਚ ਰਹਿੰਦਾ ਸੀ। ਸੰਦੀਪ ਦੇ ਪਿਤਾ ਮੂਲ ਰੂਪ ਤੋਂ ਕੇਰਲ ਦੇ ਰਹਿਣ ਵਾਲੇ ਹਨ ਤੇ ਕਈ ਸਾਲਾਂ ਤੋਂ ਗੁਜਰਾਤ ਦੇ ਸੂਰਤ ‘ਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਹਾਲੇ ਤਕ ਸਾਨੂੰ ਅਮਰੀਕਾ ਦੇ ਭਾਰਤੀ ਦੂਤਘਰ ਤੋਂ ਲਾਪਤਾ ਹੋਏ ਪਰਿਵਾਰ ਬਾਰੇ ਜਾਣਕਾਰੀ ਨਹੀਂ ਮਿਲੀ ਹੈ। ਬਾਬੂ ਨੇ ਪਹਿਲਾਂ ਟਵੀਟ ਕੀਤਾ ਸੀ, ‘ਸਤਿਕਾਰਯੋਗ ਸੁਸ਼ਮਾ ਸਵਰਾਜ ਜੀ, ਮੈਂ ਇਕ ਸੀਨੀਅਰ ਨਾਗਰਿਕ ਹਾਂ ਤੇ ਗੁਜਰਾਤ ਦੇ ਸੂਰਤ ‘ਚ ਰਹਿੰਦਾ ਹਾਂ। ਮੇਰਾ ਬੇਟਾ ਸੰਦੀਪ ਥੋਤਾਪਿੱਲੀ ਅਮਰੀਕਾ ਦੇ ਕੈਲੇਫੋਰਨੀਆ ‘ਚ ਰਹਿੰਦਾ ਹੈ। ਉਹ ਤੇ ਉਸ ਦਾ ਪਰਿਵਾਰ ਪਿਛਲੇ ਵੀਰਵਾਰ ਤੋਂ ਲਾਪਤਾ ਹੈ।” ਉਨ੍ਹਾਂ ਕਿਹਾ, ”ਤੁਹਾਡੇ ਦਫਤਰ ਨੂੰ ਅਪੀਲ ਕਰਦਾ ਹਾਂ ਕਿ ਅਮਰੀਕਾ ‘ਚ ਸੰਬੰਧਿਤ ਅਧਿਕਾਰੀਆਂ ਨਾਲ ਮਾਮਲੇ ਨੂੰ ਚੁੱਕਣ ਤੇ ਜਲਦ ਤੋਂ ਜਲਦ ਮੇਰੇ ਬੇਟੇ ਤੇ ਉਸ ਦੇ ਪਰਿਵਾਰ ਨੂੰ ਲੱਭਣ ‘ਚ ਮਦਦ ਕਰਨ।’