ਦਾਤੀ ਨੂੰ ਲਵਾ ਦੇ ਘੁੰਗਰੂ…

ਬਲਦਾਂ ਦੇ ਗਲ ਪਾਈਆਂ ਟੱਲੀਆਂ ਤੇ ਗਾਨੀਆਂ ਦੇ ਜਦ ਘੁੰਗਰੂ ਛਣਕਣੇ ਤਾਂ ਦੂਰ ਦੂਰ ਤੱਕ ਆਵਾਜ਼ਾਂ ਜਾਣੀਆਂ। ਕੁੱਕੜਾਂ ਦੀਆਂ ਬਾਂਗਾਂ, ਗੁਰਦੁਆਰੇ ਦੇ ਸਪੀਕਰ, ਸੰਖਾਂ ਦੀਆਂ ਆਵਾਜ਼ਾਂ, ਚਿੜੀਆਂ ਦੀ ਚੀਂ-ਚੀਂ, ਕੋਇਲਾਂ ਦੀ ਕੂੰ-ਕੂੰ…

weather-in-Amritsar-Baisakhibutaਵਿਸਾਖੀ ਦਾ ਦਿਨ ਚੜਦਿਆਂ ਹੀ ਕਣਕ ਨੂੰ ਵੱਢਣ ਦਾ ਢੋਲ ਵੱਜ ਜਾਂਦਾ ਹੈ, ਫਿਰ ਸਾਰਾ ਮਹੀਨਾ ਕੰਮ ਹੀ ਕੰਮ। ਜੱਟਾਂ ਕੋਲ ਇਕ ਮਿੰਟ ਦਾ ਵੀ ਵਿਹਲ ਨਹੀਂ ਹੁੰਦਾ। ਵਿਸਾਖੀ ਤੋਂ ਮਹੀਨਾ ਕੁ ਪਹਿਲਾਂ ਜਦ ਕਣਕਾਂ ਭਰ ਜੁਆਨ ਹੋ ਕੇ ਲਾਲੀ ਫੜਦੀਆਂ ਹਨ ਤਾਂ ਕਿਸਾਨਾਂ ਦੇ ਚਿਹਰੇ ਖੁਸ਼ੀ ਵਿਚ ਝੂਮ ਉੱਠਦੇ ਹਨ। ਉਹ ਆਪਣੀ ਪੁੱਤਾਂ ਵਾਂਗੂੰ ਪਾਲੀ ਫਸਲ ਨੂੰ ਤੱਕ ਕੇ ਡਾਅਢਾ ਖੁਸ਼ ਹੁੰਦਾ ਹੈ। ਇਸ ਸਮੇਂ ਦਾਤੀਆਂ ਨਵੀਆਂ ਖ੍ਰੀਦੀਆਂ ਜਾਂਦੀਆਂ ਹਨ, ਪੁਰਾਣੀਆਂ ਦੇ ਦੰਦੇ ਕੱਢਾਏ ਹਨ। ਨਵੇਂ ਖੱਦਰ ਦੇ ਸੂਟ ਤੇ ਮਜ਼ਬੂਤ ਧੌਲੀ ਦੀਆਂ ਜੁੱਤੀਆਂ ਖ੍ਰੀਦ ਲਈਆਂ ਜਾਂਦੀਆਂ ਹਨ। ਅੱਜਕੱਲ ਭਾਵੇਂ ਹਰ ਕੰਮ ਮਸ਼ੀਨੀ ਹੋ ਗਿਆ ਹੈ ਤੇ ਕਣਕ ਨੂੰ ਵੱਢਣ ਦਾ ਕੰਮ ਵੀ ਮਸ਼ੀਨਾਂ ਨਾਲ ਦਿਨਾਂ ‘ਚ ਹੀ ਮੁਕਾ ਲਿਆ ਜਾਂਦਾ ਹੈ, ਪਰ ਹਾਲੇ ਵੀ ਕਿਤੇ ਕਿਤੇ ਕਣਕਾਂ ਨੂੰ ਹੱਥਾਂ ਨਾਲ ਵੱਢਦੇ ਕਾਮੇ ਨਜ਼ਰ ਆ ਜਾਂਦੇ ਹਨ। ਅੱਜ ਗੱਲ ਕਰਦੇ ਹਾਂ ਉਸ ਬੀਤੇ ਸਮੇਂ ਦੀ ਜਦੋਂ ਲੋਕ ਸਾਰੀ ਕਣਕ ਨੂੰ ਹੱਥੀਂ ਵੱਢਦੇ ਸਨ, ਹੱਥੀਂ ਕੱਢਦੇ ਸਨ। ਤੂੜੀ ਤੰਦ ਸੰਭਾਲਦਿਆਂ ਸਾਰਾ ਮਹੀਨਾ ਕੰਮ ਵਿਚ ਹੀ ਲੰਘ ਜਾਂਦਾ ਸੀ। ਵਿਸਾਖ ਚੜਦਿਆਂ ਹੀ ਵਾਢੀ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਸਭ ਤੋਂ ਪਹਿਲਾ ਕੰਮ ਹਰ ਰੋਜ਼ ਇਹੀ ਹੁੰਦਾ ਸੀ ਕਿ ਘਰ ਦੀਆਂ ਸੁਆਣੀਆਂ ਨੇ ਤੜਕੇ ਕੁੱਕੜ ਦੀ ਬਾਂਗ ਨਾਲ ਉੱਠਣਾ, ਸਾਰੇ ਟੱਬਰ ਦੀ ਚਾਹ ਬਣਾਉਣੀ। ਘਰ ਦੇ ਮਰਦਾਂ ਨੇ ਬਲਦਾਂ ਦੇ ਗਲ ਪੰਜਾਲੀਆਂ ਪਾ ਕੇ ਗੱਡੇ ਖੇਤਾਂ ਵੱਲ ਨੂੰ ਤੋਰ ਦੇਣੇ। ਕੱਚੇ ਰਾਹਾਂ ‘ਤੇ ਸਾਰੇ ਪਿੰਡ ਦੇ ਬਲਦ ਤੇ ਗੱਡੇ ਅੱਗੇ ਪਿੱਛੇ ਗੱਡੀ ਦੇ ਡੱਬਿਆਂ ਵਾਂਗ ਤੁਰੇ ਜਾਣੇ।
ਬਲਦਾਂ ਦੇ ਗਲ ਵਿਚ ਪਾਈਆਂ ਟੱਲੀਆਂ ਤੇ ਗਾਨੀਆਂ ਦੇ ਜਦ ਘੁੰਗਰੂ ਛਣਕਣੇ ਤਾਂ ਦੂਰ ਦੂਰ ਤੱਕ ਆਵਾਜ਼ਾਂ ਜਾਣੀਆਂ। ਕੁੱਕੜਾਂ ਦੀਆਂ ਬਾਂਗਾਂ, ਗੁਰਦੁਆਰੇ ਦੇ ਸਪੀਕਰ, ਸੰਖਾਂ ਦੀਆਂ ਆਵਾਜ਼ਾਂ, ਚਿੜੀਆਂ ਦੀ ਚੀਂ-ਚੀਂ, ਕੋਇਲਾਂ ਦੀ ਕੂੰ-ਕੂੰ ਤੇ ਸਪੀਕਰ ਰਾਹੀਂ ਪੜੀ ਹੋਈ ਬਾਣੀ ਜਦ ਲੋਕਾਂ ਦੇ ਕੰਨਾਂ ਵਿਚ ਪੈਣੀ ਤਾਂ ਸਾਰੀ ਕਾਇਨਾਤ ਹੀ ਆਨੰਦਮਈ ਹੋ ਜਾਣੀ। ਇਧਰ ਘਰ ਵਿਚ ਔਰਤਾਂ ਨੇ ਵਾਢਿਆਂ ਨੂੰ ਖੇਤਾਂ ਵੱਲ ਤੋਰ ਆਪ ਚਾਟੀਆਂ ਵਿਚ ਮਧਾਣੀਆਂ ਪਾ ਦੇਣੀਆਂ। ਚਾਟੀਆਂ ਦੀਆਂ ਚਾਟੀਆਂ ਦੁੱਧ ਰਿੜਕਣਾ, ਗੁਰਬਾਣੀ ਪੜਣੀ ਤੇ ਚੂੜੀਆਂ ਦੀ ਛਣ ਛਣ ਨੇ ਪੌਣਾਂ ਵਿਚ ਸੁਗੰਧੀਆਂ ਘੋਲ ਦੇਣੀਆਂ। ਦੁੱਧ ਰਿੜਕ ਕੇ ਮੱਖਣ ਕੱਢਣਾ, ਲੱਸੀ ਬਣਾਉਣੀ, ਡੰਗਰ-ਵੱਛਾ ਸੰਭਾਲਣਾ, ਧਾਰਾਂ ਕੱਢਣੀਆਂ ਤੇ ਫਿਰ ਗੋਹਾ-ਕੂੜਾ ਸੰਭਾਲ ਕੇ ਵਾਢਿਆਂ ਦੀਆਂ ਰੋਟੀਆਂ ਪਕਾਉਣ ਲਈ ਤੰਦੂਰ ਤਾਅ ਦੇਣੇ। ਰੋਟੀਆਂ ਪਕਾ ਕੇ ਪੋਣਿਆਂ ਵਿਚ ਵਲੇਟ ਕੇ, ਛਿੱਕੂਆਂ ਵਿਚ ਰੱਖ ਕੇ ਤੇ ਲੱਸੀ ਦੇ ਕੁੱਜੇ ਭਰ ਕੇ ਸਿਰਾਂ ‘ਤੇ ਟਿਕਾ ਕੇ ਪੈਦਲ ਹੀ ਖੇਤਾਂ ਵੱਲ ਨੂੰ ਡੰਡੀਓ ਡੰਡੀ ਹੋ ਜਾਣਾ।
ਤਿੰਨ-ਤਿੰਨ, ਚਾਰ-ਚਾਰ ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਨਾ। ਸਿਰ ‘ਤੇ ਭੱਤਾ ਲੈ ਕੇ ਆਉਂਦੀਆਂ ਸੁਆਣੀਆਂ ਨੂੰ ਤੱਕ ਕੇ ਵਾਢਿਆਂ ਦੇ ਸਾਹ ਵਿਚ ਸਾਹ ਪੈ ਜਾਣੇ। ਇਸ ਤਰਾਂ ਹਰ ਕੱਚੇ ਰਾਹ ਤੇ ਖੇਤਾਂ ਦੀਆਂ ਵੱਟਾਂ ‘ਤੇ ਰੋਟੀਆਂ ਲੈ ਕੇ ਆ ਰਹੀਆਂ ਸੁਆਣੀਆਂ ਦੀਆਂ ਝਾਂਜਰਾਂ ਦੇ ਬੋਰ ਵੱਖਰਾ ਹੀ ਸੰਗੀਤਮਈ ਨਜ਼ਾਰਾਂ ਪੇਸ਼ ਕਰਦੇ ਸਨ। ਉਨਾਂ ਨੇ ਇਕੱਠੀਆਂ ਹੀ ਪਿੰਡਾਂ ਤੋਂ ਤੁਰਨਾ, ਪਾਲਾਂ ਦੀ ਪਾਲ ਬੰਨੀ ਆਉਣੀ ਤੇ ਫਿਰ ਰੋਟੀ ਖਵਾ ਕੇ ਵਾਪਸ ਘਰਾਂ ਨੂੰ ਮੁੜ ਪੈਣਾ। ਏਧਰ ਖੇਤੀਂ ਗਏ ਕਾਮਿਆਂ ਨੇ ਪਹਿਲਾ ਡੰਗਰਾਂ ਵਾਸਤੇ ਹਰੇ ਪੱਠੇ ਵੱਢਣੇ ਤੇ ਫਿਰ ਬਲਦਾਂ ਨੂੰ ਚੰਗੀ ਤਰਾਂ ਰਜਾ ਕੇ, ਪੱਠਾ-ਦੱਥਾ ਖਵਾ ਕੇ, ਪਾਣੀ-ਧਾਣੀ ਪਿਆ ਕੇ ਤੂਤਾਂ ਦੀ ਠੰਡੀ ਛਾਵੇਂ ਬੰਨ ਦੇਣਾ ਤੇ ਵੱਢੇ ਹੋਏ ਪੱਠੇ ਗੱਡਿਆਂ ਵਿਚ ਲੱਦ ਕੇ ਉੱਪਰ ਧੁੱਪ ਤੋਂ ਪੱਲੀਆਂ ਪਾ ਦੇਣੀਆਂ। ਕਈ ਵਾਰ ਜੇ ਸੰਘਣੇ ਦਰੱਖ਼ਤ ਕੋਲ ਹੋਣੇ ਤਾਂ ਗੱਡੇ ਵੀ ਉਨਾਂ ਦੇ ਹੇਠਾਂ ਖਲਾਰ ਦੇਣੇ। ਪੱਠੇ ਵੱਢਦਿਆਂ ਤੱਕ ਘਰ ਦੇ ਇਕ ਮੈਂਬਰ ਨੇ ਪਿੰਡ ਦੇ ਹੀ ਮਿਸਤਰੀ ਤੋਂ ਦਾਤੀਆਂ ਨੂੰ ਦੰਦੇ ਕਢਵਾ ਕੇ ਖੇਤੀਂ ਆ ਜਾਣਾ। ਉਦੋਂ ਦਾਤੀਆਂ ਦੇ ਦੰਦੇ ਵੀ ਹੱਥੀਂ ਕੱਢੇ ਜਾਂਦੇ ਸੀ ਤੇ ਅੱਜ ਵਾਂਗ ਕੋਈ ਮੋਟਰਾਂ ਨਹੀਂ ਸੀ ਹੁੰਦੀਆਂ। ਜਿਸ ਨੇ ਦੰਦੇ ਕਢਵਾਉਣੇ ਹੁੰਦੇ ਸੀ ਉਹ ਆਪ ਹੀ ਲੱਕੜ ਦੇ ਵੱਡੇ ਸਾਰੇ ਪਹੀਏ ਨੂੰ ਘੁੰਮਾਉਂਦਾ ਸੀ ਤੇ ਲੱਕੜ ਦੇ ਪਹੀਏ ਨੂੰ ਪਟੀ ਪਾ ਕੇ ਥੱਲੇ ਪਈ ਸਾਨ ਨੂੰ ਘੁੰਮਾਇਆ ਜਾਂਦਾ ਸੀ ਤੇ ਕੋਲ ਬੈਠ ਕੇ ਮਿਸਤਰੀ ਵਾਰੀ ਵਾਰੀ ਆਏ ਗਾਹਕਾਂ ਦੇ ਦੰਦੇ ਕੱਢੀ ਜਾਂਦਾ ਸੀ। ਉਸ ਸਮੇਂ ਮਿਸਤਰੀਆਂ ਦੀ ਘਰਾਂ ਵਿਚ ਸਾਲ ਭਰ ਦੀ ਸੇਪੀ ਹੁੰਦੀ ਸੀ। ਮਤਲਬ ਸਾਰਾ ਸਾਲ ਕੰਮ ਕਰਨਾ ਤੇ ਕਣਕ ਜਾਂ ਝੋਨੇ ‘ਤੇ ਪੀਪਾ ਪੀਪਾ ਦਾਣੇ ਲੈਣੇ। ਰੋਟੀ ਲੈ ਕੇ ਆਈਆਂ ਸੁਆਣੀਆਂ ਨੇ ਦਰੱਖ਼ਤਾਂ ਦੀ ਠੰਡੀ ਛਾਂ ਹੇਠਾਂ ਬੈਠ ਜਾਣਾ। ਵਾਢਿਆਂ ਨੇ ਮੱਲੀ ਹੋਈ ਕਤਾਰ ਸਿਰੇ ਲਾ ਕੇ ਫਿਰ ਆ ਕੇ ਭੁੰਜੇ ਹੀ ਬੈਠ ਕੇ ਤੇ ਤਲੀ ‘ਤੇ ਰੱਖ ਕੇ ਰੋਟੀ ਖਾਣੀ। ਤੰਦੂਰ ਦੀਆਂ ਰੋਟੀਆਂ, ਮੱਖਣੀ, ਲਾਲ ਮਿਰਚਾਂ ਜਾਂ ਛੋਲੀਏ ਦੀ ਚਟਨੀ, ਆਚਾਰ, ਗੰਡਾ ਤੇ ਸਬਜ਼ੀ ਸਭ ਦਾ ਰਲੇਵਾਂ ਇਕ ਵੱਖਰਾ ਹੀ ਸੁਆਦ ਦਿੰਦਾ ਸੀ। ਸੁਆਣੀਆਂ ਨੇ ਛਿੱਕੂ ਵਿਚੋਂ ਕੱਢ ਕੇ ਰੋਟੀਆਂ ਫੜਾਈ ਜਾਣੀਆਂ ਤੇ ਵਾਢਿਆਂ ਨੇ ਬਿਨਾਂ ਗਿਣੇ ਖਾਧੀ ਜਾਣੀਆਂ। ਉੱਪਰੋਂ ਲੱਸੀ ਦੇ ਛੰਨੇ ਭਰ ਭਰ ਪੀਣੇ ਤੇ ਫਿਰ ਗੁੜ ਦੇ ਡਲੇ ਖਾਣੇ। ਇਕ ਵਾਰ ਪੂਰਾ ਰੱਜ ਲੈਣਾ ਤੇ ਫਿਰ ਦੁਪਹਿਰ ਤੱਕ ਲੋੜ ਨਾ ਪੈਣੀ। ਰੋਟੀ ਖਾ ਕੇ ਫਿਰ ਵਾਢਿਆਂ ਨੇ ਕਣਕ ਨੂੰ ਡਹਿ ਪੈਣਾ। ‘ਦਾਤੀ ਨੂੰ ਲਵਾ ਦੇ ਘੁੰਗਰੂ, ਹਾੜੀ ਵੱਢੂੰਗੀ ਬਰਾਬਰ ਤੇਰੇ’ ਦੇ ਸ਼ਬਦਾਂ ਨੂੰ ਹਕੀਕੀ ਜਾਮਾ ਪਹਿਨਾਉਂਦਿਆਂ ਸੁਆਣੀਆਂ ਨੇ ਵੀ ਦਾਤੀਆਂ ਫੜ ਕੇ ਕਣਕ ਨੂੰ ਵੱਢਣ ਲੱਗ ਪੈਣਾ ਤੇ ਉਨਾਂ ਮਰਦਾਂ ਦੇ ਬਰੋਬਰ ਕਣਕ ਵੱਢਣੀ। ਛੋਟੇ ਜਵਾਕਾਂ ਨੂੰ ਉਨਾਂ ਨੇ ਦਰੱਖ਼ਤਾਂ ਦੀ ਗੂੜੀ ਛਾਂ ਹੇਠਾਂ ਲੰਮੇ ਪਾ ਦੇਣਾ। ਗਰਮੀ ਨੇ ਵੀ ਆਪਣੇ ਪੂਰੇ ਜੋਬਨ ‘ਤੇ ਹੋਣਾ।
ਤਿੱਖੜ ਦੁਪਹਿਰੇ ਕਾਂ ਦੀ ਅੱਖ ਨਿਕਲਣ ਵਰਗੀ ਗਰਮੀ ਪੈਣੀ। ਮੁੜਕਾ ਚੋਣ ਲੱਗ ਜਾਣਾ। ਫਿਰ ਵੀ ਵਾਢਿਆਂ ਨੇ ਨਾ ਅੱਕਣਾ ਤੇ ਨਾ ਥੱਕਣਾ। ਕਣਕ ਵੱਢਦਿਆਂ ਘਰਾਂ, ਪਿੰਡਾਂ, ਰਿਸ਼ਤੇਦਾਰਾਂ ਦੀਆਂ ਗੱਲਾਂ ਤੁਰਨੀਆਂ ਤੇ ਨਾਲ ਹਾਸੇ-ਠੱਠੇ, ਮਾਖੌਲ ਵੀ ਚੱਲ ਪੈਣੇ। ਪਿੰਡ ਵਿਚੋਂ ਕਿਸੇ ਦੀ ਚੁਗਲੀ ਨਿੰਦਾ ਵੀ ਹੋ ਜਾਣੀ। ਇਸ ਤਰਾਂ ਗੱਲਾਂ-ਬਾਤਾਂ ਕਰਦਿਆਂ ਗਰਮੀ ਦਾ ਵੀ ਚੇਤਾ ਭੁੱਲ ਜਾਣਾ। ਜਦ ਕਣਕ ਵੱਢਦਿਆਂ ਕਾਮਿਆਂ ਨੂੰ ਪਿਆਸ ਲੱਗਣੀ ਤਾਂ ਉਨਾਂ ਨੇ ਆਪਣੀ ਪਾਲ ਸਿਰੇ ਲਾ ਕੇ ਵੱਟ ਦੇ ਕੋਲ ਰੱਖੇ ਮਿੱਟੀ ਦੇ ਤੌੜੇ ਵਿਚੋਂ ਆ ਕੇ ਪਾਣੀ ਪੀਣਾ। ਕਈ ਵਾਰ ਘਰ ਧੀਆਂ ਸੁਆਣੀਆਂ ਨੇ ਚਾਹ ਦਾ ਰਾਸ਼ਨ ਸਾਰਾ ਖੇਤ ਹੀ ਲੈ ਜਾਣਾ ਤੇ ਉੱਥੇ ਚੁੱਲਾ ਬਾਲ ਕੇ ਚਾਹ ਬਣਾ ਲੈਣੀ ਤੇ ਕਈਆਂ ਨੇ ਦੋ-ਦੋ , ਤਿੰਨ-ਤਿੰਨ ਗੇੜੇ ਲਾ ਕੇ ਚਾਹ ਘਰੋਂ ਵੀ ਲੈ ਕੇ ਜਾਣੀ। ਵਾਢਿਆਂ ਵਾਸਤੇ ਤਿੰਨ ਚਾਰ ਵਜੇ ਫਿਰ ਰੋਟੀ ਜਾਂ ਚੌਲ ਆ ਜਾਣੇ। ਇਸ ਤਰਾਂ ਵਾਢਿਆਂ ਦੀ ਖੁਰਾਕ ਦਾ ਪੂਰਾ ਪੂਰਾ ਧਿਆਨ ਰੱਖਣਾ। ਸ਼ਾਮ ਨੂੰ ਹਨੇਰੇ ਪਏ ਗੱਡਿਆਂ ਮੂਹਰੇ ਬਲਦ ਜੋੜ ਕੇ ਘਰ ਨੂੰ ਆਉਣਾ। ਘਰੇ ਆਂ ਕੇ ਮੂੰਹ-ਹੱਥ ਧੋ ਕੇ ਜਾਂ ਨਹਾ ਕੇ ਰੋਟੀ ਖਾਣੀ ਤੇ ਦੁੱਧ ਪੀ ਕੇ ਸੌਂ ਜਾਣਾ। ਇਸ ਤਰਾਂ ਸਾਰਾ ਵਿਸਾਖ ਦਾ ਮਹੀਨਾ ਵਾਢੀ ਦਾ ਜ਼ੋਰ ਰਹਿਣਾ। ਇਸ ਮਹੀਨੇ ਵਿਆਹ-ਸ਼ਾਦੀ ਵੀ ਕੋਈ ਨਹੀਂ ਸੀ ਰੱਖਦਾ ਹੁੰਦਾ। ਜੱਟਾਂ ਕੋਲ ਕੰਨ ਖੁਰਕਣ ਦਾ ਸਮਾਂ ਵੀ ਨਹੀਂ ਸੀ ਹੁੰਦਾ। ਪਹਿਲਾਂ ਹੱਥੀਂ ਕਣਕ ਵੱਢਣੀ ਤੇ ਫਿਰ ਫਰਲਾਟਿਆਂ ਨਾਲ ਸਾਰਾ ਸਾਰਾ ਦਿਨ ਤੇ ਸਾਰੀ ਰਾਤ ਕਣਕ ਕੱਢਣੀ। ਕਣਕ ਨੂੰ ਕੱਢ ਕੇ ਪਹਿਲਾਂ ਮੰਡੀ ਵਿਚ ਪਹੁੰਚਾਉਣਾ ਤੇ ਫਿਰ ਤੂੜੀ ਸੰਭਾਲਣੀ। ਇਸ ਤਰਾਂ ਸਾਰਾ ਮਹੀਨਾ ਸਖ਼ਤ ਮਿਹਨਤ-ਮੁਸ਼ੱਕਤ ਕਰਦਿਆਂ ਦਾ ਬੀਤ ਜਾਣਾ। ਉਹ ਵਕਤ ਜਦ ਵੀ ਯਾਦ ਆਉਂਦਾ ਹੈ ਤਾਂ ਇਕ ਮਾਣ ਜਿਹਾ ਮਹਿਸੂਸ ਹੁੰਦਾ ਹੈ ਕਿ ਕਿਵੇਂ ਲੋਕ ਉਸ ਵੇਲੇ ਹੱਥੀਂ ਕੰਮ ਕਰਦੇ ਸਨ।

Comments

comments

Share This Post

RedditYahooBloggerMyspace