ਬਲਾਤਕਾਰ ਮਾਮਲੇ: ਰਾਹੁਲ ਨੇ ਅੱਧੀ ਰਾਤੀਂ ਬਾਲ਼ਿਆ ਰੋਸ ਦਾ ਦੀਵਾ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇਥੇ ਅੱਧੀ ਰਾਤ ਵੇਲੇ ਇੰਡੀਆ ਗੇਟ ’ਤੇ ਕੈਂਡਲ ਮਾਰਚ ਕਰਦਿਆਂ ਉੱਤਰ ਪ੍ਰਦੇਸ਼ ਦੇ ਉਨਾਓ ਅਤੇ ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਵਾਪਰੀਆਂ ਬਲਾਤਕਾਰ ਦੀਆਂ ਘਿਨਾਉਣੀਆਂ ਘਟਨਾਵਾਂ ਤੇ ਇਨ੍ਹਾਂ ਖ਼ਿਲਾਫ਼ ਕਾਰਵਾਈ ਪੱਖੋਂ ਸਰਕਾਰ ਦੀ ਢਿੱਲੀ-ਮੱਠ ’ਤੇ ਵਿਰੋਧ ਜ਼ਾਹਰ ਕੀਤਾ। ਮੁਜ਼ਾਹਰੇ ਵਿੱਚ ਪ੍ਰਿਅੰਕਾ ਗਾਂਧੀ ਵਾਡਰਾ, ਗ਼ੁਲਾਮ ਨਬੀ ਆਜ਼ਾਦ, ਅਜੇ ਮਾਕਨ ਆਦਿ ਸਣੇ ਕਈ ਸੀਨੀਅਰ ਪਾਰਟੀ ਆਗੂ ਅਤੇ ਦਿੱਲੀ ਦੇ ਵੱਡੀ ਗਿਣਤੀ ਕਾਂਗਰਸੀ ਵਰਕਰ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚ ਔਰਤਾਂ ਦੀ ਵੀ ਭਰਵੀਂ ਤਾਦਾਦ ਸੀ।

ਇਸ ਤੋਂ ਪਹਿਲਾਂ ਸ੍ਰੀ ਗਾਂਧੀ ਨੇ ਦੇਰ ਰਾਤ ਟਵਿੱਟਰ ਰਾਹੀਂ ਇਸ ਰੋਸ ਮਾਰਚ ਦਾ ਐਲਾਨ ਕੀਤਾ। ਉਨ੍ਹਾਂ ਆਪਣੀ ਟਵੀਟ ਵਿੱਚ ਕਿਹਾ, ‘‘ਕੋਰੜਾਂ ਭਾਰਤੀਆਂ ਵਾਂਗ ਮੇਰਾ ਦਿਲ ਵੀ ਅੱਜ ਰਾਤ ਦੁਖੀ ਹੈ। ਭਾਰਤ ਆਪਣੀਆਂ ਔਰਤਾਂ ਨਾਲ ਹਰਗਿਜ਼ ਉਹ ਸਲੂਕ ਨਹੀਂ ਕਰ ਸਕਦਾ, ਜਿਹੜਾ ਕਰ ਰਿਹਾ ਹੈ।’’ ਉਨ੍ਹਾਂ ਲੋਕਾਂ ਨੂੰ ਮੁਜ਼ਾਹਰੇ ਵਿੱਚ ਸ਼ਮੂਲੀਅਤ ਦਾ ਸੱਦਾ ਦਿੰਦਿਆਂ ਕਿਹਾ, ‘‘ਇਸ ਹਿੰਸਾ ਦੇ ਖ਼ਿਲਾਫ਼ ਅਤੇ ਇਨਸਾਫ਼ ਦੀ ਮੰਗ ਲਈ ਅੱਜ ਅੱਧੀ ਰਾਤੀਂ ਇੰਡੀਆ ਗੇਟ ਉਤੇ ਪੁਰਅਮਨ ਕੈਂਡਲ ਮਾਰਚ ਵਿੱਚ ਸ਼ਾਮਲ ਹੋਵੋ।’’

Comments

comments

Share This Post

RedditYahooBloggerMyspace