ਅਸਟੋਰੀਆ ਵਿਖੇ ਗ਼ਦਰੀ ਬਾਬਿਆਂ ਦੀ ਯਾਦ ‘ਚ ਸਮਾਗਮ ਹੋਇਆ

ਨਿਊਯਾਰਕ (ਰਾਜ ਗੋਗਨਾ) : ਗ਼ਦਰ ਮੈਮੋਰੀਅਲ ਫਾਊਂਡੇਸ਼ਨ ਆਫ਼ ਯੂਐੱਸਏ ਦੇ ਉੱਦਮ ਅਤੇ ਔਰੀਗਨ ਸਟੇਟ ਦੇ ਅਸਟੋਰੀਆ ਸ਼ਹਿਰ ਦੀ ਸਿਟੀ ਕੌਂਸਲ ਵੱਲੋਂ ਗ਼ਦਰੀ ਬਾਬਿਆਂ ਦੀ ਯਾਦ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿਚ ਆਜ਼ਾਦੀ ਘੁਲਾਟੀਆਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ ਅਤੇ ਗ਼ਦਰ ਮੂਵਮੈਂਟ ਦੇ ਸ਼ਹੀਦਾਂ ਅਤੇ ਸਾਰੇ ਸੇਵਾਦਾਰਾਂ ਦਾ ਮਾਣ ਸਤਿਕਾਰ ਕਰਦਿਆਂ ਇੱਥੋਂ ਦੀ ਮੈਮੋਰੀਅਲ ਪਾਰਕ ਵਿਚ ਇੱਕ (ਸਮਾਰਕ) ਸਾਈਨ ਬੋਰਡ ਲਗਵਾਇਆ ਗਿਆ। ਇਹ ਬੋਰਡ ਪਹਿਲਾਂ 2013 ਵਿਚ ਲਗਾਇਆ ਗਿਆ ਸੀ। ਨਵਾਂ ਬੋਰਡ ਸਿਟੀ ਨੇ ਆਪਣੇ ਖ਼ਰਚ ਤੇ ਲਗਾਇਆ ਹੈ। ਇਸ ਸ਼ਹਿਰ ਵਿਚ ਗ਼ਦਰੀ ਬਾਬਿਆਂ ਨਾਲ ਸਬੰਧਤ ਜਾਣਕਾਰੀ ਇਕੱਤਰ ਕਰ ਕੇ ਇੱਕ ਕਿਤਾਬ ਵੀ ਛਾਪੀ ਗਈ ਹੈ।

