ਕੈਨੇਡਾ ਦੇ ਬੱਸ-ਟਰੱਕ ਹਾਦਸੇ ਦੀ ਉੱਚ ਪੱਧਰੀ ਜਾਂਚ ਸ਼ੁਰੂ

ਕੈਲਗਰੀ : ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਪਿਛਲੇ ਦਿਨੀਂ ਵਾਪਰੇ ਸੜਕ ਹਾਦਸੇ ਦੀ ਉਚ ਪੱਧਰੀ ਜਾਂਚ ਸ਼ੁਰੂ ਹੋ ਗਈ ਹੈ। ਇਸ ਜਾਂਚ ਵਿੱਚ ਕੌਮੀ ਪੁਲੀਸ ਆਰ.ਸੀ.ਐੱਮ.ਪੀ. ਤੋਂ ਇਲਾਵਾ ਦੋ ਸੂਬਿਆਂ ਸਸਕੈਚਵਨ ਅਤੇ ਅਲਬਰਟਾ ਦੇ ਟਰਾਂਸਪੋਰਟ ਵਿਭਾਗ ਸ਼ਾਮਲ ਹਨ। ਇਸ ਸੜਕ ਹਾਦਸੇ ਵਿੱਚ ਆਈਸ ਹਾਕੀ ਦੇ 15 ਖਿਡਾਰੀਆਂ ਦੀ ਮੌਤ ਹੋ ਗਈ ਸੀ ਅਤੇ 14 ਗੰਭੀਰ ਜ਼ਖ਼ਮੀ ਹੋ ਗਏ ਸਨ। ਕੈਨੇਡਾ ਵਿੱਚ ਆਈਸ ਹਾਕੀ ਦੀ ਹੱਦੋਂ ਵੱਧ ਲੋਕਪ੍ਰਿਅਤਾ ਹੋਣ ਕਰਕੇ ਇਸ ਹਾਦਸੇ ਨੇ ਪੂਰੇ ਕੈਨੇਡਾ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਇਸ ਮਾਮਲੇ ਵਿੱਚ ਅਲਬਰਟਾ ਸਰਕਾਰ ਨੇ ਹਾਦਸਾਗ੍ਰਸਤ ਟਰੱਕ ਦੇ ਮਾਲਕ ਦੀ ਕੈਲਗਰੀ ਦੀ ਟਰੱਕ ਕੰਪਨੀ ਆਦੇਸ਼ ਦਿਓਲ ਟਰੱਕ ਲਿਮਟਿਡ ਨੂੰ ਸੀਲ ਕਰ ਦਿੱਤਾ ਹੈ। ਟਰਾਂਸਪੋਰਟ ਮੰਤਰੀ ਬਰਾਇਨ ਮੈਸਨ ਨੇ ਦੱਸਿਆ ਕਿ ਇਹ ਕਾਰਵਾਈ ਸੂਬੇ ਨਿਯਮਾਂ ਦੇ ਆਧਾਰ ’ਤੇ ਕੀਤੀ ਹੈ ਤੇ ਹੁਣ ਕੰਪਨੀ ਦੇ ਸਾਰੇ ਖਾਤਿਆਂ ਦਾ ਰਿਕਾਰਡ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾਵੇਗੀ। ਜਾਂਚ ਅਧਿਕਾਰੀਆਂ ਵੱਲੋਂ ਟਰੱਕ ਡਰਾਈਵਰ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਪਰ ਜਾਂਚ ਅਧਿਕਾਰੀਆਂ ਮੁਤਾਬਿਕ ਕੰਪਨੀ ਕੋਲ ਸਿਰਫ ਦੋ ਟਰੱਕ ਹਨ। ਰਿਕਾਰਡ ਅਨੁਸਾਰ ਕੰਪਨੀ ਨੇ ਹਾਲ ਹੀ ਵਿੱਚ ਇਸ ਕਾਰੋਬਾਰ ਵਿੱਚ ਪੈਰ ਧਰਿਆ ਸੀ। ਕੰਪਨੀ ਦੇ ਮਾਲਕ ਸੁਖਮੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਟਰੱਕ ਡਰਾਈਵਰ ਦੇ ਬਚਣ ਦੀ ਕੋਈ ਆਸ ਨਹੀਂ ਸੀ ਪਰ ਜਿਉਂ ਹੀ ਉਸ ਨੂੰ ਡਰਾਈਵਰ ਦੀ ਸਲਾਮਤੀ ਬਾਰੇ ਪਤਾ ਲੱਗਿਆ ਤਾਂ ਉਹ ਡਰਾਈਵਰ ਨੂੰ ਕੈਲਗਰੀ ਲੈ ਆਇਆ। ਉਸ ਨੇ ਦੱਸਿਆ ਕਿ ਟਰੱਕ ਦੇ ਡਰਾਈਵਰ ਨੇ ਮਹੀਨਾ ਪਹਿਲਾਂ ਹੀ ਉਸ ਕੋਲ ਕੰਮ ਸ਼ੁਰੂ ਕੀਤਾ ਸੀ। ਹਾਦਸੇ ਤੋਂ ਬਾਅਦ ਆਰ.ਸੀ.ਐੱਮ.ਪੀ. ਨੇ ਡਰਾਈਵਰ ਨੂੰ ਹਿਰਾਸਤ ਵਿੱਚ ਲਿਆ ਸੀ ਪਰ ਮੁੱਢਲੀ ਡਾਕਟਰੀ ਜਾਂਚ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ। ਇਸ ਜਾਂਚ ਬਾਰੇ ਆਰ.ਸੀ.ਐੱਮ.ਪੀ. ਨੇ ਭਾਵੇਂ ਕੋਈ ਰਿਪੋਰਟ ਜਨਤਕ ਨਹੀਂ ਕੀਤੀ ਹੈ ਪਰ ਕੈਨੇਡਾ ਦੇ ਮੀਡੀਆ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਟਰੱਕ ਡਰਾਈਵਰ ਵੱਲੋਂ ‘ਸਟੌਪ ਸਾਈਨ’ ਉੱਤੇ ਕੀਤੀ ਗਲਤੀ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ।

ਘਟਨਾ ਬਾਰੇ ਹੈਰਾਨੀਜਨਕ ਪੱਖ ਇਹ ਵੀ ਸਾਹਮਣੇ ਆਇਆ ਹੈ ਕਿ ਪੀੜਤ ਪਰਿਵਾਰਾਂ ਵੱਲੋਂ ਟਰੱਕ ਡਰਾਈਵਰ ਪ੍ਰਤੀ ਗੁੱਸੇ ਦਾ ਪ੍ਰਗਟਾਵਾ ਕਰਨ ਦੀ ਬਜਾਏ ਉਸ ਦੀ ਮਾਨਸਿਕ ਸਿਹਤ ਦੀ ਸਲਾਮਤੀ ਲਈ ਦੁਆ ਕੀਤੀ ਗਈ ਹੈ। ਪਰਿਵਾਰਾਂ ਵੱਲੋਂ ਜਾਰੀ ਪੱਤਰ ਵਿੱਚ ਮਾਪਿਆਂ ਨੇ ਕਿਹਾ ਹੈ ਕਿ ਇਸ ਹਾਦਸੇ ਨਾਲ ਟਰੱਕ ਡਰਾਈਵਰ ਨੂੰ ਡੂੰਘਾ ਮਾਨਸਿਕ ਸਦਮਾ ਲੱਗ ਸਕਦਾ ਹੈ, ਜਿਸ ਕਰਕੇ ਉਹ ਡਰਾਈਵਰ ਦੀ ਮਾਨਸਿਕ ਹਾਲਤ ਠੀਕ ਹੋਣ ਲਈ ਸ਼ੁਭ-ਕਾਮਨਾਵਾਂ ਦਿੰਦੇ ਹਨ। ਸੋਸ਼ਲ ਮੀਡੀਆ ’ਤੇ ਇਸ ਪੱਤਰ ਨੂੰ ਡੇਢ ਲੱਖ ਤੋਂ ਵੱਧ ਲੋਕਾਂ ਨੇ ਸ਼ੇਅਰ ਕੀਤਾ ਹੈ।

ਇਸ ਹਾਦਸੇ ਸਬੰਧੀ ਸ਼ਹਿਰ ਹੰਬੋਲਟ ਵਿੱਚ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ। ਪੂਰੇ ਕੈਨੇਡਾ ਵਿੱਚ ਲੋਕਾਂ ਵੱਲੋਂ ਪੀੜਤ ਕਲੱਬ ਬਰੌਂਕੋਜ਼ ਦੀਆਂ ਜਰਸੀਆਂ ਪਾ ਕੇ ਖਿਡਾਰੀਆਂ ਨੂੰ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਹਾਕੀ ਪ੍ਰੇਮੀਆਂ ਵੱਲੋਂ ਆਪਣੇ ਘਰਾਂ ਅਤੇ ਦਫਤਰਾਂ ਅੱਗੇ ਹਾਕੀਆਂ ਰੱਖ ਕੇ ਖਿਡਾਰੀਆਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਖਿਡਾਰੀਆਂ ਦੇ ਪਰਿਵਾਰਾਂ ਦੀ ਮਾਲੀ ਮੱਦਦ ਕਰਨ ਲਈ ‘ਗੋ ਫੰਡ ਮੀ’ ਰਾਹੀਂ ਸ਼ੁਰੂ ਕੀਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਮੁਹਿੰਮ ਰਾਹੀਂ ਹੁਣ ਤੱਕ 70 ਲੱਖ ਡਾਲਰ ਤੋਂ ਵੀ ਵੱਧ ਦੀ ਰਾਸ਼ੀ ਇਕੱਠੀ ਹੋ ਚੁੱਕੀ ਹੈ। ‘ਗੋ ਫੰਡ ਮੀ’ ਦੇ ਸੀ.ਈ.ਓ. ਰੌਬ ਸੋਲੋਮੌਨ ਨੇ ਦੱਸਿਆ ਕਿ ਇਸ ਰਕਮ ਨੇ ਕੈਨੇਡਾ ਦੇ ਪਿਛਲੇ ਸਾਰੇ ਰਿਕਾਰਡ ਨੂੰ ਮਾਤ ਪਾ ਦਿੱਤੀ ਹੈ।

Comments

comments

Share This Post

RedditYahooBloggerMyspace