ਇਸ ਮੌਕੇ ਬੁਲਾਰਿਆਂ ਵਿਚ ਸਟੇਟ ਸੈਨੇਟਰ ਬੈਟਸੀ ਜੌਹਨਸਨ, ਮੇਅਰ ਆਰਲੀਨ ਲਾਮੀਅਰ, ਸਾਬਕਾ ਮੇਅਰ ਵਿਲਸ ਵੈਨ ਡਸਟਨ, ਵੈਨਕੂਵਰ ਵਾਸ਼ਿੰਗਟਨ ਦੇ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਸਰਦਾਰ ਗੁਰਜੀਤ ਸਿੰਘ ਰੰਕਾ, ਗੁਰਦੁਆਰਾ ਸਿੰਘ ਸਭਾ ਰੈਂਟਨ ਸਿਆਟਲ ਦੇ ਜਨਰਲ ਸਕੱਤਰ ਸਰਦਾਰ ਅਵਤਾਰ ਸਿੰਘ ਆਦਮਪੁਰੀ, ਸਰਦਾਰ ਬਹਾਦਰ ਸਿੰਘ ਸੇਲਮ ਔਰੀਗਨ, ਸਰਦਾਰ ਗੁਰਿੰਦਰ ਸਿੰਘ ਖ਼ਾਲਸਾ ਸਿੱਖ ਪੈਕ ਇੰਡੀਅਨਾ ਤੋਂ, ਸਰਦਾਰ ਸਤਪਾਲ ਸਿੰਘ ਧਨੋਆ ਪੀਟੀਸੀ ਨਿਊਜ਼, ਜੋਹਾਨਾ ਔਗਡਨ, ਡਾ; ਜਸਵਿੰਦਰ ਕੌਰ ਜੁਜੀਨ ਔਰੀਗਨ, ਸਤ ਹਨੂਮਾਨ ਸਿੰਘ ਖ਼ਾਲਸਾ ਸੈਲਡਫ (ਗੋਰਾ ਸਿੱਖ) ਅਤੇ ਨਵਨੀਤ ਕੌਰ ਸੇਲਮ ਤੋਂ। ਇਸ ਸਮਾਗਮ ਵਿਚ ਲਗਭਗ 200 ਦੇ ਕਰੀਬ ਲੋਕਾਂ ਨੇ ਭਾਗ ਲਿਆ ਜਿਨ੍ਹਾਂ ਵਿਚ ਬਹੁਤ ਸਾਰੇ ਅਮਰੀਕਨ ਗੋਰਿਆਂ ਤੋਂ ਇਲਾਵਾ ਸਿਆਟਲ, ਸੇਲਮ, ਵੈਨਕੂਵਰ ਵਾਸ਼ਿੰਗਟਨ,, ਹੇਵਰਟ ਵੀਵਰਟਨ, ਜੁਜੀਨ ਔਰੀਗਨ, ਇੰਡੀਆਨਾ ਆਦਿ ਤੋਂ ਨਾਮਵਰ ਸ਼ਖ਼ਸੀਅਤਾਂ ਸ਼ਾਮਲ ਹੋਈਆਂ।

ਕੁਲਜੀਤ ਸਿੰਘ ਵੈਨਕੂਵਰ ਵਾਸ਼ਿੰਗਟਨ ਦੀ ਭੰਗੜਾ ਟੀਮ ਨੇ ਵੀ ਚੰਗਾ ਰੰਗ ਬੰਨਿਆਂ। ਅਸਟੋਰੀਆ ਸਿਟੀ ਦੀ ਕੌਂਸਲ ਵੱਲੋਂ ਬਾਹਰੋਂ ਆਏ ਗੈਸਟਾਂ ਲਈ ਦੁਪਹਿਰ ਦਾ ਖਾਣਾ ਅਤੇ ਵਿਸ਼ੇਸ਼ ਚੌਕਲੇਟ ਵੀ ਵੰਡੀ ਗਈ। ਗੋਰਿਆਂ ਦੀ ਪ੍ਰਾਹੁਣਾਚਾਰੀ ਨੇ ਸਿੰਘਾਂ ਦੇ ਮਨ ਮੋਹ ਲਏ। ਗ਼ਦਰੀ ਬਾਬਿਆਂ ਨੂੰ ਸਮਰਪਿਤ ਸਮਾਗਮ ਹੁਣ ਸ਼ਹਿਰ ਅਸਟੋਰੀਆ ਵਿਚ ਹਰ ਸਾਲ ਜੁਲਾਈ ਮਹੀਨੇ ਦੇ ਦੂਜੇ ਹਫ਼ਤੇ ਸਨਿੱਚਰਵਾਰ ਨੂੰ ਹੋਇਆ ਕਰੇਗਾ। ਸੈਨੇਟਰ ਜੌਹਨਸਨ ਨੇ ਕਿਹਾ ਕਿ ਗ਼ਦਰੀ ਬਾਬਿਆਂ ਦਾ ਮਤਾ ਉਹ ਸੈਨਿਟ ਵਿਚ ਰੱਖਣਗੇ ਤਾਂ ਕਿ ਉਨ੍ਹਾਂ ਨੂੰ ਵਿਸ਼ੇਸ਼ ਮਾਨਤਾ ਮਿਲ ਸਕੇ।

Comments

comments

Share This Post

RedditYahooBloggerMyspace